ਕੀ ਭੂਤ ਪਰੇਤ ਹੁੰਦੇ ਹਨ?
ਤੁਸੀਂ
ਵਿਸ਼ਵਾਸ ਕਰੋ ਜਾਂ ਨਾ ਪਰ ਭੂਤ ਵੀ ਹੁੰਦੇ ਹਨ ਤੇ ਪਰੇਤ ਵੀ। ਇਹ ਸ਼ਬਦਾਂ ਦੀ ਰਚਨਾ ਹੀ ਹੈ ਕਿ
ਸਾਨੂੰ ਭੁਤ ਤੇ ਪਰੇਤ ਸ਼ਬਦਾਂ ਬਾਰੇ ਜਾਣਨ ਲਈ ਹੋਰ
ਉਤਸੁਕ ਬਣਾਉਂਦੀ। ਪੁਰਾਣੇ
ਸਮੇਂ ਵਿੱਚ ਮਨੁੱਖ ਲਈ ਦੋ ਚੀਜ਼ਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਸੀ, ਇਕ ਕੋਈ ਵਿਅਕਤੀ ਕਿਵੇਂ ਤੇ
ਕਿਉਂ ਮਰ ਜਾਂਦਾ ਹੈ ਤੇ ਸੁਪਨੇ ਕੀ ਹੁੰਦੇ ਹਨ। ਸ਼ਇਦ ਇਸ ਦੀ ਸੋਝੀ ਮਨੁੱਖ ਨੂੰ ਉਦੋਂ ਆਉਣੀ ਸ਼ੁਰੂ
ਹੋਈ ਜਦੋਂ ਉਸ ਨੇ ਆਪਣਾ ਜਾਨਵਰਈ ਖਾਸ ਬਦਲ ਕੇ ਇਨਸਾਨਾਂ ਵੀ ਪੈਰ ਧਰਨਾ ਸ਼ੁਰੂ ਕੀਤਾ।
ਇਹ
ਜਾਨਵਰ ਵੀ ਜਾਣਦੇ ਹਨ ਕਿ ਕੋਈ ਜਾਨਵਰ ਜਾਂ ਉਹਨਾਂ ਦਾ ਸਾਥੀ ਮਰ ਜਾਂਦਾ ਹੈ। ਮੋਹ ਤੇ ਮਮਤਾ ਦੋ
ਭਾਵਨਾਂਵਾਂ ਜਾਨਵਰਾਂ ਵਿੱਚ ਵੀ ਦੇਖਣ ਵਿੱਚ ਮਿਲਦੀਆਂ ਹਨ। ਜਾਨਵਰ ਮੋਹ ਕਰਦੇ ਹਨ ਤੇ ਆਪਣੇ ਬੱਚੇ
ਪਾਲਦੇ ਹਨ। ਪਰ ਉਹ ਉਸ ਨਾਲ ਉਦੋਂ ਤੱਕ ਹੀ ਜੁੜੇ ਰਹਿੰਦੇ ਹਨ ਜਦੋਂ ਤੱਕ ਉਹ ਹਿਲਦਾ ਜੁਲਦਾ ਤੇ
ਜਾਨਦਾਰ ਹੁੰਦਾ ਹੈ। ਬੇਜਾਨ ਹੋਣ ਤੇ ਉਹ ਉਸ ਨੂੰ ਛੱਡ ਕੇ ਆਗੇ ਤੁਰ ਪੈਂਦੇ ਹਨ। ਕਾਂ ਮਰੇ ਤੇ ਕਾਂ
ਉਸ ਨੂੰ ਬੁਲਾਉਣ ਜਾਂ ਰੋਣ ਆਉਂਦੇ ਹਨ। ਬਾਂਦਰੀ ਆਪਣਾ ਮਰਿਆ ਬੱਚਾ ਕਈ ਕਈ ਦਿਨ ਆਪਣੇ ਨਾਲ ਚੁੱਕੀ
ਫਿਰਦੀ ਹੈ। ਜਿਰਾਫ ਮਾਂ ਆਪਣੇ ਮਰੇ ਬੱਛੜੇ ਉਪਰ ਸੋਗ ਕਰਦੀ ਹੈ ਤੇ ਇਹ ਸੋਗ ਕਈ ਕਈ ਘੰਟੇ ਰਹਿੰਦਾ
ਹੈ। ਹਥਣੀ ਵੀ ਆਪਣੇ ਬੱਚੇ ਦੇ ਮਰ ਜਾਣ ਦਾ ਅਫਸੋਸ ਕਰਦੀ ਹੈ ਤੇ ਉਸ ਨੂੰ ਛੱਡ ਕੇ ਅੱਗੇ ਨਹੀਂ
ਜਾਂਦੀ। ਜਿਰਾਫ ਤਾਂ ਆਪਣੇ ਮੋਏ ਬੱਛੜੇ ਦੀ ਪੂਰੀ ਘੋਖ ਪੜਤਾਲ ਕਰਦੇ ਹਨ। ਉਹਨਾਂ ਦੇ ਇਸ ਵਤੀਰੇ
ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਗਏ।
ਇਸ
ਨੂੰ ਕੁਦਰਤੀ ਮੋਹ ਕਿਹਾ ਜਾਂਦਾ ਹੈ। ਇਹ ਮੋਹ ਉਹਨਾਂ ਜਾਨਵਰਾਂ ਵਿੱਚ ਜ਼ਿਆਦਾ ਹੈ ਜਿਹੜੇ ਸਮਾਜਕ
ਤੋਰ ਤੇ ਇਕੱਠੇ ਰਹਿੰਦੇ ਹਨ। ਵਿਗਿਆਨੀਆਂ ਨੇ ਅਜਿਹੇ ਤਜਰਬੇ ਵੀ ਕੀਤੇ ਹਨ ਜਿਹਨਾਂ ਵਿੱਚ ਉਹਨਾਂ
ਨੇ ਦੇਖਿਆ ਕਿ ਜਾਨਵਰ ਖਾਸ ਕਰ ਬਾਂਦਰ ਕਿਵੇਂ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ। ਉਹਨਾਂ ਇਹ ਵੀ
ਲੱਭਿਆ ਕਿ ਕਿਸੇ ਸਮਾਜਕ ਵਿਵਸਥਾ ਨੂੰ ਤੋੜਨ ਲਈ ਵਿੱਚ ਸਮਾਜਕ ਸਬੰਧ ਪ੍ਰਣਾਲੀ ਨੂੰ ਤੋੜ ਦਿਓ,
ਸਮਾਜ ਖੰਡਿਤ ਹੋ ਜਾਵੇਗਾ।
ਮਨੁੱਖਾਂ
ਵਿੱਚ ਇਹ ਗੱਲ ਹੋਰ ਵੀ ਵਧੇਰੇ ਗੁੰਝਲਦਾਰ ਹੋ ਗਈ ਜਦੋਂ ਉਹਨਾਂ ਨੇ ਸੁਪਨਿਆਂ ਨੂੰ ਯਾਦ ਰੱਖਣਾ ਤੇ
ਜ਼ਾਹਰ ਕਰਨਾ ਸ਼ੁਰੂ ਕੀਤਾ। ਮਰੇ ਹੋਏ ਆਦਮੀ ਦਾ ਸੁਪਨੇ ਵਿੱਚ ਜ਼ਿੰਦਾ ਦਿਖਾਈ ਦੇਣਾ ਬਹੁਤ ਗੁੰਝਲਦਾਰ
ਗੱਲ ਸੀ। ਉਹਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਸੁਪਨਿਆ ਬਰੇ ਜਿਹੜੀ ਗੱਲ ਉਹ ਸਮਝ ਸਨ ਸਕੇ ਉਹ
ਇਹ ਸੀ ਕਿ ਸੁਪਨੇ ਸਿਰਫ਼ ਉਹਨਾਂ ਵਿਅਕਤੀਆਂ ਦੇ ਹੀ ਆਉਨਦੇ ਹਨ ਜਿਹਨਾਂ ਨਾਲ ਅਸੀ ਗਾਹੇ ਬਗਾਹੇ
ਜੁੜੇ ਹੁੰਦੇ ਹਾਂ। ਅਣਜਾਣ ਥਾਂਵਾਂ ਦੇ ਅਣਜਾਨ ਲੋਕਾਂ ਦੇ ਸੁਪਨੇ ਕਦੇ ਨਹੀਂ ਆਉਂਦੇ। ਪੰਜਾਬ ਵਿੱਚ
ਰਹਿਣ ਵਾਲਾ ਸਾਧਾਰਨ ਕਿਸਾਨ ਜਿਸ ਨੇ ਕਦੇ ਅਫਰੀਕਾ ਦਾ ਨਾਂ ਨਹੀਂ ਸੁਣਿਆ ਉਹ ਕਦੇ ਹਬਸ਼ੀਆਂ ਦੇ
ਸੁਪਨੇ ਨਹੀਂ ਲਵੇਗਾ। ਇਸੇ ਤਰ੍ਹਾਂ ਇਕ ਪਿੰਡੇ ਦੇ ਲੋਕ ਦੂਜੇ ਪਿੰਡ ਦੇ ਲੋਕਾਂ ਦੇ ਸੁਪਨੇ ਵਿੱਚ
ਨਹੀਂ ਆਉਂਦੇ। ਸੋ ਉਸ ਨੂੰ ਆਪਣੇ ਪਿਆਰੇ ਸਾਥੀਆਂ ਦੇ ਸੁਪਨੇ ਆਉਂਦੇ ਤੇ ਮਰੇ ਹੋਏ ਲੋਕ ਵੀ ਸੁਪਨੇ
ਵਿੱਚ ਮਿਲਦੇ। ਇਸ ਦਾ ਇਕ ਕਾਰਨ ਇਹ ਸੀ ਕਿ ਉਹ ਉਹਨਾਂ ਪ੍ਰਤੀ ਆਪਣਾ ਮੋਹ ਨਹੀਂ ਸੀ ਛੱਡਦਾ। ਇਸ
ਸਾਰੀ ਗੱਲ ਨੂੰ ਸਮਝਣਾ ਤੇ ਸਮਝਾਉਣਾ ਵੀ ਬਹੁਤ ਜ਼ਰੂਰੀ ਸੀ।
ਇਸ
ਲਈ ਉਸ ਦੀ ਕਲਪਨਾ ਨੇ ਇਸ ਦਾ ਜਵਾਬ ਖੋਜਣਾ ਚਾਹਿਆ। ਤੇ ਇਹ ਜਵਾਬ ਮਿਲਿਆ ਭੂਤ ਪ੍ਰਣਾਲੀ ਵਿੱਚ, ਉਸ
ਨੇ ਇਸ ਗੱਲ ਬਾਰੇ ਕਲਪਨਾ ਸ਼ੁਰੂ ਕੀਤੀ ਕਿ ਆਦਮੀ ਮਰ ਕੇ ਕਿਥੇ ਜਾਂਦਾ ਹੈ। ਇਸ ਚੋਂ ਸੱਭ ਤੋਂ
ਪਹਿਲਾਂ ਇਕ ਆਤਮਾ ਬਾਰੇ ਕਿਆਸ ਲਗਾਇਆ ਗਿਆ ਕਿ ਆਦਮੀ ਅੰਦਰ ਬਾਹਰ ਦਿਸਦੇ ਵਿਅਕਤੀ ਤੋਂ ਵੱਖ ਇਕ
ਆਤਮਾ ਦਾ ਨਿਵਾਸ ਹੁੰਦਾ ਹੈ। ਜਦੋਂ ਕੋਈ ਮਰ ਜਾਂਦਾ ਹੈ ਤਾਂ ਇਹ ਆਤਮਾ ਸਰਿਰ ਨੂੰ ਛੱਡ ਕੇ
ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਲਪਨਾ ਕਰਨ ਵਾਲਿਆਂ ਨੇ ਇਸ ਦੇ ਪਰਮਾਤਮਾ ਵਿੱਚ ਲੀਨ ਹੋਣ ਦੀ
ਵਿਧੀ ਦਾ ਬਹੁਤ ਹੀ ਸੁਚਾਰੂ ਵਰਨਣ ਵੀ ਕੀਤਾ। ਵਿਧੀ ਵੀ ਦੱਸੀ ਤੇ ਇਹ ਵੀ ਦਸਿਆ ਕਿ ਜੇ ਕੋਈ ਆਤਮਾ
ਕਿਸੇ ਵਜਹ ਨਾਲ ਪਰਮਾਤਮਾ ਦਾ ਹਿੱਸਾ ਨਹੀਂ ਬਣਦੀ ਉਹ ਸੰਸਾਰ ਵਿੱਚ ਭਟਕਦੀ ਰਹਿੰਦੀ ਹੈ। ਫਿਰ ਪਾਪ –
ਪੁੰਨ ਦਾ ਸਿਧਾਂਤ ਦਰਸਾਇਆ ਗਿਆ ਤੇ ਇਸ ਦੇ ਵਾਸਤੇ ਨਰਕ ਤੇ ਸਵਰਗ ਵਰਗੇ ਮਹਾਂ ਕੇਂਦਰ ਦਰਸਾਏ ਗਏ।
ਹਰ ਵਿਅਕਤੀ ਦੀ ਆਤਮਾ ਨੂੰ ਉਸ ਦੇ ਜੀਵਨ ਕਾਲ ਵਿੱਚ ਕੀਤੇ ਪਾਪ-ਪੁੰਨ ਦੇ ਅਨੁਸਾਰ ਹਿਸਾਬ ਕਿਤਾਬ ਕਰਨ
ਤੋਂ ਬਾਦ ਮਿਲਦਾ ਹੈ। ਜੇ ਕੋਈ ਉਸ ਵਿੱਚ ਊਣਤਾਈ ਰਹਿ ਜਾਵੇ ਤਾਂ ਚੁਰਾਸੀ ਲੱਖ ਜੂਨਾਂ ਦਾ ਵੀ
ਪ੍ਰਬੰਧ ਕੀਤਾ ਗਿਆ।
ਹੁਣ
ਤੱਕ ਦਾ ਸਮੁੱਚਾ ਧਰਮ ਸ਼ਾਸ਼ਤਰ ਇਸ ਵੱਡੇ ਝੂਠ ਦੇ ਆਸਰੇ ਹੀ ਆਪਣੇ ਆਪ ਨੂੰ ਜੀਵਤ ਰੱਖ ਰਿਹਾ ਹੈ। ਜੇ
ਕਰ ਇਸ ਨੂੰ ਕਿਸੇ ਵੀ ਧਰਮ ਦੇ ਸਿਧਾਂਤ ਚੋਂ ਮਨਫੀ ਕਰ ਦਿਓ ਤਾਂ ਉਸ ਚੋਂ ਬਾਕੀ ਕੁਝ ਨਹੀਂ ਬਚਦਾ।
ਧਰਮ ਚਾਹੇ ਹਿੰਦੂ ਹੈ, ਈਸਾਈ ਹੈ, ਮੁਸਲਿਮ ਹੈ, ਸਿਖ ਹੈ, ਬੋਧੀ ਹੈ ਜਾਂ ਜੈਨੀ, ਸਾਰਿਆਂ ਧਰਮਾਂ
ਦਾ ਦਾਰੋਮਿਦਾਰ ਇਸੇ ਨਿਆਂ ਪ੍ਰਣਾਲੀ ਉਪਰ ਟਿਕਿਆ ਹੋਇਆ ਹੈ। ਇਹ ਹੁਣ ਤੱਕ ਦਾ ਸੱਭ ਤੋਂ ਵੱਡਾ ਗੈਰ
ਵਿਗਿਆਨਕ ਤੱਥ ਹੈ ਜਿਸ ਦੀ ਕੋਈ ਵੀ ਵਿਅਕਤੀ ਨਾ ਪੜਤਾਲ ਕਰਾਉਣਾ ਚਾਹੁੰਦਾ ਹੈ ਤੇ ਨਾ ਤਸਦੀਕ।
ਇਸ
ਨੂੰ ਝੂਠ ਕਹਿਣ ਦਾ ਦਾਵਾ ਇਸ ਲਈ ਕੀਤਾ ਹੈ ਕਿ ਹੁਣ ਤੱਕ ਰਿਕਾਰਡ ਵਿੱਚ ਕਿਸੇ ਅਜਿਹੇ ਵਿਅਕਤੀ ਦਾ
ਜ਼ਿਕਰ ਨਹੀਂ ਹੈ ਜੋ ਮਰ ਕੇ ਜੀਂਦਾ ਹੋਇਆ ਹੋਵੇ, ਜਿਸ ਨੇ ਮਰਨ ਤੋਂ ਬਾਦ ਉਸ ਨਾਲ ਕੀ ਵਾਪਰਿਆ ਇਹ
ਵਾਪਸ ਦਸਿਆ ਹੋਵੇ। ਮਰਨ ਵੇਲੇ ਕਿਸੇ ਵਿਅਕਤੀ ਨੂੰ ਕੀ ਦਿਖਾਈ ਦਿੰਦਾ ਹੈ, ਜਿਵੇਂ ਤੇਜ਼ ਰੋਸ਼ਨੀ,
ਝਲਕਾਰਾ, ਸਰੀਰ ਚੋਂ ਬਾਹਰ ਨਿਕਲਣਾ ਜਾਂ ਰੋਸ਼ਨੀ ਦੇ ਤੰਗ ਰਾਹ ਚੋਂ ਗੁਜ਼ਰਨਾ, ਇਹ ਸੱਭ ਇਲਾਮਤਾਂ
ਸਰੀਰ ਵਿੱਚ ਐਨਰਜੀ ਲੈਵਲ ਖਤਮ ਹੋਣ ਤੇ ਵਾਪਰਦੀਆਂ ਹਨ। ਵਿਗਿਆਨੀਆਂ ਕੋਲ ਇਸ ਦੀ ਤਸਦੀਕ ਹੈ।
ਕੁਦਰਤ
ਨੇ ਜੀਵਅੰਸ਼ ਵਿੱਚ ਦਿਮਾਗ ਨੂੰ ਸੱਭ ਤੋਂ ਕੀਮਤੀ ਵਸਤੂ ਮੰਨਿਆ ਹੈ ਤੇ ਇਸ ਨੂੰ ਹਰ ਹਾਲ ਵਿੱਚ
ਜ਼ਿੰਦਾ ਰੱਖਣ ਦਾ ਉਪਰਾਲਾ ਵੀ ਕੀਤਾ ਹੈ। ਦਿਮਾਗ ਅਜਿਹੀ ਤੰਤੂ ਪ੍ਰਣਾਲੀ ਦਾ ਮੁਜੱਸਮਾ ਹੈ ਜਿਸ
ਵਿੱਚ ਸਾਰੇ ਕਾਰਜ ਬਿਜਲਈ ਤਰੰਗਾਂ ਤੇ ਰਸਾਇਣਾਂ ਦੀ ਤਬਦੀਲੀ ਨਾਲ ਕੀਤੇ ਜਾਂਦੇ ਹਨ। ਸਾਰੀ ਤੰਤੂ
ਪ੍ਰਣਾਲੀ ਹੀ ਬਿਜਲਈ ਤਰੰਗਾਂ ਨਾਲ ਚੱਲਦੀ ਹੈ। ਯਾਦ ਰੱਖਣ ਤੋਂ ਲੈ ਕੇ ਸੋਚਣ ਦਾ ਕੰਮ ਵੀ ਇਹੀ
ਤੰਤੂ ਪ੍ਰਣਾਲੀ ਹੀ ਕਰਦੀ ਹੈ। ਦਿਮਾਗ਼ ਦੇ ਸਾਰੇ ਕੰਮ ਇਸੇ ਤਰ੍ਹਾਂ ਹੀ ਹੁੰਦੇ ਹਨ। ਬਿਜਲੀ ਤਰੰਗਾਂ
ਨੂੰ ਸਟੋਰ ਕੀਤਾ ਜਾ ਸਕਦਾ ਹੈ ਜਿਵੇਂ ਸਾਡੇ ਕੋਲ ਸਟੋਰੇਜ ਬੈਟਰੀ ਵਿੱਚ ਬਿਜਲੀ ਸਟੋਰ ਕੀਤੀ ਜਾਂਦੀ
ਹੈ। ਦਿਮਾਗ ਵਿੱਚ ਅਜਿਹੀਆਂ ਕਈ ਰਸਾਇਣਕ ਬੈਟਰੀਆਂ ਹੁੰਦੀਆਂ ਹਨ ਜੋ ਬਿਜਲੀ ਤਰੰਗਾਂ ਨੂੰ ਸਟੋਰ
ਕਰਦੀਆਂ ਹਨ। ਇਹ ਕੰਮ ਉਦੋਂ ਤੱਕ ਸਹੀ ਚਲਦਾ ਹੈ ਜਦੋਂ ਤੱਕ ਦਿਮਾਗ਼ ਨੂੰ ਖੂਨ ਰਾਹੀਂ ਆਕਸੀਜਨ
ਮਿਲਦੀ ਰਹਿੰਦੀ ਹੈ। ਪਰ ਜਿਵੇਂ ਹੀ ਇਸ ਆਕਸੀਜਨ ਦਾ ਲੈਵਲ ਘਟਣ ਲਗਦਾ ਹੈ ਤਾਂ ਇਹ ਬੈਟਰੀਆਂ ਇਸ
ਘਟੇ ਲੈਵਲ ਨੂੰ ਖਤਰੇ ਦਾ ਸੂਚਕ ਮੰਨਦਿਆਂ ਬਿਜਲੀ ਊਰਜਾ ਛੱਡਦੀਆਂ ਹਨ ਤਾਂ ਦਿਮਾਗ ਨੂੰ ਅਜਿਹੀਆਂ
ਚੀਜ਼ਾਂ ਦਿਖਾਈ ਦੇਣ ਲੱਗ ਪੈਂਦੀਆਂ ਹਨ ਜਿਹਨਾਂ ਨੂੰ ਅਸੀਂ HALLOCINATIONS ਆਖਦੇ ਹਾਂ।
ਇਸ
ਤਰ੍ਹਾਂ ਵਾਪਰਨਾ ਦਿਮਾਗ਼ ਦੀ ਵਿਗਿਆਨਕ ਪ੍ਰਣਾਲੀ ਦਾ ਹਿੱਸਾ ਹੈ ਤੇ ਇਸ ਦਾ ਕਿਸੇ ਦੇਵੀ ਵਰਤਾਰੇ
ਨਾਲ ਕੋਈ ਸਬੰਧ ਨਹੀਂ ਕਿਉਂ ਕਿ ਵਿਗਿਆਨੀ ਕਈ ਤਰਾਂ ਦੀਆਂ ਦਵਾਈਆਂ ਦੇ ਕੇ ਦਿਮਾਗ਼ ਵਿੱਚ ਅਜਿਹਾ
ਕੁਝ ਕਦੇ ਵੀ ਕਰ ਸਕਦੇ ਹਨ। ਮੈਡੀਕਲ ਸਾਇੰਸ ਕੋਲ ਇਸ ਦੇ ਪੂਰੇ ਪੂਰੇ ਉੱਤਰ ਹਨ ਤੇ ਸਬੂਤ ਵੀ ਜੋ
ਕੁਝ ਆਮ ਤੋਰ ਤੇ ਮੌਤ ਬਾਬਤ ਕਿਹਾ ਜਾਂਦਾ ਹੈ ਜਾਂ ਜੋ ਕੁਝ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਜਿਹਾ
ਵਾਪਰਦਾ ਹੈ, ਇਹ ਸੱਭ ਵਰਤਾਰੇ ਦਿਮਾਗ਼ ਅੰਦਰ ਖੂਨ ਵਿੱਚ ਆਕਸੀਜਨ ਦੀ ਘਾਟ ਨਾਲ ਵਾਪਰਨ ਵਾਲੀਆਂ
ਘਟਨਾਵਾਂ ਦਾ ਹੀ ਹਿੱਸਾ ਹੈ। ਵਿਗਿਆਨੀ ਇਸ ਨੂੰ NEAR DEATH EXPEREINCE ਆਖਦੇ ਹਨ। ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਸਰੀਰ ਚੋਂ
ਕੋਈ ਰੂਹ ਜਾਂ ਆਤਮਾ ਬਾਹਰ ਜਾਂਦੀ ਜਾਂ ਆਉਂਦੀ ਹੋਵੇ।
ਜੇ
ਕਰ ਅਜਿਹਾ ਹੋਵੇ ਤਾਂ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਸ ਵਿੱਚ ਕਿਸ ਦੀ ਰੂਹ ਹੁੰਦੀ
ਹੈ। ਮੈਡੀਕਲ ਵਿਗਿਆਨ ਇਹ ਮੰਨਦਾ ਹੈ ਕਿ ਬੱਚਾ ਦੋ ਸੈਲਾਂ ਦੇ ਮੇਲ ਤੋਂ ਬਣਦਾ ਹੈ ਇਕ ਮਾਂ ਦੀ
ਤਰਫੌ ਆਉਂਦਾ ਹੈ ਤੇ ਦੂਜਾ ਪਿਤਾ ਦੀ ਤਰਫੌ। ਜਦੋਂ ਪਿਤਾ ਦੀ ਤਰਫੌ ਇਹ ਮਾਂ ਦੇ ਗਰਭ ਵਿੱਚ ਪ੍ਰਵੇਸ਼
ਕਰਦਾ ਹੈ ਤਾਂ ਉਸ ਵਿੱਚ ਕਿਸ ਦੀ ਰੂਹ / ਆਤਮਾ ਹੁੰਦੀ ਹੈ? ਕੀ ਇਹ ਦੋ ਰੂਹਾਂ ਦੇ ਮੇਲ ਤੋਂ ਪੈਦਾ
ਹੋਇਆ ਹੁੰਦਾ ਹੈ? ਆਤਮਾ ਬਾਰੇ ਵੀ ਇਹ ਨਹੀਂ ਪਤਾ ਕਿ ਇਹ ਸਰੀਰ ਦੇ ਕਿਸ ਵਿਸ਼ੇਸ਼ ਹਿਸੇ ਵਿੱਚ
ਬਿਰਾਜਮਾਨ ਹੁੰਦੀ ਹੈ? ਅੱਜ ਕਲ੍ਹ ਅੰਗ ਬਦਲੇ ਜਾਂਦੇ ਹਨ। ਅੱਖਾਂ ਕਿਸੇ ਹੋਰ ਨੂੰ ਲੱਗ ਜਾਂਦੀਆਂ
ਹਨ। ਡਾਕਟਰ ਦਿਲ ਬਾਹਰ ਕੱਢ ਕੇ ਰੋਕ ਲੈਂਦੇ ਹਨ ਤੇ ਫੇਰ ਮੁੜ ਕੇ ਇਸ ਨੂੰ ਠੀਕ ਕਰਕੇ ਉਸੇ ਥਾਂ
ਫਿੱਟ ਕਰ ਦਿੰਦੇ ਹਨ। ਗੁਰਦੇ ਬਦਲੇ ਜਾਂਦੇ ਹਨ। ਕਿਸ ਦੀ ਆਤਮਾ ਦਾ ਕਿੰਨਾ ਹਿੱਸਾ ਜੀਂਦਾ ਰਹਿੰਦਾ
ਹੈ ਜਾਂ ਮਰ ਜਾਂਦਾ ਹੈ, ਇਸ ਦਾ ਹਿਸਾਬ ਕਿਤਾਬ ਕੌਣ ਕਰੇਗਾ। ਲੱਤਾਂ ਕੱਟੀਆਂ ਜਾਣ ਤਾਂ ਉਹਨਾਂ ਦਾ
ਵੱਖ ਸੰਸਕਾਰ ਕਰ ਦਿੰਦੇ ਹਨ ਜਾਂ ਦਬਾ ਦਿੰਦੇ ਹਨ, ਜਦੋਂ ਕਿ ਉਹੇ ਵਿਅਕਤੀ ਜੀਂਦਾ ਰਹਿੰਦਾ ਹੈ।
ਇਥੇ ਆਤਮਾ ਦਾ ਕੀ ਬਣੇਗਾ। ਸਾਡੇ ਸਰੀਰ ਦਾ ਸਾਰਾ ਹਿੱਸਾ ਕੋਸ਼ਿਕਾਵਾਂ ਦਾ ਬਣਿਆ ਹੋਇਆ ਹੈ। ਖੂਨ
ਪਿਸ਼ਾਬ ਥੁੱਕ ਤੇ ਮਲ ਨਾਲ ਕੋੜਾਂ ਸੈਲ ਜੀਂਦੇ ਹੀ ਬਾਹਰ ਨਿਕਲ ਜਾਂਦੇ ਹਨ। ਇਕ ਆਦਮੀ 30 ਸਾਲ ਦੀ
ਉਮਰ ਤੱਕ ਆਪਣੀਆਂ ਕੋਸ਼ਿਕਾਵਾਂ ਦਾ ਦੁਗਣਾ ਇਸ ਰਸਤੇ ਗਵਾ ਚੁਕਾ ਹੁੰਦਾ ਹੈ ਤਾਂ ਕੀ ਉਸ ਦੀ ਆਤਮਾ
ਦਾ ਵੀ ਇਹੋ ਹਾਲ ਹੁੰਦਾ ਹੈ? ਸ਼ਾਇਦ ਰੱਬ ਤੇ ਧਰਮ ਵਿੱਚ ਯਕੀਨ ਵਿੱਚ ਰੱਖਣ ਵਾਲਿਆਂ ਕੋਲ ਇਸ ਦਾ
ਕੋਈ ਜਵਾਬ ਨਹੀਂ। ਉਹ ਕਹਾਣੀਆਂ ਸੁਣਾ ਸਕਦੇ ਹਨ, ਕਥਾਵਾਂ ਦਾ ਹਵਾਲਾ ਦੇ ਸਕਦੇ ਹਨ ਪਰ ਤਰਕ ਨਹੀਂ ਦਲੀਲ
ਉਹਨਾਂ ਕੋਲ ਨਹੀਂ ਹੈ।
ਅਸਲ
ਵਿੱਚ ਵਿਗਿਆਨ ਅਥਾਹ ਤਰੱਕੀ ਕਰ ਰਿਹਾ ਹੈ। ਇਸ ਦੀ ਚੜ੍ਹਾਈ ਦਾ ਕੋਈ ਅੰਤ ਨਹੀਂ। ਉਹ ਦਿਨ ਦੂਰ
ਨਹੀਂ ਜਦੋਂ ਵਿਗਿਆਨੀ ਮਰਨ ਵਾਲੇ ਵਿਅਕਤੀ ਨੂੰ ਵਾਪਸ ਮੋੜ ਸਕਣਗੇ। ਹੁਣ ਤਾਂ ਸਿਂਥੇਟਿਕ ਮੈਟੇਰੀਅਲ
ਦੀ ਮਦਦ ਨਾਲ ਲੈਬੋਰਟਰੀ ਵਿੱਚ ਸ਼ੁਕਰਾਣੂ ਤੇ ਆਂਡ ਬਣਾਇਆ ਜਾ ਚੁੱਕਾ ਜਿਸ ਦਾ ਮਿਲਨ ਵੀ ਪਰਖ ਨਲੀ
ਵਿੱਚ ਹੋ ਜਾਵੇਗਾ। ਭਾਵ ਅਜਿਹਾ ਬੱਚਾ ਪੈਦਾ ਹੋ ਸਕੇਗਾ ਜਿਸ ਦਾ ਨਾ ਕੋਈ ਬਾਪ ਹੋਵੇਗਾ ਤੇ ਨਾ
ਮਾਂ, ਕਿਉਂ ਕਿ ਉਸ ਵਿੱਚ ਦੋਹਾਂ ਦਾ ਕੋਈ ਡੀ ਐਨ ਏ ਦੇ ਰੂਪ ਵਿੱਚ ਗੁਣ ਨਹੀਂ ਹੋਵੇਗਾ। ਇਥੇ ਰੂਹ
/ ਆਤਮਾ ਵਾਲਾ ਸੰਕਲਪ ਕੀ ਕਰੇਗਾ। ਸੋ ਮੁੱਕਦੀ ਗੱਲ, ਆਤਮਾ-ਪਰਮਾਤਮਾ ਵਾਲਾ ਸਾਰਾ ਹਿਸਾਬ ਕਿਤਾਬ
ਮਹਿਜ਼ ਕਲਪਨਾ / ਕਾਲਪਨਿਕ ਕਹਾਣੀ ਤੋਂ ਵੱਧ ਕੇ ਕੁਝ ਨਹੀਂ। ਸੱਚ ਇਹ ਹੈ ਕਿ ਕੋਈ ਆਤਮਾ ਨਾਂ ਦੀ ਵਸਤੂ ਨਹੀਂ ਹੁੰਦੀ।
ਚੇਤਨਤਾ ਇਕ ਵਿਗਿਆਨਕ ਅਮਲ ਹੈ ਜਿਸ ਦਾ ਸਬੰਧ ਜੀਵ ਕੋਸ਼ਿਕਾਵਾਂ ਨਾਲ ਹੈ। ਵਿਗਿਆਨ ਨੇ ਸੱਭ ਕੁਝ ਸੰਭਵ
ਕਰ ਦਿਖਾਇਆ ਹੈ।
ਆਦਮੀ
ਮਰ ਕੇ ਭੂਤ ਨਹੀਂ ਬਣਦਾ। ਸਿਰਫ਼ ਭੂਤ ਕਾਲ ਦਾ ਹਿੱਸਾ ਬਣ ਜਾਂਦਾ ਹੈ। ਭਾਵ ਉਹ ਵਰਤਮਾਨ ਵਿੱਚ
ਨਹੀਂ ਹੈ ਭੂਤਕਾਲ ਦਾ ਹਿੱਸਾ ਹੋ ਗਿਆ ਹੈ। ਉਹ ਬੀਤੇ ਕਲ੍ਹ ਦੀ ਕਹਾਣੀ ਹੈ। ਇਸ ਹਿਸਾਬ ਨਾਲ ਹਰ
ਮਰਨ ਵਾਲਾ ਵਿਅਕਤੀ ਭੂਤ ਕਾਲ / ਇਤਿਹਾਸ ਦਾ ਹਿੱਸਾ ਬਣਦਾ ਹੈ। ਇਸੇ ਨੂੰ ਗੁਜ਼ਾਰ ਜਾਣਾ ਵੀ ਕਿਹਾ
ਜਾਂਦਾ ਹੈ। ਭਾਵ ਉਹ ਵਰਤਮਾਨ ਚੋਂ ਗੁਜ਼ਰ ਗਿਆ ਹੈ। ਸਾਨੂੰ ਉਸ ਦੇ ਸੁਪਨੇ ਆਉਂਦੇ ਹਨ ਕਿਉਂ ਕਿ
ਅਸੀਂ ਉਸ ਨੂੰ ਪਿਆਰ ਕਰਦੇ ਹੁੰਦੇ ਹਾਂ। ਸਾਡਾ ਉਸ ਪ੍ਰਤੀ ਮੋਹ ਜਿਸ ਨੂੰ ਅਸੀਂ ਜਾਗਦੇ ਹੋਏ ਆਪਣੇ
ਚੇਤਨ ਮਨ ਦੀ ਮਦਦ ਨਾਲ ਦਬਾ ਕੇ ਰੱਖਦੇ ਹਾਂ ਪਰ ਸੌਣ ਤੋਂ ਬਾਅਦ ਜਦੋਂ ਸਾਡਾ ਚੇਤਨ ਮਨ ਸੌਂ ਜਾਂਦਾ
ਹੈ ਤਾਂ ਸਾਡੀਆਂ ਦੱਬੀਆਂ ਹੋਈਆਂ ਖਾਹਸ਼ਾ ਜਾਗ ਪੈਂਦੀਆਂ ਹਨ, ਇਸੇ ਲਈ ਸਾਨੂੰ ਆਪਣੇ ਪਿਆਰਿਆਂ ਦੇ
ਸੁਪਨੇ ਆਉਂਦੇ ਹਨ। ਉਹ ਸਾਨੂੰ ਸੁਪਨੇ ਵਿੱਚ ਇਖਾਈ ਦਿੰਦੇ ਹਨ। ਸੁਪਨੇ ਸਾਨੂੰ ਹੀ ਆਉਂਦੇ ਹਨ ਕਿਉਂ
ਕਿ ਅਸੀਂ ਉਹਨਾਂ ਨੂੰ ਲੱਭਦੇ ਹਾਂ। ਜੇ ਕਿਸੇ ਤਰੀਕੇ ਨਾਲ ਸਾਡਾ ਚੇਤਨ ਮਨ ਕਮਜ਼ੋਰ ਹੋ ਜਾਏ ਤਾਂ ਸੁਪਨਿਆਂ
ਵਾਲੀ ਅਵਸਥਾ ਸਾਡੇ ਉਪਰ ਭਾਰੂ ਹੋ ਜਾਂਦੀ ਹੈ ਤਾਂ ਸਾਨੂੰ ਸੁਪਨੇ ਵਾਲੀਆਂ ਗੱਲਾਂ ਜਾਗਦਿਆਂ ਵੀ
ਦਿਖਾਈ ਦੇਣ ਲੱਗ ਪੈਂਦੀਆਂ ਹਨ। ਇਹ ਇਕ ਮਾਨਸਕ ਵਿਕਾਰ ਹੈ ਜਿਸ ਦਾ ਇਲਾਜ ਮਨੋ ਵਿਗਿਆਨੀ ਕਰਦੇ ਹਨ।
ਜੇ ਕੋਈ ਹਰ ਵੇਲੇ ਕਿਸੇ ਮਰੇ ਹੋਏ ਵਿਅਕਤੀਆਂ ਬਾਰੇ ਹੀ ਸੋਚਦਾ ਰਹੇ ਤਾਂ ਉਸ ਦਾ ਚੇਤਨ ਮਨ ਆਪਣਾ
ਕਾਬੂ ਗਵਾ ਲੈਂਦਾ ਹੈ ਤੇ ਉਹ ਵਿਅਕਤੀ ਮਾਨਸਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਮਰੇ ਹੋਏ
ਵਿਅਕਤੀ ਦਾ ਭੁਲੇਖਾ ਪੈਂਦਾ ਹੈ। ਇਸ ਭੁਲੇਖੇ ਨੂੰ ILLUSION ਆਖਦੇ
ਹਨ। ਅਜਿਹੀ ਸਥਿਤੀ ਵਿੱਚ ਡਾਕਟਰ ਕੋਲ ਜਾਣ ਦੀ ਬਜਾਏ ਉਸ ਨੂੰ ਕਿਸੇ ਸਿਆਣੇ ਜਾਂ ਝਾੜ ਫੂਕ ਕਰਨ
ਵਾਲੇ ਕੋਲ ਲੈ ਜਾਓ ਤਾਂ ਉਹ ਉਸ ਨੂੰ ਛਾਇਆ ਕਹਿ ਕੇ ਉਸ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿੰਦੇ
ਹਨ ਜਿਵੇਂ ਪਿਛਲੇ ਦਿਨੀਂ ਮੋਗੇ ਕੋਲ ਭਿੰਡਰ ਕਲਾਂ
ਵਿਖੇ ਹੋਇਆ ਹੈ ਜਿਥੇ ਇਕ ਸੱਤਵੀ ਵਿੱਚ ਪੜ੍ਹਦੀ ਕੁੜੀ ਨੂੰ ਕੱਟ ਕੁੱਟ ਮਾਰ ਦਿਤਾ।
ਨਾ
ਭੁਤ ਹੁੰਦੇ ਹਨ ਤੇ ਨਾ ਪਰੇਤ ਪਰ ਤੁਹਾਨੂੰ ਭੂਤਾਂ ਤੇ ਪਰੇਤਾਂ ਦੀ ਅਹੁਰ ਦਾ ਇਲਾਜ ਕਰਨ ਵਾਲੇ
ਹਜ਼ਾਰਾਂ ਲੋਕ ਮਿਲ ਜਾਣਗੇ ਜੋ ਇਸ ਗੱਲ ਨਾਲ ਆਪਣਾ ਧੰਦਾ ਜਮਾਈ ਬੈਠੇ ਹਨ।
(ਇਸ ਲੇਖ ਦਾ ਬਹੁਤਾ ਹਿੰਸਾ ਜੋ ਵਿਗਿਆਨ ਨਾਲ ਸਬੰਧਤ ਹੈ, ਲੰਡਨ ਵਿਖੇ ਆਪਣੇ ਮਨੋਚਿਕਤਿਸਕ ਦੋਸਤ ਨਾਲ ਸਲਾਹ ਮਸ਼ਵਰਾ ਕਰਕੇ ਲਿਖਿਆ ਹੈ। ਸੋ ਸੱਕ ਦੀ ਗੁੰਜਾਇਸ਼ ਨਹੀਂ ਹੈ।)
No comments:
Post a Comment