Monday, August 20, 2012

ਵਿਗਿਆਨ ਸੋਚ ਕਿਵੇਂ ਪੈਦਾ ਕਰੀਏ


ਵਿਗਿਆਨ ਸੋਚ ਕਿਵੇਂ ਪੈਦਾ ਕਰੀਏ



ਵਿਗਿਆਨਕ ਸੋਚ ਵਿਗਿਆਨ ਦੀਆਂ ਪੁਸਤਕਾਂ ਪੜ੍ਹਨ ਨਾਲ ਨਹੀਂ ਆਉਂਦੀ ਤੇ ਨਾ ਹੀ ਇਹ ਕਿਸੇ ਕੋਰਸ ਜਾਂ ਜਮਾਤ ਵਿੱਚ ਅਕਾਡਮਿਕ ਪੜ੍ਹਾਈ ਦਾ ਹਿੱਸਾ ਹੈ। ਕਿਸੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਇਹ ਵਿਸ਼ਾ ਨਹੀਂ ਲੱਭਦਾ। ਸਿੱਟੇ ਵੱਜੋਂ ਵਿਗਿਆਨ ਦੀ ਪੜ੍ਹਾਈ ਕਰ ਚੁਕੇ ਵਿਦਿਆਰਥੀ, ਸਿਖਿਆਰਥੀ, ਡਾਕਟਰ ਤੇ ਇੰਜੀਨੀਅਰ ਸੱਭ ਤੋਂ ਵੱਧ ਭਰਮ ਭੁਲੇਖਿਆਂ ਦਾ ਸ਼ਿਕਾਰ ਹਨ। ਉਹ ਉਹ ਸੱਭ ਕੁਝ ਕਰਨ ਵਿੱਚ ਯਕੀਨ ਰੱਖਦੇ ਹਨ ਜੋ ਗੈਰ ਵਿਗਿਆਨਕ ਹੈ ਪਰ ਉਹ ਅਜਿਹਾ ਕੁਝ ਨਹੀਂ ਕਰਦੇ ਤੇ ਨਾ ਪੜ੍ਹਦੇ ਹਨ ਜਿਸ ਨਾਲ ਉਹਨਾਂ ਦਾ ਆਪਣੇ ਵਿਸ਼ੇ ਵਿੱਚ ਵਿਸ਼ਵਾਸ ਪੱਕਾ ਹੋਵੇ।

ਜਦੋਂ ਮੈਂ ਅਜਿਹੇ ਲੋਕਾਂ ਨੂੰ ਧਰਮ ਦੇ ਨਾਂ ਉਪਰ ਕਿਸੇ ਮੰਦਰ / ਗੁਰਦੁਆਰੇ ਦੀ ਦਲਹੀਜ਼ ਉਪਰ ਨੱਕ ਰਗੜਦੇ ਦੇਖਦਾ ਹਾਂ ਤਾਂ ਅਫਸੋਸ ਹੁੰਦਾ ਹੈ। ਉਹ ਸਾਧਾਂ ਸੰਤਾਂ ਦੇ ਟੋਟਕਿਆਂ ਉਪਰ ਵਿਸਵਾਸ ਕਰਦੇ ਹਨ ਤੇ ਉਹਨਾਂ ਦੇ ਪ੍ਰਚਾਰ ਦਾ ਹਿੱਸਾ ਬਣਦੇ ਹਨ ਜਦੋਂ ਕੋਈ ਸਾਧ ਸੰਤ ਜਾਂ ਸਵਾਮੀ ਕਿਸੇ ਮੰਚ ਤੋਂ ਕਿਸੇ ਅਜਿਹੇ ਡਾਕਟਰ ਜਾਂ ਵਿਗਿਆਨੀ ਦਾ ਨਾਂ ਉਸ ਦੀਆਂ ਡਿਗਰੀਆਂ ਸਮੇਤ ਲੈਂਦਾ ਹੈ ਤਾਂ ਬਹੁਤ ਅਫਸੋਸ ਹੁੰਦਾ ਹੈ। ਮਨ ਕਰਦਾ ਹੈ ਕਿ ਉਸ ਕੋਲੋਂ ਜਾ ਕੇ ਉਸ ਦੀਆਂ ਡਿਗਰੀਆਂ ਵਾਪਸ ਲੈ ਲਈਆਂ ਜਾਣ ਕਿਉਂ ਕਿ ਉਹਨਾਂ ਦੀ ਉਸ ਨੂੰ ਬਹੁਤੀ ਲੋੜ ਨਹੀਂ ਹੁੰਦੀ।

ਮੇਰਾ ਕਿਸੇ ਦੇ ਧਰਮ ਉਪਰ ਚੋਟ ਮਾਰਨ ਦਾ ਕੋਈ ਇਰਾਦਾ ਨਹੀਂ ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਉਹ ਧਰਮ ਦੀ ਵੀ ਸਹੀ ਪ੍ਰੀਭਾਸ਼ਾ ਵੀ ਨਹੀਂ ਜਾਣਦੇ ਹੁੰਦੇ ਤੇ ਨਾ ਹੀ ਇਸ ਵਿਸ਼ੇ ਬਾਰੇ ਚੰਗੀਆਂ ਪੁਸਤਕਾਂ ਜਾਂ ਚੰਗੇ ਸਰੋਤਾਂ ਨੂੰ ਘੋਖਣ ਦੀ ਚੇਸ਼ਟਾ ਕਰਦੇ ਹਨ।  ਜੇ ਧਰਮ ਬਾਰੇ ਜਾਣਨਾ ਹੈ ਤਾਂ ਧਰਮ ਦੇ ਵਿਸ਼ੇ ਨਾਲ ਪੁਸਤਕਾਂ ਨੂੰ ਪੜ੍ਹ ਕੇ ਉਸ ਪ੍ਰਤੀ ਇਕ ਦਲੀਲ ਭਰਪੂਰ ਪਹੁੰਚ ਅਪਣਾ ਕੇ ਜਾਣਿਆ ਜਾ ਸਕਦਾ ਹੈ ਕਿ ਪੁਰਾਣੇ ਸਮੇਂ ਵਿੱਚ ਮਨੁੱਖ ਕੀ ਸੋਚਦਾ ਸੀ ਤੇ ਉਸ ਨੇ ਸਾਰੇ ਫੈਸਲੇ ਕਿਵੇਂ ਕੀਤੇ।

ਧਰਮ ਇਕ ਜਾਣਕਾਰੀ ਅਧਾਰਤ ਵਿਸ਼ਾ ਨਹੀਂ ਹੈ ਇਹ ਵਿਸਵਾਸ ਅਧਾਰਤ ਵਿਸ਼ਾ ਹੈ ਜੋ ਤੁਹਾਡੇ ਵਿਸਵਾਸ ਨੂੰ ਪੱਕਿਆਂ ਕਰਨ ਲਈ ਆਪਣੇ ਤਰੀਕੇ ਨਾਲ ਕਹਾਣੀ ਸੁਣਾ ਕੇ ਜਾਂ ਕਿਸੇ ਪੁਰਾਣੇ ਮੰਤਰ ਦਾ ਖੁਲਾਸਾ ਕਰਕੇ ਤੁਹਾਨੂੰ ਕੁਝ ਨਿਸ਼ਚਤ ਤੋਰ ਤਰੀਕੇ ਅਪਣਾਉਣ ਉਪਰ ਜ਼ੋਰ ਦਿੰਦਾ ਹੈ। ਇਹ ਤੌਰ ਤਰੀਕੇ / ਰਸਮ ਰਿਵਾਜ਼ ਵੀ ਅਸਲ ਵਿੱਚ ਪੁਰਾਣੇ ਸਮੇਂ ਦੇ ਮਨੁੱਖ ਵਲੋਂ ਆਪਣੀ ਜੀਵਨ ਜਾਚ ਸੁਖਾਲਾ ਬਣਾਉਣ ਲਈ ਕੀਤੇ ਗਏ ਉੱਦਮ ਹੀ ਹੁੰਦੇ ਹਨ। ਹੋ ਸਕਦਾ ਹੈ ਕਿ ਕਿਸੇ ਸਮੇਂ ਇਹ ਜੀਵਨ ਦੀ ਭਰਪੂਰ ਲੋੜ ਦਾ ਹਿੱਸਾ ਹੋਣ ਪਰ ਅਜੋਕੇ ਜੀਵਨ ਵਿੱਚ ਇਹਨਾਂ ਅਨੁਸਾਰ ਜੀਣਾ ਜੀਵਨ ਫਲਸਫਾ ਨਹੀਂ, ਨਿਰਾ ਪੁਰਾ ਅੰਧ ਵਿਸ਼ਵਾਸ ਹੈ।

ਵਿਗਿਆਨ ਦੂਜੇ ਪਾਸੇ ਆਧੁਨਿਕ ਗਿਆਨ ਉਪਰ ਅਧਾਰਤ ਜਾਣਕਾਰੀ ਭਰਪੂਰ ਵਿਸ਼ਾ ਹੈ। ਇਸ ਵਿੱਚ ਤਕਰੀਬਨ ਜੀਵਨ ਦੇ ਹਰ ਖੇਤਰ ਨੂੰ ਇਕ ਖਾਸ ਕਸਵੱਟੀ ਉਪਰ ਪਰਖਿਆ ਗਿਆ ਹੈ ਤੇ ਉਸ ਬਾਰੇ ਮਾਪ ਦੰਡ ਨਿਰਧਾਰਤ ਕੀਤੇ ਗਏ ਹਨਇਹ ਵਰ੍ਹਿਆਂ ਦੀ ਅਣਥੱਕ ਮਿਹਨਤ ਤੇ ਲਗਨ ਦਾ ਹੀ ਸਿੱਟਾ ਹੈ ਕਿ ਅੱਜ ਜੀਵਨ ਦੇ ਸਾਰੇ ਸੁਖ ਤੇ ਸਾਧਨ ਵਿਗਿਆਨ ਦੀ ਮਦਦ ਨਾਲ ਮਨੁੱਖ ਵਾਸਤੇ ਮੋਜੂਦ ਹਨ। ਮੌਸਮ ਦਾ ਮੁਕਾਬਲਾ ਕਰਨ ਲਈ ਬਿਜਲੀ (Power / Energy)  ਦਾ ਪ੍ਰਬੰਧ ਹੈ, ਜਾਣਕਾਰੀ ਤੇ ਗਿਆਨ (Knowledge  and information ) ਵਾਸਤੇ ਪੁਸਤਕਾਂ ਹਨ ਤੇ ਆਪਸੀ ਆਦਾਨ ਪ੍ਰਦਾਨ ਲਈ ਸੰਚਾਰ (Communication system)  ਪ੍ਰਣਾਲੀ ਹੈ। ਬੀਮਾਰੀਆਂ ਨਾਲ ਲੜਨ ਵਾਸਤੇ ਮੈਡੀਕਲ ਸਾਇੰਸ ਹੈ ਤੇ ਉਦਯੋਗ ਜਗਤ ਲਈ ਇੰਜੀਨੀਅਰ ਦਾ ਕਾਰਜ ਖੇਤਰ। ਇਹ ਸਾਰਾ ਕੁਝ ਵਿਗਿਆਨ ਦੀ ਹੀ ਦੇਣ ਹੈ। ਇਸ ਦਾ ਕਿਸੇ ਧਰਮ / ਗੁਰੂ, ਬਾਣੀ, ਰਿਸ਼ੀ ਮੁਨੀ ਜਾਂ ਧਾਰਮਕ ਗਿਆਨ / ਪਾਠ / ਸਿਮਰਨ / ਹਵਨ ਆਦਿ ਨਾਲ ਕੋਈ ਸਬੰਧ ਨਹੀਂ ਹੈ। ਅੱਜ ਧਰਮ ਵਿਗਿਆਨ ਦੀ ਤੇ ਵਿਗਿਆਨਕ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ ਪਰ ਧਰਮ ਦੀ ਵਰਤੋਂ ਵਿਗਿਆਨ ਨੇ ਬਿਲਕੁਲ ਨਹੀਂ ਕੀਤੀ।

ਅੱਜ ਜਦੋਂ ਸਾਡੇ ਪੁਲਾੜ ਪੰਧ ਵਿੱਚ ਚੱਲ ਰਹੇ ਰਾਕਟ ਤੇ ਸੈਟੇਲਾਈਟ ਆਪਣੀਆਂ ਦੂਰਬੀਨਾਂ ਨਾਲ ਖਿਲਾਅ ਵਿੱਚ ਝਾਕ ਰਹੇ ਹਨ ਤੇ ਉਸ ਨੂੰ ਬਰੀਕੀ ਵਿੱਚ ਜਾਂਚ ਪਰਖ ਰਹੇ ਹਨ, ਉਹ ਤਾਰਿਆਂ, ਸੂਰਜ ਮੰਡਲਾਂ ਦਾ ਵੀ ਅਧਿਅਨ ਕਰ ਰਕੇ ਹਨ। ਬਹੁਤ ਸਾਰੀ ਖੋਜ ਇਸ ਖੇਤਰ ਵਿੱਚ ਚਲ ਰਹੀ ਹੈ। ਇਕ ਕਰਾਮਾਤਾਂ ਵਿਗਿਆਨ ਦੀਆਂ ਹਨ ਧਰਮ ਦੀਆਂ ਨਹੀਂ। ਅਸੀਂ ਸੈਟੇਲਾਈਟਾਂ ਦੀ ਮਦਦ ਨਾਲ ਧਰਤੀ ਦੇ ਕੋਨੇ ਕੋਨੇ ਉਪਰ ਨਜ਼ਰ ਰੱਖ ਰਹੇ ਹਾਂ।

ਅਸੀਂ ਮੌਸਮ ਦੀ ਬਹੁਤ ਸਹੀ ਜਾਣਕਾਰੀ ਤੇ ਭਵਿੱਖ ਦੱਸ ਸਕਦੇ ਹਾਂ। ਸਾਡੇ ਕੋਲ ਇਹਨੀ ਜਾਣਕਾਰੀ ਮੋਜੂਦ ਰਹਿੰਦੀ ਹੈ ਕਿ ਅਸੀਂ ਕਿਸੇ ਵੀ ਥਾਂ ਦਾ ਅਗਲੇ ਪੰਜ ਦਿਨਾਂ ਵਿੱਚ ਵਾਪਰਨ ਵਾਲੇ ਮੌਸਮ ਦੀ ਅਗਾਊਂ ਜਾਣਕਾਰੀ ਦੇ ਸਕਦੇ ਹਾਂ। ਇਹ ਕਿਸੇ ਜੋਤਸ਼ੀ ਦੀ ਕਰਾਮਾਤ ਨਹੀਂ। ਵਿਗਿਆਨ ਦੀ ਹੈ। ਇਸ ਵਾਸਤੇ ਵਿਗਿਆਨ ਨਾਲ ਜੁੜਨਾ ਬਹੁਤ ਜ਼ਰੁਰੀ ਹੋ ਗਿਆ ਹੈ। ਵਿਗਿਆਨ ਕਿਤਾਬਾਂ ਦਾ ਵਿਸ਼ਾ ਨਹੀਂ ਹੈ। ਇਹ ਕਿਤਾਬਾਂ ਚੋਂ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਕਿਤਾਬਾਂ ਦੇ ਨਾਲ ਨਾਲ ਸਾਨੂੰ ਬਹੁਤ ਹੀ ਉਚਤਮ ਦਰਜੇ ਦੀ ਪਰਖ ਸ਼ਾਲਾ / ਪ੍ਰਯੋਗਸ਼ਾਲਾ ਦੀ ਲੋੜ ਪੈਂਦੀ ਹੈ। ਵਿਗਿਆਨ ਕਰਕੇ ਦੇਖਣ ਦਾ ਨਾਂ ਹੈ। ਅਮਲੀ ਅਨੁਭਵ ਨੂੰ ਸਮਝ ਕੇ ਉਸ ਤੋਂ ਕੁਝ ਸਿੱਟੇ ਕੱਢਣ ਦਾ ਨਾਂ ਹੈ। ਤੇ ਇਸ ਵਾਸਤੇ ਵਿਗਿਆਨਕ ਸੋਚ ਦੀ ਲੋੜ ਪੈਂਦੀ ਹੈ।

ਵਿਗਿਆਨੀ ਆਪਣੇ ਕੰਮ ਲਈ ਜਿਹਨਾਂ ਢੰਗਾਂ ਦੀ ਵਰਤੋਂ ਕਰਦਾ ਹੈ ਉਹਨਾਂ ਚੋਂ ਪਹਿਲਾ ਹੈ ਗਹੁ ਨਾਲ ਘੋਖਣਾ, ਉਸ ਦੇ ਪਿਛੇ ਚੱਲ ਰਹੇ ਅਮਲ ਜਾਂ ਕਾਰਨ ਨੂੰ ਲੱਭਣਾ ਤੇ ਫੇਰ ਉਹਨਾਂ ਸਬੰਧ ਨੂੰ ਪਰਖਣਾ ਤੇ ਉਸ ਤੋਂ ਬਾਅਦ ਉਸ ਦੀ ਪਰਖ ਕਰਨੀ ਤੇ ਫੇਰ ਉਸ ਨੂੰ ਕੁਦਰਤ ਦਾ ਇਕ ਨਿਯਮ ਮੰਨ ਲੈਣਾ। ਕੁਦਰਤ ਦੇ ਇਹਨਾਂ ਨਿਯਮਾਂ ਦੀ ਜਾਣਕਾਰੀ ਨੂੰ ਜ਼ਿੰਦਗੀ ਦੇ ਦੂਜੇ ਖੇਤਰਾਂ ਵਿੱਚ ਵਰਤਣਾ ਤੇ ਉਸ ਤੋਂ ਜ਼ਿਮਦਗੀ ਨੂੰ ਸੌਖਿਆ ਬਣਾਉਣ ਦਾ ਕੰਮ ਲੈਣਾ। ਵਿਗਿਆਨੀ ਹਰ ਘਟਨਾ ਨਾਲ ਜੁੜੇ ਉਸ ਕਾਰਨ ਨੂੰ ਲੱਭਦਾ ਹੈ ਜਿਸ ਤੋਂ ਉਸ ਘਟਨਾ ਦਾ ਜਨਮ ਹੁੰਦਾ ਹੈ। ਇਸ ਨੂੰ cause & effect ਆਖਦੇ ਹਨ। ਇਹ ਵੀ ਕੁਦਰਤ ਦੇ ਨਿਯਮਾਂ ਚੋਂ ਇਕ ਨਿਯਮ ਹੈ।

ਵਿਗਿਆਨੀ ਉਸ ਘਟਨਾ ਦਾ ਕਾਰਨ ਠੀਕ ਉਸੇ ਥਾਂ ਹੀ ਲੱਭਦਾ ਹੈ ਜਿਥੇ ਉਹ ਮੋਜੂਦ ਹੁੰਦਾ ਹੈ ਤੇ ਇਸ ਨੂੰ ਕਿਸੇ ਦੈਵੀ ਸ਼ਕਤੀ ਦਾ ਕੋਪ ਪ੍ਰਕੋਪ ਨਹੀਂ ਮੰਨਦਾ। ਉਹ ਪਦਾਰਥ, ਇਸ ਦੀ ਉਤਪਤੀ ਤੇ ਇਸ ਦੇ ਸੁਭਾਅ ਉਪਰ ਕੰਮ ਕਰਦਾ ਹੈ। ਇਸ ਨੂੰ ਲੱਭਣ ਲਈ ਉਹ ਨਵੀਂ ਤੋਂ ਨਵੀਂ ਤਕਨੋਲੋਜੀ ਦੀ ਮਦਦ ਲੈਂਦਾ ਹੈ। ਉਹ ਸਿਰਫ ਉਸੇ ਚੀਜ਼ ਨੂੰ ਮੰਨਦਾ ਹੈ ਜਿਸ ਨੂੰ ਉਹ ਸਮਝਦਾ ਹੈ। ਉਹ ਸਿਰਫ ਤੇ ਸਿਰਫ਼ ਆਬਜੈਕਿਟਵ ਸੱਚਾਈ ਵੱਲ ਹੀ ਧਿਆਨ ਦਿੰਦਾ ਹੈ ਤੇ ਇਸੇ ਨੂੰ ਹੀ ਲੈ ਕੇ ਚਲਦਾ ਹੈ।

ਵਿਗਿਆਨਕ ਸੋਚ ਨੂੰ ਅੰਗਰੇਜ਼ੀ ਵਿੱਚ ਸਾਇੰਟਿਫਿਕ ਟੈਂਪਰ ਆਖਦੇ ਹਨ। ਸਾਡੇ ਦੇਸ਼ ਵਿੱਚ ਇਹ ਨਾਂ ਸੱਭ ਤੋਂ ਪਹਿਲਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿਤਾ। ਉਹਨਾਂ ਦਾ ਦੋ ਗੱਲਾਂ ਵਿੱਚ ਬਹੁਤ ਪੱਕਾ ਵਿਸ਼ਵਾਸ ਸੀ, ਇਕ ਬੋਲਣ ਦੀ ਆਜ਼ਾਦੀ ਤੇ ਦੂਸਰਾ ਵਿਗਿਆਨਕ ਸੋਚ। ਇਹ ਸ਼ਬਦ ਵੀ ਉਹਨਾਂ ਨੇ ਹੀ ਘੜਿਆ। ਬਾਵਜੂਦ ਉਹਨਾਂ ਦੀਆਂ ਅਨੇਕਾਂ ਖਾਮੀਆਂ ਦੇ ਜਿਹੜੀਆਂ ਉਹਨਾਂ ਦੇ ਆਲੋਚਕ ਬਹੁਤ ਆਸਾਨੀ ਨਾਲ ਲੱਭ ਲੈਂਦੇ ਰਹੇ ਹਨ, ਉਹਨਾਂ ਵਿਗਿਆਨਕ ਸੋਚ ਨੂੰ ਪੂਰੀ ਤਰ੍ਹਾਂ ਜੀਵਿਆ ਤੇ ਆਪਣੇ ਆਪ ਨੂੰ ਧਰਮ ਤੇ ਧਾਰਮਕ ਅਡੰਬਰਾਂ ਤੋਂ ਦੁਰ ਰੱਖਿਆ। ਉਹਨਾਂ ਨੇ ਭਾਖੜਾ ਡੈਮ ਦੀ ਨੀਂਹ ਰੱਖਦਿਆਂ ਇਸ ਨੂੰ ਆਧੁਨਿਕ ਯੁਗ ਦਾ ਮੰਦਿਰ ਕਿਹਾ ਸੀ। ਉਹ ਵਿਗਿਆਨ ਨੂੰ ਪਿਆਰ ਕਰਦੇ ਸਨ ਤੇ ਇਸੇ ਲਈ ਉਹਨਾਂ ਨੇ ਆਪਣੀ ਆਖਰੀ ਵਸੀਅਤ ਵਿੱਚ ਇਹ ਕਿਹਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਧਾਰਮਕ ਰਸਮਾਂ ਨਾ ਕੀਤੀਆਂ ਜਾਣ।

ਵਿਗਿਆਨਕ ਸੋਚ ਵਾਸਤੇ ਸੋਚ ਦਾ ਆਜ਼ਾਦ ਹੋਣਾ ਵੀ ਜ਼ਰੂਰੀ ਹੈ। ਇਸ ਉਪਰ ਕਿਸੇ ਕਿਸਮ ਦਾ ਗ਼ਲਬਾ ਜਾਂ ਬੰਦਸ਼ ਨਹੀਂ ਚਾਹੀਦੀ। ਕਿਸੇ ਬੰਧਨ ਜਾਂ ਬੰਦਸ਼ ਵਿੱਚ ਖੁਲ੍ਹ ਕੇ ਨਾ ਤਾਂ ਵਿਚਾਰ ਹੋ ਸਕਦੀ ਹੈ ਤੇ ਨਾ ਹੀ ਕੋਈ ਸੋਚ ਉਡਾਰੀ। ਇੰਜ ਵਿਗਿਆਨ ਸੋਚ ਜਾਂ ਸੁਭਾਅ ਪੂਰੇ ਤੌਰ ਤੇ ਹਰ ਉਸ ਵਿਚਾਰ ਜਾਂ ਖਿਆਲ ਨੂੰ ਰੱਦ ਕਰਦਾ ਹੈ ਜਿਸ ਦੀ ਹਾਲੇ ਤੱਕ ਪੁਸ਼ਟੀ ਨਾ ਹੋਈ ਹੋਵੇ ਜਾਂ ਜਿਸ ਦੇ ਬਾਰੇ ਕੋਈ ਠੋਸ ਤੱਥ ਜਾਂ ਸਬੂਤ ਜਮ੍ਹਾ ਨਾ ਹੋਏ ਹੋਣ। ਅਜਿਹੀ ਸੋਚ ਵਾਲਾ ਵਿਅਕਤੀ ਆਪਣੀ ਹਰ ਧਾਰਨਾ ਨੂੰ ਤਰਕ ਤੇ ਦਲੀਲ ਨਾਲ ਪਰਖਣ ਦੀ ਖੁਲ੍ਹ ਦਿੰਦਾ ਹੈ ਤੇ ਕਿਸੇ ਵੀ ਵਿਅਕਤੀ ਵੱਲੋਂ ਜਾਹਰ ਉਸ ਦੇ ਵਿਸ਼ਵਾਸ ਤੇ ਮਾਨਤਾ ਨੂੰ ਪਰਖਣ ਦਾ ਜੇਰਾ ਰੱਖਦਾ ਹੈ। ਉਹ ਕਿਸੇ ਵੀ ਅਧਿਆਤਮਕ ਜਾਂ ਕਾਲਪਨਿਕ ਸੰਕਲਪ ਉਪਰ ਯਕੀਨ ਨਹੀਂ ਕਰਦਾ ਤੇ ਸੱਚ ਨੂੰ ਇਕ ਆਬਜੈਕਿਟਵ ਸੱਚ ਦੇ ਤੌਰ ਤੇ ਸਵੀਕਾਰ ਕਰਦਾ ਹੈ।

ਨੋਬਲ ਪੁਰਸਕਾਰ ਵਿਜੇਤਾ ਰਾਬਿੰਦਰ ਨਾਥ ਟੈਗੋਰ ਨੇ ਆਪਣੀ ਸੱਭ ਤੋਂ ਮਸ਼ਹੂਰ ਕਵਿਤਾ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ-
Where the mind is without fear and the head is held high;
 Where knowledge is free;
 Where the world has not been broken up into fragments by narrow
         domestic walls;
 Where words come out from the depth of truth;
 Where tireless striving stretches its arms towards perfection;
 Where the clear stream of reason has not lost its way into the
         dreary desert sand of dead habit;
 Where the mind is led forward by thee into ever-widening thought
        and action--
 Into that heaven of freedom, my Father, let my country awake.

ਬੱਚਿਆਂ ਅੰਦਰ ਵਿਗਿਆਨ ਸੋਚ ਜਾਂ ਸੁਭਾਅ ਪੈਦਾ ਕਰਨ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਨੂੰ ਵਿਗਿਆਨ ਦੀ ਪੜ੍ਹਾਈ ਕਰਾਉਂਦੇ ਹੋਏ ਜਿਆਦਾ ਧਿਆਨ ਤੇ ਸਮਾਂ ਵਿਗਿਆਨਕ ਵਿਧੀਆਂ ਦਾ ਅਭਿਆਸ ਕਰਵਾਈਏ। ਉਹਨਾਂ ਨੂੰ ਆਮ ਜੀਵਨ ਦਾ ਵਿਗਿਆਨ ਸਮਝਾਈਏ ਤੇ ਉਹਨਾਂ ਨੂੰ ਪਰਖਸ਼ਾਲ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਆਦਤ ਪਾਈਏ। ਵਿਗਿਆਨ ਦੀ ਜਮਾਤ ਵਿੱਚ ਲੈਕਚਰ ਘੱਟ ਤੇ ਅਮਲ ਵੱਧ ਹੋਣਾ ਚਾਹੀਦਾ ਹੈ।

ਉਹਨਾਂ ਨੂੰ ਆਪਣੈ ਫੈਸਲੇ ਕਰਨ ਤੇ ਸਿੱਟੇ ਕੱਢਣ ਦੀ ਆਦਤ ਪਾਈਏ ਤੇ ਉਹਨਾਂ ਨੂੰ ਕੁਝ ਵੀ ਕਰਨ ਤੋਂ ਨਾ ਰੋਕੀਏ। ਉਹਨਾਂ ਅੰਦਰ ਆਪਣੇ ਆਲੇ ਦੁਆਲੇ ਨੂੰ ਪਰਖਣ ਤੇ ਲੱਭਣ ਦੀ ਹਿੰਮਤ ਨਹੀਂ ਪੈਦਾ ਹੁੰਦੀ। ਹੋ ਸਕਦਾ ਹੈ ਕਿ ਉਹ ਅਜਿਹੀ ਹਾਲਤ ਵਿੱਚ ਆਲੇ ਦੁਆਲੇ ਨੂੰ ਜਿਵੇਂ ਹੈ ਉਸੇ ਤਰ੍ਹਾਂ ਹੀ ਪਰਵਾਨ ਕਰਨ ਦੇ ਆਦੀ ਹੋ ਜਾਣ।

ਉਹਨਾਂ ਨੂੰ ਵਿਗਿਆਨ ਦੀਆਂ ਕਿਤਾਬਾਂ ਚੋਂ ਤੱਥ ਯਾਦ ਕਰਵਾਉਣ ਦੀ ਬਜਾਏ ਉਹਨਾਂ ਅੰਦਰ ਆਪਣੇ ਆਲੇ ਦੁਆਲੇ ਨੂੰ ਪਕੜਨ, ਛੋਹਣ, ਘੋਖਣ, ਜੋਖਣ, ਪਰਖਣ ਦੀ ਆਦਤ ਪਾਉਣੀ ਚਾਹਿਦੀ ਹੈ। ਵਿਗਿਆਨ ਅਧਿਆਪਕ ਦਾ ਇਹ ਫਰਜ਼ ਹੈ ਕਿ ਉਹਨਾਂ ਨੂੰ ਸਿਲਸਿਲੇਵਾਰ ਪਰਖ ਕਰਨ ਤੇ ਉਸ ਦੇ ਸਿੱਟੇ ਕੱਢਣ ਦੀ ਆਦਤ ਪਾਵੇ। ਮਸਲਨ ਜੇ ਕਰ ਉਹ ਫੁੱਲਾਂ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਫੁਲਾਂ ਨੂੰ ਫੜਨ, ਦੇਖਣ, ਛੋਹਣ ਤੇ ਫਿਰ ਇਸ ਨੂੰ ਗਹੁ ਨਾਲ ਦੇਖਣ ਦਾ ਮੌਕਾ ਦਿਤਾ ਜਾਵੇ। ਹਰ ਫੁਲ ਚੋਂ ਖੁਸ਼ਬੋ ਆਉਂਦੀ ਹੈ ਜਾਂ ਨਹੀਂ ਇਸ ਦਾ ਫੈਸਲਾ ਉਹ ਕਰੇ, ਪੱਤੀਆਂ ਦੀ ਨਾਜ਼ੁਕਤਾ ਉਹ ਦੇਖੇ, ਉਹਨਾਂ ਨੂੰ ਗਿਣੇ, ਉਹਨਾਂ ਨੂੰ ਫਰੋਲੇ, ਉਹਨਾਂ ਦੇ ਰੰਗਾਂ ਦੀ ਵਿਵਿਧਤਾ ਨੂੰ ਜਾਣੇ ਤੇ ਸਮਝੇ ਤੇ ਇਹ ਵੀ ਸੋਝੀ ਹਾਸਲ ਕਰੇ ਕਿ ਫੁੱਲ ਕਿਵੇਂ ਖਿੜਦੇ ਹਨ, ਬੂਟੇ ਉਪਰ ਇਹਨਾਂ ਦਾ ਕੀ ਕੰਮ ਹੈ। ਫੁਲਾਂ ਤੋਂ ਬਾਅਦ ਉਹਨਾਂ ਦੀ ਥਾਂ ਤੇ ਕੀ ਲਗਦਾ ਹੈ। ਸਿਰਫ਼ ਦੱਸ ਦੇਣਾ ਹੀ ਕਾਫੀ ਨਹੀਂ। ਅਨੁਭਵ ਹੀ ਗਿਆਨ ਦਾ ਆਧਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ, ਉਹਨਾਂ ਦਾ ਸਵਾਦ, ਉਹਨਾਂ ਦੀ ਖੁਸ਼ਬੋ ਬਾਰੇ ਉਸ ਨੂੰ ਦੱਸਿਆ ਜਾਵੇ। ਪੰਛੀ, ਜਾਨਵਰ, ਦਰਖਤ, ਅਕਾਰ, ਭਾਰ, ਤਾਪਮਾਨ ਆਦਿ ਸਾਰੇ ਸੰਕਲਪ ਅਨੁਭਵ ਰਾਹੀਂ ਹੀ ਸੋਝੀ ਦਾ ਹਿੱਸਾ ਬਨਣ ਦੇਣੇ ਚਾਹੀਦੇ ਹਨ।

ਵਿਗਿਆਨ ਕੋਈ ਇਤਿਹਾਸ ਦੀ ਕਿਤਾਬ ਨਹੀਂ ਜਿਸ ਦੀਆਂ ਰੋਚਕ ਕਹਾਣੀਆਂ ਬੱਚੇ ਅੰਦਰ ਵਿਗਿਆਨਕ ਰੁਚੀਆਂ ਪੇਦਾ ਕਰ ਸਕਦੀਆਂ ਹੋਣ, ਇਹ ਤਾਂ ਅਮਲੀ ਕੰਮ ਹੈ ਤੇ ਅਨੁਭਵ ਨਾਲ ਹੀ ਇਸ ਦੀ ਸੋਝੀ ਹੁੰਦੀ ਹੈ। ਇਸੇ ਤਰ੍ਹਾਂ ਆਲੇ ਦੁਆਲੇ ਵਿੱਚ ਵਬਾਪਰਨ ਵਾਲੀ ਹਰ ਘਟਨਾ ਦਾ ਕਾਰਨ ਸਹੀ ਥਾਂ ਤੇ ਲੱਭਣ ਦੀ ਆਦਤ ਪਾਉਣੀ ਚਾਹੀਦੀ ਹੈ। ਅੱਗ ਕਿਉਂ ਲਗਦੀ ਹੈ, ਕੱਪੜੇ ਕਿਉਂ ਤੇ ਕਿਵੇਂ ਸੁਕੱਦੇ ਹਨ, ਮੀਂਹ ਕਿਵੇਂ ਪੈਂਦਾ ਹੈ, ਸੂਰਜ ਰਾਤ ਨੂੰ ਕਿਥੇ ਚਲਾ ਜਾਂਦਾ ਹੈ, ਚੰਦ ਦਾ ਅਕਾਰ ਵੱਧਦਾ ਤੇ ਘਟਦਾ ਕਿਉਂ ਹੈ, ਇਹ ਸਾਰੇ ਉਹ ਵਰਤਾਰੇ ਹਨ ਜੋ ਘਟਨਾ – ਸਿੱਟਾ ਦੇ ਕ੍ਰਮ ਉਪਰ ਅਧਾਰਤ ਹਨ। ਇਸ ਸੱਭ ਦੀ ਸੋਝੀ ਕਰਵਾਉਣਾ ਇਕ ਵਿਗਿਆਨ ਦੇ ਅਧਿਆਪਕ ਦਾ ਫਰਜ਼ ਹੈ।

ਜੇ ਵਗਿਆਨਕ ਸੋਚ ਹੋਵੇਗੀ ਤਾਂ ਹੀ ਲੋਕ ਵਹਿਮਾਂ ਭਰਮਾਂ ਚੋਂ ਬਾਹਰ ਆਉਣਗੇ ਤੇ ਜੋਤਸ਼ ਅਤੇ ਝਾੜ –ਫੂਕ ਕਰਨ ਵਾਲਿਆਂ ਕੋਲ ਜਾਣ ਦੀ ਬਜਾਏ ਬੀਮਾਰੀ ਦੀ ਹਾਲਤ ਵਿੱਚ ਸਿੱਧੇ ਡਾਕਟਰ ਕੋਲ ਜਾਣਗੇ ਤੇ ਆਪਣਾ ਇਲਾਜ ਕਿਸੇ ਵਿਗਿਆਨਕ ਢੰਗ ਨਾਲ ਕਰਾਉਣਗੇ। ਵਿਗਿਆਨ ਦੇ ਅਧਿਆਪਕ ਨੂੰ ਆਪ ਆਪਣੇ ਗੁੱਟਾਂ ਉਪਰ ਮੌਲੀਆਂ ਧਾਗੇ ਬੰਨ੍ਹਣ ਦੀ ਬਜਾਏ, ਗਲ ਵਿੱਚ ਤਾਵੀਜ਼ ਲਟਕਾਉਣ ਦੀ ਬਜਾਏ, ਖੁਦ ਵਿਗਿਆਨ ਪਹੁੰਚ ਅਪਣਾਉਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਆਸਾਨ ਤੇ ਸੁਖਾਲੀ ਹੋ ਸਕਦੇ।


No comments:

Post a Comment