ਬਾਬਾ ਜੀ ਦੀ ਫੁਲ ਕਿਰਪਾ


ਬਾਬੇ ਦੀ ਫੁੱਲ ਕਿਰਪਾ
ਕੰਮ ਕਾਰ ਵਿੱਚ
ਤੇ ਵਪਾਰ ਵਿੱਚ
ਬੰਦਿਆਂ ਵਿੱਚ
ਤੇ ਬਾਜ਼ਾਰ ਵਿੱਚ
ਹਰ ਪਾਸੇ ਬਾਬਾ ਜੀ ਦਿਸੇ
ਫੁੱਲ ਕਿਰਪਾ ਹਰ ਇਕ ਦੇ ਹਿੱਸੇ
ਜੀਣਾ ਹੈ ਤਾਂ ਸਾਥੋਂ ਸਿਖੋ
ਬਾਕੀ ਸੱਭ ਵਾਧੂ ਦੀਆਂ ਗੱਲਾਂ
ਸ਼ੇਅਰਾਂ ਵਿੱਚ ਜੋ ਪੈਸਾ ਲਾਇਆ
ਉਸ ਪੈਸੇ ਨੇ ਬੜਾ ਕਮਾਇਆ
ਖਾਧਾ ਪੀਤਾ ਅਤੇ ਖੁਆਇਆ
ਕੁਝ ਲੰਗਰ ਵਿੱਚ ਹਿਸਾ ਪਾਇਆ
ਨਵਾਂ ਰੁਮਾਲਾ ਲੈ ਕੇ ਆਇਆ
ਸੱਭ ਤੋਂ ਮਹਿੰਗਾ
ਬਾਬਾ ਜੀ ਲਈ
ਅਤੇ ਸੁਨਹਿਰੀ ਅੱਖਰਾ ਵਾਲਾ
ਨਿਤਨੇਮ ਦਾ ਸੋਹਣਾ ਗੁਟਕਾ
ਟੇਕ ਕੇ ਮੱਥਾ
ਦੇਗ ਕਰਾਈ
ਬਾਬੇ ਦੇ ਅਰਦਾਸ ਕਰਾਈ
ਧਰਮ ਕਰਮ ਦੀਆਂ ਵਾਧੂ ਗੱਲਾਂ
ਵੈਸੇ ਤਾਂ ਅਣਜਾਣ ਬੜੇ ਹਾਂ
ਆਪੇ ਜਾਣੀਜਾਣ ਬੜੇ ਹੋ
ਮੁੰਡਾ ਨਵੀਂ ਜਮਾਤੇ ਚੜ੍ਹਿਆ
ਕਲ੍ਹ ਉਸ ਦੀ ਐਡਮਿਸ਼ਨ ਕਰਾਈ
ਵੱਢੀ ਫੀਸ ਦੀ ਗੱਲ ਨਾ ਕੋਈ
ਵਿਦਿਆ ਦਾ ਹੀ ਦਾਨ ਬੜਾ ਹੈ
ਘੱਟ ਜਾਪੇ ਤਾਂ ਹੋਰ ਲੈ ਲਵੋ
ਕਾਪੀਆਂ ਬਸਤਾ ਅਤੇ ਕਿਤਾਬਾਂ
ਕੋਈ ਪਰਵਾਹ ਨਹੀਂ
ਮੁੰਡੇ ਲਈ ਟਿਊਸ਼ਨ ਰਖਵਾ ਦਿਓ
ਸਾਰੇ ਪੈਸੇ ਜਮ੍ਹਾ ਕਰਾ ਲਵੋ
ਕਸਰ ਕੋਈ ਨਹੀਂ ਰੱਖਣੀ ਆਪਾਂ
ਇਧਰ ਵੀ ਕੋਈ ਘਾਟਾ ਨਹੀਂ ਹੈ
ਬਾਬਾ ਜੀ ਦੀ ਫੁਲ ਕਿਰਪਾ ਹੈ
ਘਰ ਵਾਲੀ ਨੂੰ ਵੀ ਸਮਝਾਇਆ
ਕੰਜੂਸੀ ਦਾ ਕਿਉਂ ਲੰਗਰ ਲਾਇਆ
ਚਾਰ ਦੁਕਾਨਾਂ ਦੋ ਕੋਠੀਆਂ
ਤਿੰਨ ਪਲਾਟ ਹਨ ਨਵੇਂ ਖਰੀਦੇ
ਦੋ ਕਾਰਾਂ ਬੂਹੇ ਤੇ ਖੜ੍ਹੀਆਂ
ਨੌਕਰ ਚਾਕਰ ਅੰਦਰ ਬਾਹਰ
ਐਵੇਂ ਜੀਅ ਨਾ ਥੋੜ੍ਹਾ ਕਰੀਏ
ਮਾਲਾ ਲੈ ਕੇ ਰੱਬ ਰੱਬ ਕਰੀਏ
ਫਿਰ ਵੀ ਕਿਧਰੇ ਜੀ ਨਾ ਲੱਗੇ
ਮਨ ਆਇਆ ਤੇ ਸ਼ਾਪਿੰਗ ਕਰ ਲਉ
ਮਨ ਆਇਆ ਤਾਂ ਸ਼ੈਪੂ ਕਰ ਲਉ
ਚਿਤ ਕਰੇ ਤਾਂ ਵਾਲ ਵਧਾ ਲਉ
ਚਿਤ ਕਰੇ ਛੋਟੇ ਕਰਵਾ ਲਉ
ਬਿਊਟੀ ਪਾਰਲਰ ਵਾਲੀ ਦੇ ਕੋਲੇ
ਚੇਹਰੇ ਦੀ ਮਾਲਸ਼ ਕਰਵਾ ਲਉ
ਕਪੜੇ ਗਹਿਣੇ - ਕੋਈ ਘਾਟਾ ਨਹੀਂ
ਬਾਬਾ ਜੀ ਦੀ ਵੱਡੀ ਫੋਟੋ
ਜੋ ਸੀ ਗੋਬਿੰਦਸਰ ਤੋਂ ਆਂਦੀ
ਉਸ ਦੇ ਅਗੇ
ਦੇਸੀ ਘਿਓ ਦੀ ਜੋਤ ਜਗਾਉਣੀ
ਦੋਵੇਂ ਵੇਲੇ ਧੂਫ ਧੁਖਾਉਣੀ
ਤੇ ਘਰ ਵਿੱਚ ਅੰਮ੍ਰਿਤ ਦਾ ਛੱਟਾ
ਗਾਂ ਨੂੰ ਪੇੜਾ
ਤੇ ਕਾਲੇ ਕੁਤੇ ਨੂੰ ਰੋਟੀ
ਏਨਾ ਕੰਮ ਹੈ ਤੇਰੇ ਹਿਸੇ
ਆਪੋ ਆਪਣਾ ਕੰਮ
ਨਿਭਾਉਣਾ ਫਿਰ ਰਹਿੰਦੀ ਹੈ
ਬਾਬਾ ਜੀ ਦੀ ਫੁਲ ਕਿਰਪਾ
ਕਦੇ ਕਦੇ ਜੇ ਅੜਚਨ ਪੈ ਜਾਏ
ਕੰਮ ਚ’ ਜਾਂ ਸਰਕਾਰ ਦੇ ਅੰਦਰ
ਬਾਬਾ ਜੀ ਦੇ ਮੂਹਰੇ ਹੋਈਏ
ਇਕ ਅਰਦਾਸ ਬਣਾ ਕੇ ਕਰੀਏ
ਸੇਈ ਗੁਰਮੁਖ ਪਿਆਰੇ ਮੇਲੋ
ਮਿਲ ਜਾਂਦੇ ਹਨ ਗੁਰਮੁਖ ਪਿਆਰੇ
ਹੋ ਜਾਂਦਾ ਹੈ ਮੇਲ ਮਿਲਾਵਾ
ਚੱਲ ਜਾਂਦਾ ਚਾਹ ਪਾਣੀ ਵੀ
ਕਦੇ ਕਦੇ ਜੇ ਪੀਣੀ ਪੈ ਜਾਏ
ਪੀ ਲੈਂਦੇ ਹਾਂ ਪਰ ਉਸ ਦਿਨ ਮੱਥੇ ਨਹੀਂ ਲੱਗਦੇ
ਅਗਲੇ ਦਿਨ ਕੁਝ ਨੱਕ ਰਗੜ ਕੇ
ਹੋਈ ਭੁਲ ਬਖਸ਼ਾ ਲੈਂਦੇ ਹਾਂ
ਕਹਿੰਦੇ ਬਖਸ਼ਣ ਹਾਰ ਬੜਾ ਹੈ
ਕਿਰਪਾ ਉਸ ਦੀ
ਰੁਕਿਆ ਗੱਡਾ ਤੁਰ ਪੈਂਦਾ ਹੈ
ਕੰਮ ਕਦੇ ਨਹੀਂ ਰੁਕਿਆ ਰਹਿੰਦਾ
ਸੱਭ ਉਪਰ ਉਸ ਦੀ ਕਿਰਪਾ ਹੈ
ਹਰ ਇਕ ਜੀਅ ਦਾ
ਪੁਤਰ ਧੀ ਦਾ
ਲੱਖ ਭੁਲਾਂ ਬਖ਼ਸ਼ਾ ਦਿੰਦੇ ਹਨ
ਵਿਗੜੇ ਕੰਮ ਬਣਾ ਦਿੰਦੇ ਹਨ
ਫੇਲ੍ਹੋਂ ਪਾਸ ਕਰਾ ਦਿੰਦੇ ਹਨ
ਬੰਦੇ ਵੀ ਟਕਰਾ ਦਿੰਦੇ ਹਨ
ਮੁਸ਼ਕਲ ਕੰਮ ਲੰਘਾ ਦਿੰਦੇ ਹਨ
ਪੈਜ ਰੱਖਦੇ ਚਾਰੇ ਪਾਸੇ
ਵੱਡੇ ਸੰਤਾਂ ਦਾ ਹੈ ਕਹਿਣਾ
ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ
ਚਿੱਟੇ ਕਪੜੇ ਪਾ ਕੇ ਆਉ
ਸਾਰੇ ਪਾਪ ਧੁਆ ਕੇ ਜਾਉ
ਸੇਵਾ ਦੇ ਵਿੱਚ ਹਿਸਾ ਪਾਓ
ਮਾਇਆ ਦੀ ਅਰਦਾਸ ਕਰਾਓ
ਸਿਧਾ ਸਾਦਾ ਜੀਣਾ ਸਾਡਾ
ਬਹੁਤੀਆਂ ਔੜਾਂ ਵਿੱਚ ਨਾ ਪਈਏ
ਵਾਹਿਗੁਰੂ ਕਹੀਏ ਸੌਖੇ ਰਹੀਏ