Thursday, May 19, 2011







ਹਰ ਔਕੜ ਵਿਚ ਹਰ ਮੁਸ਼ਕਲ ਵਿਚ
ਹਰ ਥਾਂ ਉਹ ਜੀਣਾ ਦੱਸਦਾ ਹੈ।
ਹਰ ਪਲ ਮੇਰੇ ਕੋਲ ਵੱਸਦਾ ਹੈ
ਮੈਂ ਦੋੜਾਂ ਤੇ ਉਹ ਨਸਦਾ ਹੈ
ਮੇਰੇ ਪਿਛੇ ਪਿਛੇ ਆਂਦਾ ਹੈ
ਕਦਮਾਂ ਨਾਲ ਕਦਮ ਮਿਲਾਂਦਾ ਹੈ
ਰੋਵਾਂ ਤੇ ਬਹੁਤ ਹਸਾਂਦਾ ਹੈ
ਮੇਰੇ ਸੁਰ ਨਾਲ ਸੁਰ ਰਲਾਂਦਾ ਹੈ
ਉਹ ਸਾਜ਼ ਮੇਰਾ ਬਣ ਜਾਂਦਾ ਹੈ
ਮੈਂ ਸੁਣਦਾ ਹਾਂ ਉਹ ਗਾਂਦਾ ਹੈ
ਮੇਰੀ ਧੜਕਣ ਵਿੱਚ ਮੇਰੇ ਸਾਹਾਂ ਵਿੱਚ
ਮੇਰੀ ਮੰਜ਼ਲ ਵਿੱਚ ਮੇਰੇ ਰਾਹਾਂ ਵਿੱਚ
ਉਹ ਧੁਪਾਂ ਵਿੱਚ ਤੇ ਛਾਂਵਾਂ ਵਿੱਚ
ਸੱਭ ਔਖੀਆਂ ਭਾਰੀਆਂ ਥਾਂਵਾ ਵਿੱਚ
ਹਰ ਵੇਲੇ ਰਹਿੰਦਾ ਨਾਲ ਮੇਰੇ
ਉਹ ਚਾਨਣ ਵੀ ਪਰਛਾਵਾਂ ਵੀ
ਮੈਂ ਲੱਭਦਾ ਹਾਂ ਤਨਹਾਈ ਨੂੰ
ਤੇ
ਕਲਿਆ ਬਹਿਣਾ ਚਾਹੁੰਦਾ ਹਾਂ
ਆਪਣੇ ਨੂੰ ਸੁਣਨਾ ਚਾਹੁੰਦਾ ਹਾਂ
ਕੁਝ ਖੁਦ ਨੂੰ ਕਹਿਣਾ ਚਾਹੁੰਦਾ ਹਾਂ
ਉਹ ਛੱਡਦਾ ਐਪਰ ਸਾਥ ਨਹੀਂ
ਜਿਓਂ ਦਿਨ ਦੇ ਬਿਨ ਕੋਈ ਰਾਤ ਨਹੀਂ
ਮੈਂ ਕਹਿੰਦਾ ਹਾਂ ਮੈਂ ਮੰਨਦਾ ਨਹੀਂ
ਮੈਂ ਮੁਨਕਲ ਤੇਰੀ ਹਸਤੀ ਤੋਂ
ਮੈਂ ਖੁਸ਼ ਨਹੀਂ ਤੇਰੀ ਬਸਤੀ ਤੋਂ
ਤੇਰੇ ਬੁਤ ਦੀ ਬੁੱਤ ਪ੍ਰਸਤੀ ਤੋਂ
ਗੱਲ ਸੁਣ ਕੇ ਉਹ ਮੁਸਕਾਂਦਾ ਹੈ
ਮੈਨੂੰ ਇਹੋ ਆਖ ਸੁਣਾਂਦਾ ਹੈ
ਤੂੰ ਮੇਰੇ ਤੇ ਵਿਸ਼ਵਾਸ ਨਾ ਕਰ
ਤੂੰ ਭਾਂਵੇਂ ਮੈਥੌਂ ਆਸ ਨਾ ਕਰ
ਪਰ ਤੂੰ ਹੀ ਹੈਂ ਵਿਸ਼ਵਾਸ ਮੇਰਾ
ਤੇਰੇ ਅੰਦਰ ਹੈ ਧਰਵਾਸ ਮੇਰਾ
ਤੇਰੇ ਰਾਹਾਂ ਵਿੱਚ ਮੈਂ ਵੱਸਦਾ ਹਾਂ
ਤੂੰ ਹੱਸੇ ਤਾਂ ਮੈਂ ਹੱਸਦਾ ਹਾਂ
ਤੂੰ ਵੱਸੇ ਤਾਂ ਮੈਂ ਵੱਸਦਾ ਹਾਂ
ਇਹ ਕਹਿ ਕੇ ਉਹ ਹਥ ਫੜ ਲੈਂਦਾ
ਮੈਨੂੰ ਬੁੱਕਲ ਦੇ ਵਿੱਚ ਲੈ ਲੈਂਦਾ।
ਮੇਰੀ ਹਸਤੀ ਉਸ ਦੀ ਹਸਤੀ ਹੈ
ਮੇਰੇ ਖਾਬਾਂ ਦੀ ਉਹ ਬਸਤੀ ਹੈ
ਮੇਰੇ ਪੈਰਾਂ ਦੀ ਉਹ ਮਸਤੀ ਹੈ
ਨੱਚ ਨੱਚ ਕੇ ਚੁੰਗੀਆਂ ਭਰਦੇ ਹਾਂ
ਤੇ ਇੱਕ ਦੂਜੇ ਤੇ ਮਰਦੇ ਹਾਂ





No comments:

Post a Comment