ਸੁਲਗਦੇ ਬੋਲ / (ਕਾਵਿ ਪੁਸਤਕ) - ਚਾਰ

--------------------------------------------------------------------------------------------------------

ਗ਼ਜ਼ਲ


(ਤੂੰ) ਹਾਦਸੇ ਤੇ ਹਾਦਸਾ ਦਿੰਦਾ ਰਿਹਾ।
(ਮੈਂ) ਵਾਸਤੇ ਤੇ ਵਾਸਤਾ ਦਿੰਦਾ ਰਿਹਾ।


(ਮੈਂ) ਕਾਫਲੇ ਦਾ ਵਾਸਤਾ ਪਾਉਂਦਾ ਰਿਹਾ
(ਤੂੰ) ਫਾਸਲੇ ਤੇ ਫਾਸਲਾ ਦਿੰਦਾ ਰਿਹਾ।


ਤੂੰ ਖ਼ਤਾ ਦੱਸੀ ਨਾ ਮੈਨੂੰ ਉਮਰ ਭਰ
 ਉਮਰ ਭਰ ਮੈਨੂੰ ਸਜ਼ਾ ਦਿੰਦਾ ਰਿਹਾ।

ਨਾਸਮਝ ਹੈ ਪਰ ਸਮਝ ਜਾਏਗਾ ਜ਼ਰੂਰ
 ਹੌਂਸਲੇ    ਨੂੰ   ਹੌਂਸਲਾ   ਦਿੰਦਾ   ਰਿਹਾ।

ਹਾਦਸਾ ਆਇਆ ਗਿਆ ਕੁਝ ਇਸ ਤਰ੍ਹਾਂ
 ਹੋਂਸਲੇ   ਨੂੰ   ਵੀ   ਹਵਾ ਦਿੰਦਾ ਰਿਹਾ।


ਦੀਵਿਆਂ ਨੂੰ  ਉਹ  ਬੁਝਾ  ਦਿੰਦੀ  ਰਹੀ
ਮੈਂ ਹਵਾ ਵਿੱਚ ਫਿਰ ਜਗਾ ਦਿੰਦਾ ਰਿਹਾ।


ਢਾਹ ਗਈ ਜੇ ਆਲ੍ਹਣਾ ਮੇਰਾ ਤਾਂ ਕੀ
ਮੈਂ ਸਦਾ ਉਸ ਨੂੰ ਦੁਆ ਦਿੰਦਾ ਰਿਹਾ।


ਗੁਜ਼ਰ ਨਾ ਜਾਵੇ ਕਿਤੇ ਮੌਸਮ ਬਹਾਰ
ਮੈਂ ਬਹਾਰਾਂ ਨੂੰ ਸਦਾ ਦਿੰਦਾ ਰਿਹਾ।