ਇਨਕਲਾਬ ਜ਼ਿੰਦਾਬਾਦ
ਇਹ
ਨਾਅਰਾ ਬਹੁਤ ਦਮਦਾਰ ਹੈ। ਸੁਣਨ, ਲਿਖਣ ਤੇ ਬੋਲਣ ਵਿੱਚ ਬਹੁਤ ਜੁਸ਼ੀਲਾ ਜਾਪਦਾ ਹੈ। ਇਸ ਨੂੰ ਦੇਸ਼
ਦੇ ਕ੍ਰਾਂਤੀ ਕਾਰਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਰ ਨੌਜੁਆਨ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ
ਵਿੱਚ ਇਸ ਨਾਅਰੇ ਨੂੰ ਬੁਲੰਦ ਜ਼ਰੂਰ ਕਰਦਾ ਹੈ। ਉਹ ਆਪਣੇ ਆਪ ਨੂੰ ਦੇਸ਼ ਦੇ ਪ੍ਰਸਿੱਧ ਦੇਸ਼ ਭਗਤਾਂ
ਜਿਵੇਂ ਸ. ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਨਾਲ ਖੜ੍ਹਾ ਦੇਖਣਾ ਚਾਹੁੰਦਾ ਹੈ। ਪਰ ਇਸ ਨਾਅਰੇ
ਦੀ ਸਾਰਥਕਤਾ ਕੀ ਹੈ, ਇਹ ਦੇਖਣਾ ਹਾਲੇ ਤੱਕ ਬਾਕੀ ਹੈ। ਆਪਣੇ ਹੱਥਲੇ ਲੇਖ ਵਿੱਚ ਇਸ ਸਾਰਥਕਤਾ ਨੂੰ
ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ।
ਇਨਕਲਾਬ
ਨੂੰ ਕ੍ਰਾਂਤੀ ਵੀ ਕਿਹਾ ਜਾਂਦਾ ਹੈ ਤੇ ਇਸ ਸ਼ਬਦ ਕੋਸ਼ ਅਨੁਸਾਰ ਅਰਥ ਹਨ ਤਬਦੀਲੀ। ਤਬਦੀਲੀ ਸਮਾਜ ਦਾ
ਇਕ ਸਾਧਾਰਨ ਜਿਹਾ ਨਿਯਮ ਹੈ। ਕੁਦਰਤ ਦਾ ਨੇਮ ਵੀ ਹੈ। ਕੋਈ ਵੀ ਵਸਤੂ ਸਥਿਰ ਨਹੀਂ ਹੈ। ਹਰ ਚੀਜ਼
ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਫਿਰ ਇਨਕਲਾਬ ਕਿਹੋ ਜਿਹੀ ਤਬਦੀਲੀ ਹੈ ਜਿਸ ਦੀ ਕਾਮਨਾ ਕਰਦੇ
ਮਹਾਨ ਕ੍ਰਾਂਤੀਕਾਰੀਆਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ।
ਆਪਣੇ
ਆਸੇ ਪਾਸੇ ਨਜ਼ਰ ਮਾਰਿਆਂ ਇਹ ਇੰਜ ਪ੍ਰਤੀਤ ਹੁੰਦਾ ਹੈ ਕਿ ਸਮਾਜ ਇਕ ਪੇਚੀਦਾ ਤੇ ਪੁਖਤਾ ਢਾਂਚੇ
ਵਿੱਚ ਜਕੜਿਆ ਹੋਇਆ ਹੈ। ਇਸ ਵਿੱਚ ਸਮਾਜਕ ਰਿਸ਼ਤੇ ਵੀ ਹਨ ਤੇ ਰਾਜਨੀਤਕ ਚੇਤਨਾ ਵੀ, ਆਰਥਕ ਮੁੱਦੇ
ਵੀ ਹਨ ਤੇ ਆਪਣੀ ਮਿਹਨਤ ਸਦਕਾ ਰੋਟੀ ਕਮਾਉਣ ਦੇ ਹੀਲੇ ਵਸੀਲੇ ਵੀ। ਬਹੁਤ ਸਾਰੇ ਲੋਕ ਇਸ ਸਮਾਜ
ਵਿੱਚ ਹੋਸ਼ ਸੰਭਾਲਦੇ ਹਨ ਤੇ ਫਿਰ ਇਸ ਸਮਾਜ ਦੀਆਂ ਨੀਂਹਾਂ ਮਜ਼ਬੂਤ ਕਰਨ ਲਈ ਆਪਣੀ ਸਾਰੀ ਉਮਰ ਲਗਾ
ਦਿੰਦੇ ਹਨ। ਉਹ ਇਸ ਨੈਤਿਕਤਾ ਵਿੱਚ ਜਕੜੇ ਹੁੰਦੇ ਹਨ ਜੋ ਉਹਨਾਂ ਨੂੰ ਅਨੈਤਿਕ ਹੋਣ ਤੇ ਰੋਕਦੀ ਹੈ
ਤੇ ਅਜਿਹੇ ਬੰਧਨਾਂ ਵਿੱਚ ਬੰਨ੍ਹ ਕੇ ਰੱਖਦੀ ਹੈ ਜਿਸ ਵਿੱਚ ਉਹਨਾਂ ਨੂੰ ਆਪਣਾ ਵਿਸ਼ਵਾਸ ਪ੍ਰਗਟ
ਕਰਨਾ ਪੈਂਦਾ ਹੈ। ਇਹ ਰਾਜਸੀ ਪ੍ਰਬੰਧ ਹੁੰਦਾ ਹੈ, ਜਿਸ ਦੀ ਸੇਵਾ ਵਿੱਚ ਹੀ ਕਈ ਲੋਕ ਪੁਸ਼ਤ ਦਰ
ਪੁਸ਼ਤ ਆਪਣਾ ਜੀਵਨ ਖਪਾ ਦਿੰਦੇ ਹਨ।
ਜਿਸ
ਦੇਸ਼ ਵਿੱਚ ਉਹ ਰਹਿੰਦੇ ਹਨ ਉਸ ਦੀ ਰਾਜਸੀ ਵਾਗਡੋਰ ਇਕ ਸਰਕਾਰ ਦੇ ਹਥਾਂ ਵਿੱਚ ਹੁੰਦੀ ਹੈ ਜੋ ਆਪਣੀ
ਮਰਜ਼ੀ ਅਨੁਸਾਰ ਫੈਸਲੇ ਕਰਦੀ ਹੈ ਤੇ ਇਹਨਾਂ ਫੈਸਲਿਆਂ ਨੂੰ ਇਕ ਕਾਨੂੰਨ ਦੀ ਸ਼ਕਲ ਦੇ ਕੇ ਆਮ
ਨਾਗਰਿਕਾਂ ਨੂੰ ਇਸ ਦੀ ਰਾਖੀ ਕਰਨ ਤੇ ਇਹਨਾਂ ਨੂੰ ਮੰਨਣ ਦਾ ਨੈਤਿਕ ਫਰਜ਼ ਲੱਦ ਦਿੰਦੀ ਹੈ। ਸਰਕਾਰ
ਜੇ ਲੋਕ ਪੱਖੀ ਹੋਵੇ ਤਾਂ ਉਹ ਆਪਣੇ ਨਾਗਰਿਕਾਂ ਦੀ ਸਿਹਤ ਤੇ ਸਹੂਲਤਾਂ ਦਾ ਧਿਆਨ ਰੱਖਦੀ ਹੈ ਤੇ
ਦੇਸ਼ ਦੇ ਆਰਥਕ ਸੋਮਿਆਂ ਦੀ ਵਰਤੋਂ ਨਾਗਰਿਕਾਂ ਦੀ ਬੇਹਤਰੀ ਵਾਸਤੇ ਕਰਦੀ ਹੈ। ਉਹ ਸਮਝਦੀ ਹੈ ਕਿ ਜੇ
ਨਾਗਰਿਕ ਜਾਂ ਜਨ ਸਾਧਾਰਨ ਖੁਸ਼ ਅਤੇ ਖੁਸ਼ਹਾਲ ਹੋਵੇਗਾ ਤਾਂ ਦੇਸ਼ ਵੀ ਖੁਸ਼ ਅਤੇ ਖੁਸ਼ਹਾਲ ਹੋਵੇਗਾ। ਪਰ
ਅਜਿਹਾ ਵੱਡੇ ਵੱਡੇ ਲੋਕ ਤੰਤਰੀ ਦੇਸ਼ ਵਿੱਚ ਵੀ ਹਾਲੇ ਤੱਕ ਸੰਭਵ ਨਹੀਂ।
ਲੋਕਾਂ
ਦੀ ਖੁਸ਼ਹਾਲੀ ਨਿਆਂ ਪ੍ਰਣਾਲੀ ਨਾਲ ਬੱਝੀ ਹੁੰਦੀ ਹੈ। ਨਿਆਂ ਦੇ ਤਿੰਨ ਰੂਪ ਹੁੰਦੇ ਹਨ: ਸਮਾਜਕ,
ਰਾਜਨੀਤਕ ਤੇ ਆਰਥਕ। ਇਸ ਦਾ ਭਾਵ ਹੈ ਇਕੋ ਜਿਹਾ ਜੁਰਮ ਕਰਨ ਵਾਲਿਆਂ ਨੂੰ ਇਕੋ ਜਿਹੀ ਸਜ਼ਾ ਦਾ
ਮਿਲਣਾ। ਪਰ ਅਜਿਹਾ ਬਹੁਤ ਘੱਟ ਹੀ ਵਾਪਰਦਾ ਹੈ। ਆਰਥਕ ਤੌਰ ਤੇ ਸੰਪੰਨ ਲੋਕ ਨਾ ਸਿਰਫ ਆਰਥਕ
ਵਸੀਲਿਆਂ ਉਪਰ ਕਬਜ਼ਾ ਕਰ ਲੈਂਦੇ ਹਨ ਸਗੋਂ ਸਮਾਜਕ ਤੇ ਰਾਜਨੀਤਕ ਨਿਆਂ ਨੂੰ ਵੀ ਆਪਣੇ ਅਧਿਕਾਰ ਖੇਤਰ
ਵਿੱਚ ਕਰ ਲੈਂਦੇ ਹਨ ਤੇ ਇਸ ਸੱਭ ਦੀ ਮਦਦ ਨਾਲ ਉਹ ਇਕ ਅਜਿਹੇ ਢਾਂਚੇ ਨੂੰ ਜਨਮ ਦਿੰਦੇ ਹਨ ਜਿਸ
ਵਿੱਚ ਜਨ ਸਾਧਾਰਨ ਦੀ ਆਰਥਕ ਲੁੱਟ ਤੇ ਆਰਥਕ ਸ਼ੋਸ਼ਣ ਸੰਭਵ ਹੋ ਸਕੇ। ਇਸ ਨਾਲ ਆਰਥਕ ਨਾ-ਬਰਾਬਰੀ
ਪੈਦਾ ਹੁੰਦੀ ਹੈ ਤੇ ਜਨ ਸਾਧਾਰਨ ਦੇ ਮਨ ਵਿੱਚ ਆਲੇ ਦੁਆਲੇ ਪ੍ਰਤੀ ਤੇ ਮੌਜੂਦਾ ਢਾਂਚੇ ਪ੍ਰਤੀ
ਅਸੰਤੁਸ਼ਟੀ ਪੈਦਾ ਹੁੰਦੀ ਹੈ।
ਇਸ
ਅਸੰਤੁਸ਼ਟੀ ਦਾ ਇਕ ਹੱਲ ਹੈ ਸਮਾਜ ਵਿੱਚ ਅਰਾਜਕਤਾ ਪੈਦਾ ਕਰਨੀ ਤੇ ਅਮੀਰ ਲੋਕਾਂ ਤੋਂ ਸੁਖ
ਸੁਵਿਧਾਵਾਂ ਖੋਹ ਕੇ ਆਪਣੀ ਨਿੱਜੀ ਵਰਤੋਂ ਵਿੱਚ ਲੈ ਆਉਣਾ। ਚੋਰ- ਡਾਕੂ ਅਜਿਹਾ ਹੀ ਕੁਝ ਕਰਿਆ
ਕਰਦੇ ਸਨ। ਉਹ ਆਪਣੀ ਤਾਕਤ ਦੇ ਜ਼ੋਰ ਨਾਲ ਸਮਾਜ ਵਿੱਚ ਸੰਪੰਨ ਲੋਕਾਂ ਤੋਂ ਧਨ ਦੌਲਤ ਖੋਹ ਲਿਆ ਕਰਦੇ
ਸਨ। ਪਰ ਇਸ ਨਾਲ ਉਹ ਖ਼ੁਦ ਉਸ ਧਿਰ ਵਿੱਚ ਸ਼ਾਮਲ ਹੋ ਜਾਂਦੇ ਸਨ ਜਿਸ ਨੂੰ ਆਮ ਤੋਰ ਤੇ ਬਾਗ਼ੀ ਜਾਂ
ਅਸਮਾਜਕ ਤੱਤ ਕਿਹਾ ਜਾਂਦਾ ਸੀ। ਉਹਨਾਂ ਨੂੰ ਕਦੇ ਵੀ ਸਮਾਜ ਪ੍ਰਵਾਨ ਨਹੀਂ ਸੀ ਕਰਦਾ। ਬਾਗ਼ੀਆਂ
ਵਾਸਤੇ ਰਾਜਨੀਤਕ ਢਾਂਚਾ ਮੌਤ ਦੀ ਸਜ਼ਾ ਹੀ ਤਜਵੀਜ਼ ਕਰਦਾ ਹੈ।
ਦੂਸਰਾ
ਤਰੀਕਾ ਹੈ ਇਨਕਲਾਬ, ਭਾਵ ਸਮਾਜਕ ਤਬਦੀਲੀ ਜਿਸ ਨਾਲ ਸਮਾਜਕ ਢਾਂਚਾ, ਰਾਜਨੀਤਕ ਤੰਤਰ ਤੇ ਆਰਥਕ ਨਾਬਰਾਬਰੀ
ਚੋਂ ਬਾਹਰ ਆਉਣ ਵਾਸਤੇ ਇਕ ਵੱਡੇ ਪੱਧਰ ਤੇ ਤਬਦੀਲੀ ਦੀ ਲੋੜ ਮਹਿਸੂਸ ਕਰਨਾ ਤੇ ਉਸ ਵਾਸਤੇ ਇਕ
ਸਮਾਜਕ ਲੜਾਈ ਕਰਨਾ। ਇਨਕਲਾਬ ਸਿਰਫ ਰਾਜਨੀਤਕ ਤਬਦੀਲੀ ਦਾ ਦੂਜਾ ਨਾਂ ਹੀ ਨਹੀਂ ਹੈ। ਇਨਕਲਾਬੀ
ਜਾਣੇ ਹਨ ਕਿ ਸਿਰਫ਼ ਸਰਕਾਰ ਬਦਲ ਜਾਣ ਨਾਲ ਆਰਥਕ ਮਸਲੇ ਹੱਲ ਨਹੀਂ ਹੁੰਦੇ। ਸਮਾਜਕ ਬੁਰਾਈਆਂ ਦਾ
ਅਸਲ ਬੀਜ ਆਰਥਕ ਸ਼ੋਸ਼ਣ ਵਿੱਚ ਪਿਆ ਹੁੰਦਾ ਹੈ ਤੇ ਆਰਥਕ ਅਜ਼ਾਦੀ ਤੋਂ ਬਿਨਾਂ ਸਮਾਜਕ ਤੇ ਆਰਥਕ ਅਜ਼ਾਦੀ
ਦਾ ਕੋਈ ਅਰਥ ਨਹੀਂ ਹੁੰਦਾ।
ਉਹ
ਕ੍ਰਾਂਤੀਕਾਰੀ ਜਿੰਨਾਂ ਨੂੰ ਆਰਥਕ ਮਸਲਿਆਂ ਜਾਂ ਅਰਥਚਾਰੇ ਬਾਰੇ ਕੋਈ ਬਹੁਤੀ ਸਮਝ ਨਹੀਂ ਸਨ ਉਹ
ਕ੍ਰਾਂਤੀ ਨੂੰ ਸਿਰਫ਼ ਸੱਤਾ ਪਰਿਵਰਤਨ ਤੱਕ ਹੀ ਸੀਮਤ ਰੱਖਦੇ ਸਨ। ਪਰੰਤੂ ਜਦੋਂ ਅਰਥਚਾਰੇ ਨੂੰ
ਸਮਾਜਕ ਸਮੱਸਿਆਵਾਂ ਦੇ ਨਾਲ ਜੋੜ ਕੇ ਦੇਖਿਆ ਜਾਣ ਲਗਿਆ ਤਾਂ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ
ਕਿ ਆਰਥਕ ਮਸਲਿਆਂ ਦਾ ਹੱਲ ਹੋਏ ਬਿਨਾਂ ਕਿਸੇ ਵੀ ਵੱਡੀ ਤਬਦੀਲੀ ਦਾ ਸੁਪਨਾ ਲੈਣਾ ਵੀ ਬੇਕਾਰ ਹੈ।
ਅਰਥਚਾਰਾ
ਆਰਥਕ ਸੋਮਿਆਂ ਤੋਂ ਸ਼ੁਰੂ ਹੁੰਦਾ ਹੈ। ਇਹ ਆਰਥਕ ਸਰੋਤ ਤਿੰਨ ਤਰ੍ਹਾਂ ਦੇ ਹੁੰਦੇ ਹਨ। ਖੇਤੀ ਬਾੜੀ,
ਉਦਯੋਗ ਤੇ ਕੁਦਰਤੀ ਸੰਸਾਧਨ; ਖੇਤੀਬਾੜੀ ਤੇ ਕੁਦਰਤੀ ਸੰਸਾਧਨ ਉਦਯੋਗ ਜਗਤ ਨੂੰ ਲੋੜੀਦਾ ਕੱਚਾ ਮਾਲ
ਦਿਮਦੇ ਹਨ ਜਿਹਨਾਂ ਨੂੰ ਚੀਜ਼ਾਂ ਵਸਤਾਂ ਵਿੱਚ ਬਦਲ ਕੇ ਬਾਜ਼ਾਰ ਵਿੱਚ ਮੰਗ ਦੀ ਪੂਰਤੀ ਕੀਤੀ ਜਾਂਦੀ
ਹੈ। ਜੇ ਦੇਖਿਆ ਜਾਵੇ ਤਾਂ ਇਸ ਚੋਂ ਹੀ ਪੂਰਾ ਸਮਾਜ ਨੂੰ ਉਸ ਲਈ ਲੋੜੀਂਦੇ ਸਾਜੋ ਸਾਮਾਨ ਤੇ ਜ਼ਰੂਰੀ ਵਸਤੂਆਂ ਮਿਲ
ਜਾਂਦੀਆਂ ਹਨ। ਪਰ ਅਜਿਹਾ ਨਹੀਂ ਹੁੰਦਾ। ਵੱਧ ਮੁਨਾਫਾ ਲੈਣ ਲਈ ਚੀਜ਼ਾਂ ਵਸਤੂਆਂ ਦੀ ਕੀਮਤ ਵਿੱਚ
ਵਾਦਾ ਕਿਤਾ ਜਾਂਦਾ ਹੈ ਤੇ ਮਜ਼ਦੂਰ ਦੀ ਬਣਦੀ ਮਜ਼ਦੂਰੀ ਤੋਂ ਕਿਤੇ ਘੱਟ ਅਦਾਇਗੀ ਕਰਕੇ ਕੀਮਤ ਦਾ
ਬਹੁਤ ਵੱਡਾ ਹਿੰਸਾ ਮੁਨਾਫੇ ਦੀ ਸ਼ਕਲ ਵਿੱਚ ਮਾਲਕ ਕੋਲ ਪਹੁੰਚ ਜਾਂਦਾ ਹੈ। ਇੰਜ ਸ਼ੁਰੂ ਹੁੰਦਾ ਹੈ
ਆਰਥਕ ਸ਼ੋਸ਼ਣ ਤੇ ਇਹ ਉਦੋਂ ਤੱਕ ਚਲਦਾ ਰਹਿੰਦਾ ਹੈ ਜਦੋਂ ਤੱਕ ਸਮਾਜ ਦਾ ਸਾਰਾ ਢਾਂਚਾ ਇਸ ਨੂੰ ਖਤਮ ਨਾ ਕਰ
ਦੇਵੇ।
ਮੌਜੂਦਾ
ਸਮਾਜ ਵਿੱਚ ਹਰ ਵਿਅਕਤੀ ਆਪਣੇ ਵਾਸਤੇ ਜ਼ਰੂਰੀ ਸੁਵਿਧਾਵਾਂ, ਤੇ ਜੀਵਨ ਦੀਆਂ ਹੋਰ ਅਜਿਹੀਆਂ ਲੋੜਾਂ
ਦੀ ਪੂਰਤੀ ਮੰਗਦਾ ਹੈ ਜਿੰਨਾਂ ਤੋਂ ਬਿਨਾਂ ਜੀਵਨ ਅਸੰਭਵ ਹੈ। ਇਸ ਵਿੱਚ ਖਾਣ ਲਈ ਰੋਟੀ, ਪਹਿਨਣ ਲਈ
ਕੱਪੜਾ, ਰਹਿਣ ਲਈ ਘਰ, ਬੱਚਿਆਂ ਲਈ ਸਿੱਖਿਆ, ਸਿਹਤ ਸੇਵਾਵਾਂ, ਸੰਚਾਰ ਦੇ ਸਾਧਨ ਤੇ ਭੱਵਿਖ ਵਿੱਚ
ਬਚੇ ਰਹਿਣ ਲਈ ਸੁਰਖਿਅਤਾ ਆਦਿ ਸ਼ਾਮਿਲ ਹਨ। ਜਿਹੜਾ ਸਮਾਜ ਇਹ ਸੱਭ ਕੁਝ ਸਾਰਿਆਂ ਨੂੰ ਨਹੀਂ ਦਿੰਦਾ
ਉਹ ਨਿਸ਼ਚਿਤ ਤੌਰ ਤੇ ਜਵਾਲਾ ਮੁਖੀ ਦੇ ਕੰਡੇ ਉਪਰ ਹੀ ਸਾਹ ਲੈਂਦਾ ਹੈ। ਕਦੇ ਵੀ ਅਸੰਤੁਸ਼ਟ ਲੋਕ
ਸਮਾਜਕ ਤਬਦੀਲੀ ਦੀ ਰਾਹ ਪੈ ਸਕਦੇ।
ਜਦੋਂ
ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਸਮਾਜ ਵਿੱਚ ਪੂਰਨ ਤਬਦੀਲੀ,
ਰਾਜਨੀਤਕ, ਸਮਾਜਕ ਤੇ ਆਰਥਕ, ਆਰਥਕ ਸਾਧਨਾਂ ਤੇ ਕਿਰਤ ਦੇ ਸੰਦਾਂ ਉਪਰ ਕਿਰਤ ਕਰਨ ਵਾਲਿਆਂ ਦਾ
ਕਬਜ਼ਾ, ਇਹੋ ਇਕੋ ਇਕ ਰਾਹ ਹੈ ਜਿਸ ਨਾਲ ਸਮਾਜ ਚੋਂ ਅਸਮਾਨਤਾ ਖਤਮ ਕੀਤੀ ਜਾਣੀ ਹੈ। ਜਦੋਂ ਸ. ਭਗਤ
ਸਿੰਘ ਵਰਗੇ ਯੋਧਿਆਂ ਨੇ ਇਨਕਲਾਬ ਦਾ ਨਾਅਰਾ ਲਾਇਆ ਸੀ ਤਾਂ ਉਹਨਾਂ ਦਾ ਮਤਲਬ ਇਸੇ ਕਿਸਮ ਦੀ ਸਮਾਜਕ
ਤਬਦੀਲੀ ਤੋਂ ਸੀ। ਉਹ ਜਾਣਦੇ ਸਨ ਕਿ ਸਮਾਜਕ ਬੁਰਾਈਆਂ ਦਾ ਅਸਲ ਕਾਰਨ ਕਿਥੇ ਹੈ ਤੇ ਇਸ ਨੂੰ ਕਿਸ
ਤਰ੍ਹਾਂ ਖਤਮ ਕਰਨਾ ਹੈ। ਇਹ ਪੁਰਨ ਸਵਰਾਜ ਨਾਲ ਨਹੀਂ ਸੀ ਹੋ ਸਕਦਾ, ਕਿਸੇ ਰਾਜਨੀਤਕ ਆਜ਼ਾਦੀ ਨਾਲ
ਸੰਭਵ ਨਹੀਂ ਸੀ, ਝੰਡੇ ਤੇ ਸੰਵਿਧਾਨ ਬਦਲਣ ਨਾਲ ਸਮਾਜ ਦੀਆਂ ਪਰਤਾਂ ਨਹੀਂ ਸੀ ਬਦਲ ਜਾਣੀਆਂ। ਇਸ
ਲਈ ਉਹਨਾਂ ਦਾ ਵਿਸ਼ਵਾਸ ਇਸੇ ਕਿਸਮ ਦੀ ਆਰਥਕ ਤਬਦੀਲੀ ਵਿੱਚ ਸੀ ਜਿਸ ਨੂੰ ਇਹ ਇਨਕਲਾਬ ਦੇ ਨਾਂ ਨਾਲ
ਜਾਣਦੇ ਸਨ।
ਕੁਝ
ਮਿਤਰ ਹੁਣ ਤੱਕ ਸੋਚਦੇ ਹੋਣਗੇ ਕਿ ਇਹ ਸ਼ਾਇਦ ਕੋਈ ਯੁਟੋਪੀਆ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਸ਼ਹਿਰ ਸੰਤ ਰਵੀਦਾਸ ਦੀ ਮਹਾਨ ਰਚਨਾ ਵਿੱਚ
ਬੇਗਮਪੁਰਾ ਦੇ ਨਾਂ ਨਾਲ ਸੁਣਾਈ ਦਿੰਦਾ ਹੈ। ਪਰ
ਇਹ ਹਕੀਕਤ ਹੈ ਸੁਪਨਾ ਨਹੀਂ। ਹਕੀਕਤ ਇਸ ਲਈ ਇਕ ਸਮਾਜ ਦੀ ਆਰਥਕ ਵਿਕਾਸ ਦੀ ਰਾਹ ਵਿੱਚ ਇਹ ਸਰਮਾਇਆਦਾਰੀ
ਤੋਂ ਬਾਦ ਅਗਲਾ ਪੜਾਅ ਹੈ।
ਸਰਮਾਇਆਦਾਰੀ
ਆਰਥਕ ਸ਼ੋਸ਼ਣ ਦੀ ਨੀਤੀ ਸਦਕਾ, ਮੁਨਾਫੇ ਨੂੰ ਸਰਮਾਏ ਵਿੱਚ ਬਦਲਣ ਲਈ ਤਿਆਰ ਰਹਿੰਦੀ ਹੈ ਤੇ ਉਹ ਇਸ
ਨੂੰ ਆਪਣੇ ਉਤਪਾਦਨ ਵਿੱਚ ਲਗਾ ਕੇ ਹੌਲੀ ਹੋਲੀ ਕਿਰਤ ਦੀ ਉਜਰਤ ਘੱਟ ਕਰਦੀ ਚਲੀ ਜਾਂਦੀ ਹੈ। ਕਿਰਤੀ
ਉਪਭੋਗਤਾ ਤਾਂ ਰਹਿੰਦਾ ਹੈ ਪਰ ਉਹ ਆਪਣੀ ਉਜਰਤ ਦਾ ਬਹੁਤ ਹਿੰਸਾ ਸਾਮਾਨ ਦੀ ਖਰੀਦ ਕਰਦਿਆਂ
ਸਰਮਾਏਦਾਰ ਨੂੰ ਵਾਪਸ ਕਰ ਦਿੰਦਾ ਹੈ। ਇੰਜ ਸਰਮਾਇਆਕਾਰੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਇਹ
ਵਧਦਾ ਜਾਂਦਾ ਹੈ। ਜਦੋਂ ਇਹ ਆਪਣੇ ਸ਼ਿਖਰ ਨੂੰ ਛੋਹ ਲੈਂਦਾ ਹੈ ਤਾਂ ਆਰਥਕ ਸ਼ਕਤੀਆਂ ਇਨਕਲਾਬ ਦੇ ਲਈ
ਰਾਹ ਸਿਰਜਦੀਆਂ ਹਨ। ਇਹ ਆਰਥਕ ਵਿਕਾਸ ਦਾ ਇਕ ਪੜਾਅ ਹੈ ਤੇ ਇਹ ਉਸ ਆਰਥਕ ਵਰਤਾਰੇ ਦਾ ਹਿੱਸਾ ਹੈ
ਜਿਸ ਨੂੰ ਸਰਮਾਇਆਦਾਰੀ ਨਿਜ਼ਾਮ ਕਿਹਾ ਜਾਂਦਾ ਹੈ।
ਇਨਕਲਾਬ
ਨੂੰ ਸਮਝਣ ਵਾਸਤੇ ਅਰਥ ਸ਼ਾਸ਼ਤਰ ਸਮਝਣਾ ਪਵੇਗਾ। ਲੁੱਟ ਖਸੁੱਟ ਤੇ ਆਰਥਕ ਸ਼ੋਸਣ ਦੇ ਸਾਰੇ ਪੜਾਅ ਤੇ
ਰੂਪ ਸਮਝਣੇ ਪੈਣਗੇ ਤੇ ਕਿਰਤੀਆਂ ਦੇ ਹੱਕਾਂ ਨਾਲ ਜੁੜ ਕੇ ਧਿਰ ਬਣਨਾ ਪਵੇਗਾ। ਇਹ ਪੜਾਅ ਟਾਲਿਆ ਜਾ
ਸਕਦਾ ਹੈ, ਸਰਮਾਇਆਦਾਰੀ ਆਪਣੀ ਉਮਰ ਲੰਮੀ ਕਰ ਸਕਦੀ ਹੈ ਪਰ ਇਸ ਤੋਂ ਬਚ ਨਹੀਂ ਸਕਦੀ। ਜਿੰਨੀ ਜਲਦੀ
ਸਰਮਾਇਆਦਾਰੀ ਵਿਕਾਸ ਕਰਦੀ ਹੈ ਉਨੀ ਤੇਜ਼ੀ ਨਾਲ ਹੀ ਇਹ ਆਪਣੇ ਵਿਨਾਸ਼ ਵੱਲ ਵੱਧਦੀ ਹੈ। ਸਰਮਾਇਆਦਾਰੀ
ਦੇ ਇਸ ਵਰਤਾਰੇ ਦੇ ਸਿੱਟੇ ਵੱਜੋਂ ਪੈਦਾ ਹੋਈਆਂ ਸਾਰੀਆਂ ਬੁਰਾਈਆਂ ਤੇ ਬੀਮਾਰੀਆਂ ਦਾ ਇਕ ਹੀ ਇਲਾਜ
ਹੈ ਤੇ ਉਹ ਹੈ ਇਨਕਲਾਬ। ਇਸ ਲਈ ਕਹਿਣਾ ਬਣਦਾ ਹੈ-
ਇਨਕਲਾਬ
– ਜ਼ਿੰਦਾ ਬਾਦ
No comments:
Post a Comment