Friday, August 17, 2012

ਭਰੂਣ ਹਤਿਆ ਦੇ ਹੱਕ ਵਿੱਚ



ਭਰੂਣ ਹਤਿਆ ਦੇ ਹੱਕ ਵਿੱਚ


ਕੁੜੀਆਂ ਨੇ ਇਸ ਦੁਨੀਆ ਵਿੱਚ ਆ ਕੇ ਕੀ ਲੈਣਾ ਹੈ। ਕੀ ਇਸ ਦੁਨੀਆ ਵਿੱਚ ਉਹ ਇਜ਼ਤ ਨਾਲ ਜੀ ਰਹੀ ਹੈ। ਅਣਜੰਮੀਆਂ ਕੁੜੀਆਂ ਵਾਸਤੇ ਲੰਮੀਆਂ ਲੰਮੀਆਂ ਗੱਲਾਂ ਕਰਨ ਵਾਲੇ ਸੱਭ ਜਾਣਦੇ ਹਨ ਕਿ ਜੋ ਕੁੜੀਆਂ ਜੀ ਰਹੀਆਂ ਉਹ ਕਿੰਨੀ ਦੁਸ਼ਵਾਰੀ ਵਿੱਚ ਜੀਣ ਲਈ ਮਜ਼ਬੂਰ ਹੈ। ਮੈਂ ਹਰ ਜੰਮਣ ਵਾਲੀ ਕੁੜੀ ਨੂੰ ਆਖਦਾ ਹਾਂ.....

ਨਾ ਜੰਮੀ ਨਾ ਜੰਮੀ ਕੁੜੀਏ
ਹਾਲੇ ਦੁਨੀਆ ਰਾਸ ਨਾ ਤੇਰੀ
ਤੇਰੇ ਲਈ ਹੈ ਰਾਤ ਲੰਮੇਰੀ
ਹਾਲੇ ਤਾਂ ਪ੍ਰਭਾਤ ਨਾ ਤੇਰੀ।
ਤੇਰੇ ਪੈਰਾਂ ਦੇ ਲਈ ਕੰਡੇ
ਤੇ ਹਾਲੇ ਤਲੀਆਂ ਲਈ ਛਾਲੇ
ਤੈਨੂੰ ਤੱਕ ਕੇ ਮਾਰਨ ਲਗਦੈ
ਹਰ ਇਕ ਠੰਢਾ ਖੂਨ ਉਬਾਲੇ
ਤੂੰ ਨ ਹਾਲੇ ਆਦਮ ਬੇਟੀ
ਨਾ ਤੂੰ ਦੇਵੀ ਤੇ ਨਾ ਮਾਈ
ਕਹਿਣ ਹਵਸ ਦੀ ਮੂਰਤ ਤੈਨੂੰ
ਰੱਬ ਨੇ ਆਦਮ ਲਈ ਬਣਾਈ
ਹਾਲੇ ਤੇਰਾ ਸੌਦਾ ਹੁੰਦਾ
ਵਿਕਦਾ ਤੇਰਾ ਜਿਸਮ ਬਾਜ਼ਾਰੀ
ਹਾਰ ਸ਼ਿੰਗਾਰ ਤੇ ਕੱਪੜਾ ਲੱਤਾ
ਤੇਰੇ ਲਈ ਸੁਹਾਗ ਪਟਾਰੀ
ਤੇਰੀ ਸੋਹਣੀ ਮੂਰਤ ਭਲੀਏ
ਹਵਸ ਦੀ ਖਾਤਰ ਜਾਏ ਸੰਵਾਰੀ

ਤੇਰੇ ਗੁਣ ਦੀ ਕਦਰ ਨਾ ਪੈਂਦੀ
ਲੱਖ ਚਾਹੇ ਹੋਵੇਂ ਗੁਣਕਾਰੀ

ਅਜੇ ਨਾ ਇੱਜ਼ਤ ਤੇਰੇ ਹਿੱਸੇ
ਦੁਨੀਆ ਏਥੇ ਬਣੀ ਵਾਪਾਰੀ
ਅਜੇ ਨਾ ਲਿਖੀ ਕਿਸੇ ਅਜ਼ਾਦੀ
ਅਜੇ ਨਾ ਤੇਰੇ ਸੰਗਲ ਲੱਥੇ
ਅਜੇ ਵੀ ਤੇਰੇ ਗਲ ਵਿੱਚ ਰੱਸੀ
ਲਿਖੀ ਅਜੇ ਜ਼ਲਾਲਤ ਮੱਥੇ।
ਅਜੇ ਤਾਂ ਜੂਨ ਜਨੌਰਾਂ ਵਰਗੀ
ਸੁਣ ਨੀ ਕੁਰਬਾਣੀ ਦੀ ਡਲੀਏ
ਸਾਰੇ ਤੇਰੇ ਰਿਸ਼ਤੇ ਏਥੇ  
ਆਪੋ ਆਪਣਾ ਸੋਚਣ ਭਲੀਏ
ਹਾਲੇ ਤੈਨੂੰ ਭਾਰ ਸਮਝਦੇ
ਤੇ ਆਖਣ ਪੈਰਾਂ ਦੀ ਬੇੜੀ
ਤੈਨੂੰ ਘਰ ਦੀ ਇਜ਼ਤ ਆਖਣ
ਪਰ ਨਾ ਹੋਵੇ ਇਜ਼ਤ ਤੇਰੀ
ਹਾਲੇ ਵੀ ਕੁਰਬਾਨੀ ਮੰਗਣ
ਤੈਥੋਂ ਮਾਂਪੇ, ਭਾਈ ਪੁੱਤਰ
ਹਾਲੇ ਓਸ ਸਵਾਲ ਦਾ ਤੈਨੂੰ
ਕਿੰਜ ਦੇਵਣਗੇ ਰਲ ਕੇ ਉੱਤਰ
ਵਿਆਹ ਵਿਆਝਣ ਸੌਦੇ ਵਰਗਾ
ਜੀਣਾ ਤੇਰਾ ਘੁੰਮਣ ਘੇਰੀ
ਆਣਾ ਜਾਣਾ ਭਾਰਾ ਢੌਣਾ
ਇਹੋ ਆਖਣ ਕਿਸਮਤ ਤੇਰੀ
ਜਿਧਰ ਜਾਵੇਂ ਤਾੜਣ ਤੈਨੂੰ
ਹਰ ਕੋਈ ਤੈਨੂੰ ਮੁੜ ਮੁੜ ਘੂਰੇ
ਆਪਣੇ ਲਈ ਜੇ ਜੀਣਾ ਚਾਹਵੇਂ
ਸਾਰੇ ਚੁੱਕ ਚੁੱਕ ਪੈਂਦੇ ਹੂਰੇ
ਤੇਰੇ ਲਈ ਜੋ ਹੰਝੂ ਕੇਰਨ
ਝੂਠ ਨਹੈ ਸੱਭ ਉਹਨਾਂ ਦਾ ਰੌਣਾ
ਕੁੜੀਏ ਨੀ ਉਹ ਤੈਨੂੰ ਸਮਝਣ
ਇਕ ਬੱਸ ਮਰਦਾਂ ਲਈ ਖਿਡੌਣਾ।
ਨਾ ਜੰਮੀ ਨਾ ਜੰਮੀ ਕੁੜੀਏ
ਅਜੇ ਨਾ ਤੇਰੀ ਦੁਨੀਆ ਬਦਲੀ
ਅਜੇ ਨਾ ਬਦਲੀ ਸੋਚ ਕਿਸੇ ਦੀ
ਅਜੇ ਕਿਸੇ ਨੇ ਨਿਗਾਹ ਨਾ ਬਦਲੀ।

No comments:

Post a Comment