ਮਈ 21, ਦੁਨੀਆ ਦੇ ਖਾਤਮੇ ਦਾ ਦਿਨ, ਉਡੀਕ ਰਹੇ ਹਾਂ ਕਦੋਂ ਉਹ ਸੁਲੱਖਣੀ ਘੜੀ ਆਵੇਗੀ ਜਦੋਂ ਜੋਤ ਨਾਲ ਜੋਤ ਰਲ ਜਾਵਹਿਗੇ। 21 ਮਈ ਦੁਨੀਆ ਵਿੱਚ ਸਚਾਈ ਦੇ ਸਥਾਪਤ ਹੋਣ ਦਾ ਦਿਨ ਤੇ ਪੁਰਾਣੇ ਬੋਡੇ ਹੋ ਚੁਕੇ ਵਿਸ਼ਵਾਸਾਂ ਦੇ ਟੁੱਟਣ ਦਾ ਦਿਨ, ਹਾਲੇ ਤੱਕ ਧਰਤੀ ਆਪਣੀ ਰਫਤਾਰ ਨਾਲ ਜਾ ਰਹੀ ਹੈ। ਅਸਮਾਨ ਵਿੱਚ ਸੂਰਜ ਦੇ ਦੁਆਲੇ 30 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਹੈ, ਯਾਨਿ 1800 ਕਿਲੋਮੀਟਰ ਪ੍ਰਤੀ ਮਿੰਟ ਬਹੁਤ ਤੇਜ਼ ਘੁੰਮ ਰਹੀ ਹੈ ਆਪਣੇ ਆਪ ਵਿੱਚ ਵੀ ਆਪਣੇ ਧੁਰੇ ਦੁਆਲੇ 1669.8 ਕਿਲੋਮੀਟਰ ਫੀ ਘੰਟੇ ਦੇ ਹਿਸਾਬ ਨਾਲ। ਕੁਝ ਵੀ ਵਾਪਰ ਸਕਦਾ ਹੈ। ਪਰ ਹਾਲੇ ਤੱਕ ਠੀਕ ਚੱਲ ਰਿਹਾ ਹੈ। ਸੂਰਜ ਮੰਡਲ ਜਿਸ ਗੈਲੇਕਸੀ (ਆਕਸ਼ ਗੰਗਾ ) ਦਾ ਹਿੱਸਾ ਹੈ ਉਸ ਵਿੱਚ ਉਸ ਦੀ ਰਫਤਾਰ ਹੈ 250 ਕਿਲੋਮੀਟਰ ਪ੍ਰਤੀ ਸੈਕਿੰਡ, ਤੇ ਅਕਾਸ਼ ਗੰਗਾ ਤਾਰਿਆਂ ਦਾ ਸਮੂਹ ਹੈ। ਅਕਾਸ਼ ਗੰਗਾ ਦੀ ਰਫਤਾਰ ਇਸ ਤੋਂ ਵੀ ਕਿਤੇ ਵੱਧ ਹੈ। ਉਹ 300 ਕਿਲੋਮੀਟਰ ਪ੍ਰਤੀ ਸੈਕਿੰਡ ਨਾਲ ਦੋੜ ਰਹੀ ਹੈ। ਇਹ ਕਦੋਂ ਤੋਂ ਚੱਲ ਰਿਹਾ ਇਸ ਦਾ ਪਤਾ ਨਹੀਂ ਪਰ ਅਨੰਤ ਕਾਲ ਤੋਂ ਚੱਲ ਰਿਹਾ ਹੈ। ਮੈਂ ਇਹ ਗ਼ਿਣਤੀਆਂ ਇਸ ਲਈ ਦੇ ਰਿਹਾ ਹਾਂ ਤਾਂ ਜੋ ਤੁਸੀਂ ਜਾਣ ਸਕੋ ਕਿ ਜੋ ਹਿਸਾਬ ਕਿਤਾਬ ਸਾਡੇ ਕੋਲ ਅੱਜ ਹੈ ਉਹ ਅੱਜ ਤੋਂ ਕੁਝ ਹਜ਼ਾਰ ਸਾਲ ਪਹਿਲਾਂ ਨਹੀਂ ਸੀ। ਉਹ ਦਿਨ ਸਨ ਜਦੋਂ ਉੱਚੀ ਤੋਂ ਉੱਚੀ ਇਮਾਰਤ ਕੁਝ ਮੀਟਰ ਹੀ ਉੱਚੀ ਹੋਇਆ ਕਰਦੀ ਸੀ। ਰਾਤ ਦੇ ਹਨੇਰੇ ਵਿੱਚ ਤਾਰੇ ਨੇੜੇ ਨੇੜੇ ਜਾਪਦੇ ਸਨ। ਅਸਮਾਨ ਨੀਵਾਂ ਨੀਵਾਂ, ਲੋਕ ਵਿਹਲੇ ਸਨ, ਖਾਣ ਪੀਣ ਤੋਂ ਬਾਅਦ ਉਹਨਾਂ ਕੋਲ ਬਹੁਤ ਸਮਾਂ ਹੁੰਦਾ ਸੀ। ਲੇਖਕਾਂ ਕੋਲ, ਸੋਚਣ ਵਾਲਿਆਂ ਕੋਲ, ਸੂਚਨਾਵਾਂ ਦਾ ਭੰਡਾਰ ਨਹੀਂ ਸੀ। ਸਮਾਂ ਸੀ ਪਰ ਵਿਸਤ੍ਰਿਤ ਜਾਣਕਾਰੀ ਨਹੀਂ ਸੀ। ਉਹਨਾਂ ਜੋ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਉਸ ਦਾ ਆਧਾਰ ਉਹਨਾਂ ਦੀ ਸੋਚ ਸੀ, ਉਹਨਾਂ ਦਾ ਆਪਣਾ ਵਿਕਸਿਤ ਕੀਤਾ ਤਰਕ ਸੀ, ਜੋ ਬਹੁਤੀ ਵਾਰਿ ਉਹ ਦੂਜਿਆਂ ਨਾਲ ਸਾਂਝਿਆਂ ਨਹੀਂ ਸਨ ਕਰ ਸਕਦੇ। ਕਿਉਂ ਕਿ ਸੰਚਾਰ ਦੇ ਸਾਧਨ ਨਹੀਂ ਸਨ। ਕਈ ਸਾਲਾਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਜੋ ਉਹ ਸੋਚਦੇ ਰਹੇ ਉਹ ਸੱਭ ਬੇਕਾਰ ਸੀ, ਕਿਉਂ ਕਿ ਉਹਨਾਂ ਦੀ ਜਾਣਕਾਰੀ / ਗਿਆਨ ਹੀ ਸਹੀ ਨਹੀਂ ਸੀ। ਇਸੇ ਲਈ ਅੱਜ ਦੇ ਸੰਧਰਭ ਵਿੱਚ ਜਦੋਂ ਅਸੀਂ ਸਾਰੇ ਸਿਆਣੇ ਤੇ ਗਿਆਨਵਾਨ ਹੋ ਗਏ ਹਾਂ, ਸੂਚਨਾਵਾਂ ਦਾ ਭੰਡਾਰ ਸਾਡੇ ਕੋਲ ਮੋਜੂਦ ਹੈ, ਜਿਸ ਵਿੱਚ ਹਜ਼ਾਰਾਂ ਨਹੀਂ ਲੱਖਾਂ ਨਵੀਆਂ ਜਾਣਕਾਰੀਆਂ ਜੁੜਦੀਆਂ ਰਹਿੰਦੀਆਂ ਹਨ, ਜੋ ਵਾਪਰਦਾ ਹੈ ਬ੍ਰਹਮੰਡ ਦੇ ਦੂਜੇ ਕੋਨੇ ਵਿੱਚ ਉਹ ਵੀ ਸਾਡੇ ਤੱਕ ਪਹੁੰਚ ਜਾਂਦਾ ਹੈ, ਗਿਆਨ ਤੇ ਗਿਆਨ ਦੇ ਸੋਮਿਆਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ, ਇਸ ਲਈ ਅੱਜ ਦੀ ਸਥਿਤੀ ਵਿੱਚ ਕੀਤੀ ਗਈ ਕੋਈ ਵੀ ਕਲਪਨਾ, ਕੋਈ ਵੀ ਭਵਿੱਖ ਬਾਣੀ ਸਟੀਕ ਹੈ। ਜੇ ਤੁਸੀਂ ਉਸ ਵੇਲੇ ਦੇ ਲੋਕਾਂ ਦੇ ਗਿਆਨ ਦੇ ਅਧਾਰ ਉਪਰ ਕੋਈ ਫੈਸਲੇ ਕਰੋਗੇ ਜਦੋਂ ਦੁਨੀਆਂ ਉੱਥੋਂ ਤੱਕ ਹੀ ਸੀਮਤ ਸੀ ਜਿੱਥੋਂ ਤੱਕ ਦਿਖਾਈ ਦਿੰਦੀ ਸੀ। ਧਰਤੀ ਚਪਟੀ ਸੀ, ਸੂਰਜ ਅਸਮਾਨ ਵਿੱਚ ਇਕ ਰੋਸ਼ਨੀ ਦੇਣ ਵਾਲਾ ਯੰਤਰ ਸੀ ਤੇ ਧਰਤੀ ਉਪਰ ਅਸਮਾਨ ਇੱਕ ਵਿਸ਼ਾਲ ਟੋਕਰੇ ਵਰਗਾ ਸੀ, ਜਿਸ ਉਪਰ ਤਾਰੇ ਸਿਰਫ਼ ਟੁੰਗੇ ਹੋਏ ਸਨ, ਜੋ ਕਦੇ ਕਦੇ ਇਸ ਲਈ ਡਿੱਗਦੇ ਦਿਖਾਈ ਦਿੰਦੇ ਸਨ ਕਿਉਂ ਕਿ ਧਰਤੀ ਉਪਰ ਕੋਈ ਪਾਪੀ ਮਾੜਾ ਕਾਰਾ ਕਰਦਾ ਸੀ, ਉਦੋਂ ਨਾ ਦੂਰਬੀਨ ਸੀ ਨਾ ਖੁਰਦਬੀਨ ਤੇ ਲੋਕ ਇਸ ਲਈ ਬੀਮਾਰ ਪੈਂਦੇ ਸਨ ਕਿਉਂ ਕਿ ਪ੍ਰਮਾਤਮਾ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦਾ ਸੀ, ਮਰੇ ਹੋਏ ਆਦਮੀ ਦੀ ਕਬਰ ਕਦੇ ਵੀ ਮੁੜ ਪੁੱਟ ਕੇ ਨਹੀਂ ਸੀ ਦੇਖੀ ਜਾਂਦੀ। ਇਸ ਲਈ ਵਿਸ਼ਵਾਸ ਕਰਨਾ ਔਖਾ ਸੀ ਕਿ ਮਰਨ ਤੋਂ ਬਾਅਦ ਸਾਡਾ ਕੀ ਹੋਵੇਗਾ। ਸੋ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਗਈਆਂ। ਹੁਣ ਉਹਨਾਂ ਉਪਰ ਗਿਣਤੀ ਮਿਣਤੀ ਨੂੰ ਅਧਾਰ ਬਣਾ ਕੇ ਮਈ 21 ਦਾ ਦਿਨ ਮਿੱਥ ਲੈਣਾ, ਬਹੁਤ ਬੇਹੂਦਾ, ਬਚਕਾਨੀ ਤੇ ਮੂਰਖਤਾ ਭਰੀ ਸੋਚ ਹੋਵੇਗੀ। ਧਰਤੀ ਹਾਲੇ ਵੀ ਘੁੰਮ ਰਹੀ ਹੈ। ਅਸੀਂ ਸਾਰੇ ਇਸ ਦੇ ਝੂਟਿਆਂ ਦਾ ਅਨੰਦ ਲੈ ਰਹੇ ਹਾਂ। ਸੂਰਜ ਮੰਡਲ ਵੀ ਆਪਣੀ ਰਫਤਾਰ ਨਾਲ ਜਾ ਰਿਹਾ ਹੈ। ਜਿੱਥੇ ਇਹ ਪਹਿਲਾਂ ਸੀ ਜਦੋਂ ਮੈਂ ਇਹ ਲੇਖ ਲਿਖਣਾ ਸ਼ੁਰੂ ਕੀਤਾ ਸੀ ਉਸ ਥਾਂ ਤੋਂ ਇਹ ਖਿਸਕ ਕੇ 1800000 ਕਿਲੋਮੀਟਰ ਅੱਗੇ ਨਿਕਲ ਗਿਆ ਹੈ। ਤੇ ਏਨਾ ਹੀ ਸਫ਼ਰ ਧਰਤੀ ਨੇ ਸੁਰਜ ਦੇ ਦੁਆਲੇ ਮੁਕਾ ਲਿਆ ਹੈ ਹੁਣ ਤੱਕ। ਮੇਰਾ ਖਿਆਲ ਹੈ ਜੇ ਮਈ 21 ਦੀ ਭਵਿੱਖ ਬਾਣੀ ਕਰਨ ਵਾਲਾ ਇਹ ਸਭ ਕੁਝ ਜਾਣਦਾ ਹੁੰਦਾ ਤਾਂ ਉਹਨੇ ਤਾਂ ਕਦੋਂ ਦਾ ਧਰਤੀ ਦਾ ਖਾਤਮਾ ਕਰ ਦੇਣਾ ਸੀ। ਜਦੋਂ ਕਿਸੇ ਦੀਆਂ ਗਿਣਤੀਆਂ ਮਿਣਤੀਆਂ ਕਰਨ ਵਾਲੀ ਅਕਲ ਜਵਾਬ ਦੇ ਜਾਏ ਤਾਂ ਧਰਤੀ ਦਾ ਅੰਤ ਹੀ ਹੋ ਜਾਂਦਾ ਹੈ। ਪਰ ਸਦਕੇ ਕੁਦਰਤ ਦੇ ਉਹ ਨਿਰੰਤਰ ਆਪਣੀ ਤੋਰੇ ਤੁਰਦੀ ਜਾ ਰਹੀ ਹੈ, ਸਾਰੀਆਂ ਕਿਆਸਅਰਾਈਆਂ ਤੋਂ ਉਲਟ।
Right you are.
ReplyDelete