ਚਮਤਕਾਰ ਦੀ ਵਿਵਸਥਾ
ਜਿਸ ਧਰਤੀ ਉਪਰ ਅਸੀਂ ਰਹਿੰਦੇ ਹਾਂ ਉਹ ਇੱਕ ਵੱਡੇ ਬ੍ਰਹਿਮੰਡ ਦਾ
ਹਿੱਸਾ ਹੈ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬ੍ਰਹਿਮੰਡ ਵਿੱਚ ਵਰਤਣ ਵਾਲਾ ਹਰ ਵਰਤਾਰਾ
ਕਿਸੇ ਨਾ ਕਿਸੇ ਨੇਮ ਵਿੱਚ ਬੱਝਾ ਹੋਇਆ ਹੈ। ਇਹ ਅਸੀਂ ਉਸ ਵਰਤਾਰੇ ਦੇ ਵਾਪਰਨ ਦੇ ਵਤੀਰੇ ਦੇ
ਅਧਿਅਨ ਤੋਂ ਜਾਣਿਆ ਹੈ। ਕੁਦਰਤ ਦੇ ਨਿਯਮ ਕਿਸੇ ਧਾਰਮਕ ਗ੍ਰੰਥ ਦੇ ਪੰਨਿਆਂ ਉਪਰ ਉਕਰੀਆਂ ਸੱਚਾਈਆਂ
ਨਹੀਂ ਸਗੋਂ ਇਹ ਬਾਰ ਬਾਰ ਵਾਪਰਨ ਵਾਲੀਆਂ ਘਟਾਨਵਾਂ ਨੂੰ ਗਹੁ ਨਾਲ ਸਮਝ ਕੇ ਤੇ ਪਰਖ ਕੇ ਮਿੱਥੇ
ਜਾਂਦੇ ਹਨ। ਇਹ ਨਿਯਮ ਕਿਸੇ ਘਟਨਾ ਦੇ ਬਾਰ ਬਾਰ ਵਾਪਰਨ ਤੋਂ ਬਣਾਏ ਜਾਂਦੇ ਹਨ। ਫਿਰ ਬ੍ਰਹਿਮੰਡ
ਦੀਆਂ ਘਟਨਾਵਾਂ ਬਾਰੇ ਕਿਆਸ ਲਾਏ ਜਾਂਦੇ ਹਨ ਜਦੋਂ ਉਹ ਘਟਨਾਵਾਂ ਠੀਕ ਉਸ ਸਮੇਂ ਹੀ ਵਾਪਰਨ ਤਾਂ
ਨਿਯਮਾਂ ਨੂੰ ਸਥਾਪਤ ਕੀਤਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਨੇ ਗ੍ਰਹਿਣ ਤੇ ਤਾਰਿਆਂ ਦੀ
ਖਗੋਲਿਕ ਸਥਿਤੀ ਬਾਰੇ ਜਿਹੜੇ ਕਿਆਸ ਲਗਾਏ ਉਹ ਉਸ ਦੇ ਗਭੀਰ ਨਿਰੀਖਣ ਤੇ ਪਰਖ ਪ੍ਰਧਾਨ ਅਧਿਅਨ ਦਾ
ਸਿੱਟਾ ਸੀ। ਇਸ ਸਮਝ ਤੋਂ ਕੈਲੰਡਰ ਦਾ ਜਨਮ ਹੋਇਆ ਜੋ ਕਦੇ ਚੰਦਰਮਾਂ ਦੀ ਚਾਲ ਉਪਰ ਅਧਾਰਤ ਪ੍ਰਵਾਨ
ਕੀਤਾ ਗਿਆ ਤੇ ਕਦੇ ਸੂਰਜ ਦੀ ਚਾਲ ਨਾਲ ਜੋੜ ਕੇ ਦੇਖਿਆ ਗਿਆ।
ਜਿਵੇਂ ਜਿਵੇਂ ਮਨੁੱਖ ਨੇ ਆਪਣੇ ਅਧਿਅਨ ਦੇ ਸਾਧਨ ਵਿਕਸਤ ਕੀਤੇ ਉਸ
ਦੇ ਸਿੱਟਿਆਂ ਵਿੱਚ ਪਰਪਕਤਾ ਆਉਂਦੀ ਗਈ। ਆਪਣੇ ਨੇੜੇ ਮਨੁੱਖ ਨੇ ਖੇਤੀਬਾੜੀ ਤੇ ਫਸਲ ਉਗਾਉਣ ਤੋਂ
ਲੈ ਕੇ ਜਾਨਵਰਾਂ ਤੇ ਪਸ਼ੂਆਂ ਦੇ ਸੂਣ ਦੀ ਪ੍ਰਕ੍ਰਿਆ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਉਸ ਨੇ
ਖਾਦ ਖੁਰਾਕ ਨੂੰ ਸਾਂਭਣ ਵਾਸਤੇ ਨਿਯਮਾਂ ਦੀ ਖੋਜ ਕੀਤੀ। ਉਸ ਨੇ ਦੁੱਧ ਤੋਂ ਪਨੀਰ ਬਣਾਉਣਾ ਸਿੱਖਿਆ
ਤੇ ਅਨਾਜ ਨੂੰ ਸਾਂਭਣ ਲਈ ਵਿਧੀਆਂ ਦਾ ਵਿਕਾਸ ਕੀਤਾ। ਮੌਸਮ ਦਾ ਟਾਕਰਾ ਕਰਨ ਲਈ ਉਸ ਨੇ ਕੱਪੜਿਆਂ
ਦੀ ਬੁਣਤੀ ਤੇ ਸਿਲਾਈ ਦਾ ਹੁਨਰ ਵਿਕਸਤ ਕੀਤਾ। ਇਹ ਸੱਭ ਕੁਝ ਉਸ ਦੀ ਕੁਦਰਤ ਨੇ ਉਨ੍ਹਾਂ ਨਿਯਮਾਂ
ਅਨੁਸਾਰ ਜੀਣ ਦੀ ਕਲਾ ਵਿਕਸਤ ਕਰਨਾ ਸੀ ਜਿਸ ਦੀ ਮਦਦ ਨਾਲ ਉਸ ਨੇ ਆਪਣੇ ਵਿਕਾਸ ਦੇ ਕਾਰਜ ਨੂੰ
ਅੱਗੇ ਤੋਰਿਆ।
ਰਸੋਈ ਕਲਾ ਵਿੱਚ ਇਨ੍ਹਾਂ ਨਿਯਮਾਂ ਦੀ ਵਰਤੋਂ ਨਾਲ ਸਾਗ ਸਬਜੀ ਨੂੰ
ਰਿੰਨ੍ਹਣ ਤੇ ਪਕਾਉਣ ਦੀ ਕਲਾ ਆਪਣੇ ਆਪ ਵਿੱਚ ਕਿਸੇ ਵਿਗਿਆਨ ਤੋਂ ਘੱਟ ਨਹੀਂ ਤੇ ਜੇ ਕੋਈ ਕਹੇ ਕਿ
ਇਹ ਸੱਭ ਕੁਝ ਮਨੁੱਖ ਨੇ ਕੁਦਰਤੀ ਨਿਯਮਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਪ੍ਰਾਪਤ ਕਰ ਲਿਆ ਤਾਂ ਮੈਂ
ਉਸ ਨੂੰ ਕਹਾਂਗਾ ਕਿ ਉਹ ਆਪਣੇ ਘਰ ਦੀ ਰਸੋਈ ਦੇ ਹਰ ਅਮਲ ਨੂੰ ਬਹੁਤ ਧਿਆਨ ਨਾਲ ਦੇਖੇ। ਕਣਕ ਨੂੰ
ਪੀਹ ਕੇ ਆਟਾ ਬਣਾਉਣਾ ਵੀ ਪੱਥਰਾਂ ਦੀ ਆਪਸੀ ਰਗੜ ਦੀ ਮਦਦ ਨਾਲ ਅਨਾਜ ਨੂੰ ਪੀਸਣ ਦੇ ਨਿਯਮ ਉਪਰ
ਅਧਾਰਤ ਕ੍ਰਿਆ ਹੈ। ਦੁੱਧ ਨੂੰ ਉਬਾਲਣ ਤੋਂ ਲੈ ਕੇ ਉਸ ਦਾ ਦਹੀਂ ਤੇ ਫਿਰ ਘਿਉ ਬਣਾਉਣਾ ਰਸਾਇਣ
ਵਿਗਿਆਨ ਦੀਆਂ ਕਈ ਕ੍ਰਿਆਵਾਂ ਦਾ ਸੁਮੇਲ ਹੈ।
ਕੁਦਰਤ ਦੇ ਨਿਯਮਾਂ ਤੋਂ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝੀ
ਜਾਣੀ ਚਾਹੀਦੀ ਹੈ। ਜਿਵੇਂ ਜਿਵੇਂ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਲੱਭਣ ਦਾ ਕਾਰਜ ਤੇਜ਼ ਕੀਤਾ,
ਚਮਤਕਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਦੇ ਅਸਮਾਨੀ ਬਿਜਲੀ ਨੂੰ ਚਮਤਕਾਰ ਸਮਝ ਲਿਆ ਜਾਂਦਾ ਸੀ
ਪਰ ਅਜ ਅਜਿਹਾ ਨਹੀਂ ਹੈ, ਬੱਦਲਾਂ ਦੀ ਗਰਜ, ਵਰਖਾ ਦਾ ਹੋਣਾ ਵੀ ਚਮਤਕਾਰ ਨਹੀਂ। ਗ੍ਰਹਿਣ ਵੀ ਹੁਣ
ਚਮਤਕਾਰ ਨਹੀਂ ਸਮਝੇ ਜਾਂਦੇ। ਵਿਗਿਆਨ ਨੇ ਕੁਦਰਤ
ਉਪਰ ਲਗਭਗ ਜਿੱਤ ਪ੍ਰਾਪਤ ਕਰ ਲਈ ਹੈ। ਮੌਸਮ ਤੱਕ ਦਾ ਸਟੀਕ ਅਨੁਮਾਨ ਲਗਾਉਣ ਵਾਸਤੇ ਸੈਂਕੜੇ
ਉਪਗ੍ਰਹਿ ਅਸਮਾਨ ਚੋਂ ਮਨੁੱਖ ਨੂੰ ਬਹੁਤ ਹੀ ਸਹੀ ਕਿਸਮ ਦੀ ਜਾਣਕਾਰੀ ਲਗਾਤਾਰ ਭੇਜ ਰਹੇ ਹਨ।
ਅਸਮਾਨ ਦਾ ਹਰ ਕੋਨਾ ਮਨੁੱਖ ਨੇ ਖੋਜ ਲਿਆ ਹੈ। ਜੇ ਕੋਈ ਮਨੁੱਖ ਅਸਮਾਨ ਬਾਰੇ ਕਿਸੇ ਚਮਤਕਾਰ ਦੀ
ਪੇਸ਼ੀਨਗੋਈ ਕਰਦਾ ਹੈ ਤਾਂ ਨਿਸ਼ਚੇ ਹੀ ਅਸਮਾਨ ਬਾਰੇ ਉਸ ਦੀ ਜਾਣਕਾਰੀ ਅਧੂਰੀ ਹੈ। ਸਾਡੀਆਂ
ਦੁਰਬੀਨਾਂ ਲੱਖਾਂ ਪ੍ਰਕਾਸ਼ ਵਰ੍ਹੇ ਦੂਰ ਗਲੈਕਸੀਆਂ ਉਪਰ ਨਜ਼ਰ ਟਿਕਾਈ ਬੈਠੀਆਂ ਹਨ। ਉਥੇ ਵਾਪਰਨ
ਵਾਲੀ ਹਰ ਘਟਨਾ ਦੀ ਜਾਣਕਾਰੀ ਮਨੁੱਖ ਦੀਆਂ ਬਣਾਈਆਂ ਮਸ਼ੀਨਾਂ ਰਿਕਾਰਡ ਕਰ ਰਹੀਆਂ ਹਨ। ਜੇ ਅਜਿਹਾ
ਨਾ ਹੁੰਦਾ ਤਾਂ ਸਾਡੇ ਉਪਗ੍ਰਹਿ ਅਸਮਾਨ ਵਿੱਚ ਚਕਰ ਲਗਾ ਕੇ ਸਹੀ ਸਲਾਮਤ ਧਰਤੀ ਉਪਰ ਵਾਪਸ ਨਾ
ਆਉਂਦੇ।
ਧਰਤੀ ਉਪਰ ਮਨੁੱਖ ਹੁਣ ਸਿਹਤ ਵਿਗਿਆਨ ਉਪਰ ਸਾਰਾ ਧਿਆਨ ਟਿਕਾਈ
ਬੈਠਾ ਹੈ। ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਕਾਰਨ ਲੱਭੇ ਗਏ ਹਨ ਉਨ੍ਹਾਂ ਦੇ ਇਲਾਜ ਲੱਭਣ ਦੀ
ਪ੍ਰਕ੍ਰਿਆ ਨਿਰੰਤਰ ਚੱਲ ਰਹੀ ਹੈ। ਕਦੇ ਚੇਚਕ ਜਾਨਲੇਵਾ ਹੋਇਆ ਕਰਦੀ ਸੀ। ਇਸ ਤੋਂ ਬਚਣ ਲਈ ਲੋਕ
ਗੈਬੀ ਸ਼ਕਤੀਆਂ ਦਾ ਸਹਾਰਾ ਲਿਆ ਕਰਦੇ ਸਨ। ਪਰ ਅੱਜ ਸਾਰੇ ਜਾਣਦੇ ਹਨ ਕਿ ਇੱਕ ਛੋਟੇ ਜਿਹੇ ਟੀਕੇ
ਨਾਲ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਪਲੇਗ, ਤਪਦਿਕ ਹੁਣ ਜਾਨਲੇਵਾ ਨਹੀਂ ਰਹੀਆਂ। ਕੈਂਸਰ
ਵਰਗੀਆਂ ਬੀਮਾਰੀਆਂ ਦੇ ਇਲਾਜ ਵਿਗਿਆਨ ਨੇ ਖੋਜ ਲਏ ਹਨ। ਕੁਝ ਬੀਮਾਰੀਆਂ ਹਾਲੇ ਵੀ ਜਾਨਲੇਵਾ ਹਨ ਪਰ
ਹੁਣ ਇਲਾਜ ਦੀ ਮਦਦ ਨਾਲ ਬੀਮਾਰੀਆਂ ਨਾਲ ਲੜਨ ਦੀ ਅਵਿਧੀ ਵਧਾ ਲਈ ਗਈ ਹੈ। ਵਿਗਿਆਨ ਜੋ ਕੁਝ ਕਰ
ਰਿਹਾ ਹੈ ਇਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਪਰ ਇਹ ਚਮਤਕਾਰ ਉਹ ਸਿਰਫ ਕੁਦਰਤ ਦੇ ਨਿਯਮਾਂ ਦੀ
ਮਦਦ ਨਾਲ ਹੀ ਸੰਭਵ ਕਰ ਰਿਹਾ ਹੈ।
ਕੁਦਰਤ ਦੇ ਨਿਯਮ ਵਿਗਿਆਨ ਦੇ ਨਿਯਮ ਹਨ। ਭੌਤਿਕ ਸ਼ਾਸ਼ਤਰ, ਰਸਾਇਣ
ਵਿਗਿਆਨ, ਜੀਵ ਵਿਗਿਆਨ ਤੇ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਨੂੰ ਲੱਭਿਆ ਗਿਆ ਹੈ ਤੇ ਉਨ੍ਹਾਂ ਉਪਰ
ਬਹੁਤ ਹੀ ਗੰਭੀਰ ਕਿਸਮ ਦੀ ਖੋਜ ਚੱਲ ਰਹੀ ਹੈ; ਇਨ੍ਹਾਂ ਚੋਂ ਇੱਕ ਐਟਮ ਦੇ ਸੂਖਮ ਹਿਸਿਆਂ ਬਾਰੇ
ਖੋਜ ਹੈ ਤੇ ਦੂਜੀ ਮਾਈਕਰੋਬਾਇਲੋਜੀ ਦੇ ਅਧੀਨ ਸੂਖਮ ਰੋਗਾਣੂਆਂ ਤੇ ਵਿਸ਼ਾਣੂਆਂ ਉਪਰ ਅਧਿਅਨ ਕੀਤਾ
ਜਾ ਰਿਹਾ ਹੈ। ਵਿਗਿਆਨ ਨੇ ਜਾਣਿਆ ਹੈ ਕਿਸ ਸਰੀਰ ਦੀ ਬਣਤਰ ਸੈਲ (ਕੋਸ਼ਿਕਾ) ਉਪਰ ਅਧਾਰਤ ਹੈ ਤੇ
ਸਰੀਰ ਵਿੱਚ ਕੈਂਸਰ ਵਰਗੇ ਰੋਗ ਕੋਸ਼ਿਕਾ ਦੇ ਪੱਧਰ ਉਪਰ ਹੋਣ ਵਾਲੇ ਵਿਗਾੜ ਤੋਂ ਹੀ ਸ਼ੁਰੂ ਹੁੰਦੇ
ਹਨ, ਇਨ੍ਹਾਂ ਦੀ ਰੋਗ ਥਾਮ ਲਈ ਕੋਸ਼ਿਕਾਵਾਂ ਦੇ ਵਤੀਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ
ਇਸ ਅਧਿਅਨ ਦੇ ਲਾਹੇ ਵੰਦ ਨਤੀਜੇ ਵੀ ਮਿਲਣੇ ਸ਼ੁਰੂ ਹੋ ਗਏ ਹਨ। ਅੱਜ ਇਨ੍ਹਾਂ ਵਿਸ਼ਿਆਂ ਨੂੰ
ਬਾਕਾਇਦਾ ਵਿਸ਼ਿਆਂ ਤੇ ਵਿਧੀਆਂ ਦੇ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ। ਪਿਛਲੇ 50 ਸਾਲਾਂ ਵਿੱਚ ਆਈ
ਪ੍ਰਗਤੀ ਨੇ ਮਨੁੱਖ ਦੀ ਹੋਂਦ ਨੂੰ ਵਧੇਰੇ ਸਾਰਥਕ ਬਣਾ ਦਿੱਤਾ ਹੈ। ਅਸਾਧ ਰੋਗਾਂ ਦੇ ਇਲਾਜ ਲੱਭੇ
ਜਾ ਰਹੇ ਹਨ ਤੇ ਇਸ ਖੇਤਰ ਵਿੱਚ ਬੇਪਨਾਹ ਤਰੱਕੀ ਹੋਈ ਹੈ।
ਇਸ ਸੱਭ ਦਾ ਅਸਰ ਡਾਕਟਰੀ ਸਹੂਲਤਾਂ ਉਪਰ ਵੀ ਦੇਖਣ ਵਿੱਚ ਮਿਲ ਰਿਹਾ
ਹੈ। ਅੱਜ ਸਿਰਫ ਅਗਿਆਨੀ ਲੋਕ ਹੀ ਆਪਣੀ ਬੀਮਾਰੀ ਦਾ ਇਲਾਜ ਕਰਾਉਣ ਲਈ ਟੂਣੇ ਟੋਟਕਿਆਂ ਦਾ ਸਹਾਰਾ
ਲੈਂਦੇ ਹਨ ਜਾਣਕਾਰ ਲੋਕ ਡਾਕਟਰਾਂ ਦੀ ਮਦਦ ਲੈਂਦੇ ਹਨ ਤੇ ਚੰਗੇ ਤੇ ਸਿਆਣੇ ਡਾਕਟਰਾਂ ਕੋਲ ਜਾ ਕੇ
ਬੀਮਾਰੀ ਦੀ ਪਰਖ ਕਰਾਉਂਦੇ ਹਨ। ਇਸ ਸੱਭ ਕੁਝ ਦੇ ਵਾਪਰਨ ਦੇ ਰਸਤੇ ਵਿੱਚ ਜਿਹੜੀ ਮੁੱਖ ਮੁਸ਼ਕਲ
ਆਉਂਦੀ ਹੈ ਉਹ ਵੀ ਮਨੁੱਖ ਦੀ ਆਪਣੀ ਬਣਾਈ ਹੋਈ ਹੈ। ਦੁਨੀਆ ਵਿੱਚ ਚੰਦ ਅਜਿਹੇ ਲੋਕ ਹਨ ਜਿਹੜੇ ਧਨ
ਦੇ ਲੋਭ ਵਿੱਚ ਦਵਾ ਵਿਗਿਆਨ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤ ਰਹੇ ਹਨ। ਉਨ੍ਹਾਂ ਦਾ ਮੰਤਵ ਲੋਕਾਈ
ਦਾ ਇਲਾਜ ਕਰਕੇ ਉਨ੍ਹਾਂ ਨੂੰ ਬੀਮਾਰੀ ਤੋਂ ਰਹਿਤ ਕਰਨਾ ਨਹੀਂ ਸਗੋਂ ਲੋਕਾਂ ਨੂੰ ਬੀਮਾਰ ਰੱਖ ਕੇ
ਉਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਖਜ਼ਾਨੇ ਭਰਨਾ ਹੀ ਹੈ। ਇਹ ਉਨ੍ਹਾਂ ਦੀ ਘਟੀਆ ਸੋਚ ਤੇ
ਸੌੜੀ ਮਾਨਸਕਤਾ ਦਾ ਸਿੱਟਾ ਹੈ ਜਿਸ ਨੂੰ ਸਰਕਾਰਾਂ ਵੱਲੋਂ ਵੀ ਹਮਾਇਤ ਹਾਸਲ ਹੈ। ਅਜਿਹਾ ਅਮਰੀਕਾ
ਤੋਂ ਲੈ ਕੇ ਭਾਰਤ ਵਰਗੇ ਦੇਸ਼ ਵਿੱਚ ਵੀ ਬੇਰੋਕ ਟੋਕ ਵਾਪਰਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਧਨਾਢ
ਲੋਕ ਹੋਰ ਧਨੀ ਹੋ ਸਕਣ। ਜਦੋਂ ਅਜਿਹੀ ਲੁੱਟ ਖਸੁੱਟ ਨੂੰ ਰੋਕਿਆ ਜਾਣਾ ਸਭੰਵ ਨਾ ਹੋਵੇ ਤਾਂ ਅਕਸਰ
ਲੋਕ ਅਗਿਆਨਤਾ ਵਿੱਚ ਰਹਿਣਾ ਪਸੰਦ ਕਰ ਲੈਂਦੇ ਹਨ ਤੇ ਉਹ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਦਾ ਬੜੀ
ਅਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਸਹੀ ਇਲਾਜ ਪ੍ਰਣਾਲੀ ਉਪਲਭਦ ਨਾ ਹੋਣ ਦੀ ਸੂਰਤ ਵਿੱਚ ਉਹ
ਅਸਾਨੀ ਨਾਲ ਭੁਲੇਖੇ ਪਾਉਣ ਵਾਲੇ ਲੋਕਾਂ ਦਾ ਸ਼ਿਕਾਰ ਬਣ ਜਾਂਦੇ ਹਨ ਤੇ ਉਹ ਆਪਣੀ ਬੀਮਾਰੀ ਪ੍ਰਤੀ
ਵਿਗਿਆਨਕ ਪਹੁੰਚ ਨੂੰ ਹੱਥੋਂ ਗਵਾ ਬੈਠਦੇ ਹਨ। ਦੁਨੀਆ ਵਿੱਚ ਅਜਿਹੇ ਪ੍ਰਚਾਰ ਦੀ ਘਾਟ ਨਹੀਂ ਤੇ ਨਾ
ਹੀ ਇਸ ਪ੍ਰਚਾਰ ਤੋਂ ਮਿਲੀ ਜਾਣਕਾਰੀ ਨਾਲ ਆਪਣੇ ਆਪ ਨੂੰ ਤੰਦਰੁਸਤ ਹੋਣ ਦੀ ਪ੍ਰਚਾਰ ਕਰਨ ਵਾਲਿਆਂ
ਦੀ, ਅਜਿਹੇ ਲੋਕ ਤੁਹਾਨੂੰ ਹਰ ਤਰ੍ਹਾਂ ਦੇ ਧਾਰਮਕ ਸਥਾਨਾਂ ਤੇ ਪ੍ਰੰਪਰਾ ਦੇ ਨੇੜੇ ਤੇੜੇ ਮਿਲ
ਜਾਣਗੇ ਜਿਥੇ ਇਸ ਤਰ੍ਹਾਂ ਦੇ ਪ੍ਰਚਾਰ ਲਈ ਰੱਬ, ਰੱਬੀ ਕਰਾਮਾਤ, ਧਾਗੇ, ਤਵੀਤਾਂ ਦੀ ਮਦਦ ਨਾਲ
ਇਲਾਜ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸੇ ਅਰਦਾਸ ਦੇ ਸਹਾਰੇ ਬੀਮਾਰੀ ਨਾਲ ਇਲਾਜ ਹੁੰਦਾ ਅਕਸਰ ਧਾਰਮਕ
ਸਥਾਨਾਂ ਦੀਆਂ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਇਥੇ ਮੰਤਰਾਂ ਦੀ ਸ਼ਕਤੀ ਨਾਲ ਬੀਮਾਰ ਠੀਕ ਹੁੰਦੇ
ਅਕਸਰ ਦੇਖੇ ਜਾ ਸਕਦੇ ਹਨ। ਕਈ ਅਸਾਧ ਰੋਗਾਂ ਵਾਸਤੇ ਦੈਵੀਂ ਸ਼ਕਤੀਆਂ ਦੀ ਮਦਦ ਲੈਣ ਦੀ ਪ੍ਰਕ੍ਰਿਆ
ਨੂੰ ਵਿੱਚਕਰਾਫਟ ਕਿਹਾ ਜਾਂਦਾ ਹੈ। ਅਜਿਹੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕੋਈ ਦੇਵੀ,
ਆਤਮਾ, ਸ਼ੈਤਾਨ ਉਨ੍ਹਾਂ ਦੇ ਵੱਸ ਵਿੱਚ ਹੈ ਜਾਂ ਕਿਸੇ ਸਥਾਨ ਉਪਰ ਅਜਿਹੀ ਆਤਮਾ ਵਸੇਬਾ ਕਰਦੀ ਹੈ ਤੇ
ਉਸ ਨੂੰ ਬੇਨਤੀ ਕਰਨ ਨਾਲ ਉਹ ਬੀਮਾਰੀ ਨੂੰ ਠੀਕ ਕਰ ਦਿੰਦੀ ਹੈ। ਅਜਿਹੇ ਲੋਕ ਬੀਮਾਰੀ ਦਾ ਕਾਰਨ
ਕਿਸੇ ਦੇਵ ਆਤਮਾ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਦੇ ਹਨ ਤੇ ਬੀਮਾਰੀ ਦੇ ਕਾਰਨ ਦਾ ਪਤਾ ਲਾਉਣ ਦੀ
ਬਜਾਏ ਉਨ੍ਹਾਂ ਦਾ ਸਾਰਾ ਧਿਆਨ ਉਸ ਗੈਬੀ ਜਾਂ ਦੈਵੀ ਸ਼ਕਤੀ ਨੂੰ ਖੁਸ਼ ਕਰਨ ਉਪਰ ਲੱਗਿਆ ਦਿਖਾਈ
ਦਿੰਦਾ ਹੈ। ਉਹ ਇਹ ਸਮਝਦੇ ਹਨ ਕਿ ਇਸ ਤਰ੍ਹਾਂ ਦੀ ਦੈਵੀ ਸ਼ਕਤੀ ਨੂੰ ਖੁਸ਼ ਕਰਨ ਲਈ ਉਸ ਦੀ ਪੂਜਾ,
ਪਾਠ, ਮੰਤਰਾਂ ਦੇ ਉਚਾਰਨ ਆਦਿ ਜਿਹੇ ਉਪਚਾਰ ਕੀਤੇ ਜਾ ਸਕਦੇ ਹਨ। ਮੈਂ ਇਸ ਨੂੰ ਟੂਣੇ – ਟੋਟਕਿਆਂ ਦੀ
ਵਿਧੀ ਸਮਝਦਾ ਹਾਂ ਜਿਸ ਦੇ ਪਨਪਨ ਦਾ ਮੁੱਖ ਕਾਰਨ ਸਾਡੀ ਆਪਣੀ ਅਗਿਆਨਤਾ ਹੀ ਹੁੰਦੀ ਹੈ।
ਜੇ ਤੁਸੀਂ ਟੂਣੇ ਟੋਟਕਿਆਂ, ਝਾੜ ਫੂਕ ਅਤੇ ਧਾਗੇ ਤਵੀਤਾਂ ਦੇ
ਉਪਚਾਰ ਵਿੱਚ ਯਕੀਨ ਰੱਖਦੇ ਹੋ ਤਾਂ ਨਿਸ਼ਚੇ ਹੀ ਤੁਹਾਨੂੰ ਵਿਗਿਆਨ ਨਾਲ ਮੱਥਾ ਮਾਰਨ ਦੀ ਲੋੜ ਨਹੀਂ।
ਤੁਸੀਂ ਨਿਸ਼ਚੇ ਹੀ ਅਰਦਾਸਾਂ, ਪਾਠ, ਪੂਜਾ, ਇਸ਼ਨਾਨ, ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਤੇ ਟੂਣੇ
ਟੋਟਕਿਆਂ ਦੀ ਮਦਦ ਨਾਲ ਵਾਪਰਨ ਵਾਲੇ ਚਮਤਕਾਰਾਂ ਦੇ ਦੁਸ਼ਪ੍ਰਚਾਰ ਦਾ ਸਾਥ ਦੇਣਾ ਪਸੰਦ ਕਰੋਗੇ।
ਪੰਦਰਵੀਂ ਸ਼ਤਾਬਦੀ ਤੋਂ ਲੈ ਕੇ ਉਨੀਵੀਂ ਸਦੀ ਤੱਕ ਦਾ ਮਿਲਣ ਵਾਲਾ ਅੰਗਰੇਜ਼ੀ ਸਾਹਿਤ ਅਜਿਹੇ
ਕਾਰਨਾਮਿਆਂ ਨਾਲ ਭਰਿਆ ਪਿਆ ਹੈ, ਜਿਥੇ ਇਸ ਦਾ ਟਾਕਰਾ ਈਸਾਈ ਮੱਤ ਦੇ ਪ੍ਰਚਾਰ ਨਾਲ ਹੋਇਆ ਤੇ ਈਸਾਈਅਤ
ਨੇ ਦੁਨੀਆ ਨੂੰ ਸ਼ੈਤਾਨ ਦੇ ਰਸਤੇ ਤੋਂ ਕੱਢ ਕੇ ਗਿਆਨ ਦੇ ਰਸਤੇ ਪਾਉਣ ਲਈ ਆਪਣਾ ਪ੍ਰਚਾਰ ਅਰੰਭਿਆ। ਇਹ
ਵੱਖਰੀ ਗੱਲ ਹੈ ਕਿ ਅੱਜ ਵੀ ਕੁਝ ਲੋਕ ਈਸਾਈ ਮੱਤ ਦੇ ਪ੍ਰਭਾਵ ਹੇਠ ਜਾਦੂ – ਟੂਣੇ ਆਦਿ ਨਾਲ ਇਲਾਜ
ਕਰਨ ਦਾ ਦਾਅਵਾ ਕਰਦੇ ਹਨ ਤੇ ਉਹ ਆਪਣੇ ਮੱਤ ਅਨੁਸਾਰ ਅਰਦਾਸ ਕਰਕੇ ਇਲਾਜ ਕਰਨ ਦੀ ਗੱਲ ਦਾ ਪ੍ਰਚਾਰ
ਕਰਦੇ ਦੇਖੇ ਜਾ ਸਕਦੇ ਹਨ।
ਆਓ ਇਨ੍ਹਾਂ ਤਰੀਕਿਆਂ ਨੂੰ ਕੁਝ ਜ਼ਿਆਦਾ ਗਹੁ ਨਾਲ ਜਾਣੀਏ। ਆਮ ਤੌਰ
ਤੇ ਇਸ ਤਰ੍ਹਾਂ ਦੇ ਉਪਚਾਰ ਕਰਨ ਵਾਲੇ ਕਈ ਤਰ੍ਹਾਂ ਦੇ ਧਾਗੇ, ਤਵੀਜ਼, ਜਲ, ਕੰਕਾਲ ਦੀਆਂ ਹੱਡੀਆਂ,
ਮਿਰਤਕ ਜਾਨਵਰਾਂ ਦੇ ਵਾਲ, ਹੱਡੀਆਂ, ਖੂਨ, ਸੰਧੂਰ, ਤੇ ਹੋਰ ਜੜ੍ਹੀਆਂ ਬੂਟੀਆਂ ਦੀ ਮਦਦ ਇਹ ਆਖ ਕੇ
ਲੈਂਦੇ ਹਨ ਕਿ ਇਨ੍ਹਾਂ ਉਪਰ ਉਸ ਦੇਵੀ ਜਾਂ ਦੇਵਤੇ ਦੀ ਕ੍ਰਿਪਾ ਹੈ ਜਿਸ ਨੂੰ ਉਨ੍ਹਾਂ ਨੇ ਮੰਤਰਾਂ
ਨਾਲ ਆਪਣੇ ਵੱਸ਼ ਵਿੱਚ ਕੀਤਾ ਹੋਇਆ ਹੈ। ਇਹ ਲੋਕ ਤੁਹਾਨੂੰ ਕਈ ਤਰ੍ਹਾਂ ਦੇ ਮੰਤਰਾਂ, ਸ਼ਬਦਾਂ ਦੇ
ਬਾਰ ਬਾਰ ਬੋਲਣ ਜਾਂ ਰਟਣ ਦਾ ਨਿਰਦੇਸ਼ ਦਿੰਦੇ ਹਨ ਤੇ ਇਸ ਸਾਰੇ ਕੰਮ ਲਈ ਮੋਟੀ ਰਕਮ ਵਸੂਲਦੇ ਹਨ।
ਬੀਮਾਰ ਵਿਅਕਤੀ ਜੋ ਪਹਿਲਾਂ ਹੀ ਮਾਨਸਕ ਤੌਰ ਤੇ ਰੋਗੀ ਹੁੰਦਾ ਹੈ, ਉਹ ਬੜੀ ਅਸਾਨੀ ਨਾਲ ਇਨ੍ਹਾਂ
ਦੇ ਬਹਿਕਾਵੇ ਵਿੱਚ ਆ ਜਾਂਦਾ ਹੈ ਤੇ ਉਹ ਅਜਿਹੇ ਸਾਰੇ ਤਰੀਕਿਆਂ ਉਪਰ ਵਿਸ਼ਵਾਸ ਕਰ ਲੈਂਦਾ ਹੈ। ਹਰ ਉਹ
ਸਮਾਜ ਜਿਥੇ ਅਗਿਆਨਤਾ ਨੇ ਪੈਰ ਪਸਾਰੇ ਹੋਏ ਹਨ ਉਹ ਇਹੋ ਜਿਹੇ ਝਾੜ ਫੂਕ ਕਰਨ ਵਾਲਿਆਂ ਦੇ ਜਾਲ ਵਿੱਚ
ਫਸਿਆ ਦਿਖਾਈ ਦਿੰਦਾ ਹੈ।
ਅੱਜ ਵਿਗਿਆਨ ਦਾ ਯੁਗ ਹੈ। ਵਿਗਿਆਨ ਦੀਆਂ ਕਾਢਾਂ ਨੇ ਅਨੇਕਾਂ
ਹੈਰਾਨ ਕਰ ਦੇਣ ਵਾਲੀਆਂ ਸੁਵਿਧਾਵਾਂ ਨੇ ਸਾਡੇ ਜੀਵਨ ਨੂੰ ਸ਼ਰਾਬੋਰ ਕਰ ਦਿੱਤਾ ਹੈ। ਸੰਚਾਰ ਦੇ
ਅਚੂਕ ਸਾਧਨ ਉਨ੍ਹਾਂ ਚੋਂ ਇੱਕ ਹਨ। ਜਰਾ ਸੋਚੋ, ਕੀ ਇਨ੍ਹਾਂ ਦਾ ਕੋਈ ਬਦਲ ਸਾਡੇ ਕਿਸੇ ਧਰਮ ਕੋਲ
ਮੋਜੂਦ ਸੀ? ਤੁਸੀਂ ਟੈਲੀਫੋਨ ਕਰਦੇ ਹੋ, ਤੁਹਾਡੀ ਅਵਾਜ਼ ਚੁੰਬਕੀ ਤਰੰਗਾਂ ਵਿੱਚ ਬਦਲਦੀ ਹੈ ਤੇ ਫਿਰ
ਬਿਜਲਈ ਲਹਿਰਾਂ ਨਾਲ ਇਹ ਦੁਨੀਆ ਦੇ ਦੂਜੇ ਕੋਨੇ ਤੱਕ ਪਹੁੰਚਦੀ ਹੈ। ਇਹ ਭੌਤਿਕ ਸ਼ਾਸ਼ਤਰ ਦੇ ਨਿਯਮ
ਹਨ। ਉਹ ਟੈਲੀਵੀਜ਼ਨ ਜਿਹੜਾ ਤੁਹਾਨੂੰ ਦੂਰ ਦੁਨੀਆ ਦੇ ਦ੍ਰਿਸ਼ਾਂ ਦੇ ਬਿਲਕੁਲ ਨੇੜੇ ਲੈ ਜਾਂਦਾ ਹੈ
ਇਹ ਵੀ ਇਲੈਕਟ੍ਰੋਨਿਕ ਪੁਰਜ਼ਿਆਂ ਉਪਰ ਬਣਿਆ ਹੋਇਆ ਇੱਕ ਯੰਤਰ ਹੈ। ਮੋਬਾਇਲ ਜਿਸ ਦੇ ਨਾਲ ਤੁਸੀਂ ਨਾ
ਸਿਰਫ ਆਪਣੇ ਦੋਸਤਾਂ ਮਿਤਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖ ਸਕਦੇ ਹੋ ਸਗੋਂ ਤੁਹਾਡੇ ਆਲੇ
ਦੁਆਲੇ ਬਾਰੇ ਸਟੀਕ ਜਾਣਕਾਰੀਆਂ ਤੇ ਸੂਚਨਾਵਾਂ ਵੀ ਪੁਚਾਉਂਦਾ ਹੈ, ਵਿਗਿਆਨ ਦੀ ਕਾਢ ਹੈ। ਅੱਜ
ਰੇਡਿਓ, ਟੀ ਵੀ, ਮੋਬਾਈਲ, ਕੰਪਊਟਰ, ਲੈਪਟਾਪ, ਕੈਮਰੇ, ਸੈਟੇਲਾਈਟ ਤੇ ਹੋਰ ਅਨੇਕਾਂ ਯੰਤਰਾਂ ਨੇ
ਸਾਡੀ ਜ਼ਿੰਦਗੀ ਬਹੁਤ ਸੌਖੀ ਬਣਾ ਦਿਤੀ ਹੈ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਇਹ ਸਾਰਾ ਕੁਝ
ਮੋਜੂਦ ਨਹੀਂ ਸੀ। ਵਿਗਿਆਨ ਦੀਆਂ ਏਨੀਆ ਸਾਰੀਆਂ ਸੁਵਿਧਾਵਾਂ ਨੂੰ ਜੇਬ ਵਿੱਚ ਰੱਖ ਕੇ ਜੇ ਤੁਸੀਂ ਹਾਲੇ
ਵੀ ਟੂਣੇ ਟੋਟਕਿਆਂ ਜਿਹੀ ਵਿਧੀ ਦੇ ਚਮਤਕਾਰਾਂ ਦੀ ਗਲ ਕਰਦੇ ਹੋ ਤਾਂ ਇਹ ਤੁਹਾਡੀ ਮੂੜ੍ਹ ਅਗਿਆਨਤਾ
ਦੀ ਨਿਸ਼ਾਨੀ ਹੈ। ਤੁਸੀਂ ਚਮਤਕਾਰਾਂ ਤੋਂ ਬਿਨਾਂ ਤਾਂ ਸ਼ਾਇਦ ਸਾਰੀ ਉਮਰ ਬਿਤਾ ਸਕਦੇ ਹੋ ਪਰ ਵਿਗਿਆਨ
ਦੀਆਂ ਸੁਵਿਧਾਵਾਂ ਤੋਂ ਬਿਨਾਂ ਤਾਂ ਤੁਸੀਂ ਇੱਕ ਪੈਰ ਨਹੀਂ ਪੁੱਟ ਸਕਦੇ। ਤੁਹਾਡੇ ਮੋਬਾਈਲ ਵਿੱਚ
ਆਉਣ ਵਾਲੀ ਛੋਟੀ ਜਿਹੀ ਖਰਾਬੀ ਹੀ ਤੁਹਾਡੀ ਜ਼ਿੰਦਗੀ ਉਲਟਾ ਕੇ ਰੱਖ ਦੇਵੇਗੀ।
ਚਮਤਕਾਰਾਂ ਵਿਚ ਯਕੀਨ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ
ਚਮਤਕਾਰ ਨੂੰ ਸਪਸ਼ਟ ਸ਼ਬਦਾਂ ਵੁੱਚ ਸਮਝ ਲੈਣ। ਕੁਦਰਤ ਦੇ ਨਿਯਮ ਵਿੱਚ ਰਹਿ ਕੇ ਵਾਪਰਨ ਵਾਲੀ ਹਰ
ਘਟਨਾ ਚਾਹੇ ਉਹ ਕਿਤੇ ਵੀ ਕਿਉਂ ਨਾ ਵਾਪਰੇ, ਚਮਤਕਾਰ ਨਹੀਂ ਹੁੰਦੀ। ਅਜਿਹੀਆਂ ਘਟਨਾਵਾਂ ਵਾਪਰਦੀਆਂ
ਰਹਿੰਦੀਆਂ ਹਨ ਜਦੋਂ ਵੀ ਕਿਤੇ ਕੁਝ ਵੀ ਉਨ੍ਹਾਂ ਨਿਯਮਾਂ ਦੀ ਜ਼ਦ ਵਿੱਚ ਆ ਜਾਵੇ। ਭੂਚਾਲ, ਸੁਨਾਮੀ,
ਅਸਮਾਨੀ ਬਿਜਲੀ, ਅਸਮਾਨ ਚੋਂ ਕਿਸੇ ਗ੍ਰਹਿ ਦਾ ਜ਼ਮੀਨ ਉਪਰ ਟਕਰਾਉਣਾ, ਸੂਰਜੀ ਸ਼ੁਆਵਾਂ ਜਾਂ ਗੁਰੂਤਾ
ਤਰੰਗਾਂ, ਇਹ ਉਹ ਵਰਤਾਰੇ ਹਨ ਜਿਹਨਾਂ ਉਪਰ ਮਨੁੱਖ ਦਾ ਕੋਈ ਨਿੰਤਰਨ ਨਹੀਂ, ਪਰਤੂੰ ਇਨ੍ਹਾਂ ਨੂੰ
ਵਰਤਾਉਣ ਵਾਲੇ ਨਿਯਮਾਂ ਦੀ ਖੋਜ ਕਰਕੇ ਮਨੁੱਖ ਨੇ ਇਨ੍ਹਾਂ ਨੂੰ ਕੁਦਰਤ ਦੇ ਨਿਯਮਾਂ ਦੇ ਰੂਪ ਵਿੱਚ
ਸਮਝਿਆ ਹੈ। ਇਹ ਉਹ ਬ੍ਰਹਿਮੰਡੀ ਵਰਤਾਰੇ ਹਨ ਜਿਨ੍ਹਾਂ ਦਾ ਹਜ਼ਾਰਾਂ ਸਾਲਾਂ ਤੋਂ ਮਨੁੱਖ ਚਸ਼ਮਦੀਦ
ਗਵਾਹ ਰਿਹਾ ਹੈ। ਹੁਣ ਇਨ੍ਹਾਂ ਕੁਦਰਤ ਦੇ ਨਿਯਮਾਂ ਦੇ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝਣੀ
ਚਾਹੀਦੀ ਹੈ। ਭਾਵ ਅਜਿਹਾ ਜੋ ਕੁਦਰਤ ਦੇ ਨਿਯਮਾਂ ਦੇ ਅਧੀਨ ਨਾ ਆਵੇ। ਮਨੁੱਖ ਦੇ ਇਤਿਹਾਸ ਵਿੱਚ
ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ, ਅਲਬੱਤਾ ਬਹੁਤ ਸਾਰੀਆਂ ਸਭਿਆਤਾਵਾਂ ਦੇ ਆਪੋ ਆਪਣੇ ਮਿਥਿਹਾਸ ਵਿੱਚ
ਅਜਿਹੇ ਹਵਾਲੇ ਜਰੂਰ ਮਿਲਦੇ ਹਨ ਜਿਨ੍ਹਾਂ ਦੇ ਅਜੀਬੋਗਰੀਬ ਵਰਤਾਰੇ ਨੂੰ ਚਮਤਕਾਰ ਕਿਹਾ ਜਾ ਸਕਦਾ
ਹੋਵੇ। ਮਸਲਨ ਮੱਛੀ ਦੇ ਪੇਟ ਚੋਂ ਮਨੁੱਖ ਦੀ ਉਤਪਤੀ, ਕਿਸੇ ਮਨੁੱਖ ਦਾ ਤਿੰਨ ਜਾਂ ਚਾਰ ਟੰਗਾਂ
ਵਾਲਾ ਜੀਵ ਹੋ ਜਾਣਾ ਆਦਿ; ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਕਥਾ ਰੂਪ ਵਿੱਚ ਮੋਜੂਦ ਹਨ
ਜਿਨ੍ਹਾਂ ਨੂੰ ਕੁਝ ਲੋਕ ਸੱਚ ਸਮਝ ਕੇ ਪੂਜਦੇ ਹਨ। ਇਹ ਸੱਭ ਕੁਝ ਮਨੁੱਖ ਦੀ ਕਲਪਨਾ ਸ਼ਕਤੀ ਦੀ ਉਡਾਣ
ਤਾਂ ਹੋ ਸਕਦਾ ਹੈ ਪਰਤੂੰ ਇਹ ਇੰਜ ਕਦੇ ਵਾਪਰਿਆ ਹੋਵੇ, ਇਸ ਦੀ ਕੋਈ ਉਦਾਰਹਨ ਮੋਜੂਦ ਨਹੀਂ ਹੈ।
ਮੁਕਦੀ ਗੱਲ ਜੋ ਕੁਝ ਕੁਦਰਤ ਦੇ ਨਿਯਮਾਂ ਵਿੱਚ ਵਾਪਰਦਾ ਹੈ ਉਹ ਚਮਤਕਾਰ ਨਹੀਂ ਹੈ। ਚਮਤਕਾਰ
ਦੁਹਰਾਇਆ ਨਹੀਂ ਜਾਂਦਾ, ਪਰ ਕੁਦਰਤ ਦੇ ਨਿਯਮਾਂ ਵਿਚ ਹਰ ਘਟਨਾ ਨੂੰ ਪਰਖਿਆ ਪੜਤਾਲਿਆ ਜਾ ਸਕਦਾ
ਹੈ। ਇਸ ਵਾਸਤੇ ਹੁਣ ਸਾਡੇ ਕੋਲ ਵਿਗਿਆਨ ਦੇ ਨਿਯਮ ਮੋਜੂਦ ਹਨ।
ਕੁਦਰਤ ਦੇ ਨਿਯਮਾਂ ਵਿੱਚ ਪਹਿਲਾ ਨਿਯਮ ਹੈ ਹਰ ਘਟਨਾ ਦੇ ਪਿਛੇ
ਕਿਸੇ ਕਾਰਨ ਦਾ ਮੋਜੂਦ ਹੋਣਾ। ਹਰ ਕਾਰਨ ਪਿਛੇ ਵੀ ਕਿਸੇ ਨਾ ਕਿਸੇ ਘਟਨਾ ਦਾ ਮੋਜੂਦ ਹੋਣਾ।
ਵਿਗਿਆਨੀ ਇਸ ਨੂੰ cause & effect ਦਾ ਸਿਧਾਂਤ ਆਖਦੇ ਹਨ। ਧਰਤੀ ਉਪਰ ਵਾਪਰਨ
ਵਾਲੀਆਂ ਸਾਰੀਆਂ ਘਟਨਾਵਾਂ ਇਸ ਸਿਧਾਂਤ ਦੀ ਮਦਦ ਨਾਲ ਸਮਝੀਆ ਜਾ ਸਕਦੀਆਂ ਹਨ। ਮਸਲਨ ਵਰਖਾ ਦਾ
ਹੋਣਾ, ਸਮੁੰਦਰਾਂ ਦਾ ਜਵਾਰ ਭਾਟੇ ਵਿੱਚ ਬਦਲਣਾ ਅਸਮਾਨ ਵਿੱਚ ਚੰਦ ਸੂਰਜ ਦੇ ਗ੍ਰਹਿਣ ਦੀ ਘਟਨਾ ਦਾ
ਵਾਪਰਨਾ, ਸਰੀਰ ਵਿੱਚ ਕਿਸੇ ਬੀਮਾਰੀ ਦਾ ਪਨਪਨਾ ਜਾਂ ਮਨੁੱਖ ਦਾ ਬੀਮਾਰ ਹੋ ਜਾਣਾ, ਕਦੇ ਮਨੁੱਖ ਲਈ
ਇਹ ਸੱਭ ਕੁਝ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੀ ਜਾਣਕਾਰੀ ਸੀਮਤ ਸੀ। ਉਹ ਬਹੁਤ ਘਬਰਾਇਆ ਜਦੋਂ
ਸੂਰਜ ਅਸਮਾਨ ਤੋਂ ਪੱਛਮ ਵੱਲ ਉਤਰਦਾ ਹੋਇਆ ਪੱਛਮ ਵਿੱਚ ਡਿੱਗ ਪਿਆ। ਮਨੁੱਖ ਉਸ ਰਾਤ ਬਹੁਤ ਪ੍ਰੇਸ਼ਾਨ
ਰਿਹਾ ਹੋਵੇਗਾ। ਉਹ ਸੂਰਜ ਨੂੰ ਬਚਾਉਣ ਲਈ ਪੱਛਮ ਵੱਲ ਦੌੜਿਆ ਵੀ ਹੋਵੇਗਾ। ਇਸ ਦੇ ਜਵਾਬ ਵਿੱਚ ਉਸ
ਨੇ ਕੋਈ ਨਾ ਕੋਈ ਕਹਾਣੀ ਵੀ ਘੜੀ ਹੋਵੇਗੀ। ਇਥੋਂ ਸਾਡੇ ਮਿਥਿਹਾਸ ਦਾ ਜਨਮ ਹੁੰਦਾ ਹੈ।
ਬਿਨਾਂ ਕਿਸੇ ਕਾਰਨ ਤੋਂ ਵਾਪਰੀ ਹਰ ਘਟਨਾ ਚਮਤਕਾਰ ਸਮਝੀ ਜਾਣੀ
ਚਾਹੀਦੀ ਹੈ। ਰਾਬਰਟ ਇੰਗਰਸੋਲ ਨੇ ਚਮਤਕਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਜੇ ਕੋਈ ਹਾਈਡਰੋਜਨ,
ਆਕਸੀਜਨ ਤੇ ਨਾਈਟਰੋਜਨ ਦੀ ਮਦਦ ਨਾਲ ਸ਼ੁਧ ਸੋਨਾ ਬਣਾ ਦੇਵੇ ਤਾਂ ਇਹ ਰਸਾਇਣ ਸ਼ਾਸ਼ਤਰ ਦੀ ਕਰਾਮਾਤ
ਹੋਵੇਗੀ; ਜੇ ਕੋਈ ਚੋਨੁਕਰੀ ਤਿਕੋਣ ਬਣਾ ਦੇਵੇ ਤਾਂ ਉਹ ਚਮਤਕਾਰ ਹੋਵੇਗੀ। ਤਰਕਸ਼ੀਲ ਆਖਦੇ ਹਨ ਕਿ
ਜੇ ਕੋਈ ਪਾਣੀ ਜਾਂ ਸ਼ਰਾਬ ਨੂੰ ਬਿਨਾਂ ਕੁਝ ਕੀਤਿਆਂ ਲਹੂ ਵਿੱਚ ਬਦਲ ਦੇਵੇ ਤਾਂ ਉਹ ਕਰਾਮਾਤ ਹੋਵੇਗੀ।
ਜੇ ਕਿਸੇ ਕੱਟੇ ਹੋਏ ਅੰਗ ਨੂੰ ਇੱਕ ਸੈਟੀਮੀਟਰ ਵੀ ਵਧਾ ਦਿਤਾ ਜਾਵੇ ਤਾਂ ਕਰਾਮਾਤ ਹੋਵੇਗੀ। ਕਿਸੇ
ਸਰੀਰ ਵਿਕਾਰ ਜਿਵੇਂ ਦਾਗ, ਮਹੁਕਾ, ਜਾਂ ਕੋਈ ਨਿਸ਼ਾਨ ਦੈਵੀ ਪ੍ਰਾਰਥਨਾ ਨਾਲ ਖਤਮ ਕਰ ਦੇਵੇ ਤਾਂ
ਕਰਾਮਾਤ ਸਮਝਣੀ ਚਾਹੀਦੀ ਹੈ।
ਮੈਂ ਬਾਰ ਬਾਰ ਕੁਦਰਤ ਦੇ ਨਿਯਮਾਂ ਦੀ ਗੱਲ ਕਰਦਾ ਹਾਂ। ਕੁਦਰਤ
ਦੇ ਨਿਯਮ ਉਹੀ ਹਨ ਜੋ ਮਨੁੱਖ ਨੇ ਕੁਦਰਤ ਵਿੱਚ
ਵਾਪਰਦੀਆਂ ਘਟਨਾਵਾਂ ਦੀ ਘੋਖ ਪੜਚੋਲ ਕਰਕੇ ਲੱਭੇ ਹਨ। ਪਰਖ ਪੜਚੋਲ ਕਰਨ ਦੇ ਇਸ ਤਰੀਕੇ ਨੂੰ
ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨਕ ਪਰਖ ਕਰਨ ਦੀ ਇਕ ਵਿਸ਼ੇਸ਼ ਵਿਧੀ ਹੈ ਜਿਸ ਨੂੰ ਵਿਗਿਆਨਕ ਵਿਧੀ
ਕਿਹਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਇਸ ਪਾਸੇ ਸਰਗਰਮ ਰਿਹਾ ਹੈ। ਉਸ ਨੇ ਅਸਮਾਨ ਵਿੱਚ
ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਸੱਭ ਤੋਂ ਸਿਤਾਰਿਆਂ ਦੀ ਗਤੀ
ਨੂੰ ਸਮਝਣਾ ਸ਼ੁਰੂ ਕੀਤਾ। ਇਸ ਗਤੀ ਤੋਂ ਵਾਪਰਨ ਵਾਲੀਆਂ ਕੁਝ ਵਿਸ਼ੇਸ਼ ਘਟਨਾਵਾਂ ਨੂੰ ਗ੍ਰਹਿਣ ਲੱਗਣਾ
ਆਦਿ ਬਾਰੇ ਉਹ ਨਾ ਸਿਰਫ ਸਪਸ਼ਟ ਤੇ ਸਟੀਕ ਭਵਿੱਖਬਾਣੀਆਂ ਹੀ ਕਰ ਸਕੇ ਸਗੋਂ ਉਨਹਾਂ ਦੇ ਸਹੀ ਕਾਰਨਾਂ
ਦਾ ਵੀ ਸ਼ਪਸ਼ਟ ਉਲੇਖ ਮਿਲਦਾ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਘਟਨਾਵਾਂ ਬਾਰੇ ਦੰਦ ਕਥਾਵਾਂ ਹੀ
ਲੋਕਾਈ ਦੇ ਮਨਾਂ ਵਿੱਚ ਪ੍ਰਚਲਤ ਰਹੀਆਂ।
ਅੱਜ ਵਿਗਿਆਨ ਚਮਕਤਾਰ ਨੂੰ ਬਿਲਕੁਲ ਹੀ ਨਹੀਂ ਮੰਨਦਾ। ਉਹ ਵਿਗਿਆਨਕ
ਨਿਯਮਾਂ ਦੀ ਜਾਣਕਾਰੀ ਚੋਂ ਪੈਦਾ ਹੋਈ ਵਿਗਿਆਨਕ ਸੋਚ ਦੇ ਧਾਰਨੀ ਹਨ। ਪੁਲਾੜ ਵਿਗਿਆਨ ਦੇ ਨਾਲ ਨਾਲ
ਦਵਾਈ ਵਿਗਿਆਨ ਤੇ ਸਿਹਤ ਵਿਗਿਆਨ ਦੇ ਖੇਤਰ ਵਿਚ ਬਹੁਤ ਉਨੱਤੀ ਹੋਈ ਹੈ। ਕਦੇ ਸਧਾਰਨ ਬੁਖਾਰ ਨਾਲ
ਮਨੁੱਖ ਦੀ ਮੌਤ ਹੋ ਜਾਂਦੀ ਸੀ। ਪਲੇਗ ਦਾ ਅਯੁਰਵੈਦ ਵਿੱਚ ਕੋਈ ਇਲਾਜ ਨਹੀਂ ਸੀ। ਮਹਾਨ ਸਿਕੰਦਰ ਦੀ
ਮੌਤ ਵੀ ਬੁਖਾਰ ਨਾਲ ਹੋਈ। ਗੁਰਦੇ ਵਿੱਚ ਪੱਥਰੀ ਤੋਂ ਪੈਦਾ ਹੋਏ ਪਿਸ਼ਾਬ ਨਾਲੀ ਦੇ ਬੰਨ੍ਹ ਦਾ ਕੋਈ
ਇਲਾਜ ਨਾ ਹੋਣ ਕਰਕੇ ਮਨੁੱਖ ਦੀ ਮੌਤ ਹੋ ਜਾਇਆ ਕਰਦੀ ਸੀ। ਪੇਟ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ
ਪੂਰੇ ਪੇਟ ਦਾ ਵੱਡਾ ਅਪਰੇਸ਼ਨ ਕਰਕੇ ਬੀਮਾਰੀ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਲੋੜ ਪੈਂਦੀ ਸੀ। ਪਰ
ਜਰਾ ਸੋਚੋ ਕਿ ਅੱਜ ਜੇ ਕੋਈ ਡਾਕਟਰ ਤੁਹਾਨੂੰ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਪੂਜਾ – ਪਾਠ ਦੀ ਸਲਾਹ
ਦੇ ਰੂਪ ਵਿੱਚ ਦੇਵੇ ਤਾਂ ਤੁਸੀਂ ਉਸ ਨੂੰ ਕੀ ਆਖੋਗੇ? ਤੁਸੀਂ ਉਸ ਦੇ ਕਲੀਨਿਕ ਚੋਂ ਸਿੱਧੇ ਕਿਸੇ
ਹੋਰ ਯੋਗ ਡਾਕਟਰ ਦੇ ਸੰਪਰਕ ਵਿੱਚ ਆਉਣ ਦਾ ਫੈਸਲਾ ਕਰੋਗੇ ਨਾ ਕਿ ਕਿਸੇ ਧਾਰਮਕ ਸਥਲ ਦੀ ਯਾਤਰਾ
ਦਾ। ਇਹ ਸੁਭਾਵਕ ਹੈ। ਅੱਜ ਲਗਭਗ ਹਰ ਉਸ ਬੀਮਾਰੀ ਦਾ ਇਲਾਜ ਸੰਭਵ ਹੈ ਜਿਸ ਨੂੰ ਕਦੇ ਲਾਇਲਾਜ ਆਖ
ਕੇ ਛੱਡ ਦਿਤਾ ਜਾਂਦਾ ਸੀ। ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਅੱਜ ਵੀ ਸੰਭਵ ਨਹੀਂ; ਪਰ ਮਨੁੱਖੀ
ਵਿਗਿਆਨ ਨੇ ਉਨਹਾਂ ਦੇ ਕਾਰਨਾਂ ਦਾ ਪਤਾ ਲਗਾ ਲਿਆ ਹੈ।
ਵਿਗਿਆਨ ਕੁਦਰਤ ਦੇ ਕਾਰਣ ਤੇ ਘਟਨਾ ਦੇ ਸਿਧਾਂਤ ਦੀ ਮਦਦ ਨਾਲ ਅੱਗੇ
ਵੱਧਦਾ ਹੈ। ਉਹ ਕਾਰਨ ਲੱਭਦਾ ਹੈ ਤੇ ਕਾਰਨ ਤੇ ਘਟਨਾ ਦਾ ਸਬੰਧ ਸਥਾਪਤ ਕਰਦਾ ਹੈ। ਫਿਰ ਉਹ ਪ੍ਰਯੋਗ
ਸ਼ਾਲਾ ਵਿੱਚ ਇਸ ਕਾਰਨ ਤੇ ਘਟਨਾ ਨੂੰ ਜੋੜਦਾ ਹੈ ਤੇ ਆਪਣੇ ਨਤੀਜੇ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ
ਕੁਦਰਤ ਦੇ ਨਿਯਮਾਂ ਦੀ ਪ੍ਰਾਪਤ ਕੀਤੀ ਜਾਂਦੀ ਹੈ। ਸਿਹਤ ਵਿਗਿਆਨ, ਦਵਾਈ ਵਿਗਿਆਨ, ਰੋਗਾਣੂ
ਵਿਗਿਆਨ ਤੇ ਹੁਣ ਮਾਈਕਰੋਬਾਇਲੋਜੀ ਉਪਰ ਅਧਾਰਤ ਖੋਜਾਂ ਚੱਲ ਰਹੀਆਂ ਹਨ। ਵਿਗਿਆਨ ਦੀ ਇਹ
ਖੋਜਾਂ ਲਾਹੇ ਵੰਦੀਆਂ ਵੀ ਪਰ ਇਨ੍ਹਾਂ ਉਪਰ ਸਾਰਾ ਕੰਟਰੋਲ ਦਵਾਈ ਕੰਪਨੀਆਂ ਦਾ ਜੋ ਇਸ ਨੂੰ ਆਪਣੇ
ਜਾਤੀ ਮਾਫਾਦ ਅਤੇ ਮੁਨਾਫੇ ਲਈ ਵਰਤ ਰਹੀਆਂ ਹਨ। ਇਹ ਕੰਪਨੀਆਂ ਬਹੁਤ ਸ਼ਾਤਰ ਹਨ ਤੇ ਉਨ੍ਹਾਂ ਵਾਸਤੇ
ਅਸੀਂ ਤੁਸੀਂ ਚੂਹਿਆਂ ਖਰਗੋਸ਼ਾਂ ਤੋਂ ਵੱਧ ਨਹੀਂ ਜਿਨ੍ਹਾਂ ਨੂੰ ਆਪਣੇ ਤਜਰਬਿਆਂ ਵਾਸਤੇ ਵਰਤਦੇ ਹਨ।
ਫਿਰ ਵੀ ਬੀਮਾਰੀ ਦੀ ਹਾਲਤ ਵਿੱਚ ਬੀਮਾਰ ਨੂੰ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਹੈ। ਬੀਮਾਰੀ ਦੇ
ਅਸਲ ਕਾਰਨ ਲੱਭਣੇ ਚਾਹੀਦੇ ਹਨ। ਹਰ ਬੀਮਾਰੀ ਕਿਸੇ ਨਾ ਕਿਸੇ ਵਿਕਾਰ ਤੋਂ ਹੀ ਵਧਦੀ ਹੈ ਇਸ ਲਈ
ਵਿਗਿਆਨਕ ਤਰੀਕੇ ਨਾਲ ਡਾਕਟਰ ਉਸ ਮਰੀਜ਼ ਨੂੰ ਸਿਹਤਯਾਫਤਾ ਕਰਦਾ ਹੈ। ਇਸ ਵਾਸਤੇ ਸਾਨੂੰ ਚੰਗੇ
ਮੈਡੀਕਲ ਅਦਾਰੇ ਸਸਤੀ ਸਿਹਤ ਸਹੂਲਤ, ਸਸਤੀ ਇਲਾਜ ਪ੍ਰਣਾਲੀ ਦੀ ਲੋੜ ਹੈ।
ਜੇ ਕੋਈ ਵਿਅਕਤੀ ਆਪਣੇ ਇਲਾਜ ਲਈ ਵਿੱਚ-ਕਰਾਫਟ (witchcraft)
ਦੀ ਮਦਦ ਲੈਂਦਾ
ਹੈ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਅਨਪੜ੍ਹਤਾ (ਅਗਿਆਨਤਾ) ਤੇ ਗਰੀਬੀ... ਪਤਾ ਨਾ ਹੋਣ
ਦੀ ਸੂਰਤ ਵਿੱਚ ਇਲਾਜ ਨਾ ਕਰਵਾ ਸਕਣ ਦੀ ਹਾਲਤ ਵਿੱਚ ਉਹ ਵਿਅਕਤੀ ਆਪਣੀ ਬੀਮਾਰੀ ਦੇ ਇਲਾਜ ਦਾ
ਸਿਹਰਾ ਕਿਸੇ ਨਾ ਕਿਸੇ ਦੈਵੀ ਤਾਕਤ ਉਪਰ ਬੰਨ੍ਹ ਦਿੰਦਾ ਹੈ। “ਉਸ ਦੀ ਕ੍ਰਿਪਾ
ਨਾਲ ਉਹ ਠੀਕ ਹੋ ਗਿਆ। ਸਾਡੇ ਆਲੇ ਦੁਆਲੇ ਬਹੁਤ ਸਾਰੇ ਟੂਣੇ ਟੋਟਕੇ, ਅਹੁੜ ਪਹੁੜ ਆਣ ਜੁੜਦੇ ਹਨ
ਤੇ ਭੋਲੇ ਭਾਲੇ ਲੋਕ ਇਨ੍ਹਾਂ ਉਪਰ ਯਕੀਨ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰ ਜਿਵੇਂ ਕਿਹਾ ਗਿਆ ਹੈ
ਕਿ ਅਗਿਆਨਤਾ ਹੀ ਅਸਲ ਬੀਮਾਰੀ ਹੈ ਤੇ ਇਸ ਦਾ ਇਲਾਜ ਸਿਰਫ ਗਿਆਨ ਨਾਲ ਹੀ ਕੀਤਾ ਜਾ ਸਕਦਾ ਹੈ।
ਜਿਵੇਂ ਜਿਵੇਂ ਗਿਆਨ ਅਮਲੀ ਜ਼ਿੰਦਗੀ ਨੂੰ ਸਹਿਜ ਬਣਾਉਣ ਦੀ ਕ੍ਰਿਆ ਸ਼ੁਰੂ ਕਰਦਾ ਹੈ, ਮਨੁੱਖ ਆਪਣੇ
ਆਪ ਵਹਿਮਾਂ-ਭਰਮਾਂ ਤੋਂ ਪਰੇ ਹਟਣਾ ਸ਼ੁਰੂ ਹੋ ਜਾਂਦਾ ਹੈ। ਉਹ ਸਧਾਰਨ ਬੁਖਾਰ ਲਈ ਕਿਸੇ
ਟੂਣੇ-ਟੋਟਕੇ ਦਾ ਰਸਤਾ ਅਖਤਿਆਰ ਕਰਨ ਦੀ ਬਜਾਏ ਉਹ ਡਾਕਟਰੀ ਮਦਦ ਲੈਣਾ ਪਸੰਦ ਕਰਦਾ ਹੈ। ਅੱਜ
ਜ਼ਰੂਰਤ ਹੈ ਸਸਤੀ ਤੇ ਚੁਸਤ ਮੈਡੀਕਲ ਪ੍ਰਣਾਲੀ ਦੀ, ਸਿਆਣੇ ਤੇ ਸਮਝਦਾਰ ਡਾਕਟਰਾਂ ਦੀ ਜਿਹੜੇ ਰੋਗ
ਤੇ ਰੋਗੀ ਦਾ ਇਲਾਜ ਕਰਨ ਵਿੱਚ ਆਪਣੀ ਪੇਸ਼ੇਵਾਰਾਨਾ ਈਮਨਦਾਰੀ ਤੇ ਸੂਝਬੂਝ ਤੋਂ ਕੰਮ ਲੈਣ। ਜੇ
ਮੈਡੀਕਲ ਹਸਪਤਾਲ ਲੋਕਾਂ ਦਾ ਇਲਾਜ ਕਰਨ ਤੋਂ ਅਸਮਰਥ ਹੋਣਗੇ ਤਾਂ ਨਿਸ਼ਚੇ ਹੀ ਲੋਕ ਟੂਣੇ-ਟੋਟਕਿਆਂ,
ਅਰਦਾਸਾਂ, ਪਾਠਾਂ, ਪੂਜਾ ਤੇ ਹੋਰ ਕਰਮ ਕਾਂਡਾਂ ਦਾ ਸਹਾਰਾ ਲੈਣਗੇ। ਇਸ ਵਿੱਚ ਕਸੂਰ ਉਨ੍ਹਾਂ
ਲੋਕਾਂ ਦਾ ਨਹੀਂ ਹੋਵੇਗਾ ਸਗੋਂ ਸਾਡੀ ਮੈਡੀਕਲ ਪ੍ਰਣਾਲੀ ਦਾ ਹੀ ਹੋਵੇਗਾ ਜਿਹੜੀ ਆਪਣੇ ਰੋਗੀਆਂ
ਨੂੰ ਵਿਗਿਆਨ ਦੇ ਨਿਯਮਾਂ ਨਾਲ ਜੋੜਨ ਵਿੱਚ ਅਸਫਲ ਰਹੀ ਹੈ।
No comments:
Post a Comment