ਅਦਬ ਕੀ ਹੈ?
ਮੇਰੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ, ਮੇਰੇ ਲੈਪਟਾਪ ਵਿੱਚ ਮੋਜੂਦ ਹੈ। ਜਦੋਂ ਵੀ ਮੈਨੂੰ ਚੰਗਾ ਲੱਗੇ ਮੈਂ ਇਸ ਨੂੰ ਖੋਲ੍ਹਦਾ ਹਾਂ ਤੇ ਪੜ੍ਹ ਲੈਂਦਾ ਹਾਂ। ਹੁਣ ਇਹ ਮੇਰੇ ਕੋਲ ਮੋਬਾਈਲ ਉਪਰ ਵੀ ਮੋਜੂਦ ਹੈ। ਹਰ ਵੇਲੇ ਮੇਰੇ ਕੋਲ ਤੇ ਜਦੋਂ ਵੀ ਮੈ ਇਸ ਚੋਂ ਕੋਈ ਹਵਾਲਾ ਲੈਣਾ ਹੋਵੇ, ਕੁਝ ਲੱਭਣਾ ਹੋਵੇ, ਮੈਂ ਇਸ ਨੂੰ ਖੋਲ੍ਹਦਾ ਹਾਂ ਤੇ ਸਬੰਧਤ ਜਾਣਕਾਰੀ ਪ੍ਰਾਪਤ ਕਰ ਲੈਂਦਾ ਹਾਂ। ਕਦੇ ਕਦੇ ਮੈਂ ਇਸ ਤੋਂ ਪਾਠ ਵੀ ਕਰਦਾ ਹਾਂ, ਇਹ ਜਾਣਨ ਲਈ ਕਿ ਗੁਰੂ ਵਿਚਾਰ ਕੀ ਹੈ ਤੇ ਉਸ ਦੀ ਰੋਸ਼ਨੀ ਵਿੱਚ ਮੈੈਂ ਆਪਣੀ ਜ਼ਿੰਦਗੀ ਦੇ ਫੈਸਲੇ ਕਿਵੇਂ ਕਰਨੇ ਹਨ।
ਇਸ ਸਾਰੇ ਕੰਮ ਵਾਸਤੇ ਮੈਨੂੰ ਕੋਈ ਵੱਖਰਾ ਪ੍ਰਬੰਧ ਨਹੀਂ ਕਰਨਾ ਪੈਂਦਾ। ਨਾ ਹੀ ਕੋਈ ਉਚੇਚ ਕਰਨੀ ਪੈਂਦੀ ਹੈ। ਵਕਤ ਬਦਲਿਆ ਹੈ, ਹੁਣ ਗੁਰੂ ਆਧੁਨਿਕ ਤਕਨੋਲੋਜੀ ਦੇ ਰੂਪ ਵਿੱਚ ਮੇਰੇ ਅੰਗ ਸੰਗ ਹੈ। ਮੈਨੂੰ ਇਹ ਜਾਣਕਾਰੀ ਹੈ ਕਿ ਪੁਰਾਣੇ ਸਮਿਆਂ ਵਿੱਚ ਲੋਕ ਇਸ ਦੇ ਛੋਟੇ ਛੋਟੇ ਤੋਂ ਰੂਪ ਤਿਆਰ ਕਰਦੇ ਸਨ ਤੇ ਕਈ ਸਰਦਾਰ ਜੰਗ ਉਪਰ ਜਾਣ ਵੇਲੇ ਇਸ ਨੂੰ ਆਪਣੀ ਪੱਗ ਵਿੱਚ ਰੱਖਦੇ ਸਨ ਜਾਂ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਸਨ। ਉਨ੍ਹਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਉਨ੍ਹਾਂ ਦੇ ਅੰਗ ਸੰਗ ਹੈ ਤੇ ਉਨ੍ਹਾਂ ਦੀ ਰਖਿਆ ਕਰਦਾ ਹੈ। ਇਹ ੳਨ੍ਹਾਂ ਦੀ ਸੋਚ ਸੀ। ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਿਨੀ ਬੀੜਾਂ ਤਿਆਰ ਕਰਨ ਦਾ ਰਿਵਾਜ ਪਿਆ। ਚੂਕਿ ਉਨ੍ਹਾਂ ਸਮਿਆਂ ਵਿੱਚ ਕਿਸੇ ਪਵਿਤਰ ਸਮਝੀ ਜਾਂਦੀ ਨਿਸ਼ਾਨੀ ਨੂੰ ਫੌਜ ਦੇ ਝੰਡੇ ਨਾਲ ਬੰਨ੍ਹ ਕੇ ਤੁਰਨ ਦਾ ਰਿਵਾਜ ਸੀ ਕਿ ਇਹ ਪਵਿਤਰ ਸ਼ਕਤੀ ਉਨ੍ਹਾਂ ਦੀ ਫੌਜ ਦੀ ਅਗਵਾਈ ਕਰੇਗੀ ਇਸੇ ਤਰ੍ਹਾਂ ਹੀ ਦਰਬਾਰ ਸਾਹਿਬ ਦੇ ਛੋਟੇ ਸਰੂਪ ਨੂੰ ਸਦਾ ਆਪਣੇ ਨਾਲ ਰੱਖਣ ਦਾ ਰਿਵਾਜ ਪਿਆ। ਅੱਜ ਕਲ੍ਹ ਤਾਂ ਨਹੀਂ ਪੁਰਾਣੇ ਸਮਿਆਂ ਵਿੱਚ ਸਫਰੀ ਬੀੜਾਂ ਵੀ ਹੋਇਆ ਕਰਦੀਆਂ ਸਨ ਜਿਨ੍ਹਾਂ ਨੂੰ ਲੋਕ ਸਫਰ ਵਿੱਚ ਆਪਣੇ ਨਾਲ ਰੱਖਦੇ ਸਨ। ਮੈਂ ਜਿਸ ਬੀੜ ਤੋਂ ਪਾਠ ਸਿੱਖਿਆ ਤੇ ਪਾਠ ਕੀਤਾ ਇਹ ਇੱਕ ਸਫਰੀ ਬੀੜ ਸੀ ਤੇ ਇਸ ਦੇ 1257 ਪੰਨੇ ਸਨ ਪਦਛੇਦ ਤੋਂ ਬਿਨਾਂ। ਸਫਰੀ ਬੀੜ ਨੂੰ ਲੋਕ ਇੱਕ ਟਰੰਕ ਜਾਂ ਸੰਦੂਕੜੀ ਵਿੱਚ ਰੱਖ ਕੇ ਆਪਣੇ ਨਾਲ ਲੈ ਜਾਂਇਆ ਕਰਦੇ ਸਨ। ਇਹ ਸਾਰਾ ਕੁਝ ਲੋੜ ਕਾਢ ਦੀ ਮਾਂ ਹੈ ਦੇ ਅਸੂਲ ਅਧੀਨ ਹੋਇਆ। ਉਦੋਂ ਇਨ੍ਹਾਂ ਬੀੜਾਂ ਦੀ ਕਦੇ ਬੇਅਦਬੀ ਨਹੀਂ ਸੀ ਹੁੰਦੀ।
ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਆਪਣੇ ਮੁਢਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਵਿਅਕਤੀ ਸਨ। ਉਹ ਫੌਜ ਵਿੱਚ ਇੰਜੀਨੀਅਰ ਸਨ। ਉਨ੍ਹਾਂ ਆਪਣੀ ਆਪ ਬੀਤੀ ਵਿੱਚ ਲਿਖਿਆ ਹੈ ਕਿ ਪਹਿਲੀ ਸੰਸਾਰ ਜੰਗ ਵੇਲੇ ਜਦੋਂ ੳਨ੍ਹਾਂ ਨੂੰ ਆਪਣੇ ਸਮਾਨ ਦੀ ਛਾਂਟੀ ਕਰਨ ਲਈ ਕਿਹਾ ਗਿਆ, ਕਿ ਜਹਾਜ਼ ਵਿੱਚ ਫਾਲਤੂ ਸਮਾਨ ਨਹੀਂ ਲਿਜਾਇਆ ਜਾ ਸਕਦਾ, ਤਾਂ ਉਨ੍ਹਾਂ ਉਸ ਸੰਦੂਕੜੀ ਨੂੰ ਹੀ ਚੁਣਿਆ ਜਿਸ ਵਿੱਚ ਉਨ੍ਹਾਂ ਆਪਣੇ ਨਾਲ ਸਫਰੀ ਬੀੜ ਲਈ ਰੱਖੀ ਹੋਈ ਸੀ। ਉਨ੍ਹਾਂ ਕੱਪੜੇ ਛੱਡ ਕੇ ਇਸ ਸੰਦੂਕੜੀ ਨੂੰ ਹੀ ਤਰਜੀਹ ਦਿੱਤੀ। ਆਪਣੇ ਵਿਹਲੇ ਸਮੇਂ ਵਿੱਚ ਉਹ ਮੇਜ਼ ਉਪਰ ਇਸ ਬੀੜ ਨੂੰ ਰਖ ਕੇ ਪਾਠ ਕਰ ਲਿਆ ਕਰਦੇ ਸਨ। ਫੌਜ ਵਿੱਚ ਉਨ੍ਹਾਂ ਦੀ ਇਸ ਗੱਲ ਦਾ ਕੁਝ ਸਿੱਖ ਫੌਜੀਆਂ ਨੂੰ ਪਤਾ ਲੱਗਾ ਤਾਂ ਕਿਸੇ ਨੂੰ ਇਹ ਬੇਅਦਬੀ ਨਹੀਂ ਸੀ ਲੱਗਿਆ। ਕੁਦਰਤੀ ਉਸ ਜੰਗ ਵਿੱਚ ਉਨ੍ਹਾਂ ਦੀ ਬਟਾਲੀਅਨ ਨੂੰ ਜਿੱਤ ਪ੍ਰਾਪਤ ਹੋਈ ਤਾਂ ਸਿੱਖ ਫੌਜੀਆਂ ਨੇ ਫੈਸਲਾ ਕੀਤਾ ਕਿ ਇਸ ਖੁਸ਼ੀ ਵਿੱਚ ਅਕਾਲ ਪੁਰਖ ਦਾ ਧੰਨਵਾਦ ਕਰਨ ਲਈ ਅਖੰਡ ਪਾਠ ਕੀਤਾ ਜਾਵੇ। ਇਰਾਕ - ਈਰਾਨ ਵੱਲ ਹੁਣ ਦਰਬਾਰ ਸਾਹਿਬ ਦੀ ਬੀੜ ਕਿਥੋਂ ਮਿਲੇ? ਇਸ ਸਵਾਲ ਦਾ ਉਤਰ ਲੱਭਦਿਆਂ ਸਾਰਿਆਂ ਦਾ ਧਿਆਨ ਗੁਰਬਖਸ਼ ਸਿੰਘ ਜੀ ਕੋਲ ਮੋਜੂਦ ਉਸ ਸਫਰੀ ਬੀੜ ਵੱਲ ਗਿਆ ਤੇ ਉਹ ਇਹ ਬੀੜ ਸਿਰ ਉਪਰ ਰੱਖ ਕੇ ਆਪਣੇ ਕੈਂਪ ਵਿੱਚ ਲੈ ਗਏ ਜਿਥੇ ਉਨ੍ਹਾਂ ਬਕਾਇਦਾ ਪਾਠ ਕੀਤਾ ਤੇ ਭੋਗ ਪਾਇਆ ਤੇ ਲੰਗਰ ਵਿੱਚ ਉਸ ਵੇਲੇ ਦੇ ਅੰਗਰੇਜ਼ ਫੌਜੀ ਅਫਸਰ ਵੀ ਸ਼ਾਮਲ ਹੋਏ।
ਮੇਰੇ ਲਈ ਅਦਬ ਦਾ ਅਰਥ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਨੂੰ ਪੜ੍ਹਨਾ ਸਮਝਣਾ ਤੇ ਉਸ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣਾ ਹੈ। ਉਹ ਸੋਚ ਜੋ ਸਰਬਪੱਖੀ ਤੇ ਸਰਬਾਂਗੀ ਹੈ। ਅੰਗ ਸੰਗ ਸਹਾਈ ਹੋਣ ਵਾਲੀ, ਸਦਾ ਨਾਲ ਨਿਭਣ ਵਾਲੀ, ਜੋ ਮੈਨੂੰ ਉਸ ਸੱਚ ਨਾਲ ਜੋੜਦੀ ਹੈ ਜੋ ਪੂਰੇ ਬ੍ਰਹਮੰਡ ਵਿੱਚ ਆਦਿ ਸੱਚ ਜੁਗਾਦਿ ਸੱਚ ਤੇ ਹੋਸੀ ਭੀ ਸੱਚ ਹੈ। ਪੂਰੀ ਸ਼੍ਰਿਸ਼ਟੀ ਦੇ ਪੈਦਾ ਹੋਣ ਤੋਂ ਪਹਿਲਾਂ ਤੇ ਸ਼੍ਰਿਸ਼ਟੀ ਦੇ ਖਤਮ ਹੋਣ ਤੋਂ ਬਾਦ ਵਾਲਾ ਸੱਚ.....।
Comments and replies on this post:
No comments:
Post a Comment