ਜੋਤਸ਼ – ਕਿੰਨਾ ਝੂਠ ਕਿੰਨਾ ਸੱਚ
ਭਵਿਖ ਨੂੰ ਲੈ ਕੇ ਸ਼ੁਰੂ ਤੋਂ ਹੀ ਮਨੁੱਖ ਨੂੰ ਚਿੰਤਾ ਰਹੀ ਹੈ। ਕੱਲ੍ਹ ਕੀ ਹੋਵੇਗਾ ਇਹ ਜਾਣਨ ਲਈ ਉਹ ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰਦਾ ਹੈ। ਅਜਿਹੇ ਹੀਲਿਆਂ ਚੋਂ ਇਕ ਹੈ ਜੋਤਿਸ਼ ਦਾ ਸਹਾਰਾ, ਜਿਸ ਦੀ ਮਦਦ ਨਾਲ ਉਹ ਆਪਣੇ ਅੰਨ੍ਹੇ ਭਵਿਖ ਚੋਂ ਆਪਣੇ ਕਈ ਉਜਲਾ ਭੱਵਿਖ ਲੱਭਦਾ ਹੈ। ਪਰ ਅਜਿਹਾ ਕਰਦਿਆਂ ਉਹ ਸੁਭਾਵਕ ਹੀ ਕਈ ਤਰ੍ਹਾਂ ਦੀਆਂ ਠੱਗੀਆਂ, ਧੋਖੇ ਤੇ ਵਹਿਮਾਂ ਵਿੱਚ ਫਸ ਜਾਂਦਾ ਹੈ। ਜੋਤਸ਼ ਕੋਲ ਜਾਣ ਦੇ ਦੋ ਕਾਰਨ ਹਨ।
ਸਾਡੇ ਨਾਲ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਕੁਦਰਤੀ ਵਰਤਾਰੇ ਹਨ। ਇਹਨਾਂ ਵਿੱਚ ਉਹ ਘਟਨਾਵਾਂ ਹਨ ਜਿਹਨਾਂ ਵਿੱਚ ਅਸੀਂ ਸਿੱਧੇ ਤੌਰ ਤੇ ਜਿੰਮੇਵਾਰ ਹੁੰਦੇ ਹਾਂ। ਸਾਡਾ ਕੋਈ ਨਾ ਕੋਈ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਘਟਨਾਵਾਂ ਦਾ ਕਾਰਨ ਬਣਦਾ ਹੈ। ਪੜ੍ਹਾਈ ਨਾ ਕੀਤੀ, ਪਰਚਾ ਸਹੀ ਨਹੀਂ ਲਿਖਿਆ ਤੇ ਅਸੀਂ ਫੇਲ੍ਹ ਹੋ ਗਏ। ਮਕਾਨ ਬਣਾਉਣ ਲੱਗੇ ਉਸਾਰ ਵੱਲ ਧਿਆਨ ਨਾ ਦਿੱਤਾ ਤਾਂ ਉਹ ਢਹਿ ਢੇਰੀ ਹੋ ਗਿਆ। ਵਿਆਹ ਸ਼ਾਦੀ ਵਿੱਚ ਕਦੇ ਆਪਣੀ ਹਉਮੈਂ ਨੂੰ ਜ਼ਿਆਦਾ ਤੂਲ ਦੇ ਦਿਤਾ ਤਾਂ ਵਿਆਹ ਵਿਗੜ ਗਿਆ, ਗੱਲ ਜੇ ਆਪਸ ਵਿੱਚ ਨਾ ਨਿਬੜੀ ਤਾਂ ਉਹ ਥਾਣੇ ਕਚਹਿਰੀ ਹੁੰਦੀ ਹੋਈ ਲੰਮੀ ਪੈ ਗਈ। ਘਰ ਵਿੱਚ ਹੀਲਿਆਂ ਵਸੀਲਿਆਂ ਦੀ ਸਹੀ ਵੰਡ ਨਾ ਕੀਤੀ ਜਾਂ ਅਣਦੇਖੀ ਕਰ ਦਿੱਤੀ ਤਾਂ ਪਰਵਾਰ ਵਿੱਚ ਕਲੇਸ਼ ਪੈ ਗਿਆ ਜਾਂ ਜਾਇਦਾਦ ਦਾ ਮਸਲਾ ਖੜਾ ਹੋ ਗਿਆ। ਕੋਈ ਗ਼ਲਤ ਕੰਮ ਕੀਤਾ ਤਾਂ ਉਸ ਦਾ ਨਤੀਜਾ ਮਾੜਾ ਹੋ ਗਿਆ।
ਸਾਡੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਅਜਿਹੇ ਛੋਵੇ ਮੋਟੇ ਮਸਲਿਆਂ ਤੋਂ ਹੀ ਵਡੀਆਂ ਬਣੀਆਂ ਹੁੰਦੀਆਂ। ਚਾਹੀਦਾ ਤਾਂ ਇਹ ਸੀ ਕਿ ਇਸ ਦਾ ਸਹੀ ਕਾਰਨ ਲੱਭਿਆ ਜਾਵੇ ਤੇ ਫਿਰ ਉਸ ਦੀ ਮਦਦ ਨਾਲ ਉਹ ਸਮਸਿਆ ਨੂੰ ਕਿਸੇ ਨਾ ਕਿਸੇ ਸਮਾਧਾਨ ਤੱਕ ਲਿਜਾਇਆ ਜਾਵੇ, ਪਰ ਅਸੀਂ ਅਜਿਹਾ ਨਾ ਤਾਂ ਕਰਦੇ ਹਾਂ ਤੇ ਨਾ ਹੀ ਹੋਣ ਦਿੰਦੇ ਹਾਂ, ਨਤੀਜੇ ਵੱਜੋ ਅਸੀਂ ਇਹਨਾਂ ਦਾ ਕਾਰਨ ਸਹੀ ਥਾਂ ਤੇ ਨਾ ਲੱਭ ਕੇ ਕਿਸੇ ਹੋਰ ਥਾਂ ਲੱਭਣ ਦੀ ਕੋਸਿਸ਼ ਕਰਦੇ ਹਾਂ। ਇਸ ਵਾਸਤੇ ਕਿਸੇ ਸਿਆਣੇ ਦੀ ਸਲਾਹ ਲੈਂਦੇ ਹਾਂ ਤੇ ਉਹ ਕਿਸੇ ਜੋਤਸ਼ੀ ਜਾਂ ਟੂਣੇ ਟਾਮਣ ਕਰਨ ਵਾਲੇ ਸਾਧ ਸੰਤ ਦਾ ਦਰਵਾਜ਼ਾ ਦਿਖਾ ਦਿੰਦੇ ਹਨ। ਅਸੀਂ ਉਹਨਾਂ ਦੀ ਸਲਾਹ ਨਾਲ ਜਿਹਨਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਨੈਣੋਂ ਦੀਹਦਾ ਨਹੀਂ ਤੇ ਨਾਂ ਨੂਰ ਭਰੀ, ਜਾਂ ਇੱਲ ਨਾ ਕੁਕੜ, ਬੰਦਾ ਉਸਤਾਦ, ਅਸੀਂ ਉਹਨਾਂ ਤੋਂ ਸਲਾਹ ਲੈਣ ਤੁਰ ਪੈਂਦੇ ਹਾਂ। ਉਹ ਬਿਨਾਂ ਕੁਝ ਜਾਣੇ ਸਾਰਾ ਦੋਸ਼ ਮੜ੍ਹ ਦਿੰਦੇ ਹਨ, ਭਾਗਾਂ ਉਪਰ, ਤਾਰਿਆਂ ਉਪਰ, ਗ੍ਰਹਿਆਂ ਉਪਰ ਤੇ ਫਿਰ ਸ਼ੁਰੂ ਹੋ ਜਾਂਦਾ ਹੈ ਬਾਬੇ ਦਾ ਪਰਤਾਪ।
ਕਿਸੇ ਦੂਸਰੀ ਥਾਂ ਉਪਰ ਦੋਸ਼ ਧਰ ਦੇਣਾ ਬਹੁਤ ਸੌਖਾ ਹੈ, ਇਸ ਦੇ ਕਈ ਫਾਇਦੇ ਹਨ। ਪਹਿਲਾ ਕਿ ਅਸਲੀ ਮੁਜਰਮ ਬਚ ਜਾਂਦਾ ਹੈ। ਦੋਸ਼ੀ ਦੋਸ਼ ਕਰਕੇ ਵੀ ਬਰੀ ਹੋ ਜਾਂਦਾ ਹੈ ਤੇ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉਥੇ ਅਨੁਸਾਰ ਗਲ ਮਘਦੀ ਰਹਿੰਦੀ ਹੈ। ਕਿਸੇ ਦੂਜੀ ਥਾਂ ਉਪਰ ਦੋਸ਼ ਲੱਭਣਾ ਸੌਖਾ ਹੁੰਦਾ ਹੈ ਤੇ ਜੇ ਇਹ ਦੋਸ਼ ਕਿਸੇ ਗੈਬੀ ਤਾਕਤ, ਜਿਵੇਂ ਪਿਛਲੇ ਕਰਮ, ਲੇਖਾਂ ਦਾ ਲਿਖਿਆ, ਪਿਛਲੇ ਜਨਮਾਂ ਦੇ ਪਾਪ-ਪੁੰਨ ਕਿਸੇ ਗ੍ਰਹਿ ਦੀ ਦਸ਼ਾ ਚਾਲ ਆਦਿ ਉਪਰ ਦੇਣਾ ਹੋਵੇ ਤਾਂ ਹੋਰ ਵੀ ਚੰਗੀ ਗੱਲ ਹੈ। ਕੋਈ ਸਬੂਤ ਨਹੀਂ, ਕੋਈ ਦਲੀਲ ਨਹੀਂ, ਬੱਸ ਕੰਮ ਹੋ ਗਿਆ। ਅਸਲੀ ਮੁਜਰਮ / ਦੋਸ਼ੀ ਬਚ ਜਾਂਦਾ ਹੈ ਤੇ ਉਸ ਨੂੰ ਇਕ ਹੋਰ ਮੌਕਾ ਮਿਲ ਜਾਂਦਾ ਹੈ ਕਿ ਆਪਣਾ ਕੰਮ ਕਰੀ ਜਾਵੇ।
ਕਿਸੇ ਵੀ ਸਮਸਿਆ ਦਾ ਹੱਲ ਕਰਨਾ ਬਹੁਤ ਸੌਖਾ ਹੈ। ਪਰ ਇਸ ਵਾਸਤੇ ਬਹੁਤ ਹੌਂਸਲੇ ਤੇ ਖੁਲ੍ਹਦਿਲੇ ਹੋਣ ਦੀ ਲੋੜ ਪੈਂਦੀ ਹੈ। ਹਰ ਸਮਸਿਆ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਕਾਰਨ ਦੂਰ ਕਰ ਦਿਓ, ਸਮਸਿਆ ਖ਼ਤਮ। ਕਹਿੰਦੇ ਨੇ ਅੱਗ ਲੱਗਣ ਵਾਸਤੇ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਹੈ, ਇੱਕ- ਬਾਲਣ, ਦੂਸਰਾ ਆਕਸੀਜਨ, ਤੀਸਰਾ- ਗਰਮੀ ਤਾਪਮਾਨ, ਜਦੋਂ ਇਹ ਤਿੰਨੇ ਸਹੀ ਅਨੁਪਾਤ ਵਿੱਚ ਮਿਲ ਜਾਣ ਤਾਂ ਕੋਈ ਕਾਰਨ ਨਹੀਂ ਕਿ ਅੱਗ ਨਾ ਲੱਗੇ। ਹੁਣ ਜੇ ਇਸ ਨੂੰ ਬੁਝਾਉਣਾ ਹੋਵੇ ਤਾਂ ਤਿੰਨਾਂ ਚੋਂ ਇੱਕ ਚੀਜ਼ ਪਾਸੇ ਕਰ ਦਿਓ, ਅੱਗ ਬੁੱਝ ਜਾਵੇਗੀ। ਇਹੋ ਹਾਲ ਕਿਸੇ ਵੀ ਸਮਸਿਆ ਦਾ ਹੈ। ਪਹਿਲਾਂ ਉਸ ਦਾ ਕਾਰਨ ਲੱਭੋ ਪੂਰੀ ਈਮਾਨਦਾਰੀ ਨਾਲ ਤੇ ਫਿਰ ਉਸ ਨੂੰ ਦੂਰ ਕਰ ਦਿਓ, ਸਮਸਿਆ ਹੱਲ ਹੋ ਜਾਵੇਗੀ। ਬੀਮਾਰੀ ਹੈ ਤਾਂ ਬੀਮਾਰੀ ਦਾ ਕਾਰਨ ਦੂਰ ਕਰ ਦਿਓ, ਬੀਮਾਰੀ ਦੂਰ ਹੋ ਜਾਵੇਗੀ। ਕਿਸੇ ਵੀ ਘਟਨਾ ਜਾਂ ਘਟਨਾ ਕ੍ਰਮ ਪਿਛੇ ਕਿਸੇ ਵੀ ਬਾਹਰੀ ਤਾਕਤ ਦਾ ਕੋਈ ਹੱਥ ਨਹੀਂ ਹੁੰਦਾ। ਸਾਰਾ ਕੁਝ ਇਸੇ ਦੁਨੀਆ ਵਿੱਚ ਸਾਡੇ ਆਪਣੇ ਬਣਾਏ ਕਾਰਨਾ ਕਰਕੇ ਵਾਪਰਦਾ ਹੈ। ਪਰ ਇਸ ਵਾਸਤੇ ਕਿਸੇ ਤਾਰੇ ਜਾਂ ਗ੍ਰਹਿ ਨੂੰ ਦੋਸ਼ ਦੇਣਾ ਨਿਰੀ ਪੁਰੀ ਮੂਰਖਤਾ ਹੈ ਜਿਸ ਦਾ ਲਾਭ ਸਾਡੇ ਜੋਤਿਸ਼ੀ ਲੋਕ ਲੈ ਰਹੇ ਹਨ ਉਹ ਗੇਰ ਵਿਗਿਆਨਕ ਗੱਲਾਂ ਕਰਕੇ ਕਈ ਤਰਾਂ ਦੇ ਵਾਹਿਮ ਪਾ ਰਹੇ ਹਨ ਤੇ ਲੋਕ ਇਹਨਾਂ ਦੇ ਹੱਥੋਂ ਲੁਟੇ ਜਾ ਰਹੇ ਹਨ। ਅੱਜ ਤੋਂ ਨਹੀਂ ਕਈ ਜੁਗਾਂ ਤੋਂ।
ਜੋਤਸ਼ੀ ਆਮ ਤੌਰ ਤੇ ਆਪਣੇ ਆਪ ਨੂੰ ਤੇ ਆਪਣੀ ਕਲਾ ਨੂੰ ਵਿਗਿਆਨ ਦਾ ਨਾਂ ਦਿੰਦੇ ਹਨ ਤੇ ਆਖਦੇ ਹਨ ਕਿ ਇਹ ਪੂਰੀ ਤਰਹਾਂ ਹਿਸਾਬ ਕਿਤਾਬ ਦੀਆਂ ਗ਼ਿਣਤੀਆਂ ਤੇ ਲੇਖੇ ਜੋਖੋ ਉਪਰ ਅਧਾਰਤ ਹੈ। ਇਸ ਵਾਸਤੇ ਉਹ ਕਈ ਤਰ੍ਹਾਂ ਦੇ ਹਵਾਲੇ ਦਿੰਦੇ ਹਨ। ਤੇ ਬਹੁਤੀ ਵਾਰੀ ਲੋਕ ਉਹਨਾਂ ਤੋਂ ਪ੍ਰਭਾਵਤ ਹੋਏ ਬਿਨਾ ਨਹੀਂ ਰਹਿੰਦੇ। ਇੱਥੋਂ ਤੱਕ ਕਿ ਪੜ੍ਹੇ ਲਿਖੇ ਲੋਕ ਵੀ ਕੀ ਮੰਤਰੀ ਕੀ ਸੰਤਰੀ. ਕੀ ਚੋਰ ਕੀ ਸਿਪਾਹੀ, ਕੀ ਨੇਤਾ ਕੀ ਅਭਿਨੇਤਾ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਦਾ ਸ਼ਿਕਾਰ ਬਣ ਹੀ ਜਾਂਦੇ ਹਨ। ਗਣਨਾ ਕਰਨਾ ਤੇ ਅੰਕ ਗਣਿਤ ਦੀ ਵਧੇਰੇ ਵਰਤੋਂ ਕਿਸੇ ਨੂੰ ਵੀ ਵਿਗਿਆਨਕ ਨਹੀਂ ਸਾਬਤ ਕਰਦੀ। ਵਿਗਿਆਨ ਅਸਲ ਵਿੱਚ ਗਿਆਨ ਦੀ ਇੱਕ ਸ਼ਾਖਾ ਹੈ ਤੇ ਇਸ ਦਾ ਅਧਾਰ ਹੈ, ਨੀਝ, ਘੋਖ, ਪੜਤਾਲ, ਸਬੂਤ, ਪਰਖ ਤੇ ਸਿੱਟਾ। ਵਿਗਿਆਨੀ ਇਸ ਨੂੰ ਅੰਗਰੇਜ਼ੀ ਵਿੱਚ Observation, hypothesis, generalization, evidence, testing, result ਦਾ ਨਾਂ ਦਿੰਦੇ ਹਨ। ਕਿਸੇ ਵੀ ਵਰਤਾਰੇ ਨੂੰ ਪਹਿਲਾਂ ਨੀਝ ਨਾਲ ਦੇਖੋ, ਫਿਰ ਉਸ ਦੀ ਘੋਖ ਕਰੋ, ਪੜਤਾਲ ਤੋਂ ਬਾਅਦ ਇੱਕ ਆਮ ਜਹੀ ਧਾਰਨਾ ਬਣਾਓ ਤੇ ਫਿਰ ਉਸ ਦੇ ਸਬੂਤ ਜਾਂ ਤੱਥ ਇੱਕਠੇ ਕਰੋ ਤੇ ਉਸ ਤੋਂ ਬਾਅਦ ਉਸ ਦੀ ਇਕ ਕੰਟਰੋਲਡ ਅਵਸਥਾ ਵਿੱਚ ਪਰਖ ਕਰੋ, ਇਕ ਤੋਂ ਵੱਧ ਵਾਰ ਜੇ ਸਿੱਟੇ ਇਕੋ ਜਿਹੇ ਹੋਣ ਤਾਂ ਉਸ ਧਾਰਨਾ ਨੂੰ ਵਿਗਿਆਨਕ ਮੰਨਿਆ ਜਾਂਦਾ ਹੈ। ਜੇ ਸੇਕ ਨਾਲ ਬਰਫ਼ ਪੰਘਰਦੀ ਹੈ ਤਾਂ ਇਸ ਬਾਰੇ ਪੂਰੇ ਵਿਗਿਆਨਕ ਤਰੀਕੇ ਨਾਲ ਪਰਖਿਆ, ਘੋਖਿਆ ਤੇ ਪੜਤਾਲਿਆ ਜਾ ਸਕਦਾ ਹੈ। ਪਰ ਇਹ ਸੱਭ ਕੁਝ ਜੋਤਸ਼ ਦੇ ਸਿਲਸਿਲੇ ਵਿੱਚ ਨਹੀ ਹੈ। ਇਸ ਦਾ ਵੱਡਾ ਕਾਰਨ ਹੈ ਕਿਸੇ ਨੇ ਕਦੇ ਜੋਤਸ਼ ਦੇ ਗ੍ਰੰਥਾਂ ਨੂੰ ਤਰਕ ਦੇ ਆਧਾਰ ਨਾਲ ਨਾ ਦੇਖਿਆ ਹੈ ਨਾ ਪੜਤਾਲਿਆ ਹੈ। ਨਾ ਇਸ ਦੀ ਪਰਖ ਕੀਤੀ ਹੈ। ਨਾ ਪਰਖ ਕਰਨ ਦਿੱਤੀ ਹੈ। ਇਕ ਹੀ ਰਾਸ਼ੀ ਵਿੱਚ ਜਨਮੇ ਬੱਚਿਆਂ ਦਾ ਸੁਭਾਅ ਇੱਕੋ ਜਿਹਾ ਨਹੀਂ ਹੋ ਸਕਦਾ। ਦੋ ਬੱਚੇ (ਸੋਹਣਾ – ਮੋਹਣਾ) ਜੋ ਪਿੰਗਲਵਾੜੇ ਅੰਮ੍ਰਿਤਸਰ ਵਿਖੇ ਮੋਜੂਦ ਹਨ (ਉਮਰ ਤਕਰੀਬਨ ਅੱਠ ਸਾਲ) ਇਹ ਦੋਵੇਂ ਪੇਟ ਤੋਂ ਅੱਗੇ ਇੱਕ ਹਨ। ਦੋ ਲੱਤਾ ਹਨ, ਦੋ ਹਾਵਾਂ ਹਨ ਪਰ ਸਿਰ ਵਖ ਵੱਖ ਹਨ, ਦਿਮਾਗ਼ ਆਪਣਾ ਆਪਣਾ ਹੈ, ਇਹਨਾਂ ਦੋਹਾਂ ਦਾ ਜਨਮ ਇੱਕ ਹੀ ਮਾਂ ਦੀ ਕੁੱਖ ਚੋਂ ਹੋਇਆ, ਇਕ ਹੀ ਸਮੇਂ ਇੱਕ ਹੀ ਥਾਂ ਪਰ ਉਹਨਾਂ ਦੀ ਸੋਚ ਵੱਖਰੀ ਵੱਖਰੀ ਹੈ। ਪਸੰਦ ਵੱਖਰੀ ਵੱਖਰੀ ਹੈ। ਹੁਣ ਜੋਤਸ਼ ਇਸ ਬਾਰੇ ਕੀ ਕਹੇਗਾ। ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾ ਲੱਭੀਆਂ ਜਾ ਸਕਦੀਆਂ ਹਨ।
ਅਸਲ ਵਿੱਚ ਜੋਤਸ਼ੀ ਦੀਆਂ ਭਵਿੱਖਬਾਣੀਆਂ ਬਹੁਤਾ ਕਰਕੇ ਬੜੀਆਂ ਭੇਤ ਰੱਖ ਕੇ ਗੋਲ ਮੋਲ ਕਰ ਕੇ ਕਹੀਆਂ ਗੱਲਾਂ ਹੁੰਦੀਆਂ ਹਨ। ਇਹ ਕਿਸੇ ਉਪਰ ਵੀ ਸਹੀ ਢੁਕਦੀਆਂ ਹੋ ਸਕਦੀਆਂ ਹਨ। ਕਿਸੇ ਨੂੰ ਆਖ ਦੇਵੋ, ਤੁਹਾਨੂੰ ਕੋਈ ਸਰੀਰਕ ਕਸ਼ਟ ਹੈ, ਕੋਈ ਹੀ ਮਾਈ ਦਾ ਲਾਲ ਹੋਵੇਗਾ ਜੋ ਹੱਥ ਖੜਾ ਕਰਕੇ ਇਹ ਕਹਿ ਸਕੇ ਕਿ ਉਸ ਨੂੰ ਕੋਈ ਸਰੀਰਕ ਅਹੁਰ ਨਹੀਂ ਹੈ। ਇਸੇ ਤਰ੍ਹਾਂ ਆਰਥਕ ਸੰਕਟ ਵੀ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ। ਕਿਸੇ ਨੂੰ ਕਹਿ ਦਿਓ ਤੁਹਾਡੇ ਮਨ ਦੀ ਕੋਈ ਗੱਲ ਪੂਰੀ ਨਹੀਂ ਹੁੰਦੀ, ਹਰ ਬੰਦਾ ਇਸ ਦੁਖ ਤੋਂ ਪਰੇਸ਼ਾਨ ਹੈ। ਜੇ ਜੋਤਸੀ ਨੂੰ ਪੁੱਛ ਲਓ ਕਿ ਕੋਈ ਉਪਾ ਤਾਂ ਉਹ ਕਈ ਤਰਾਂ ਦੇ ਅਟਕਲ ਪੱਚੂ ਮਾਰਨਗੇ ਬੰਦਾ ਉਦੋਂ ਤੱਕ ਉਸ ਪਰੇਸ਼ਾਨੀ ਨਾਲ ਰਹਿਣਾ ਜੀਣਾ ਸਿਖ ਲੈਂਦਾ ਹੈ ਤੇ ਉਹ ਇਹ ਸਮਝਦਾ ਹੈ ਕਿ ਇਸ ਵਿਚ ਕਿਸੇ ਗੈਬੀ ਤਾਕਤ ਦਾ ਹੱਥ ਹੈ।
ਹੁਣ ਜੋਤਸ਼ ਦੀ ਗੱਲ ਵਿਗਿਆਨ ਦੇ ਅਧਾਰ ਉਪਰ ਪਰਖ ਲਈਏ। ਜਿਹੜੀ ਗਣਨਾ ਇਹ ਕਰਦੇ ਹਨ, ਗ੍ਰਹਾਂ ਦਾ ਹਿਸਾਬ ਕਿਤਾਬ ਲਾਉਣ ਲਈ ਵਿਗਿਆਨ ਉਸ ਤੋਂ ਅੱਗੇ ਆਪਣੇ ਤੱਥ ਪੇਸ਼ ਕਰਦਾ ਹੈ। ਜੋ ਵਿਗਿਆਨ ਕਹਿੰਦਾ ਹੈ ਉਸ ਨੂੰ ਉਸ ਨੇ ਪਰਖਿਆ ਹੈ ਤੇ ਨਵੀਂ ਖੋਜ ਇਹ ਹੈ ਕਿ ਪੂਰੇ ਬ੍ਰਹਮੰਡ ਵਿੱਚ ਇਕ ਗੁਰੂਤਾ ਆਕਰਸ਼ਣ ਵਰਗੀ ਐਨਰਜੀ ਮੋਜੂਦ ਹੈ। ਇਸ ਐਨਰਜੀ ਦੇ ਸਮੂਹ ਵਿੱਚ ਸਾਡੀ ਗਲੈਕਸੀ ਅਕਾਸ਼ ਗੰਗਾ ਹੈ (ਜਿਸ ਨੂੰ ਤੁਸੀਂ ਤਾਰਿਆਂ ਦੀ ਨਦੀ ਦੇ ਰੂਪ ਵਿੱਚ ਅਸਮਾਨ ਦੇ ਐਨ ਵਿਚਕਾਰ ਦੇਖਦੇ ਹੋ) ਧਰਤੀ ਦੀ ਆਪਣੀ ਗਤੀ ਉਸ ਦੇ ਕੇਂਦਰ ਦੁਆਲੇ 1000 ਮੀਲ ਫੀ ਘੰਟਾ ਹੈ। ਧਰਤੀ ਦਾ ਘੇਰਾ ਭੂ ਮੱਧ ਰੇਖਾ ਉਪਰ 25000 ਮੀਲ ਹੈ ਤੇ ਇਹ 24 ਘੰਟੇ ਵਿੱਚ ਪੂਰਾ ਹੁੰਦਾ ਹੈ ਸੋ 25000 ਮੀਲ ਨੂੰ 24 ਘੰਟਿਆਂ ਨਾਲ ਵੰਡੀਏ ਤਾਂ ਤਕਰਿਬਨ 1000 ਮੀਲ ਪ੍ਰਤੀ ਘੰਟੇ ਦੀ ਰਫਤਾਰ ਸਾਬਤ ਹੁੰਦੀ ਹੈ। ਸੂਰਜ ਦੇ ਦੁਆਲੇ ਇਹ ਗਤੀ 66800ਮੀਲ ਪ੍ਰਤੀ ਘੰਟਾ ਹੈ। ਸੂਰਜ ਦਾ ਸੌਰ ਮੰਡਲ 250ਕਿਲੋਮੀਟਰ ਪ੍ਰਤੀ ਸਕਿੰਟ ਅਕਾਸ਼ ਗੰਗਾ ਵਿੱਚ ਦੌੜ ਰਿਹਾ ਹੈ। ਅਕਾਸ਼ ਗੰਗਾ ਬ੍ਰਹਮੰਡ ਵਿੱਚ 300 ਕਿਲੋਮੀਟਰ ਪ੍ਰਤੀ ਸਕਿੰਟ ਨਾਲ ਚੱਲ ਰਹੀ ਹੈ। ਭਾਵ ਮੈਨੂੰ ਇਸ ਲੇਖ ਨੂੰ ਲਿਖਣ ਵਿੱਚ ਤਕਰੀਬਨ ਦੋ ਘੰਟੇ ਲੱਗੇ ਤਾਂ ਅਕਾਸ਼ ਗੰਗਾ ਬ੍ਰਹਮੰਡ ਵਿੱਚ 300 ਗੁਣਾ 60 ਗੁਣਾ 60 = 2160000 ਕਿਲੋਮੀਟਰ ਅੱਗੇ ਪਹੁੰਚ ਗਈ ਹੈ ਤੇ ਸੋਰ ਮੰਡਲ ਨੇ ਅਕਾਸ਼ ਗੰਗਾ ਵਿੱਚ 180000 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਹੈ। ਏਨੀ ਤੇਜ਼ ਰਫਤਾਰ ਉਪਰ ਵੀ ਕੋਈ ਦੁਰਘਟਨਾ ਨਹੀਂ ਵਾਪਰੀ। ਧਰਤੀ ਸੂਰਜ ਦੇ ਦੁਆਲੇ ਓਵੇਂ ਹੀ ਘੁੰਮ ਰਹੀ ਹੈ, 66800 ਮੀਲ ਯਾਨਿ 107442 ਕਿਲੋਮਿਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ। ਕੀ ਏਸ ਗਤੀ ਉਪਰ ਕਿਸੇ ਗ੍ਰਹਿ ਦਾ ਮਨੁੱਖ ਦੀ ਤਕਦੀਰ ਉਪਰ ਕੋਈ ਅਸਰ ਹੋ ਸਕਦਾ ਹੈ? ਜਦੋਂ ਸੂਰਜ ਦੀ ਰੋਸ਼ਨੀ ਸਾਡੇ ਕੋਲ 8 ਮਿੰਟਾਂ ਵਿੱਚ ਪਹੁੰਚਦੀ ਹੈ ਤੇ ਜਿਹੜੇ ਗ੍ਰਹਿ ਹਨ ਉਹਨਾਂ ਦਾ ਫਾਸਲਾ ਵੱਖੋ ਵੱਖਰਾ ਹੈ ਤੇ ਉਹਨਾਂ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਜੇ ਹੈ ਤਾਂ ਉਹ ਸੂਰਜ ਦੀ ਰੋਸ਼ਨੀ ਹੀ ਹੁੰਦੀ ਹੈ ਤਾਂ ਸ਼ਾਇਦ ਏਨੀ ਸਟੀਕ ਜਾਣਕਾਰੀ ਬ੍ਰਹਮੰਡ ਬਾਰੇ ਮਨੁੱਖੀ ਕੋਲ ਪਹਿਲਾਂ ਕਦੇ ਨਹੀਂ ਸੀ। ਫੇਰ ਇਹ ਗ੍ਰਹਿ ਵੀ ਕੋਈ ਇਕ ਥਾਂ ਉਪਰ ਨਹੀਂ ਖੜੇ ਸਗੋਂ ਆਪੋ ਆਪਣੀ ਚਾਲ ਨਾਲ ਸੁਰਜ ਦੇ ਦੁਆਲੇ ਘੁੰਮ ਰਹੇ ਹਨ। ਇਹਨਾਂ ਹਾਲਤਾ ਵਿੱਚ ਜੋਤਸ਼ ਦੇ ਖਗੋਲ ਸ਼ਾਸ਼ਤਰ ਨੂੰ ਸਹੀ ਕਹਿਣਾ ਬੇਵਕੂਫੀ ਹੀ ਹੋਵੇਗੀ।
ਕੀ ਭਵਿਖਬਾਣੀ ਨਹੀਂ ਕੀਤੀ ਜਾ ਸਕਦੀ? ਮੇਰਾ ਇਸ ਬਾਰੇ ਵਿਚਾਰ ਵੱਖਰਾ ਹੈ। ਭਵਿਖਬਾਣੀ ਕੀਤੀ ਜਾ ਸਕਦੀ ਹੈ ਤੇ ਇਹ ਬਹੁਤ ਸਟੀਕ ਸਾਬਤ ਵੀ ਹੁੰਦੀ ਹੈ। ਸਿਰਫ਼ ਲੋੜ ਹੈ ਇਸ ਗੱਲ ਨੂੰ ਸਮਝਣ ਦੀ ਕਿ ਸਾਡਾ ਵਰਤਮਾਨ ਸਾਡੇ ਭੂਤਕਾਲ ਉਪਰ ਖੜਾ ਹੈ ਤੇ ਸਾਡਾ ਭਵਿਖ ਸਾਡੇ ਵਰਤਮਾਨ ਉਪਰ ਅਧਾਰਤ ਹੈ। ਜੋ ਕਲ੍ਹ ਕੀਤਾ ਉਸ ਦਾ ਫ਼ਲ ਸਾਨੂੰ ਅੱਜ ਦੇ ਰੂਪ ਵਿੱਚ ਮਿਲਦਾ ਹੈ ਤੇ ਜੋ ਅਸੀਂ ਅੱਜ ਕਰਾਂਗੇ ਇਸ ਦਾ ਫ਼ਲ ਸਾਨੂੰ ਕਲ੍ਹ ਨੂੰ ਜ਼ਰੂਰ ਮਿਲੇਗਾ। ਹਰ ਚੰਗੇ ਕੰਮ ਦਾ ਨਤੀਜਾ ਚੰਗਾ ਹੁੰਦਾ ਹੈ ਤੇ ਹਰ ਭੈੜੇ ਕੰਮ ਦਾ ਨਤੀਜਾ ਵੀ ਭੈੜਾ ਹੁੰਦਾ ਹੈ । ਕੁਦਰਤ ਦਾ ਨਿਯਮ ਵੀ ਇਹੋ ਹੈ। ਜੇਹਾ ਕਰੋਗੇ ਤੇ ਤੇਹਾ ਭਰੋਗੇ, ਕੋਈ ਟੂਣਾ, ਕੋਈ ਪੂਜਾ, ਕੋਈ ਜਾਪ ਜਪਣ ਇਸ ਫ਼ਲ ਤੋਂ ਬਚਾ ਨਹੀਂ ਸਕਦਾ। ਹਰ ਆਦਮੀ ਆਪਣੇ ਕੀਤੇ ਦਾ ਫ਼ਲ ਭੋਗਦਾ ਹੈ। ਜਿਹੋ ਜਿਹੇ ਕਿਸੇ ਦੇ ਕੰਮ ਹੁੰਦੇ ਹਨ ਉਹੋ ਜਿਹਾ ਉਸ ਦਾ ਜੀਵਨ ਹੁੰਦਾ ਹੈ ਤੇ ਉਸ ਦਾ ਫ਼ਲ ਵੀ ਉਸੇ ਤਰਹਾਂ ਦਾ ਹੁੰਦਾ ਹੈ। ਇਹ ਸਾਡੇ ਪ੍ਰਬੰਧ ਦੀਆਂ ਖਾਮੀਆਂ ਹਨ ਕਿ ਮਾੜੇ ਕੰਮ ਕਰਨ ਵਾਲੇ ਰੁਪਏ ਪੈਸੇ ਦੇ ਸਿਲਸਿਲੇ ਵਿੱਚ ਤਰੱਕੀ ਕਰ ਰਹੇ ਹਨ, ਜਿਸ ਨਾਲ ਚੰਗੇ ਕੰਮ ਕਰਨ ਵਾਲਿਆਂ ਦੇ ਮਨ ਵਿੱਚ ਘੋਰ ਨਿਰਾਸਾ ਦਾ ਸੰਚਾਰ ਹੁੰਦਾ ਹੈ। ਤੇ ਬਹੁਤੀ ਵਾਰੀ ਉਹਨਾਂ ਦਾ ਵਿਸ਼ਵਾਸ ਉਸ ਪ੍ਰਬੰਧ ਤੋਂ ਉੱਠ ਜਾਂਦਾ ਹੈ ਤੇ ਉਹ ਕਿਸੇ ਵੀ ਦੁਸਰੇ ਦੀਆਂ ਗੱਲਾਂ ਵਿਚ ਆ ਜਾਂਦੇ ਹਨ ਜੋ ਆਖਦੇ ਹਨ ਕਿ ਮਨੁੱਖ ਦੀ ਅਮੀਰੀ ਗ਼ਰੀਬੀ ਉਸ ਦੇ ਪਿਛਲੇ ਚੰਗੇ ਤੇ ਮਾੜੇ ਕੰਮਾਂ ਦਾ ਨਤੀਜਾ ਹੁੰਦਾ ਹੈ। ਭਵਿਖਬਾਣੀ ਸਿਰਫ਼ ਏਥੋਂ ਤੱਕ ਹੀ ਸੀਮਤ ਹੈ। ਜੇ ਕੋਈ ਇਸ ਤੋਂ ਅੱਗੇ ਜਾਣਨ ਦਾ ਜਾਂ ਕਹਿਣ ਦਾ ਦਾਅਵਾ ਕਰਦਾ ਹੈ ਤਾਂ ਉਹ ਸਰਾਸਰ ਝੂਠ ਬੋਲਦਾ ਹੈ। ਤਰਕਸ਼ੀਲਾਂ ਨੇ ਸਾਰੀ ਦੁਨੀਆ ਵਿੱਚ ਵੱਡੇ ਵੱਡੇ ਇਨਾਮ ਰੱਖ ਕੇ ਜੋਤਸ਼ੀਆਂ ਤੇ ਭਵਿਖ-ਕਰਤਾਵਾਂ ਨੂੰ ਵੰਗਾਰਿਆ ਪਰ ਕੋਈ ਵੀ ਮਾਈ ਦਾ ਲਾਲ ਨਹੀਂ ਉਠਿਆ ਜੋ ਇਹ ਕਹੇ ਕਿ ਜਨਮ-ਪਤਰੀ ਜਾਂ ਹੱਥ ਦੀਆਂ ਰੇਖਾਂਵਾਂ ਸਿਰਫ਼ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਜਨਮ ਪਤਰੀ ਵਾਲਾ ਜਾਂ ਉਹ ਜਿਸਦਾ ਇਹ ਹੱਥ ਹੈ, ਉਹ ਮਰਦ ਹੈ ਜਾਂ ਤੀਂਵੀ, ਜੀਂਦਾ ਹੈ ਜਾਂ ਮਰ ਗਿਆ। ਦੋ ਬਹੁਤ ਸਾਧਾਰਨ ਤੱਥ ਹਨ ਬਹੁਤ ਛੋਟੇ ਪੱਧਰ ਤੇ ਸੱਤ ਜਨਮਾਂ ਦਾ ਹਾਲ ਜਾਨਣ ਵਾਲੇ ਪਹਿਲੇ ਟੈਸਟ ਚੋਂ ਹੀ ਅਸਫ਼ਲ ਹੋ ਗਏ। ਹਾਲੇ ਤੱਕ ਕਿਸੇ ਨੇ ਵੀ ਉਹ ਇਨਾਮ ਹਾਸਲ ਕਰਨ ਜਾਂ ਕਲੇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਵਾਸਤੇ ਅਜਿਹੇ ਝੂਠੇ ਤੇ ਫਰੇਬੀ ਢੋਂਗੀਆਂ ਕੋਲ ਫਸਣ ਦੀ ਬਜਾਏ ਆਪਣੀਆਂ ਸਮਸਿਆਵਾਂ ਦਾ ਖੁਦ ਸਮਾਧਾਨ ਕਰਨਾ ਚਾਹੀਦਾ ਹੈ ਤੇ ਢੰਗ ਸਿਰ ਦਾ ਜੀਵਨ ਜੀਣਾ ਚਾਹੀਦਾ ਹੈ।
No comments:
Post a Comment