ਗ਼ਰੀਬ ਦੇਸ਼, ਅਮੀਰ ਭਗਵਾਨ
ਗੁਰਦੀਪ ਸਿੰਘ ਭਮਰਾ
ਭਾਰਤ ਇਕ ਗ਼ਰੀਬ ਦੇਸ਼ ਹੈ, ਬਹੁਤ ਗਰੀਬ ਦੇਸ਼। ਝੁਗੀਆਂ ਝੋਂਪੜੀਆਂ ਵਿੱਚ ਰਹਿੰਦਾ ਹੈ ਪਿੰਡਾਂ ਕਸਬਿਆਂ ਵਿੱਚ ਵਸਦਾ ਹੈ। ਖੇਤਾਂ ਚੋਂ ਸੋਨੇ ਵਰਗੀ ਫ਼ਸਲ ਨੂੰ ਪੈਦਾ ਕਰਕੇ ਵੀ ਇਸ ਦੇਸ਼ ਦੇ ਲੋਕ ਦਾਣੇ ਦਾਣੇ ਨੂੰ ਤਰਸਦੇ ਹਨ। ਅਨਾਜ ਦੇ ਗੁਦਾਮ ਅੰਨ ਭੰਡਾਰ ਭਰੇ ਪਏ ਹਨ। ਅਨਾਜ ਬਾਹਰ ਖੁਲ੍ਹੇ ਅਸਮਾਨ ਥੱਲੇ ਸੜ ਰਿਹਾ ਹੈ, ਖਰਾਬ ਹੋ ਰਿਹਾ ਹੈ, ਪਰ ਫਿਰ ਵੀ ਇਸ ਦੇ ਦੇਸ਼ ਦੇ ਵੱਡੀ ਗ਼ਿਣਤੀ ਵਿੱਚ ਲੋਕ ਭੁੱਖ ਦਾ ਸ਼ਿਕਾਰ ਹਨ। ਇਸ ਗੱਲ ਲਈ ਬਹੁਤਾ ਕਰਕੇ ਇਹ ਲੋਕ ਹੀ ਜ਼ਿੰਮੇਵਾਰ ਹਨ ਕਿਉਂ ਕਿ ਉਹ ਅਜਿਹੀ ਸਰਕਾਰ ਚੁਣਦੇ ਹਨ ਜੋ ਉਹਨਾਂ ਨੂੰ ਪੰਜ ਸਾਲ ਭੋਰ ਭੋਰ ਕੇ ਖਾਂਦੀ ਰਹਿੰਦੀ ਹੈ। ਚੂਹਿਆਂ ਨੂੰ ਇਸ ਦੇਸ਼ ਵਿੱਚ ਸੱਭ ਤੋਂ ਵੱਧ ਆਜ਼ਾਦੀ ਹੈ। ਉਹ ਜੋ ਚਾਹੇ ਕਰ ਸਕਦੇ ਹਨ। ਅਨਾਜ ਖਾ ਸਕਦੇ ਹਨ, ਕਾਗਜ਼ ਕੁਤਰ ਸਕਦੇ ਹਨ ਤੇ ਮੰਦਰਾਂ ਵਿੱਚ ਦੁਧ ਪੀ ਸਕਦੇ ਹਨ। ਉਹਨਾਂ ਨੂੰ ਕਿਸੇ ਤੋਂ ਕੋਈ ਇਜ਼ਾਜਤ ਲੈਣ ਦੀ ਲੋੜ ਨਹੀਂ ਪੈਂਦੀ। ਆਦਮੀ ਉਪਰ ਕਈ ਤਰ੍ਹਾਂ ਦੀ ਪੁਲੀਸ ਹੈ, ਕਾਨੂੰਨ ਹੈ ਤੇ ਨਿਆਂ ਦੇਰ ਲਾਉਣ ਵਾਲੀਆਂ ਅਦਾਲਤਾਂ ਹਨ ਜੋ ਕਹਿੰਦੀਆਂ ਤਾਂ ਹਨ ਕਿ ਨਿਆਂ ਵਿੱਚ ਦੇਰੀ ਦਾ ਮਤਲਬ ਹੈ ਨਿਆਂ ਨਾ ਦੇਣਾ, ਪਰ ਹੋ ਕੁਝ ਇਸ ਤਰਹਾਂ ਹੀ ਰਿਹਾ ਹੈ।
ਪਰ ਇਸ ਦੇਸ਼ ਦੇ ਨੇਤਾ ਬੜੇ ਸ਼ਾਤਰ, ਚਾਲਾਕ, ਖੋਚਰੇ, (ਸ਼ਬਦਕੋਸ਼ ਕੋਲ ਹਾਲੇ ਤੱਕ ਇਹਨਾਂ ਲਈ ਬਣੇ ਸਾਰੇ ਸ਼ਬਦ ਇਹਨਾਂ ਦੇ ਗੁਣਾਂ ਦਾ ਬਕਾਨ ਨਹੀਂ ਕਰ ਸਕਦੇ।) ਨੇਤਾਵਾਂ ਨੂੰ ਹਮੇਸ਼ਾ ਵਿਸ਼ੇਸ਼ਣਾ ਦੀ ਥੋੜ੍ਹ ਹੀ ਰਹਿੰਦੀ ਹੈ ਕਿਉਂ ਕਿ ਇਹ ਉਹ ਨਸਲ ਹੈ ਜੋ ਹਰ ਸਾਲ ਨਵੇਂ ਗੁਣ ਪੈਦਾ ਕਰ ਲੈਂਦੀ ਹੈ। ਉਹ ਬੜੇ ਪ੍ਰਤਿਭਾਸ਼ਾਲੀ ਹਨ। ਉਹ ਗ਼ਰੀਬਾਂ ਨੂੰ ਨਿਚੋੜਨਾ ਜਾਣਦੇ ਹਨ। ਉਹ ਨਾਂ ਨੂੰ ਗ਼ਰੀਬਾਂ ਦੀ ਜੇਬ ਕੱਟਣ ਦਾ ਵੱਲ ਆਉਂਦਾ ਹੈ। ਉਹ ਰਲ ਕੇ ਸਰਕਾਰ ਚਲਾਉਂਦੇ ਹਨ। ਕਦੇ ਐਨ ਡੀ ਏ, ਕਦੇ ਯੂ ਪੀ ਏ, ਪਰ ਉਹ ਦੇਸ਼ ਵਿੱਚ ਸੱਭ ਤੋਂ ਵੱਧ ਅਮੀਰ ਹਨ । ਉਹ ਜਦੋਂ ਚਾਹੁਣ ਦੇਸ਼ ਦਾ ਧਨ ਕਾ ਸਕਦੇ ਹਨ, ਆਪਣੀ ਤਨਖਾਹ ਕੁਝ ਪਲਾਂ ਵਿੱਚ ਹੀ ਦੁਗੁਣੀ ਕਰ ਸਕਦੇ ਹਨ। ਤੇ ਉਹਨਾਂ ਨੂੰ ਪੁੱਛਣ ਦੱਸਣ ਵਾਲਾ ਵੀ ਕੋਈ ਨਹੀਂ ਹੈ। ਉਹ ਦੇਸ਼ ਨੂੰ ਆਪਣਾ ਸਮਝਦੇ ਹਨ, ਆਪਣਾ ਦਾ ਭਾਵ ਮਲਕੀਅਤ।
ਪਰ ਸੱਭ ਤੋਂ ਅਮੀਰ ਹਨ ਇਸ ਦੇਸ਼ ਦੇ ਭਗਵਾਨ। ਉਹ ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦੇ ਹਨ। ਸੋਨੇ ਚਾਂਦੀ ਦੇ ਮੁਕਟ ਪਹਿਨਦੇ ਹਨ। ਸੋਨੇ ਚਾਂਦੀ ਹੀਰੇ ਜਵਾਹਾਰਾਤ ਆਦਿ ਨਾਲ ਖੇਡਦੇ ਹਨ। ਸੋਨੇ ਚਾਂਦੀ ਦੇ ਤਖਤ ਤੋਂ ਬਿਨਾਂ ਉਹਨਾਂ ਨੂੰ ਚੈਨ ਆਉਂਦਾ ਹੈ ਤੇ ਨਾ ਆਰਾਮ। ਦੇਸ਼ ਦਾ ਸਾਰਾ ਧਨ ਦੇਸ਼ ਦੇ ਭਗਵਾਨਾਂ ਕੋਲ ਹੈ। ਕਹਿਣ ਨੂੰ ਤਾਂ ਇਹ ਕਿਹਾ ਜਾਂਦਾ ਹੈ ਕਿ ਭਗਵਾਨ ਇਕ ਹੈ ਪਰ ਇਸ ਦੇਸ਼ ਵਿੱਚ ਕਈ ਭਗਵਾਨ ਹਨ ਤੇ ਸਾਰੇ ਇਕ ਤੋਂ ਵੱਧ ਅਮੀਰ ਹਨ। ਚਾਹੇ ਪਦਮਨਾਭ ਦਾ ਮੰਦਰ ਹੋਵੇ, ਬਾਲਾ ਜੀ ਦਾ, ਪੁਰੀ ਦਾ, ਸਾਈਂ ਬਾਬੇ ਦਾ, ਇਹਨਾਂ ਕੋਲ ਸਾਰੀ ਦੁਨੀਆ ਦਾ ਸੱਭ ਤੋਂ ਵੱਡਾ ਖਜ਼ਾਨਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦੇਸ਼ ਦੇ ਰਾਜਿਆਂ ਨੇ ਰੱਬ ਦਾ ਡਰ ਦੇ ਕੇ ਲੋਕਾਂ ਤੋਂ ਲੁਟਿਆ ਹੋਇਆ ਧਨ ਭਗਵਾਨ ਦੀਆਂ ਮੂਰਤੀਆਂ ਤੇ ਮੰਦਰਾਂ ਹੇਠ ਲੁਕਾ ਦਿਤਾ ਸੀ। ਉਹਨਾਂ ਆਪ ਆਮ ਲੋਕਾਂ ਨੂੰ ਕਿਹਾ ਹੋਇਆ ਸੀ ਕਿ ਉਹ ਰੱਭ ਦੇ ਪ੍ਰਤੀਨਿਧ ਹਨ ਤੇ ਲੋਕਾਂ ਉਪਰ ਹਕੂਮਤ ਕਰਨ ਵਾਸਤੇ ਹੀ ਪੈਦਾ ਹੋਏ ਹਨ। ਰਾਜਿਆਂ ਨੇ ਲੋਕਾਂ ਨੂੰ ਆਪਣੀ ਪਰਜਾ ਨੂੰ ਖੂਬ ਲੁੱਟਿਆ। ਸਾਰੀ ਜ਼ਮੀਨ ਦੀ ਫਸਲ ਦਾ ਤੀਜਾ ਹਿਸਾ ਟੇਕਸ ਵਜੋਂ ਲਿਆ ਤੇ ਆਪ ਅਮੀਰ ਬਣ ਕੇ ਬੇਠ ਗਏ। ਜਿਹੜਾ ਖਜ਼ਾਨਾ ਮੰਦਰਾਂ ਚੋਂ ਨਿਕਲ ਰਿਹਾ ਹੈ ਇਹ ਵੀ ਉਹੀ ਧਨ ਸੀ ਜੋ ਉਹਨਾਂ ਲੋਕਾਂ ਤੋਂ ਜਬਰਨ ਉਗਰਾਹਿਆ ਸੀ। ਹੁਣ ਜਦੋਂ ਇਹ ਧਨ ਬਾਹਰ ਆ ਗਿਆ ਹੈ ਤਾਂ ਕਿਤੇ ਜਾ ਕੇ ਪਤਾ ਲਗਿਆ ਹੈ ਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਉਂ ਕਿਹਾ ਜਾਂਦਾ ਸੀ।
ਇਸ ਧਨ ਦੀ ਲਭਤ ਦਾ ਬਹੁਤਾ ਅਫਸੋਸ ਇੰਗਲੈਂਡ ਦੀ ਰਾਣੀ ਨੂੰ ਜ਼ਰੂਰ ਲੱਗਿਆ ਹੋਵੇਗਾ ਕਿਉਂ ਕਿ ਬਾਕੀ ਤਾਂ ਸਾਰੇ ਦੇਸ਼ ਵਿੱਚ ਉਹ ਹੂੰਝਾ ਫੇਰ ਗਏ ਸਨ ਪਰ ਇਹ ਮੰਦਰ ਉਹਨਾਂ ਤੋਂ ਕਿਵੇਂ ਬਚ ਗਿਆ। ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਖ਼ਜ਼ਾਨਾ ਉਹਨਾਂ ਨੇ ਹੀ ਲੁਟ ਕੇ ਇੰਗਲੈਂਡ ਪੁਚਾਇਆ ਸੀ।
ਇਹ ਜੋ ਧਨ ਹੁਣ ਲਭਿਆ ਹੈ ਇਹ ਧਨ ਭਗਵਾਨ ਦਾ ਕਾਲਾ ਧਨ ਹੈ ਜੋ ਉਸ ਨੇ ਹੁਣ ਤਕ ਆਪਣੇ ਭਗਤਾਂ ਕੋਲੋਂ ਛੁਪਾ ਕੇ ਰਖਿਆ ਸੀ। ਓਦੋਂ ਭਗਵਾਨ ਕੋਲ ਕੋਈ ਹਵਾਲਾ ਏਜੰਟ ਨਹੀਂ ਸਨ ਹੁੰਦੇ ਤੇ ਨਾ ਹੀ ਉਸ ਕੋਲ ਸਵਿਸ ਬੈਂਕ ਦੇ ਲਾਕਰ ਦਾ ਨੰਬਰ ਸੀ। ਪਰ ਹੁਣ ਸੁਪਰੀਮ ਕੋਰਟ ਨੇ ਇਹ ਧਨ ਬਾਹਰ ਕੱਢ ਲਿਆ ਹੈ। ਇਸ ਉਪਰ ਕਈਆਂ ਦੀ ਨਜ਼ਰ ਹੈ। ਸਰਕਾਰ ਇਸ ਨੂੰ ਆਰਾਮ ਨਾਲ ਖਾਣਾ ਚਾਹੁੰਦੀ ਹੈ। ਉਹ ਇਸ ਨੂੰ ਮੰਦਰ ਦੇ ਹਵਾਲੇ ਕਰ ਦੇਵੇਗੀ ਤੇ ਫੇਰ ਇਸ ਉਪਰ ਟੈਕਸ ਲਗਾ ਕੇ ਆਪਣੇ ਕਬਜ਼ੇ ਵਿੱਚ ਕਰ ਲਵੇਗੀ ਤੇ ਟੈਕਸ ਖਾਣ ਤੇ ਹਜ਼ਮ ਕਰਨ ਦੇ ਸਰਕਾਰ ਕੋਲ ਕਈ ਤਰੀਕੇ ਹਨ। ਸਰਕਾਰ ਨੇ ਕਈ ਸੰਕਤੇ ਦਿਤਾੇ ਹਨ ਕਿ ਤੁਸੀਂ ਟੈਕਸ ਦੇ ਕੇ ਜੋ ਚਾਹੋ ਕਰ ਸਕਦੇ ਹੋ। ਇਸ ਤਰ੍ਹਾਂ ਦੀ ਖੁਲ੍ਹ ਹਰ ਸਰਮਾਏਦਾਰ ਨੂੰ ਭਾਰਤ ਵਿੱਚ ਮਿਲੀ ਹੋਈ ਹੈ। ਚਾਹੇ ਉਹ ਕੰਨੀ ਦੇਸੀ ਹੋਵੇ ਜਾਂ ਵਿਦੇਸ਼ੀ। ਇਸ ਦਾ ਕੋਈ ਪੈਸਾ ਵੀ ਲੋਕਾਂ ਤੱਕ ਨਹੀਂ ਪਹੁੰਚਣ ਦਿਤਾ ਜਾਵੇਗਾ। ਇਹ ਸਾਰਾ ਰਾਹ ਵਿੱਚ ਹੜੱਪ ਲਿਆ ਜਾਵੇਗਾ।
ਭਗਵਾਨ ਤੋਂ ਵੱਧ ਭਗਵਾਨ ਦੇ ਨਾਂ ਉਪਰ ਧਨ ਖਾਣ ਵਾਲੇ ਸਾਧ ਸੰਤ ਹਨ ਜੋ ਸਰਕਾਰ ਤੇ ਲੋਕਾਂ ਦੀ ਨਜ਼ਰ ਵਿੱਚ ਭਗਵਾਨ ਦੇ ਦਲਾਲਾਂ ਦਾ ਕੰਮ ਕਰ ਕਰਦੇ ਹਨ। ਤੇ ਲੋਕਾਂ ਤੋਂ ਭਗਵਾਨ ਕੋਲ ਪੁਚਾਉਣ ਲਈ ਧਨ ਇਕੱਟਾ ਕਰਦੇ ਹਨ। ਜੇ ਲੋਕਾਂ ਨੇ ਇਸ ਤੋਂ ਵੱਡਾ ਖਜ਼ਾਨਾ ਦੇਖਣਾ ਹੋਵੇ ਤਾਂ ਉਹ ਸੰਤਾਂ ਤੇ ਸਾਧਾਂ ਦੇ ਖਜ਼ਾਨੇ ਫਰੋਲ ਲਵੇ, ਸਾਰੇ ਸਮਤ ਜੇ ਉਲਟੇ ਲਟਕਾ ਦਿਤੇ ਜਾਣ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਧਨ (ਪੂਜਾ ਦਾ ਧਾਨ) ਇਕੱਠਾ ਹੋ ਸਕਦਾ ਹੈ। ਨਾ ਹੀ ਪਤਾ ਲੱਗ ਜਾਵੇਗਾ ਕਿ ਸਾਡਾ ਦੇਸ਼ ਅਮੀਰ ਹੁੰਦਿਆ ਹੋਇਆ ਵੀ ਗ਼ਰੀਬ ਕਿਉਂ ਹੈ। ਯਾਦ ਰਹੇ ਇਸ 100000000000000 ਰੁਪਏ (ਜਾਂ ਇਸ ਤੋਂ ਵੱਧ) ਦਾ ਖ਼ਜ਼ਾਨਾ ਮਿਲਣ ਬਾਰੇ ਅਜਜ ਕਲ੍ਹ ਬਾਬਾ ਰਾਮਦੇਵ ਚੁਪ ਹਨ। ਉਹਨਾਂ ਨੂੰ ਸੱਪ ਨੇ ਸੁੰਘ ਲਿਆ ਹੈ ਤੇ ਉਹਨਾਂ ਨੂੰ ਫਿਕਰ ਪੈ ਗਿਆ ਹੈ ਕਿ ਇਸ ਤੋਂ ਬਾਅਦ ਉਹਨਾਂ ਦੀ ਵਾਰੀ ਵੀ ਆਈ ਹੀ ਲਓ। ਉਹ ਇਸ ਵਾਸਤੇ ਬੋਲ ਨਹੀਂ ਰਹੇ। ਨਾਲੇ ਉਹਨਾਂ ਦੀ ਬਰਾਦਰੀ ਦੀ ਗੱਲ ਹੈ। ਜੇ ਸਾਧਾਂ ਸੰਤਾਂ ਦੇ ਡੇਰਿਆਂ ਤੋਂ ਹੀ ਧਨ ਇਕੱਠਾ ਕਰ ਲਿਆ ਜਾਵੇ, ਤਾਂ ਕੀ ਇਸ ਦੇਸ਼ ਦੇ ਗ਼ਰੀਬਾਂ ਨੂੰ ਕਦੇ ਕੋਈ ਲਾਭ ਹੋ ਸਕਦਾ ਹੈ? ਇਹ ਸੋਚਣ ਦੀ ਗੱਲ ਹੈ। ਪਰ ਬਹੁਤਾ ਵੀ ਸੋਚਣ ਦੀ ਲੋੜ ਨਹੀਂ ਕਿਉਂ ਕਿ ਸਿਆਣੇ ਕਹਿੰਦੇ ਹਨ ਕਿ ਚਾਹੇ ਸਾਰਾ ਪਿੰਡ ਮਰ ਜਾਏ ਪਰ ਨੰਬਰਦਾਰੀ ਕਿਸੇ ਗ਼ਰੀਬ ਨੂੰ ਨਹੀਂ ਮਿਲਦੀ।
No comments:
Post a Comment