Tuesday, June 28, 2011

ਮੈਂ ਪੁਛਿਆ..... ਉਸ ਕਿਹਾ


ਮੈਂ ਕਿਹਾ
ਕਿ
ਕੀ ਕਰਾਂਗੇ
ਉਸ ਕਿਹਾ
ਗੱਲਾਂ ਕਰਾਂਗੇ
ਅਗਲੀਆਂ ਤੇ ਪਿਛਲੀਆਂ
ਉਰਲੀਆਂ ਤੇ ਪਰਲੀਆ
ਰਹਿ ਗਈਆਂ ਜੋ ਪਿਛਲੀ ਵਾਰੀ
ਬੀਤਦੀ ਜੋ ਨਾਲ ਸਾਡੇ
ਉਸ ਦੀਆਂ ਗੱਲਾਂ ਕਰਾਂਗੇ
ਮੈਂ ਕਿਹਾ
ਗੱਲਾਂ ਕਰਾਂਗੇ?
ਉਸ ਕਿਹਾ
ਨਹੀਂ ਗੱਲਾਂ ਹੀ ਨਹੀਂ
ਇਹ ਤਾਂ ਆਪਣੇ ਕੋਲ ਬੈਠਣ ਦਾ ਬਹਾਨਾ ਹੈ
ਜਦੋਂ ਹੋਵਾਗੇ ਨੇੜੇ
ਤਾਂ
ਹੱਥ ਫੜਾਂਗੇ
ਇਕ ਦੂਜੇ ਦਾ
ਛੋਹ ਕੇ ਦੇਖਾਂਗੇ
ਕਿ
ਇਹ ਕਿਤੇ ਸੁਪਨਾ ਨਹੀਂ ਹੈ
ਇਕ ਦੂਜੇ ਦੀਆਂ ਨਜ਼ਰਾਂ ਵਿੱਚ
ਆਪੋ ਆਪਣਾ ਅਕਸ ਟੋਲਾਂਗੇ
ਤੇ
ਨਾਲੇ ਦੇਖਾਂਗੇ
ਤੇਰੇ ਅੰਦਰ
ਮੇਰੇ ਅੰਦਰ
ਸ਼ਹਿਰ ਦਾ ਨਕਸ਼ਾ ਕਿਹਾ ਹੈ
ਕੀ ਅਜੇ ਵਗਦੀ ਨਦੀ ਹੈ
ਕੀ ਸਮੁੰਦਰ ਹੈਨ ਖਾਲੀ
ਜਾ ਭਰੇ ਹਨ
ਕੀ ਤੇਰੇ ਪਰਬਤ ਸਿਰਾਂ ਤੇ
ਭਾਰ ਚੁਕੀ ਯੱਖ ਬਰਫਾਂ ਦਾ
ਅਜੇ ਡੱਕੇ ਖੜੇ ਹਨ
ਗਲੀਆਂ ਸੜਕਾਂ
ਤੇ
ਦੁਰਾਹੇ, ਚੋਂਕ ਦੇਖਾਂਗੇ
ਅਤੇ ਦੇਖਾਂਗੇ ਹਰ ਇਕ ਥਾਂ
ਜਿਥੇ ਜ਼ਿਬਾਹ ਹੋਈਆਂ
ਰੀਝਾਂ ਦੇ ਪੁਰਾਣੇ ਬੁੱਤ ਬਾਕੀ ਹਨ
ਧਰਤੀ ਗੋਲ ਹੈ ਤੇਰੀ
ਜਾਂ ਹਾਲੇ ਵੀ ਬੜੀ ਚਪਟੀ ਜਿਹੀ ਹੈ
ਹੈ ਇਹ ਦੋੜਦੀ ਸਰਪਟ
ਜਾਂ ਕਿਤੇ ਅਟਕੀ ਖੜੀ ਹੈ
ਮੈਂ ਕਿਹਾ
ਗੱਲਾਂ ਤਾਂ ਆਪਾ ਰੋਜ਼ ਕਰਦੇ ਹਾਂ
ਕਦੇ ਸੁਪਨੇ ਚ ਮਿਲਦੇ ਹਾਂ
ਕਦੇ ਯਾਦਾਂ ਚ ਲੱਭਦੇ ਹਾਂ
ਚੰਗਾ ਹੋਵੇ
ਆਪੋ ਆਪਣੇ ਸ਼ਹਿਰ ਨੂੰ ਹੁਣ ਅਲਵਿਦਾ ਕਹੀਏ
ਰੀਝਾਂ ਤੇ ਪੁਰਾਣੇ ਚਾਅ ਆਪਣੇ ਨਾਲ ਲੈ ਕੇ
ਸਤਰੰਗੀ ਪੀਂਘ ਦੇ ਰੰਗਾਂ ਚ ਟੰਗੀਏ
ਹਵਾ ਵਿੱਚ ਤੈਰਦੇ ਬੱਦਲਾਂ ਨੂੰ
ਆਪਣੇ ਘਰ ਬੁਲਾਈਏ
ਤੇ ਆਪਣੇ ਵਿਹੜੇ
ਸੁਕ ਰਹੇ ਪਿਪਲ ਦੇ ਪੱਤਿਆਂ ਤੇ
ਕੁਝ ਬੂੰਦਾਂ ਚੁਆਈਏ
ਤੇ ਵਰਖਾ ਰੁਤ ਦੇ ਗੀਤ ਗਾਈਏ
ਗੱਲਾਂ ਤੇ ਸਦਾ ਗੱਲਾਂ ਹੀ ਰਹੀਆਂ
ਕੁਝ ਕਹੀਆਂ
ਤੇ ਕੁਝ ਅਣਕਹੀਆਂ
ਕੁਝ ਪਲਾਂ ਨੂੰ
ਇਕ ਦੂਜੇ ਦੇ ਨਾਂ ਕਰੀਏ
ਤੇ ਕੁਝ ਵਕਤ ਆਪਣੇ ਲਈ ਜੀਵੀਏ
ਮੈਂ ਜਾਣਦਾ ਹਾਂ
ਕਿ ਤੂੰ ਕਹੇਂਗੀ
ਕਿ ਘਰੋਂ ਮੈ  ਪੁਛ ਆਵਾਂ
ਮੈਂ ਜਾਣਦਾ ਹਾਂ
ਤੂੰ ਕਦੇ ਨਹੀਂ ਮੁੜੇਗੀ
ਮੈਂ ਹਮੇਸ਼ਾ ਵਾਂਗ
ਤੈਨੂੰ ਉਡੀਕਦਾ ਰਹਿ ਜਾਵਾਂਗਾ

1 comment: