------------------------------------ਦੋ-------------------------------------------
ਗ਼ਜ਼ਲ
ਹਨੇਰਾ ਜਰ ਨਹੀਂ ਹੁੰਦਾ, ਤੇ ਚਾਨਣ ਕਰ ਨਹੀਂ ਹੁੰਦਾ।
ਕਿਸੇ ਦੀਵੇ ਚ’ ਵੀ ਚਾਨਣ ਕਿਸੇ ਤੋਂ ਧਰ ਨਹੀਂ ਹੁੰਦਾ।
ਝਨਾ ਹੈ ਇਸ਼ਕ ਦਾ ਕੈਸਾ ਕਦੇ ਬਾਹਰ ਕਦੇ ਅੰਦਰਕਿਨਾਰੇ ਧਰ ਨਹੀਂ ਹੁੰਦਾ ਕਿਨਾਰਾ ਕਰ ਨਹੀਂ ਹੁੰਦਾ।
ਜ਼ਮਾਨੇ ਦਾ ਚਲਨ ਐਸਾ ਗਿਲਾ ਕਰੀਏ ਤਾਂ ਕੀ ਕਰੀਏਕਦੇ ਵੀ ਬੋਲਦਾ ਸ਼ੀਸ਼ਾ ਕਿਸੇ ਤੋਂ ਜਰ ਨਹੀਂ ਹੁੰਦਾ।
ਕਿਤੇ ਦੀਵਾਨਗੀ ਉਸਦੀ ਕਿਤੇ ਆਸ਼ਕ ਬੜੇ ਉਸ ਦੇਕਿਸੇ ਤੋਂ ਜੀਅ ਨਹੀਂ ਹੁੰਦਾ, ਕਿਸੇ ਤੋਂ ਮਰ ਨਹੀਂ ਹੁੰਦਾ।
ਬਹੁਤ ਮਿਲਦੇ ਬੜੇ ਦਰਿਆ ਜੋ ਆਉਂਦੇ ਝਾਗ ਕੇ ਪੈਂਡਾ
ਕਿਸੇ ਤੋਂ ਪਿਆਸ ਦਾ ਸਾਗਰ ਕਦੇ ਵੀ ਤਰ ਨਹੀਂ ਹੁੰਦਾ।
ਤੇਰੇ ਮਗ਼ਰੋਂ ਬੜੇ ਆਏ ਬੜੇ ਦੇਖੇ ਬੜੇ ਪਰਖੇ
ਬੜਾ ਖਾਲੀ ਅਜੇ ਤੀਕਰ ਕਿਸੇ ਤੋਂ ਭਰ ਨਹੀਂ ਹੁੰਦਾ।
ਮੁਹੱਬਤ ਦਾ ਸਮੁੰਦਰ ਹਰ ਕਿਸੇ ਤੋਂ ਤਰ ਨਹੀਂ ਹੁੰਦਾ।
ਬੇਦਾਅਵਾ ਲਿਖ ਨਹੀਂ ਹੁੰਦਾ ਤੇ ਦਾਅਵਾ ਕਰ ਨਹੀਂ ਹੁੰਦਾ।
ਮੈਂ ਜਗਦੇ ਜੁਗਨੂੰਆਂ ਦੀ ਲੋਅ ਬਨੇਰੇ ਤੇ ਸਜਾ ਆਇਆ
ਕਿ ਚਾਨਣ ਕਰ ਨਹੀਂ ਹੁੰਦਾ ਹਨੇਰਾ ਜਰ ਨਹੀਂ ਹੁੰਦਾ।
ਤੁਸਾਂ ਦੀ ਤਾਂਘ ਹੈ ਦਿਲ ਨੂੰ ਚਲੇ ਆਉ ਚਲੇ ਆਓ
ਇਕੱਲੇ ਜੀ ਨਹੀਂ ਹੁੰਦਾ ਇਕੱਲੇ ਮਰ ਨਹੀਂ ਹੁੰਦਾ।
ਮੈਂ ਜਦ ਵੀ ਝਾਗ ਕੇ ਪੈਂਡਾ ਉਹਦੇ ਘਰ ਤੀਕ ਹਾਂ ਆਇਆ
ਕਦੇ ਉਹ ਘਰ ਨਹੀਂ ਹੁੰਦਾ ਕਦੇ ਉਹ ਘਰ ਨਹੀਂ ਹੁੰਦਾ।
ਹੈ ਸਾਡੀ ਪਿਆਸ ਦਾ ਸਾਰਾ ਸਫ਼ਰ ਮਾਰੂਥਲਾਂ ਵਰਗਾ
ਕਿ ਰੋਹੀਂ ਦੇ ਥਲਾਂ ਅੰਦਰ ਕਿਸੇ ਦਾ ਡਰ ਨਹੀਂ ਹੁੰਦਾ।