Thursday, February 10, 2011

ਬੁਝੇ ਹੋਏ ਦੀਵੇ

ਬੁਝੇ ਹੋਏ ਦੀਵੇ


ਗੁਰਦੀਪ ਸਿੰਘ ਭਮਰਾ / 9878961218

ਕਦੋਂ ਤੱਕ ਆਸ ਰੱਖੋਗੇ
ਚਾਨਣ ਦੀ
ਬੁਝੇ ਹੋਏ ਦੀਵਿਆਂ ਕੋਲੋਂ
ਜਿਹਨਾਂ ਨੇ ਪਾ ਲਈ ਆਦਤ
ਹਨੇਰੀ ਰਾਤ ਦੀ ਖੁਦ ਹੀ
ਜਿਹਨਾਂ ਨੂੰ ਖੁਦ ਹੀ ਆਪਣਾ ਆਪ ਵੀ ਦਿਸਦਾ ਨਹੀਂ
ਜੋ ਲਾ ਕੇ ਸ਼ਊਰ ਦੇ ਤਮਗੇ
ਸਜਾ ਲੈਂਦੇ ਨੇ ਆਪਣੀ ਆਪ ਹੀ ਤਸਵੀਰ ਕੰਧਾਂ ਤੇ
ਤੇ ਬਣ ਕੇ ਬੈਠ ਜਾਂਦੇ ਨੇ
ਆਪਣੀ ਜ਼ਿੰਦਗੀ ਦੇ ਆਪ ਨਾਇਕ
ਉਹ ਜਗਦੇ ਨਹੀਂ
ਨਾ ਬਲਦੇ ਹਨ
ਉਹਨਾਂ ਦੀ ਲੋਅ ਤਾਂ ਬੱਸ
ਤਸਵੀਰ ਉਪਰ ਉਕਰੇ
ਦੀਵੇ ਦੀ ਲੋਅ ਹੈ
ਜਿਹਦੇ ਵਿੱਚ ਰੰਗ ਤੇ ਹੈ
ਸੇਕ ਨਹੀਂ
ਚਾਨਣ ਨਹੀਂ
ਜਿਸ ਨੂੰ ਦੇਖਣ ਲਈ
ਰੋਸ਼ਨੀ ਦੀ ਲੋੜ ਪੈਂਦੀ ਹੈ।
ਬੁਝੇ ਦੀਵੇ
ਤਾਂ ਸੱਭ ਪਾਸੇ
ਹੀ ਹਾਜ਼ਰ ਹਨ
ਘਰਾਂ ਦੇ ਆਲਿਆਂ ਵਿੱਚ
ਬਨੇਰਿਆਂ ਤੇ ਪਾਲ ਬੰਨ੍ਹੀ
ਆਪਣੇ ਚਿਹਰਿਆਂ ਤੇ
ਲੋਅ ਸਜਾ ਕੇ
ਮਹਿਫ਼ਲਾਂ ਦਾ ਸ਼ਿੰਗਾਰ ਬਣਦੇ ਹਨ।
ਬੁਝੇ ਦੀਵੇ
ਬੁਝਾ ਦਿੰਦੇ ਨੇ
ਹਰ ਦੀਵਾ
ਤੇ ਕਹਿੰਦੇ ਨੇ
ਕਿ ਹੁਣ ਇਸ ਸ਼ਹਿਰ ਨੇ
ਹਨੇਰੇ ਦੀ ਆਦਤ ਪਾ ਲਈ ਹੈ।
ਕਿ ਇਸ ਸ਼ਹਿਰ ਵਿੱਚ
ਜਗਦੇ ਦੀਵਿਆਂ ਤੋਂ
ਸਹਿਮ ਜਾਂਦੇ ਹਨ
ਦਰੋ ਦਿਵਾਰ ਤੇ ਪਰਦੇ
ਜਗਦੇ ਦੀਵਿਆਂ ਵਿੱਚ ਸੇਕ ਹੁੰਦਾ ਹੈ
ਅੱਗ ਹੁੰਦੀ ਹੈ
ਤੇ ਜਿਸਮ ਨੂੰ ਝੁਲਸਾ ਦੇਣ ਵਾਲੀ
ਦੂਰ ਤੱਕ ਚਾਨਣ ਕਰਨ ਵਾਲੀ
ਇਹ ਸ਼ਹਿਰ ਬਹੁਤ ਡਰਦਾ ਹੈ
ਅੱਗ ਤੋਂ
ਇਸੇ ਲਈ ਸ਼ਹਿਰ ਨੂੰ
ਬੁਝੇ ਦੀਵਿਆਂ ਦੀ
ਆਦਤ ਪੈ ਗਈ ਹੈ।

No comments:

Post a Comment