Sunday, February 6, 2011

ਤਿੰਨ

ਤਿੰਨ

ਟਿਕੀ ਰਾਤ ਵਿਚ ਸਹਿਮ ਦਾ ਪਹਿਰਾ ਹੈ
ਤੇ ਇਸ ਸਹਿਮ ਦੀ ਚਾਦਰ ਨੇ ਢੱਕ ਲਿਆ ਹੈ
ਸਮੇਂ ਦਾ ਵਜੂਦ
ਮੇਰਾ ਕਮਰਾ
ਮੇਰੇ ਬੱਚੇ
ਕਿੰਨੇ ਸ਼ਬਦ ਸਾਡੇ ਦਰਮਿਆਨ ਉੱਗ ਆਏ ਹਨ
ਸ਼ਬਦ ਕੋਸ਼ਾਂ ਵਿਚੋਂ ਨਿਕਲ ਕੇ
ਅਖ਼ਬਾਰਾਂ ਚੋਂ ਤਿਲਕ ਕੇ
ਅਕਾਸ਼ਵਾਣੀ ਤੋਂ ਪਿਘਲ ਕੇ
ਡਰ
ਮੌਤ
ਜੰਗ
ਮੋਰਚੇ
ਟੈਂਕ
ਹਵਾਈ ਜਹਾਜ਼
ਬੰਬ
ਫੌਜਾਂ ਦੀਆਂ ਲੰਬੀਆਂ ਲੰਬੀਆਂ ਕਾਨਵਾਈਆਂ
ਬਲੈਕ ਆਊਟ
ਬੱਚੇ ਪੁੱਛਦੇ ਨੇ
ਲੜਾਈ ਕਿੱਥੇ ਹੋਵੇਗੀ
ਬਾਰਡਰ ਤੇ
ਜਿੱਥੇ ਝੰਡਿਆਂ ਨੂੰ ਸਲਾਮੀ ਦਿੱਤੀ ਜਾਂਦੀ ਹੈ?
ਖੇਤਾਂ ਵਿਚ ਜਿੱਥੇ ਨਵੀਂ ਬੀਜੀ ਕਣਕ ਨੂੰ ਪਾਣੀ ਲੱਗਾ ਹੈ
ਹਵਾਈ ਜਹਾਜ਼ ਕਿਵੇਂ ਆਉਂਦੇ ਹਨ
ਬੰਬ ਕਿਵੇਂ ਡਿੱਗਦੇ ਹਨ
ਬੰਬ ਕਿਵੇਂ ਫੱਟਦੇ ਹਨ
ਕੀ ਸਾਰੇ ਘਰ ਟੁੱਟ ਜਾਣਗੇ?
ਮੇਰੀ ਗੁੱਡੀ ਦਾ ਘਰ ਵੀ
                ਜੋ ਆਪਾਂ ਕੱਲ੍ਹ ਹੀ ਬਣਾਇਆ ਹੈ?
ਬੱਚੇ ਪੁੱਛਦੇ ਹਨ
ਤੇ ਮੈਂ ਅਖ਼ਬਾਰ ਵਿਚੋਂ
ਦੂਰਦਰਸ਼ਨ ਦੇ ਸਮਾਚਾਰ ਵਿਚ ਬੋਲ ਰਹੇ
ਕਿਸੇ ਮੰਤਰੀ ਦੇ ਸ਼ਬਦਾਂ ਵਿਚ ਇਹਨਾਂ ਸੱਭ ਦਾ ਜੁਆਬ ਲੱਭਦਾ ਹਾਂ
ਮੈਂ ਹਰ ਕੋਸ਼ਿਸ਼ ਕਰਦਾ ਹਾਂ
ਕਿ ਬਹਾਦਰੀ, ਨਿਡਰਤਾ, ਨਿਰਭੈਤਾ
ਦਲੇਰੀ, ਦੇਸ਼ ਭਗਤੀ,
ਸ਼ਹੀਦ
ਕੌਮ
ਅਣਖ ਵਰਗੇ ਸ਼ਬਦ ਕਮਰੇ ਵਿਚ ਫੈਲਾ ਦਿਆਂ
ਤੇ ਇਹਨਾਂ ਦੀ ਰੋਸ਼ਨੀ ਵਿਚ
ਿਚਆਂ ਦੀਆਂ ਅੱਖਾਂ ਵਿੱਚ ਮੁੜ ਕੇ ਝਾਕ ਸਕਾਂ,
ਪਰ ਮੈਨੂੰ ਇਕ ਬੇਬਸ ਧੁੰਦ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ।
ਸਹਿਮ ਦੀ ਚਾਦਰ ਨੇ ਸਾਨੂੰ ਪੂਰੀ ਤਰਾਂ ਢੱਕ ਲਿਆ ਹੈ
ਟਿਕੀ ਰਾਤ ਵਿਚ ਕੋਈ ਆਵਾਜ਼ ਨਹੀਂ ਆਉਂਦੀ
ਕਮਰੇ ਦੇ ਬਾਹਰ ਤੇ ਅੰਦਰ
ਸਹਿਮ ਦਾ ਪਹਿਰਾ ਹੈ
ਡਰ ਦੀ ਧੁੰਦ ਹੈ
ਸਹਿਮ ਦਾ ਪਹਿਰਾ ਹੈ।

No comments:

Post a Comment