Thursday, February 10, 2011

ਤੇਰੀ ਬਾਣੀ

 

ਗੁਰਦੀਪ ਸਿੰਘ ਭਮਰਾ

9878961218

 

ਤੂੰ ਗਾਵੇਂ ਤਾਂ ਇਓਂ ਲਗਦਾ ਹੈ
ਅੰਬਰ ਗਾਉਂਦਾ
ਸੂਰਜ ਗਾਉਂਦਾ
ਤਾਰੇ ਗਾਉਂਦੇ
ਦੂਰ ਪੁਲਾੜਾਂ ਅੰਦਰ ਭਾਉਂਦੇ
ਐਪਰ ਜਿਹੜੇ ਨਜ਼ਰ ਨਾ ਆਉਂਦੇ
ਨਾ ਅਸਮਾਨੀਂ
ਨਾ ਪਾਤਾਲੀਂ
ਉਹ ਸਾਰੇ ਦੇ ਸਾਰੇ ਗਾਉਂਦੇ
ਤੇਰੀ ਸੁਰ ਨਾਲ ਇਕ ਸੁਰ ਹੁੰਦੇ
ਤੇ ਤਾਲਾਂ ਨਾਲ ਤਾਲ ਨਾਲ ਰਲਾਉਂਦੇ
ਕਦੇ ਕਦੇ ਉਹ ਬਣ ਜਾਂਦੇ ਨੇ
ਥਾਲ ਗਗਨ ਦਾ
ਜਿਸ ਵਿਚ ਰੱਖ ਕੇ
ਚੰਨ ਤੇ ਤਾਰੇ
ਸੂਰਜ ਸਾਰੇ
ਬਣ ਬਹਿੰਦੇ ਨੇ
ਜਗਮਗ ਕਰਦੇ ਦੀਪਕ ਕੋਈ
ਤੂੰ ਗਾਵੇਂ ਤਾਂ ਸਾਰੇ ਗਾਉਂਦੇ
ਇੱਕ ਸੁਰ ਹੋ ਕੇ
ਇੱਕ ਰਸ ਹੋ ਕੇ
ਤੇਰੀ ਕਵਿਤਾ ਦੇ ਉਹ ਨਾਇਕ
ਤੇਰੀ ਕਵਿਤਾ ਦੇ ਉਹ ਗਾਇਕ
ਤੇਰੀ ਕਵਿਤਾ, ਧੁਰ ਦੀ ਕਵਿਤਾ
ਧੁਰ ਅੰਦਰ ਉਤਰਣ ਦੀ ਕਵਿਤਾ
ਮਨ ਦੀਆਂ ਧੁਰ ਗਹਿਰਾਈਆਂ ਅੰਦਰ
ਅੰਬਰੋਂ ਪਰੇ ਉਚਾਈਆਂ ਅੰਦਰ
ਤੂੰ ਗਾਵੇਂ ਤਾਂ ਇਉਂ ਲਗਦਾ ਹੈ
ਸੱਭ ਗਾਉਂਦੇ ਹਨ
ਪੰਛੀ, ਰੁਖ ਬੱਦਲ ਤੇ ਪੌਣਾ
ਕਦੇ ਮੇਘਲਾ
ਕਦੇ ਬਹਾਰਾਂ
ਸੱਭ ਨੂੰ ਤੇਰੀ ਰੋਕ ਨਾ ਕੋਈ
ਸੱਭ ਨੂੰ ਤੇਰੀ ਟੋਕ ਨਾ ਕੋਈ
ਆਪੋ ਆਪਣੇ ਹਿੱਸੇ ਦਾ
ਗਾਉਂਦੇ ਨੇ ਸਾਰੇ
ਗੀਤ ਤੇਰੇ
ਕੁਦਰਤ ਦੀ ਰਚਨਾ
ਕੁਦਰਤ ਦੇ ਕਾਦਰ ਦੀ ਰਚਨਾ
ਹੁਕਮ ਰਜਾਈ ਅੰਦਰ ਵੱਸਣਾ
ਆਪੋ ਆਪਣੇ ਕਾਰਜ ਅੰਦਰ
ਗਾਉਣਾ ਸੁਰ ਨਾਲ ਸੁਰ ਮਿਲਾ ਕੇ
ਜੀਣਾ ਤਾਲ ਨਾਲ ਤਾਲ ਮਿਲਾ ਕੇ
ਸੱਚੀ ਸੁੱਚੀ ਤੇਰੀ ਬਾਣੀ
ਪੜ੍ਹਦੇ ਸੁਣਦੇ
ਛੋਹ ਜਾਂਦੀ ਹੈ
ਰੂਹ ਦੀਆ ਕੁੱਲ ਗਹਿਰਾਈਆਂ
ਜਾਂ ਅੰਬਰ ਤੋਂ ਉੱਚੀ
ਸੱਚੀ ਸੁੱਚੀ ਤੇਰੀ ਬਾਣੀ
ਸੁਣਦੀ ਪੜ੍ਹਦੀ ਇਹ ਰੂਹ ਮੇਰੀ
ਤੇਰੇ ਨਾਂ ਹੋ ਜਾਵੇ
ਜਦ ਮੇਰੇ ਧੁਰ ਅੰਦਰ ਦੀ
ਰਬਾਬ ਕੋਈ ਛੋਹ ਜਾਵੇ
ਕਿੰਨੀ ਸੁੱਚੀ ਸੁੱਚੀ ਤੇਰੀ ਬਾਣੀ
ਰੂਹ ਦੇ ਖੰਭਾਂ ਨਾਲ ਉਡਾਰੀ
ਤਰ ਜਾਵਣ ਲਈ
ਅੰਬਰ ਸਾਰੇ
ਲ਼ੱਖ ਅਸਮਾਨੀਂ ਚਮਕਣ ਤਾਰੇ
ਕੋਹ ਕਰੋੜੀ ਚਲਤ ਨਾ ਹਾਰੇ
ਸੂਰਜ ਚੰਦ ਅਣਗਿਣਤ ਸਿਤਾਰੇ
ਪੱਲੂ ਅੰਦਰ
ਚੁਣ ਚੁਣ ਸਾਰੇ
ਪੈਰਾਂ ਹੇਠਾਂ ਜਿਵੇਂ ਖਿਲਾਰੇ
ਤੇਰੇ ਨੇੜੇ ਬਹਿ ਕੇ ਦੇਖਾਂ
ਮੈਂ ਤੈਨੂੰ ਕਾਦਰ ਦਾ ਹਾਣੀ
ਤੇਰੇ ਮੂੰਹੋਂ ਤੇਰੀ ਬਾਣੀ
ਲੱਖ ਪਿਆਸਾ ਸਾਗਰ
ਆਪਣੀ ਤੇਹ ਮਿਟਾਏ
ਪੀ ਕੇ ਪਾਣੀ
ਤੇਰੀ ਬਾਣੀ
ਸੱਚੀ ਸੁੱਚੀ
ਰੂਹ ਦੀ ਹਾਣੀ
ਰੂਹ ਨੇ ਸਮਝੀ
ਰੂਹ ਨੇ ਜਾਣੀ।
ਤੇਰੀ ਬਾਣੀ।

No comments:

Post a Comment