Thursday, February 10, 2011

ਸਫ਼ਰ ਤੇ ਸਫ਼ਲਤਾ

ਗੁਰਦੀਪ ਸਿੰਘ ਭਮਰਾ

9878961218

ਘਰ ਤੋਂ ਬਾਹਰ ਜਦੋਂ ਟੁਰੇ ਸਾਂ

ਕਿੰਨਾ ਕੁਝ ਸੀ,

ਆਪਣਾ ਸਾਥੀ

ਸਧਰਾਂ, ਸੁਪਨੇ ਅਤੇ ਉਮੰਗਾਂ

ਮਨ ਦੇ ਅੰਦਰ ਅਨਤ ਤਰੰਗਾਂ

ਧੁਰ ਅਸਮਾਨੀਂ ਜਾ ਪਹੁੰਚਣ ਦਾ

ਦਾਅਵਾ ਵੀ ਸੀ

ਅੰਬਰ ਨੂੰ ਹੱਥ ਲਾ ਕੇ ਮੁੜਣਾ

ਸਾਰੇ ਤਾਰੇ ਤੋੜ ਲਿਆੳਣੇ

ਇੱਕ ਇੱਕ ਕਰਕੇ

ਤੇਰੇ ਸੁਪਨੇ ਵਿੱਚ ਸਜਾਉਣੇ।

ਮੰਨਿਆ ਸਿਰ ਤੇ ਛਾਂ ਨਹੀਂ ਸੀ

ਮੰਨਿਆ ਆਪਣਾ ਨਾਂ ਨਹੀਂ ਸੀ

ਮੰਨਿਆ ਆਪਣੀ ਥਾਂ ਨਹੀਂ ਸੀ

ਮੰਨਿਆ ਜਾਣ-ਪਛਾਣ ਨਹੀਂ ਸੀ

ਮੰਨਿਆ ਇੱਜ਼ਤ ਮਾਣ ਨਹੀਂ ਸੀ

ਪਰ ਪੈਰਾਂ ਨੂੰ ਰੋਕ ਨਹੀਂ ਸੀ

ਤੇ ਰਾਹਵਾਂ ਵਿੱਚ ਟੋਕ ਨਹੀਂ ਸੀ

ਸਾਰੀ ਦੁਨੀਆ ਹੀ ਆਪਣੀ ਸੀ

ਰੰਗਾਂ ਦੀ ਫੁਲਕਾਰੀ ਵਰਗੀ

ਤੇ ਮਿੱਤਰਾਂ ਦੀ ਯਾਰੀ ਵਰਗੀ

ਅੰਬਰ ਦਾ ਰੰਗ ਗੂੜ੍ਹਾ ਨੀਲਾ

ਪਾਣੀ ਸੀ ਸਾਗਰ ਦਾ ਡੂੰਘਾ

ਨੀਲੇ ਅੰਬਰ

ਤੇ ਬੱਦਲਾਂ ਦਾ ਆਉਣਾ ਜਾਣਾ

ਕਦੇ ਕਦੇ ਹੱਸਣਾ ਮੁਸਕਾਣਾ

ਪਾਣੀ ਵਿੱਚ ਸੀ ਸੋਨ ਮਛਲੀਆਂ

ਕੋਮਲ ਤਨ ਰੰਗਾਂ ਨਾਲ ਭਰੀਆਂ

ਜਲ ਪਰੀਆਂ ਪੱਤਣਾਂ ‘ਤੇ ਖੜੀਆਂ

ਨੈਣ ਮਿਲਾਵਣ

ਕੋਲ ਬੁਲਾਵਣ

ਕਰਨ ਇਸ਼ਾਰੇ

ਹਾਸੇ ਘੋਲਣ

ਤੇ ਜੋ ਬੋਲਣ

ਉਹ ਨੈਣਾਂ ਦੀ ਬੋਲੀ ਸਾਨੂੰ ਸਮਝ ਨਾ ਆਵੇ

ਸੁਪਨੀਲੇ ਸੁਪਨੀਲੇ ਜਾਪਣ ਨੈਣ ਉਹਨਾਂ ਦੇ

ਮਦਹੋਸ਼ੀ ਦਾ ਜਾਮ ਪਿਲਾਵਣ

ਤੇ ਖਾਬਾਂ ਲਈ ਸੇਜ ਸਜਾਵਣ

ਰਾਹ ਰੋਕਣ ਲਈ ਆਣ ਖੜਦੀਆਂ

ਪੈਰ ਫੜਦੀਆਂ

ਤਰਲੇ ਮਾਰਨ

ਐਪਰ ਪੈਰ ਕਦੇ ਨਾ ਰੁਕਦੇ

ਟੁਰ ਪੈਂਦੇ ਜੋ

ਉਹ ਲੰਮੇ ਰਾਹਵਾਂ ਦੇ ਪਾਂਧੀ

ਲੰਮੇ ਪੈਂਡੇ

ਝਾਗ ਝਾਗ ਕੇ

ਜਦੋਂ ਮੁੜੇ ਹਾਂ

’ਕੱਲਮ ਕੱਲੇ

ਜੋ ਕੁਝ ਹੈ ਮੋਢੇ ਦੇ ਉਪਰ

ਜੋ ਕੁਝ ਹੈ ਉਹ ਦੇ ਸਿਰ ਤੇ ਚਾਅ ਕੇ

ਸੁਕੇ ਦਰਿਆਵਾਂ ਦੀ ਰੇਤਾ

ਨਾ ਪਾਣੀ ਨਾ ਸੋਨ ਮਛਲੀਆ

ਨਾ ਤਾਰੇ ਨਾ ਖਾਬ ਨਾ ਰੀਝਾਂ

ਬੇਬੱਸ ਰੁੱਤ ਦੀ ਬਿਹਬਲਤਾ ਹੈ

ਮੈਂ ਟੁੱਟੇ ਸੁਪਨੇ

ਰੀਝਾਂ ਦੀਆਂ ਟੁਟੀਆਂ ਵੰਗਾਂ

ਜੋੜ ਜੋੜ ਕੇ ਰੰਗਾਂ ਚੋਂ ਲੱਭ ਰਿਹਾ ਹਾਂ

ਆਪਣੇ ਨਾਂ ਦੇ ਸਾਰੇ ਅੱਖਰ

ਐਵੇਂ ਬੇਬਸ ਭਟਕ ਰਿਹਾ ਹਾਂ

ਇਧਰ ਓਧਰ।

No comments:

Post a Comment