ਸ਼ਰਧਾਂਜਲੀ, ਟੈਲੀਵੀਜ਼ਨ ਨੂੰ
ਗੁਰਦੀਪ ਸਿੰਘ ਭਮਰਾ / 9878961218
ਮੈਂ ਕਿਹੜਾ ਚੈਨਲ ਦੇਖਾਂ
ਇੱਕ ਵੇਲਾ ਸੀ ਜਦੋਂ ਟੈਲੀਵੀਯਨ ਘਰਾਂ ਦੀ ਸ਼ਾਨ ਸਮਝਿਆ ਜਾਂਦਾ ਸੀ। ਘਰ ਦੀ ਬੈਠਕ ਜਾਂ ਡਰਾਇੰਗ ਰੂਮ ਵਿੱਚ ਇਸ ਲਈ ਇੱਕ ਨਿਵੇਕਲਾ ਕੋਨਾ ਮੋਜੂਦ ਹੁੰਦਾ ਸੀ। ਇਸ ਵਾਸਤੇ ਮਹਿੰਗੀਆਂ ਮਹਿੰਗੀਆਂ ਅਲਮਾਰੀਆਂ ਬਣਵਾਈਆਂ ਜਾਂਦੀਆਂ ਤੇ ਭਾਵੇਂ ਇਸ ਰੰਗੀਨ ਨਹੀਂ ਸੀ, ਇਸ ਦੀ ਰੋਜ਼ ਬਾਕਾਇਦਾ ਝਾੜ ਪੂੰਝ ਹੁੰਦੀ ਸੀ। ਸ਼ਾਮ ਪੈਣੀ ਤਾਂ ਸਾਰਾ ਪਰਵਾਰ ਬੈਠਕ ਵਿੱਚ ਜੁੜਦੇ ਤੇ ਇਸ ਦੇ ਸਾਹਮਣੇ ਬੈਠ ਕੇ ਸਾਰੇ ਕੰਮ ਕਾਰ ਛੱਡ ਛਡਾ ਕੇ ਬੈਠਦੇ ਤੇ ਜੋ ਕੁਝ ਦਿਖਾਇਆ ਜਾਂਦਾ ਦੇਖਦੇ। ਚਿੱਤਰ ਹਾਰ, ਫਿਲਮਾਂ ਖ਼ਬਰਾਂ ਤੇ ਭਖਦੇ ਮਸਲੇ ਦੇਖੇ ਜਾਂਦੇ, ਖੇਡ ਮੈਚਾਂ ਦਾ ਅਨੰਦ ਮਾਣਿਆ ਜਾਂਦਾ। ਉਹ ਦਿਨ ਯਾਦ ਆਉਂਦੇ ਹਨ ਜਦੋਂ ਰਾਮਇਣ ਤੇ ਮਹਾਂਭਾਰਤ ਵਰਗੇ ਮਹਾਂਕਾਵਿ ਨਹਾਂ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤੇ ਜਾਂਦੇ ਤੇ ਸਾਰਾ ਪਰਵਾਰ ਪੂਰੀ ਸ਼ਰਧਾ ਨਾਲ ਉਹਨਾਂ ਨੂੰ ਦੇਖਦਾ। ਗਲੀਆਂ ਸੜਕਾਂ ਉਪਰ ਸੁੰਨਸਾਨ ਵਰਤ ਜਾਂਦੀ ਤੇ ਮਹੱਤਵਪੂਰਨ ਪ੍ਰੋਗਰਾਮ ਵੀ ਅੱਗੇ ਪਿੱਛੇ ਕਰ ਦਿੱਤੇ ਜਾਂਦੇ।
ਵਕਤ ਬਦਲਿਆ। ਕੇਬਲ ਯੁਗ ਦਾ ਆਰੰਭ ਹੋ ਗਿਆ। ਪਹਿਲਾਂ ਟੈਕਨੀਕ ਆਈ ਫਿਰ ਸਰਕਾਰ ਆਈ ਤੇ ਉਸ ਟੈਕਨੀਕ ਉਪਰ ਲਾਇਸੈਂਸ ਦੀ ਮੋਹਰ ਲਾ ਦਿੱਤੀ। ਟੈਲੀਵਿਯਨ ਦਾ ਰੰਗ ਬਦਲ ਗਿਆ। ਚਿੱਟੇ ਕਾਲੇ ਤੋਂ ਰੰਗੀਨ ਹੋ ਗਿਆ। ਚੈਨਲਾਂ ਦੀ ਗਿਣਤੀ ਵੱਧ ਗਈ। ਮਨੋਰੰਜਨ ਦਾ ਪਲੜਾ ਭਾਰੀ ਹੋ ਗਿਆ। ਕਿਉਂ ਕਿ ਮਨੋਰੰਜਨ ਵਿੱਚ ਆਰਾਮ ਹੋਣਾ ਚਾਹਿਦਾ ਹੈ, ਇਸ ਲਈ ਟੈਲੀਵਿਯਨ ਦਾ ਸਥਾਨ ਵੀ ਬਦਲ ਗਿਆ। ਬੈਠਕ ਚੋਂ ਨਿਕਲ ਕੇ ਸੌਣ ਵਾਲੇ ਕਮਰੇ ਵਿੱਚ ਪਹੁੰਚ ਗਿਆ। ਦੇਰ ਰਾਤ ਤੱਕ ਪ੍ਰੋਗਰਾਮ ਦੇਖਣ ਤੇ ਜੋ ਮਰਜ਼ੀ ਦੇਖਣ ਦੀ ਸਹੂਲਤ ਹੋਣ ਕਰਕੇ ਚੈਨਲਾਂ ਵਾਲਿਆਂ ਨੇ ਖੁਲ੍ਹ ਲੈਣੀ ਸ਼ੁਰੀ ਕਰ ਦਿੱਤੀ। ਟੈਲੀਵਿਯਨ ਜੋ ਪਹਿਲੇ ਪੂਰੇ ਪਰਵਾਰ ਨੂੰ ਬੰਨ੍ਹ ਕੇ ਰੱਖਣ ਦਾ ਸਾਧਨ ਸੀ ਹੁਣ ਉਸ ਨੇ ਸਾਰੇ ਪਰਵਾਰ ਨੂੰ ਵੱਖ ਵੱਖ ਕਮਿਰਆਂ ਵਿੱਚ ਵੰਡ ਦਿਤਾ। ਜਿੰਨੇ ਕਮਰੇ ਉੰਨੇ ਟੈਲੀਵੀਯਨ ਸੈਟ। ਪ੍ਰਾਈਵੇਸੀ ਦਾ ਜ਼ਮਾਨਾ ਸ਼ੁਰੂ ਹੋ ਗਿਆ ਸੀ।
ਅੱਜ ਕਲ੍ਹ ਮੇਰੇ ਬੱਚੇ ਜ਼ਿਦ ਕਰਦੇ ਹਨ ਕਿ ਐਲ ਸੀ ਡੀ ਜਾਂ ਪਲਾਜ਼ਮਾ ਟੈਲੀਵਿਯਨ ਲੈਣਾ ਹੈ, ਪਰ ਮੈਂ ਪੁੱਛਦਾ ਹਾਂ ਕਿਉਂ? ਟੈਲੀਵਿਜ਼ਨ ਉਪਰ ਕੋਈ ਪ੍ਰਗਰਾਮ ਨਹੀਂ ਆਉਂਦਾ ਸਿਵਾਏ ਕਮਰਸ਼ਿਅਲ ਬਰੇਕ ਅਤੇ ਫਿਰ ਦੇਰ ਦੇਰ ਤੱਕ ਬੇਤੁਕੇ ਤੇ ਬੇਥਵੇ ਇਸ਼ਤਿਹਾਰ ਦੇਖਣ ਨੂੰ ਮਿਲਦੇ ਹਨ, ਇੰਜ ਲੱਗਦਾ ਹੈ ਕਿ ਜਿਵੇਂ ਸਬਜੀ ਮੰਡੀ ਵਿੱਚ ਖੜੇ ਹੋਈਏ ਤੇ ਸਾਰੇ ਦੁਕਾਨਦਾਰ ਇੱਕਲੇ ਗਾਹਕ ਨੂੰ ਦੇਖ ਕੇ ਆਵਾਜ਼ਾਂ ਮਾਰ ਰਹੇ ਹੋਣ। ਕੋਈ ਆਪਣਾ ਸਾਬਣ ਵਡਿਆਉਂਦਾ ਹੈ ਕੋਈ ਆਪਣਾ ਵਾਸ਼ਿੰਗ ਪਾਊਡਰ, ਕੋਈ ਟੁੱਥਪੇਸਟ ਵੇਚ ਰਿਹਾ ਹੈ ਤੇ ਕੋਈ ਦਵਾਈਆਂ, ਕੋਈ ਸੈਕਸ ਵੇਚ ਰਿਹਾ ਹੈ ਕੋਈ ਸੈਕਸ ਤੋਂ ਮਿਲਣ ਵਾਲੀ ਤ੍ਰਿਪਤੀ, ਸੱਭ ਕੁਝ ਵਿਕ ਰਿਹਾ ਹੈ, ਲੀਡਰ, ਨੇਤਾ, ਭਾਸ਼ਣ, ਸ਼ਾਸ਼ਣ ਤੇ ਦੁਸ਼ਾਸ਼ਣ ਸੱਭ ਕੁਝ, 30 ਸੈਕਿੰਡ ਦੀ ਖ਼ਬਰ ਦੇਖਣ ਲਈ ਪੰਜ ਮਿੰਟ ਦੇ ਇਸ਼ਤਿਹਾਰ ਦੇਖਣੇ ਪੈਂਦੇ ਹਨ। ਹਰ ਇਸ਼ਤਿਹਾਰ ਤਕਰੀਬਨ 30 ਸੈਕੰਡ ਦਾ ਤੇ ਹਰ ਤੀਹ ਸੈਕਿੰਡ ਬਾਅਦ ਫਿਰ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪਤਾ ਨਹੀਂ ਕਿਉਂ ਟੈਲੀਵੀਗ਼ਨ ਚੈਨਲਾਂ ਵਾਲੇ ਆਪਣੇ ਗਾਹਕਾਂ ਦਾ ਕਿਉਂ ਨਹੀਂ ਸੋਚਦੇ, ਆਖਰ ਅਸੀਂ ਵੀ ਤਾਂ ਉਹਨਾਂ ਨੂੰ ਮਹੀਨਾ ਭਰਦੇ ਹਾਂ ਪਰ ਸਰਮਾਇਆਦਾਰੀ ਨੇ ਸੱਭ ਕੁਝ ਖੋਹ ਲਿਆ ਹੈ, ਚੈਨ, ਆਰਾਮ, ਨੈਤਿਕਤਾ, ਸ਼ਰਮ, ਭਾਸ਼ਾ, ਲਿਬਾਸ, ਸ਼ਰਾਫ਼ਤ, ਤੇ ਸਾਨੂੰ ਇਕ ਦੂਜੇ ਦੇ ਸਾਹਮਣੇ ਹੀ ਨੰਗੇ ਕਰ ਦਿੱਤਾ ਹੈ। ਪ੍ਰੋਗਰਾਮ ਹਨ ਕਿ ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦੇ ਕਿ ਤੁਸੀਂ ਦੇਖੇ ਹਨ, ਭਾਸ਼ਾ ਹੈ ਕਿ ਉਹ ਤੁਸੀਂ ਬੋਲ ਨਹੀਂ ਸਕਦੇ। ਚਘਲੇ ਹੋਏ ਸ਼ਬਦ ਜਿਹਨਾਂ ਨੂੰ ਚੰਗੇ ਘਰਾਂ ਦੇ ਲੋਕ ਨਹੀਂ ਸਨ ਬੋਲਦੇ ਅੱਜ ਸਾਡੇ ਦਿਮਾਗਾਂ ਵਿੱਚ ਬੇਖੌਫ਼ ਘੁੰਮ ਰਹੀ ਹੈ। ਮੈਂ ਬਜ਼ਿਦ ਹਾਂ ਕਿ ਐਲ ਸੀ ਡੀ ਨਹੀਂ ਖਰੀਦਾਗਾਂ। ਮੇਰਾ ਵੱਸ ਚੱਲੇ ਤਾਂ ਮੈਂ ਟੈਲੀਵੀਜ਼ਨ ਨੂੰ ਸਦਾ ਵਾਸਤੇ ਅਲਵਿਦਾ ਆਖ ਦਿਆਂ ਤੇ ਬਾਹਰ ਲਿਖ ਕੇ ਲਗਾ ਦਿਆਂ, ਕਿ ਇਸ ਦਿਵਾਰ ਉਪਰ ਇਸ਼ਤਿਹਾਰ ਲਗਾਉਣਾ ਸਖ਼ਤ ਮਨ੍ਹਾ ਹੈ।
ਇਸ਼ਤਿਹਾਰ ਆਪਣੇ ਨਾਲ ਕਿੰਨਾ ਕੁਝ ਲੈ ਕੇ ਆਏ ਹਨ, ਪੈਸਾ, ਸ਼ੋਹਰਤ, ਵਾਪਾਰ, ਸ਼ਾਇਦ ਇਸ ਨਾਲ ਦੇਸ਼ ਦੀ ਜੀ ਡੀ ਪੀ ਵਧ ਗਈ ਹੋਵੇਗੀ, ਪਰ ਵਾਸਿੰਗ ਪਾਊਡਰਾਂ ਬਾਵਜੂਦ ਦੇਸ਼ ਦੇ ਨੇਤਾਵਾਂ ਦਾ ਕਿਰਦਾਰ ਗਿਰ ਰਿਹਾ ਹੈ, ਘਪਲੇ ਵੱਧ ਰਹੇ ਹਨ, ਘਪਲਿਆਂ ਦਾ ਆਕਾਰ ਵੱਡਾ ਹੋ ਰਿਹਾ ਹੈ। ਟੁੱਥਪੇਸਟਾਂ ਦੇ ਬਾਵਜੂਦ ਦੇਸ਼ ਦੇ ਬਹੁਤ ਲੋਕਾਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ, ਭਾਸ਼ਾ ਦਾ ਮਿਆਰ ਡਿਗ ਰਿਹਾ ਹੈ, ਨੌਕਰੀਆਂ ਦਾ ਆਕਾਰ ਛੋਟਾ ਪੈ ਗਿਆ ਹੈ ਤੇ ਤਨਖਾਹ ਦੀ ਮਿਕਦਾਰ ਘੱਟ ਰਹੀ ਹੈ, ਮਹਿੰਗਾਈ ਵੱਧ ਰਹੀ ਹੈ ਇਸ ਵੱਧਦੇ ਹੋਏ ਖਰਚੇ ਦੇ ਦੌਰ ਮੈਂ ਸਿੱਧੀ ਚੋਟ ਟੈਲੀਵੀਜ਼ਿਨ ਉਪਰ ਕਰਨੀ ਚਾਹੁੰਦਾ ਹਾਂ ਤੇ ਇਸ ਨੂੰ ਆਪਣੀ ਜ਼ਿੰਦਗੀ ਚੋਂ ਦੇਸ਼ ਨਿਕਾਲਾ ਦੇ ਦੇਣਾ ਚਾਹੁੰਦਾ ਹਾਂ ਤਦ ਤੱਕ ਜਦੋਂ ਤੱਕ ਇਹ ਆਪਣੀ ਸਹੀ ਹਾਲਤ ਵਿੱਚ ਨਹੀਂ ਆ ਜਾਂਦਾ।
No comments:
Post a Comment