Monday, June 27, 2011

ਅਨਹਦ ਸ਼ਬਦ


ਅਨਹਦ ਸ਼ਬਦ

ਗੁਰਦੀਪ ਸਿੰਘ ਭਮਰਾ


ਗੁਰਮੱਤ ਵਿੱਚ ਬਾਰ ਬਾਰ ਅਨਹਦ ਧੁਨ ਦੀ ਗੱਲ ਕੀਤੀ ਗਈ ਹੈ। ਇਹ ਅਨਹਦ ਧੁਨ ਕੀ ਹੈ? ਇਸ ਬਾਰੇ ਕਈ ਤਰ੍ਹਾਂ ਦੇ ਸਪਸ਼ਟੀਕਾਰਨ ਮਿਲਦੇ ਹਨ। ਕੁਝ ਕਥਾਕਾਰ  ਯੋਗ ਮੱਤ ਦੇ ਹਵਾਲੇ ਨਾਲ ਇਸ ਵਾਸਤੇ ਦਸਵੇਂ ਦੁਆਰ ਤੱਕ ਸੁਰਤ ਲੈ ਕੇ ਜਾਣ ਦੀ ਵਿਧੀ ਦੱਸਦੇ ਹਨ। ਕੁਝ ਤ੍ਰਿਕੁਟੀ ਉਪਰ ਧਿਆਨ ਲਾਉਣ ਵੱਲ ਇਸ਼ਾਰਾ ਕਰਦੇ ਹਨ। ਗੁਰਬਾਣੀ ਵਿੱਚ ਅਨਾਦਿ ਸ਼ਬਦ ਦਾ ਅਰਥ ਦਾ ਭਾਵ ਆਦਿ ਰਹਤ ਹੈ, ਜਿਸ ਦਾ ਕੋਈ ਆਦਿ ਨਹੀਂ ਹੈ। ਅਨਾਹਤ ਸ਼ਬਦ ਦਾ ਭਾਵ ਜਿਸ ਨੂੰ ਆਹਤ ਨਾ ਕੀਤਾ ਜਾ ਸਕੇ ਭਾਵ ਜਿਸ ਦਾ ਵਧ ਭਾਵ ਅੰਤ ਨਾ ਕੀਤਾ ਜਾ ਸਕੇ। ਇਹ ਸ਼ਬਦ ਵਿਸ਼ੇਸ਼ਣ ਰੂਪ ਵਿੱਚ ਅਕਾਲ ਪੁਰਖ ਦੇ ਗੁਣਾਂ ਦੇ ਲਈ ਵਰਤੇ ਗਏ ਹਨ। ਅਨਹਦ ਸ਼ਬਦ ਤੋਂ ਭਾਵ ਹੈ ਅਜਿਹੀ ਧੁਨ ਜੋ ਕਿਸੇ ਆਹਤ ਤੋਂ ਬਿਨਾਂ ਪੈਦਾ ਹੋਵੇ। ਜਿਸ ਵਾਸਤੇ ਕਿਸੇ ਤਰ੍ਹਾਂ ਦੀ ਚੋਟ, ਛੋਹ ਦੀ ਲੋੜ ਨਾ ਪਵੇ। ਅਨਹਦ ਤੇ ਅਨਹਤ ਇਕ ਹੀ ਭਾਵ ਵਿੱਚ ਵਰਤੇ ਗਏ ਸ਼ਬਦ ਹਨ।

ਧਿਆਨ ਯੋਗ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਬੜੇ ਸਪਸ਼ਟ ਹਨ। ਸਿਧਗੋਸ਼ਟਿ ਵਿੱਚ ਗੁਰੂ ਨਾਨਕ ਦੇਵ ਜੀ ਨੇ ਯੋਗ ਮੱਤ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਰਾਮਕਲੀ ਰਾਗ ਵਿੱਚ ਦਰਜ ਇਸ ਬਾਣੀ ਸਿਧਗੋਸ਼ਟਿ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਉਸ ਜੀਵਨ ਜਾਚ ਦਾ ਆਦੇਸ਼ ਦਿੱਤਾ ਹੈ ਜਿਸ ਨੂੰ ਉਹਨਾਂ ਆਪਣੇ ਉਪਰ ਲਾਗੂ ਕੀਤਾ ਹੈ। ਇਸ ਹਾਲਤ ਵਿੱਚ ਸਿਖਾਂ ਨੂੰ ਮੁੜ ਧਿਆਨ ਯੋਗ ਕਰਨ ਦੀ ਸਿਖਿਆ ਦੀਖਿਆ ਦੇਣਾ ਗੁਰੂ ਆਸ਼ੇ ਦੇ ਵਿਰੁਧ ਹੈ। ਕੀ ਗੁਰੂ ਸਾਹਿਬਾਨ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਦੁਨੀਆਦਾਰੀ ਤੋਂ ਮੂੰਹ ਮੋੜ ਕੇ ਧਿਆਨ ਯੋਗ ਵਿੱਚ ਮਗਨ ਹੋ ਜਾਣ? ਅਜਿਹਾ ਕੋਈ ਆਦੇਸ਼ ਇਸ਼ਾਰਾ ਗੁਰਬਾਣੀ ਵਿੱਚ ਨਹੀਂ ਹੈ। ਜੇ ਭਾਈ ਗੁਰਦਾਸ ਜੀ ਨੇ ਬਾਬਾ ਦੇਖੇ ਧਿਆਨ ਧਰ ਦੀ ਗੱਲ ਕੀਤੀ ਹੈ ਤਾਂ ਉਸ ਤੋਂ ਵੀ ਉਹ ਸਪਸ਼ਟ ਕਰਦੇ ਹਨ ਕਿ ਜਲਤੀ ਸਭ ਪ੍ਰਿਥਮੀ ਦਿਸ ਆਈ। ਗੁਰੂ ਨਾਨਕ ਦੇਵ ਜੀ ਨੇ ਸਿਧ ਗੋਸ਼ਟ ਵਿੱਚ ਸਿਧਾਂ ਦੁਆਰਾ ਪ੍ਰਚਲਤ ਧਿਆਨ ਯੋਗ ਦੀ ਵਿਧੀ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਇਸ ਸਥਿਤੀ ਵਿੱਚ ਅਨਹਦ ਦਾ ਕੀ ਭਾਵ ਹੈ?

ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਭਾਰਤੀ ਯੋਗ ਪ੍ਰੰਪਰਾ ਅਨੁਸਾਰ ਪਹਿਲੀ ਧੁਨ ਭੌਰੇ ਦੀ ਗੂੰਜ, ਦੁਸਰਾ ਸੰਖ ਨਾਦ, ਤੀਸਰਾ ਮਿਰਦੰਗ ਚੋਂ ਪੈਦਾ ਹੋਣ ਵਾਲੀ ਧੁਨੀ, ਚੌਥੀ ਕਿਸੇ ਤਾਲ ਦੀ ਅਵਾਜ਼, ਪੰਜਵੀਂ ਘੰਟੇ ਦੀ ਧੁਨੀ, ਛੇਵੀਂ ਵੀਣਾ ਦੀ ਧੁਨੀ, ਸੱਤਵੀ ਭੇਰੀ ਦੀ ਅਵਾਜ਼, ਅੱਠਵੀ ਨਗਾਰੇ ਦੀ ਧੁਨ, ਨੌਵੀਂ ਸਮੁੰਦਰ ਦੀ ਅਵਾਜ਼ ਤੇ ਦਸਵੀ ਮੇਘ (ਬੱਦਲਾਂ) ਦੀ ਅਵਾਜ਼ ਇਹਨਾਂ ਸਾਰੀਆਂ ਅਵਾਜ਼ਾਂ ਨੂੰ ਅਨਹਤ ਧੁਨਾਂ ਪ੍ਰਵਾਨ ਕੀਤਾ ਗਿਆ ਹੈ। ਗੁਰਮਤ ਅਨੁਸਾਰ ਅਨਹਦ ਸ਼ਬਦ ਆਤਮਾਂ ਦੇ ਮੰਡਲ ਸੰਗੀਤ ਮੰਨਿਆ ਗਿਆ ਹੈ। ਭਾਈ ਕਾਨ ਸਿੰਘ ਨਾਭਾ ਨੇ ਵੀ ਆਪਣੇ ਮਹਾਨ ਕੋਸ਼ ਵਿੱਚ ਇਸ ਨੂੰ ਏਕਾਗਰ ਚਿਤ ਬੈਠ ਕੇ ਧਿਆਨ ਲਗਾ ਕੇ ਮਹਿਸੂਸ ਕਰਨ ਦੀ ਗੱਲ ਕੀਤੀ ਹੈ।  ਪਰ ਇਹ ਸੱਭ ਕੁਝ ਗੁਰਮਤ ਨੂੰ ਬ੍ਰਾਹਮਣੀ ਤੌਰ ਤਰੀਕਿਆਂ ਤੇ ਸਾਧਨਾ ਨਾਲ ਜੋੜਦਾ ਪ੍ਰਤੀਤ ਹੁੰਦਾ ਹੈ।

ਅਨਹਦ ਤੋਂ ਭਾਵ ਹੈ ਨਾਦ ਤੋਂ ਬਿਨਾਂ, ਸੰਗੀਤ ਜਾਂ ਧੁਨ ਪੈਦਾ ਕਰਨ ਲਈ ਹਵਾ ਦੀ ਇਕ ਖਾਸ ਕੰਪਨ ਚਾਹੀਦੀ ਹੈ, ਜਿਸ ਨੂੰ ਤਰੰਗ ਆਖਦੇ ਹਨ। ਵਿਗਿਆਨ ਵਿੱਚ ਇਸ ਨੂੰ ਫਰੀਕੁਐਂਸੀ ਕਿਹਾ ਜਾਂਦਾ ਹੈ, ਜੋ ਕਿਸੇ ਦੂਸਰੀ ਵਸਤੂ ਨਾਲ ਟਕਰਾ ਕੇ ਬਾਰ ਬਾਰ ਇਕ ਹੀ ਤਰ੍ਹਾਂ ਦੀ ਲਹਿਰ ਜਾਂ ਤਰੰਗ ਪੈਦਾ ਕਰਦੀ ਹੈ। ਇਸ ਤਰੰਗ ਦੇ ਬਾਰ ਬਾਰ ਵਾਪਰਨ ਨਾਲ ਇਕ ਸੁਰ ਪੈਦਾ ਹੁੰਦੀ ਹੈ ਤੇ ਸੁਰਾਂ ਦੇ ਬਾਰ ਬਾਰ ਵਾਪਰਨ ਨਾਲ ਸੰਗੀਤ ਪੈਦਾ ਹੁੰਦਾ ਹੈ। ਇਹ ਸੰਗੀਤ ਨਾਦੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਨਾਦ ਤੋਂ ਪੈਦਾ ਹੁੰਦਾ ਹੈ। ਇਹ ਥਾਪ ਹੋ ਸਕਦੀ ਹੈ, ਹਵਾ ਦੇ ਯੰਤਰ ਜਿਵੇਂ ਬਾਂਸਰੀ ਜਾਂ ਬਿਗਲ ਆਦਿ ਨਾਲ ਪੈਦਾ ਹੋ ਸਕਦੀ ਹੈ ਜਾਂ ਤਾਰ ਦੀ ਕੰਪਨ ਜੋ ਸਿਤਾਰ, ਵਾਇਲਨ, ਸਾਰੰਗੀ ਆਦਿ ਨਾਲ ਪੈਦਾ ਹੁੰਦੀ ਹੈ। ਪਰ ਇਸ ਚੋਂ ਦੋ ਗੱਲਾਂ ਸਮਝਣ ਤੇ ਸਾਂਭਣ ਵਾਲੀਆਂ ਹਨ। ਪਹਿਲੀ ਕਿ ਸੰਗੀਤ ਵਿੱਚ ਲੈਅ ਦਾ ਹੋਣਾ ਜ਼ਰੂਰੀ ਹੈ, ਲੈਅ ਸਮੇਂ ਦੇ ਸੀਮਤ ਵਕਫੇ ਵਿੱਚ ਬਾਰ ਬਾਰ ਵਪਰਨ ਵਾਲਾ ਵਰਤਾਰਾ ਹੈ। ਦੂਸਰਾ, ਇਹ ਧੁਨ ਜਾਂ ਸੁਰ ਇੱਕ ਹੀ ਬੱਝੀ ਹੋਈ ਫਰੀਕੁਐਸੀ ਉਪਰ ਵਾਪਰਦੀ ਹੈ। ਸੁਰ ਦਾ ਅੱਗੇ ਪਿਛੇ ਹੋਣਾ ਵੀ ਅਖਰਦਾ ਹੈ ਤੇ ਇਸ ਨੂੰ ਸੰਗੀਤਬੱਧਤਾ ਨਹੀਂ ਆਖ ਸਕਦੇ।

ਇਥੋਂ ਤੱਕ ਦੀ ਜਾਣਕਾਰੀ ਭਾਰਤੀ ਸੰਗੀਤ ਸ਼ਾਸਤਰ ਕੋਲ ਹੈ ਤੇ ਇਸੇ ਤੋਂ ਹੀ ਨਾਦਿ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗੀਤ ਜ਼ਰੂਰੀ ਹੈ ਕਵਿਤਾ ਲਈ। ਕਾਵਿ ਸ਼ਾਸਤਰ ਅਨੁਸਾਰ ਪਹਿਲਾਂ ਕਾਵਿ ਖਿਆਲ ਹੋਣਾ ਚਾਹੀਦਾ ਹੈ ਜਿਸ ਨੂੰ ਅਲੰਕਾਰਾਂ ਦੀ ਮਦਦ ਨਾਲ ਸੰਵਾਰ ਕੇ ਕਵਿਤਾ ਵਿਚ ਪੇਸ਼ ਕੀਤਾ ਜਾਣਾ ਹੈ। ਦੂਸਰਾ ਕਾਵਿ ਛੰਦ ਦੀ ਪ੍ਰਧਾਨਤਾ ਹੈ। ਹਰ ਖੂਬਸੂਰਤ ਖਿਆਲ ਵਾਸਤੇ ਖੂਬਸੂਰਤ ਬਰਤਨ ਹੋਣਾ ਚਾਹੀਦਾ ਹੈ, ਠੀਕ ਉਵੇਂ ਹੀ ਛੰਦ ਦੀ ਪਰਧਾਨਤਾ ਸਵੀਕਾਰ ਕੀਤੀ ਗਈ ਹੈ। ਛੰਦ ਦੀ ਪੇਸ਼ਕਾਰੀ ਲਈ ਸੰਗੀਤ ਤੇ ਲੈਅ ਦੀ ਮੋਜੂਦਗੀ ਹੋਣੀ ਚਾਹੀਦੀ ਹੈ ਜੋ ਵਿਚਾਰ ਨੂੰ ਪੇਸ਼ ਕਰਨ ਤੇ ਸੰਚਾਰ ਕਰਨ ਵਿਚ ਮਦਦ ਕਰਦੀ ਹੈ। ਇਸੇ ਲਈ ਗੁਰਬਾਣੀ ਕਵਿਤਾ ਵਿੱਚ ਹੈ ਕਿਉਂ ਕਿ ਇਹ ਉੱਚੇ ਭਾਵ ਵਾਲੇ ਵਿਚਾਰ ਹਨ ਇਸ ਲਈ ਇਸ ਨੂੰ ਧੁਰਿ ਕੀ ਬਾਣੀ ਕਿਹਾ ਗਿਆ ਹੈ। ਧੁਰਿ ਦਾ ਮਤਲਬ ਕਿਸੇ ਗਾਇਬੀ ਜਾਂ ਪਰਾਕੁਦਰਤੀ ਨਹੀਂ ਲੈਣਾ ਚਾਹੀਦਾ ਸਗੋਂ ਇਸ ਨੂੰ ਵਿਚਾਰਾਂ ਦੇ ਉੱਚੇ ਪਧਰ ਤੋਂ ਲੈਣਾ ਚਾਹੀਦਾ ਹੈ। ਵਿਚਾਰ ਜੋ ਮਨੁਖੀ ਸੋਚ ਚੋਂ ਪੈਦਾ ਹੁੰਦੇ ਹਨ ਦੋ ਤਰ੍ਹਾਂ ਦੇ ਹੁੰਦੇ ਹਨ, ਆਮ ਸਤਹੀ ਸਤਰ ਤੇ ਦੂਸਰਾ ਉੱਚ ਪੱਧਰ ਜਿਸਨੂੰ ਅੰਗਰੇਜ਼ੀ ਵਿੱਚ ਹਾਇਰ ਥਿੰਕਿਗ ਕਿਹਾ ਜਾਂਦਾ ਹੈ। ਕਿਉਂ ਕਿ ਗੁਰਬਾਣੀ ਵਿੱਚ ਸਤਹੀ ਗੱਲ ਨਹੀਂ ਹੈ ਇਸ ਨੂੰ ਸਮਝਣ ਵਾਸਤੇ ਵੀ ਵਿਚਾਰਾਂ ਦਾ ਉੱਚਾ ਪੱਧਰ ਹੋਣਾ ਚਾਹੀਦਾ ਹੈ। ਅਜਿਹੇ ਉੱਚੇ ਵਿਚਾਰਾਂ ਲਈ ਉੱਚੇ ਪਧਰ ਦਾ ਛੰਦ ਤੇ ਉੱਚੇ ਪੱਧਰ ਦਾ ਸੰਗੀਤ (ਰਾਗ ਪ੍ਰਬੰਧ) ਦੀ ਵਰਤੋਂ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਹੈ।

ਪਰ ਇਹ ਸੰਗੀਤ ਜਾਂ ਗੁਰਮਤ ਸੰਗੀਤ ਵੀ ਅਨਹਦ ਤੱਕ ਨਹੀਂ ਲੈ ਕੇ ਜਾਂਦਾ। ਇਹ ਮਨ ਦੀ ਇਕਾਗਰਤਾ ਪੈਦਾ ਕਰਨ ਵਾਲਾ ਹੈ, ਭਾਰਤੀ ਕਾਵਿ ਸ਼ਾਸਤਰ ਦੇ ਨੌ ਰਸਾਂ ਚੋਂ ਕੁਝ ਰਸ ਪੈਦਾ ਕਰਨ ਵਾਲਾ ਹੈ ਤੇ ਕੁਝ ਉੱਚਾ ਸੋਚਣ ਲਈ ਮਜ਼ਬੂਰ ਕਰਦਾ ਹੈ ਪਰ ਇਹ ਨਾ ਤਾਂ ਅਨਾਹਤ ਹੈ ਤੇ ਨਾ ਹੀ ਅਨਹਦ ਤੱਕ ਪਹੁੰਚਣ ਦੀ ਜਾਚ ਇਸ ਰਾਹੀ ਮਿਲਦੀ ਹੈ। ਕੁਝ ਭੋਲੇ ਭਾਲੇ ਸਿੱਖ ਤਾਨਪੁਰੇ ਦੀ ਸੁਰ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਸੱਭ ਨਿਹਫਲ ਹੈ।

ਗੁਰਬਾਣੀ ਵਿੱਚ ਵਿਸ਼ੇ ਪੱਧਰ ਦੀ ਜਾਚ ਕਰਦਿਆਂ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ, ਇਸ ਵਿੱਚ ਜਾਂ ਤਾਂ ਕੁਦਰਤ ਦੇ ਬਾਰੇ ਤੇ ਕੁਦਰਤ ਦੀ ਪ੍ਰਣਾਲੀ ਬਾਰੇ ਗੱਲ ਕੀਤੀ ਗਈ ਹੈ ਤੇ ਕੁਦਰਤ ਨੂੰ ਕਰਤੇ ਦਾ ਜਲਵਾ ਬਣਾ ਕੇ ਪੇਸ਼ ਕੀਤਾ ਗਿਆ ਹੈ।

ਤੂ ਕਰਤਾ ਕਾਦਰ ਮੈ ਨਾਹੀ ਜਾ ਹਉ ਕਈ ਨਾ ਹੋਈ।
ਬਲਿਹਾਰੀ ਕੁਦਰਤ ਵਸਿਆ।
ਤੇਰਾ ਅੰਤ ਨਾ ਜਾਈ ਲਖਿਆ। ਰਹਾਉ।
ਜਾਤਿ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਿਪੂਰ ਰਹਿਆ।
ਤੂੰ ਸਚਾ ਸਾਹਿਬ ਸਿਫ਼ਤ ਸੁਆਲਿਹੁ ਜਿਨ ਕੀਤੀ ਸੋ ਪਾਰਿ ਪਇਆ।
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੋ ਕਰਿ ਰਹਿਆ।

ਹੁਣ ਇਸ ਸ਼ਬਦ ਚੋਂ ਗੁਰੂ ਨਾਨਕ ਦੇਵ ਜੀ ਦੀ ਖਿਆਲ ਉਡਾਰੀ ਰਵਾਇਤੀ ਨਹੀਂ ਹੈ। ਜਿਸ ਸ਼ਕਤੀ ਨੂੰ ਉਹ ਕਰਤਾ ਆਖਦੇ ਹਨ ਉਹ ਕੁਦਰਤ ਰਾਹੀ ਪ੍ਰਤੱਖ ਦਿਖਾਈ ਦਿੰਦੀ ਹੈ। ਇਹੋ ਉਹੋ ਸ਼ਕਤੀ ਹੈ ਜਿਸ ਬਾਰੇ ਗੁਰੂ ਨਾਨਕ ਦੇਵ ਜੀ ਜਪੁ ਜੀ ਦੇ ਸ਼ੁਰੂ ਵਿੱਚ ਪ੍ਰਸ਼ਨ ਕੀਤਾ ਹੈ- ਕਿਵ ਸਚੀਆਰਾ ਹੋਵੀਐ, ਕਿਵ ਕੂੜੈ ਤੂਟਹਿ ਪਾਲੁ।  ਜਿਸ ਦਾ ਜਵਾਬ ਦੇਣ ਲਈ ਗੁਰੂ ਨਾਨਕ ਦੇਵ ਜੀ ਆਖਦੇ ਹਨ, ਹੁਕਮ ਰਜਾਈ ਚਲਣਾ ਨਾਨਕੁ ਲਿਖਿਆ ਨਾਲਿ। ਹੁਕਮ ਦੀ ਰਜਾ ਵਿੱਚ ਚਲਣਾ ਹੀ ਜ਼ਰੂਰੀ ਹੈ ਸਚਿਆਰਾ ਹੋਣ ਲਈ ਭਾਵ ਸਚ ਦਾ ਪੱਲਾ ਫੜਣ ਲਈ। ਇਸ ਥਾਂ ਤੇ ਪਹੁੰਚ ਕੇ ਗੁਰਬਾਣੀ ਦੇ ਸ਼ਬਦ ਹੁਕਮ ਦੀ ਵਿਆਖਿਆ ਸਨਾਤਨੀ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਰੱਬ ਹੁਕਮ ਦਿੰਦਾ ਹੈ, ਭਾਵ ਇਹ ਕਮਾਂਡ ਦਿੰਦਾ ਹੈ, ਜੇ ਇਹ ਗੱਲ ਹੈ ਤਾਂ ਗੁਰੂ ਨਾਨਕ ਦੇਵ ਜੀ ਨੂੰ ਸਮਕਾਲੀ ਧਾਰਮਕ ਪਰੰਪਰਾਵਾਂ ਦਾ ਵਿਰੋਧ ਕਰਨ ਦੀ ਕੀ ਲੋੜ ਸੀ। ਹਿੰਦੂ ਮਤ, ਮੁਸਲਿਮ ਮੱਤ ਸੱਭ ਕੁਝ ਕਰ ਹੀ ਰਹੇ ਸਨ। ਕਿਤੇ ਭਗਾਵਾਨ ਦੀ ਨਿਆਂ ਪ੍ਰਣਾਲੀ ਸੀ ਜਿਸ ਵਿੱਚ ਪੁਜਾਰੀ ਆਉਂਦਾ ਸੀ ਆਪਣੇ ਅਥਰਵ ਵੇਦ ਦੀਆਂ ਪੂਜਾ ਪਧਿਤੀਆਂ ਲੈ ਕੇ ਤੇ ਪਾਪ ਨੂੰ ਪੁੰਨ ਵਿੱਚ ਬਲਦਣ ਵਾਸਤੇ ਉਸ ਕੋਲ ਕਈ ਸਾਧਨ ਸਨ, ਪ੍ਰਣਾਲੀਆ ਸਨ, ਉਪਾਅ ਸਨ, ਕਿਤੇ ਵਰਤ ਉਪਵਾਸ ਸਨ, ਕਿਤੇ ਤੀਰਥ ਯਾਤਰਾਵਾਂ ਸਨ। ਮੁਸਲਿਮ ਧਰਮ ਕੋਲ ਕਾਜ਼ੀ ਸੀ ਨਿਆਂ ਵਾਸਤੇ ਤੇ ਮੌਲਵੀ ਸੀ ਜੋ ਹੱਜ, ਰੋਜ਼ਾ, ਨਿਮਾਜ਼ ਦੀ ਗੱਲ ਕਰਦੇ ਸਨ, ਤੇ ਉਹਨਾਂ ਕੋਲ ਸੋ ਤਾਵੀਜ਼ ਸਨ ਜਿਸ ਰਾਹੀ ਮਾੜੇ ਤੋਂ ਮਾੜਾ ਕੰਮ ਵੀ ਮਾੜਾ  ਨਹੀਂ ਸੀ ਨਜ਼ਰ ਆਉਂਦਾ। ਸੂਫੀ ਮਤ ਵੀ ਮੋਜੂਦ ਸੀ, ਪਰ ਗੁਰੂ ਸਾਹਿਬ ਨੇ ਕਿਸੇ ਨਾਲ ਵੀ ਆਪਣਾ ਮਤ ਨਹੀਂ ਰਲਾਇਆ। ਸੋ ਨਿਸ਼ਚੇ ਹੀ ਗੁਰੂ ਨਾਨਕ ਸਾਹਿਬ ਦੀ ਸੋਚਣੀ ਇਥੇ ਵੱਖਰੀ ਸੀ।  ਇਸ ਲਈ ਸਾਖੀ ਸਾਹਿਤ ਨੂੰ ਪਾਸੇ ਰੱਖ ਕੇ ਜੇ ਸਿਧਾਂਤ ਦੀ ਹੀ ਗੱਲ ਕਰੀਏ ਤਾਂ ਇਥੇ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਇ ਆਰਤੀ ਦ੍ਰਿਸ਼ਟੀਮਾਨ ਹੁੰਦੀ ਹੈ।
ਹਾਲਾਂ ਕਿ ਐਨਥਰੋਪੋਲੋਜੀ ਤੇ ਸਾਹਿਤ ਤੇ ਕਲਾ ਦੇ ਸਿਧਾਂਤ ਅਨੁਸਾਰ ਮੂਰਤੀ ਪੂਜਾ ਤੇ ਮੂਰਤੀਮਾਨ ਕਰਨ ਦੀ ਵਿਧੀ ਨੂੰ ਠੀਕ ਠਹਿਰਾਉਣ ਦੇ ਵੀ ਕਈ ਤਰਕ ਹਨ। ਮੂਰਤੀ ਇਕ ਆਈਕਾਨ ਹੈ (ਅੰਗਰੇਜ਼ੀ ਦਾ ਸ਼ਬਦ ਆਈਕਾਨ ਮੂਰਤੀ ਵਾਸਤੇ ਆਉਂਦਾ ਹੈ।) ਜਿਵੇਂ ਸਾਡੇ ਕੰਪਿਊਟਰ ਦੀ ਸਕਰੀਨ ਉਪਰ ਆਈਕਾਨ ਬਣਦੇ ਹਨ, ਆਦਿ ਮਨੁੱਖ ਨੇ ਆਪਣੇ ਵਿਸ਼ਵਾਸ ਦੇ ਪੁਖਤਾ ਸਬੂਤ ਦੇ ਤੌਰ ਤੇ ਮੂਰਤੀ ਸਥਾਪਨ ਦਾ ਕੰਮ ਕੀਤਾ। ਹਰ ਆਈਕਾਨ ਪਿਛੇ ਪੂਰੀ ਪ੍ਰੋਗਰਾਮਿੰਗ ਹੁੰਦੀ ਹੈ ਤੇ ਇਸ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਸ ਪਰੰਪਰਾ ਨੂੰ ਵੀ ਛੱਡਿਆ ਤੇ ਇਸ ਤੋਂ ਵੀ ਅਗੇ ਤਰਕ ਅਧਾਰਤ ਪਹੁੰਚ ਅਪਣਾਈ।

ਜਦੋਂ ਉਹ ਆਰਤੀ ਗਾਉਂਦੇ ਹਨ ਤਾਂ ਉਹ ਸਨਾਤਨੀ ਮੱਤ ਨੂੰ ਛੱਡ ਕੇ ਕੁਦਰਤ ਦੀ ਵਿਸ਼ਾਲ ਪ੍ਰਕਰਮਾ ਦੀ ਗਲ ਕਰਦੇ ਹਨ ਉਹਨਾਂ ਦੀ ਸੋਚ ਵਿੱਚ ਬ੍ਰਹਮੰਡ ਸਮਾਇਆ ਹੋਇਆ ਹੈ ਤੇ ਇਸ ਨੂੰ ਸੰਚਾਲਨ ਕਰਨ ਵਾਲੀ ਸ਼ਕਤੀ (ਊਰਜਾ) ਉਹਨਾਂ ਦੀ ਸੋਚ ਨੂੰ ਟੁੰਬਦੀ ਹੈ। ਇਹ ਉਹਨਾਂ ਦੀ ਕੁਦਰਤ ਨੂੰ ਇਕ ਰੂਪ ਦੇਖਣ ਤੇ ਉਸ ਨੂੰ ਸਮਝਣ ਦੇ ਯਤਨ ਵਜੋਂ ਨਜ਼ਰ ਆਉਂਦੀ ਹੈ।

ਗਗਨ ਮਹਿ ਥਾਲੁ ਰਵਿ ਚੰਦੁ ਦੀਪਕੁ ਬਣੇ ਤਾਰਿਕਾ ਮੰਡਲੁ ਜਨਕ ਮੋਤੀ। 
ਧੂਪੁ ਮਲਿਆਣਲੋ ਪਵਣੁ ਚਵਰੋ ਕਰੇ ਸਗਲਿ ਬਨਿ ਰਾਇ ਫੂਲੰਤ ਜੋਤੀ।

ਇਸ ਤੋਂ ਬਿਨਾਂ ਸੋਦਰ ਰਾਗ ਦਾ ਸ਼ਬਦ ਆਪਣਾ ਕਮਾਲ ਦਿਖਾਉਂਦਾ ਹੈ।
ਸੋਦਰੁ ਤੇਰਾ ਕੇਹਾ ਸੋ ਘਰੁ ਕੇਹਾ..

ਇਹ ਉਹ ਸ਼ਬਦ ਹਨ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣਿ ਤੋਂ ਕਿਸੇ ਵੀ ਨਾਸਿਤਕ ਨੂੰ ਟੁਟਣ ਨਹੀਂ ਦਿਤਾ। ਗੁਰੂ ਨਾਨਕ ਦੇਵ ਜੀ ਦਾ ਤਰਕ ਸਾਹਮਣੇ ਵੱਡੇ ਵੱਡੇ ਤਰਕ ਵੀ ਛੋਟੇ ਪੈ ਜਾਂਦੇ ਹਨ। ਜੇ ਪ੍ਰਮਾਤਮਾ  ਜਾਂ ਅਕਾਲ ਪੁਰਖ ਜਾਂ ਨਿਰੰਕਾਰ ਦਾ ਇਹ ਰੂਪ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਪ੍ਰਗਟ ਕੀਤਾ ਹੈ ਤਾਂ ਇਹ ਵਿਗਿਆਨਕ ਹੈ। ਵਿਗਿਆਨੀ ਆਪਣਾ ਮੁਹਾਵਰਾ ਵਰਤਦਾ ਹੈ। ਉਸ ਦੀ ਆਪਣੀ ਸ਼ਬਦਾਵਲੀ ਹੈ। ਉਸ ਦਾ ਆਪਣਾ ਢੰਗ ਹੈ।

ਪਰ ਮੈਂ ਇਥੇ ਰੱਬ ਹੈ ਜਾਂ ਰੱਬ ਨਹੀਂ ਹੈ ਦਾ ਸੰਕਲਪ ਸਥਾਪਤ ਨਹੀਂ ਕਰਨਾ ਚਾਹੁੰਦਾ ਹੈ। ਜਿਸ ਰਵਾਇਤੀ ਅਰਥ ਵਿੱਚ ਰੱਬ ਨੂੰ ਪ੍ਰੀਭਾਸ਼ਤ ਕੀਤਾ ਜਾਂਦਾ ਹੈ ਉਸ ਨਾਲ ਉਸ ਦਾ ਸਾਰਾ ਮਿਥਿਹਾਸ ਤੇ ਇਤਿਹਾਸ ਜੋੜਿਆ ਜਾਂਦਾ ਹੈ, ਤੇ ਫਿਰ ਉਸ ਨੂੰ ਬਲਸ਼ਾਲੀ ਤਾਕਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਤਾਂ ਮੇਰਾ ਜਵਾਬ ਉਸ ਦੇ ਵਿਰੋਧ ਵਿੱਚ ਹੈ। ਗੁਰੂ ਨਾਨਕ ਵੀ ਰੱਬ ਦੇ ਇਸ ਸੰਕਲਪ ਦਾ ਵਿਰੋਧ ਕਰਦੇ ਹਨ। ਉਹ ਤਾਂ ਗੱਲ ਹੀ ਇਕ ਉਅੰਕਾਰ ਤੋਂ ਕਰਦੇ ਹਨ। ਫਿਰ ਉਹਨਾਂ ਰੱਬੀ ਸ਼ਕਤੀਆਂ ਦੀ ਕੋਈ ਸ਼੍ਰੇਣੀ ਬਧ ਸੂਚੀ ਨਹੀਂ ਪੇਸ਼ ਕੀਤੀ। ਉਹ ਤਾਂ ਇਸ ਸੱਭ ਨੂੰ ਸਪਸ਼ਟ ਤੌਰ ਤੇ ਇਸ ਕੁਦਰਤ ਦੇ ਕਾਦਰ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਹੁਣ ਇਸ ਨੂੰ ਰਵਾਇਤੀ ਸੋਚ ਵਾਲੇ ਨਾਸਤਕ ਕਹਿੰਦੇ ਹਨ।

ਇਕ ਹੋਰ ਗੱਲ ਗੁਰੂ ਸਾਹਿਬ ਨੂੰ ਰਵਾਇਤੀ ਧਰਮ ਤੋਂ ਵੱਖ ਕਰਦੀ ਹੈ। ਉਹ ਹੈ ਇਸ ਦਾ ਰਾਜਨੀਤਕ ਪੱਖ। ਦੁਨੀਆ ਦੇ ਸਾਰੇ ਧਰਮਾਂ ਨੇ ਸਮਕਾਲੀ ਰਾਜਿਆਂ ਮਹਾਰਾਜਿਆਂ ਦੀ ਪਿਠ ਠੋਕੀ ਹੈ। ਆਰੰਭ ਕਾਲ ਤੋਂ ਹੀ ਕਬੀਲੇ ਦੇ ਮੁੱਖੀ ਨੂੰ ਦੇਵਤਾ ਦਾ ਪ੍ਰਤੀਨਿਧ ਬਣਾ ਕੇ ਪੇਸ਼ ਕੀਤਾ ਗਿਆ ਹੈ। ਉਹ ਦੈਵੀ ਸ਼ਕਤੀਆਂ ਦਾ ਪ੍ਰਤੀਕ ਮੰਨਿਆ ਗਿਆ ਹੈ। ਈਸਾਈ ਧਰਮ ਵਿੱਚ ਰਾਜੇ ਨੂੰ ਰੱਬ ਵਲੋਂ ਥਾਪਿਆ ਹੋਇਆ ਵਿਅਕਤੀ ਮੰਨਿਆ ਜਾਂਦਾ ਹੈ ਤੇ ਰਾਜੇ ਦੇ ਵਿਰੁਧ ਹਰ ਬਗ਼ਾਵਤ ਨੂੰ ਰੱਬ ਦੇ ਵਿਰੁਧ ਬਗ਼ਾਵਤ ਮੰਨੀ ਜਾਂਦੀ ਹੈ। ਇਸ ਤਰ੍ਹਾਂ ਹਰ ਧਰਮ ਸਥਾਪਤ ਵਰਗ ਦਾ ਪੱਖ ਪੂਰਦਾ ਹੈ। ਉਸ ਦੀ ਕੁਲ ਨੂੰ ਦੂਜੀਆਂ ਕੁਲਾਂ ਤੋਂ  ਉੱਚਾ ਦਰਸਾਉਂਦਾ ਹੈ। ਅੰਗਰੇਜ਼ ਹੁਣ ਤੱਕ ਸ਼ਾਹੀ ਖੂਨ ਦੀ ਪਰੰਪਰਾ ਨੂੰ ਮੰਨਦੇ ਹਨ।  ਪਰ ਗੁਰੂ ਨਾਨਕ ਦੇਵ ਜੀ ਅਜਿਹਾ ਨਹੀਂ ਕਰਦੇ ਉਹ ਸਾਰੀ ਰਾਜਸ਼ਾਹੀ ਦੇ ਵਿਰੁਧ ਉੱਚੀ ਸੁਰ ਵਿੱਚ ਆਖਦੇ ਹੈ- 
ਰਾਜੇ ਸੀਂਹ ਮੁਕਦਮ ਕੁਤੇ। ਜਾਇ ਜਗਾਇਣ ਬੈਠਹਿ ਸੁਤੇ।
ਪੂਰੀ ਬਾਬਰਵਾਣਿ ਨਾਲ ਸਬੰਧਤ ਸਾਰੀ ਬਾਣੀ ਇਸੇ ਸੁਰ ਤੋਂ ਸੁਣੀ ਜਾ ਸਕਦੀ ਹੈ।

ਗੁਰੂ ਨਾਨਕ ਦਾ ਪੰਧ ਨਿਰਾਲਾ ਹੈ। ਇਸ ਲਈ ਰਵਾਇਤੀ ਧਰਮਾਂ ਦੀਆਂ ਸਾਰੀਆਂ ਰਵਾਇਤਾਂ ਤੇ ਚਿੰਤਨ ਛੱਡ ਕੇ ਗੁਰੂ ਨਾਨਕ ਦੇਵ ਜੀ ਆਪਣਾ ਵੱਖਰਾ ਰਸਤਾ ਸਥਾਪਤ ਕੀਤਾ। ਉਹਨਾਂ ਆਪਣੇ ਕਾਲ ਦੌਰਾਨ ਸਥਾਪਤ ਤੇ ਪ੍ਰਵਾਨਤ ਸਾਰੀਆਂ ਰੀਤਾਂ ਰਸਮਾਂ ਦਾ ਨਿਧੜਕ ਹੋ ਕੇ ਖੰਡਨ ਕੀਤਾ। (He invalidated all the prevalent rituals and religious practices.) ਸ਼ਰਾਧ ਪ੍ਰਥਾ ਦਾ ਖੰਡਨ ਕਰਦੇ ਹੋਏ ਉਹਨਾਂ ਕਰਮ ਕਾਂਡ ਦਾ ਵਿਰੋਧ ਕੀਤਾ। ਭਾਂਵੇਂ ਪੁਨਰ ਜਨਮ ਬਾਰੇ ਸਪਸ਼ਟ ਰੁਖ ਨਹੀਂ ਮਿਲਦਾ ਤੇ ਆਮ ਤੌਰ ਤੇ ਗੁਰੂ ਨਾਨਕ ਨੇ ਮੌਤ ਨਾਲ ਜੁੜੀਆਂ ਸਾਰੀਆਂ ਮਿੱਥਾਂ ਪਰਵਾਨ ਕੀਤੀਆਂ ਦਿਖਾਈ ਦਿੰਦਿਆਂ ਹਨ। ਜਿਹਨਾਂ ਵਿੱਚ ਜਮਕਾਲਿ, ਜਨਮ ਮਰਨ, ਧਰਮ ਰਾਜ, ਨਰਕ ਸੁਰਗ, ਪਾਪ-ਪੁੰਨ, ਜਮ ਡੰਡ, ਲੇਖਾ ਆਦਿ ਸੰਕਲਪ ਗੁਰਬਾਣੀ ਵਿੱਚ ਆਮ ਦਿਖਾਈ ਦਿੰਦੇ ਹਨ ਪਰ ਇਹ ਸੱਭ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਲ ਸਮਝਾਉਣ ਲਈ ਇਕ ਪ੍ਰਚਲਤ ਮੁਹਾਵਰੇ ਦੇ ਤੌਰ ਤੇ ਵਰਤੇ। ਜੇ ਇਸ ਨੂੰ ਕਾਵਿਕ ਸੱਚ ਦੇ ਪੱਧਰ ਤੇ ਲੈ ਲਿਆ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੀ ਅਸਲ ਸਚੁ ਤੱਕ ਪਹੁੰਚ ਬਹੁਤ ਸਪਸ਼ਟ ਹੋ ਜਾਂਦੀ ਹੈ।

ਆਪਣੀ ਗੱਲ ਦੂਜਿਆਂ ਤੱਕ ਸਮਝਾਉਣ ਲਈ ਇਕ ਸ਼ੈਲੀ ਤੇ ਮੁਹਾਵਰੇ ਦੀ ਵਰਤੋਂ ਜ਼ਰੂਰੀ ਹੁੰਦੀ ਹੈ। ਸੰਚਾਰ ਦੇ ਸਿਧਾਂਤ Theory of communication ਵਿੱਚ ਇਸ ਨੂੰ Terms of reference ਕਿਹਾ ਜਾਂਦਾ ਹੈ।  ਜੇ ਤੁਸੀਂ ਇਸ ਦੀ ਵਰਤੋਂ ਨਹੀਂ ਕਰੋਗੇ ਤਾਂ ਲੋਕ ਜਿਹਨਾਂ ਤੱਕ ਤੁਸੀਂ ਆਪਣੀ ਗੱਲ ਪੁਚਾਉਣਾ ਚਾਹੁੰਦੇ ਹੋ ਉਹ ਤੁਹਾਡੀ ਗੱਲ ਨਹੀਂ ਸਮਝਣਗੇ। ਲੋਕਾਂ ਨੂੰ ਆਮ ਤੋਰ ਤੇ ਓਪਰੇ ਮੁਹਾਵਰੇ ਵਿੱਚ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿਉਂ ਕਿ ਉਹ ਸਮਝ ਲੈਂਦੇ ਹਨ ਕਿ ਜੋ ਕਿਹਾ ਜਾ ਰਿਹਾ ਹੈ ਇਹ ਉਹਨਾਂ ਦੇ ਮਤਲਬ ਦਾ ਨਹੀਂ। ਇਸੇ ਪਹਿਲੂ ਤੋਂ ਕਾਵਿਕ ਸੱਚ ਦਾ ਆਰੰਭ ਹੁੰਦਾ ਹੈ। ਇਹ ਕਾਵਿਕ ਸੱਚ poetic truth ਹੈ ਜਿਸ ਨੂੰ ਬਿੰਬਾਂ ਪ੍ਰਤੀਕਾਂ ਦੀ ਸ਼ੈਲੀ ਨਾਲ ਬਣਾਇਆ ਸੰਵਾਰਿਆ ਜਾਂਦਾ ਹੈ। ਇਹ ਸਿਰਫ਼ ਕਾਵਿਕ ਸੱਚ ਹੀ ਹੁੰਦਾ ਹੈ ਅਸਲ ਸਚ ਹੋਰ ਹੁੰਦਾ ਹੈ।

ਜੇ ਗੁਰੂ ਨਾਨਕ ਦੇਵ ਜੀ ਇਹਨਾਂ ਚੋਂ ਕਿਸੇ ਰਵਾਇਤੀ ਪਧਿਤੀ ਨੂੰ ਪਰਵਾਨ ਕਰਦੇ ਹੁੰਦੇ ਤਾਂ ਉਹ ਮੁਸਲਮਾਨਾਂ ਲਈ ਮਸਲਿਮ ਧਰਮ ਨਾਲ ਜੁੜੇ ਸੰਕਲਪ ਤੇ ਹਿੰਦੂਆਂ ਲਈ ਹਿੰਦੂ ਮਿਥਿਹਾਸ ਨਾਲ ਜੁੜੇ ਸੰਕਲਪਾਂ ਦੀ ਵਰਤੋਂ ਨਾ ਕਰਦੇ। ਦੋਹਾਂ ਵਿੱਚ ਢੇਰ ਅਸਮਾਨਤਾਵਾਂ ਹਨ। ਇਕ ਬੁੱਤ ਪੂਜਕ ਹਨ ਦੂਜੇ ਬੁੱਤ ਸ਼ਿਕਨ, ਇਕ ਜਨਮ ਮਰਨ ਮੰਨਦੇ ਹਨ ਦੂਜੇ ਕਿਆਮਤ ਤੇ ਪਰਲੋ ਦੀ ਉਡੀਕ ਕਰਦੇ ਹਨ; ਇਕ ਮਰਨ ਤੋਂ ਬਾਅਦ ਦਫ਼ਨ ਕਰਦੇ ਹਨ ਦੂਜੇ ਦਾਹ ਸੰਸਕਾਰ ਕਰਦੇ ਹਨ, ਇਕ ਧਰਮ ਵਿੱਚ ਸਾੜਨਾ ਪਾਪ ਹੈ ਦੂਜੇ ਵਿੱਚ ਦਫ਼ਨ ਹੋ ਜਾਣ ਤੋਂ ਬਾਅਦ ਵੀ ਮਰਨ ਵਾਲੇ ਦੀ ਗਤੀ ਲਈ ਦਾਹ ਸੰਸਕਾਰ ਜ਼ਰੂਰੀ ਹੈ; ਇਕ ਚਉਰਾਸੀ ਲੱਖ ਜੂਨ ਮੰਨਦੇ ਹਨ ਦੂਜੇ ਹਜ਼ਰਤ ਮੁਹੰਮਦ ਦਾ ਇਨਸਾਫ਼। ਪਰ ਗੁਰੂ ਨਾਨਕ ਦੇਵ ਜੀ ਨੇ ਦੋਹਾਂ ਮੁਹਾਵਰਿਆਂ ਦੀ ਬਖੂਬੀ ਵਰਤੋਂ ਕੀਤੀ ਹੈ। ਪਰ ਉਹਨਾਂ ਪ੍ਰਵਾਨਗੀ ਕਿਸੇ ਨੂੰ ਵੀ ਨਹੀਂ ਦਿਤੀ।  

ਇਸ ਲਈ ਗੁਰਬਾਣੀ ਵਿੱਚ ਵੀ ਪ੍ਰਚਲਤ ਧਰਮਾਂ ਦੀ ਸ਼ਬਦਾਵਲੀ ਚੋਂ ਮੁਹਾਵਰੇ ਦੇ ਤੌਰ ਤੇ ਅਜਿਹੇ ਸੰਕਲਪ ਵਰਤੇ ਗਏ ਹਨ ਜਿਹਨਾਂ ਤੋਂ ਕਿਸੇ ਨੁੰ ਵੀ ਇਹ ਭੁਲੇਖਾ ਪੈ ਸਕਦਾ ਹੈ ਤੇ ਉਹ ਗੁਰਬਾਣੀ ਦੇ ਅਰਥ ਸਮਝਣ ਲਈ ਇਹਨਾਂ ਸੰਕਲਪਾਂ ਦੀ ਵਿਆਖਿਆ ਵੀ ਰਵਾਇਤੀ ਢੰਗ ਨਾਲ ਹੀ ਕਰ ਸਕਦਾ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ ਇਹ ਸਪਸ਼ਟ ਕਰਦੇ ਹਨ ਕਿ ਆਪੇ ਹੀ ਕੀਤਾ ਪਾਵਣਾ ਤਾਂ ਉਹ ਪੁਰਾਤਨ ਸਾਰਾ ਅਸਲਾ ਰੱਦ ਕਰਦੇ ਨਜ਼ਰ ਆਉਂਦੇ ਹਨ। ਭਾਈ ਗੁਰਦਾਸ ਫੇਰ ਸਪਸ਼ਟ ਕਰਦੇ ਹਨ, ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ

ਗੁਰੂ ਨਾਨਕ ਦੇਵ ਜੀ ਅਸਲ ਸੱਚ ਬਹੁਤ ਸਿਧਾ ਤੇ ਸਪਸ਼ਟ ਸੀ, ਕੋਈ ਵੱਲ ਫੇਰ ਨਹੀਂ, ਕੋਈ ਵਲ ਵਿੰਗ ਨਹੀਂ। ਇਹ ਇਕ ਜੀਵਨ ਜਾਚ ਤੇ ਉਚੀ ਸੋਚਣੀ ਤੇ ਅਧਾਰਤ ਸੀ। ਉਹ ਸਾਨੂੰ ਸ਼ਾਰੀ ਬਾਣੀ ਵਿੱਚ ਪਦਾਰਥ ਤੇ ਕੁਦਰਤ ਜੋ ਪਦਾਰਥ ਦਾ ਜਾਹਰਾ ਰੂਪ ਹੈ ਨਾਲ ਜੋੜਨਾ ਚਾਹੁੰਦੇ ਹਨ। ਉਹ ਕੁਦਰਤ ਨੂੰ ਮਹਿਸੂਸ ਕਰਨ ਤੇ ਇਸ ਦੇ ਅਮਲ ਨੂੰ ਸਮਝਣ ਤੇ ਜੋਰ ਦਿੰਦੇ ਹਨ ਤੇ ਕੁਦਰਤ ਦੇ ਇਸ ਅਮਲ ਚੋਂ ਜੀਵਨ ਜਾਚ ਦਿੰਦੇ ਹਨ, ਇਕ ਸੋਚ ਦਿੰਦੇ ਹਨ ਤੇ ਇਸ ਚੋਂ ਹੀ ਇਕ ਸਹਿਜ ਅਵਸਥਾ ਲੱਭਣ ਦਾ ਆਦੇਸ਼ ਦਿੰਦੇ ਹਨ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਤਰਾਂ ਉਹ ਧਾਰਮਿਕ ਮੁਹਾਵਰੇ ਦੀ ਵਰਤੋਂ ਕਰਦੇ ਹਨ ਉਸ ਤਰ੍ਹਾਂ ਕੁਦਰਤ ਨਾਲ ਜੁੜੇ ਸੰਕਲਪਾਂ ਦੀ ਨਹੀਂ ਕਰਦੇ ਸਗੋਂ ਉਸ ਚੋਂ ਇਕ ਨਿਯਮਬੱਧਤਾ ਲੱਭ ਕੇ ਮਨੁਖ ਨੂੰ ਉਸ ਨਿਯਮਬੱਧਤਾ ਅਨੁਸਾਰ ਜੀਵਨ ਜਾਚ ਬਣਾਉਣ ਦਾ ਆਦੇਸ਼ ਦਿੰਦੇ ਹਨ। ਇਹ ਇਕ ਅਜਿਹਾ ਨਜ਼ਰੀਆ ਜੋ ਕਿਸੇ ਵੀ ਯੁਗ ਵਿੱਚ ਕਿਸੇ ਵੀ ਕਾਲ ਵਿੱਚ ਸਹੀ ਸਾਬਤ ਹੁੰਦਾ। ਬਾਰਾਮਾਹ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਕੁਦਰਤ ਨਾਲ ਇੰਟਰਐਕਸ਼ਨ ਸਪਸ਼ਟ ਦੇਖਿਆ ਜਾ ਸਕਦਾ ਹੈ। ਜਪੁਜੀ ਤੇ ਆਸਾ ਦੀ ਵਾਰ ਜਿਹਨਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਪਿਛਲੀ ਉਮਰ ਵਿੱਚ ਕੀਤੀ ਵਿਚ ਉਹਨਾਂ ਦਾ ਕੁਦਰਤ ਪ੍ਰੇਮ ਸਪਸ਼ਟ ਦੇਖਿਆ ਜਾ ਸਕਦਾ ਹੈ। ਇਸ ਨੂੰ ਉਹਨਾਂ ਕੁਦਰਤ ਦਾ ਮਨੁੱਖੀ ਜੀਵਨ ਉਪਰ ਸਿਧੇ ਪ੍ਰਭਾਵ ਵੱਜੋਂ ਲਿਆ ਹੈ।

ਅਸਲ ਵਿੱਚ ਕੁਦਰਤ ਜੋ ਜਾਹਰਾ ਰੂਪ ਵਿੱਚ ਸਾਨੂੰ ਆਪਣੇ ਚਾਰੇ ਪਾਸੇ ਨਜ਼ਰ ਆਉਂਦੀ ਹੈ ਉਹ ਕਾਦਰ ਦੇ ਜਲੋ ਦੀ ਸਕਲ ਵਿੱਚ ਹੀ ਮਹਿਸੂਸ ਕੀਤੀ ਗਈ ਹੈ। ਦੂਸਰਾ ਵਿਸ਼ਾ ਜੋ ਗੁਰਮਤ ਵਿੱਚ ਨਜ਼ਰ ਪੈਂਦਾ ਹੈ ਉਹ ਹੈ ਜੀਵਨ ਜਾਚ, ਜੀਉਣ ਦੀ ਸਹੀ ਦਸ਼ਾ ਤੇ ਦਿਸ਼ਾ, ਮਨੁੱਖ ਨੂੰ ਸਾਰਥਕ ਜੀਵਨ ਜੀਉਣ ਦਾ ਆਦੇਸ਼ ਦਿਤਾ ਗਿਆ ਹੈ। ਦੁਨੀਆ ਦੀਆਂ ਸਾਰੀਆਂ ਬੁਰਾਈਆਂ ਜੋ ਅੱਗੇ ਜਾ ਕੇ ਮਨੁੱਖ ਨੂੰ ਗੁੰਝਲਦਾਰ ਜੀਵਨ ਵਿੱਚ ਉਲਝਾ ਸਕਦੀਆਂ ਹਨ ਤੋਂ ਬਚਣ ਦਾ ਆਦੇਸ਼ ਦਿਤਾ ਹੈ। ਅਸਲ ਵਿੱਚ ਨਾ ਗੁੱਸਾ, ਨਾ ਕਾਮ, ਨਾ ਲੋਭ, ਨਾ ਮੋਹ ਤੇ ਨਾ ਅਹੰਕਾਰ ਹੀ ਮਨੁੱਖ ਦੇ ਕੰਮ ਦੀਆਂ ਚੀਜ਼ਾਂ ਹਨ। ਜਿਸ ਵੀ ਵਿਅਕਤੀ ਨੇ ਇਹ ਸਮਝ ਲਿਆ ਉਸ ਦੇ ਜੀਵਨ ਦਾ ਉਦੇਸ਼ ਅੱਡਰਾ ਹੋ ਜਾਏਗਾ। ਉਹ ਦੁਂਨੀਆਂ ਵਿੱਚ ਰਹਿੰਦੇ ਹੋਏ ਵੀ ਨਿਰਾਲਮ ਹੋ ਜਾਵੇਗਾ।

ਕੁਦਰਤ ਵਿੱਚ ਜਾ ਵਾਪਰਦਾ ਹੈ ਉਹ ਕਿਸੇ ਨਾ ਕਿਸੇ ਨੇਮ ਜ਼ਾਂ ਨਿਯਮ ਵਿੱਚ ਵਾਪਰਦਾ ਹੈ। ਇਹੋ ਹੋਣੀ ਹੈ। ਇਕ ਘਟਨਾ ਦੂਸਰੇ ਦਾ ਕਾਰਨ ਬਣਦੀ ਹੈ।  ਗੁਰਬਾਣੀ ਕਿਸੇ ਮੁੱਢਲੇ ਕਾਰਨ ਨੂੰ ਲੱਭਣ ਵਿੱਚ ਸਮਾਂ ਨਹੀਂ ਗੰਵਾਉਂਦੀ। ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣਹਿ ਸੋਈ॥ ਗੱਲ ਸਪਸ਼ਟ ਹੈ। ਇਹ ਨੇਮ ਜਿਸ ਪੱਧਰ ਤੇ ਕੰਮ ਕਰ ਰਹੇ ਹਨ ਉਹ ਬੇਹੱਦ ਸੂਖਮ ਵੀ ਹੈ ਤੇ ਬੇਹੱਦ ਵਿਸ਼ਾਲ ਵੀ।

ਪਰ ਕੁਦਰਤ ਦੇ ਵਿਰਾਟ ਤੇ ਵਿਸ਼ਾਲ ਰੁਪ ਨੂੰ ਸਮਝਣ ਲਈ ਦੋ ਹੀ ਵਿਧੀਆਂ ਹਨ। ਇਕ ਇਸ ਨੂੰ ਬਹੁਤ ਹੀ ਸੂਖਮ ਰੂਪ ਵਿੱਚ ਸਮਝਿਆ ਜਾਵੇ ਦੂਸਰਾ ਇਸ ਨੂੰ  ਇਸ ਦੇ ਵਿਰਾਟ ਰੂਪ ਰਾਹੀਂ ਇਸ ਦੀ ਜਾਣਕਾਰੀ ਲਈ ਜਾਵੇ। ਇਹ ਜਾਣਕਾਰੀ ਹੀ ਉਹ ਗਿਆਨ ਹੈ ਜਿਸ ਨੇ ਅੱਗੇ ਜਾ ਕੇ ਤੁਹਾਡੇ ਅਨੁਭਵ ਨੂੰ ਵਿਸ਼ਾਲਤਾ ਤੇ ਪ੍ਰਮਾਣੀਕਤਾ ਦੇਣੀ ਹੈ। ਵਿਸ਼ਾਲ ਰੂਪ ਵਿੱਚ ਸਾਡੇ ਨੇੜੇ ਕੁਦਰਤ ਅਸਮਾਨ ਤੇ ਅਸਮਾਨ ਵਿੱਚ ਦਿਖਾਈ ਦੇਣ ਵਾਲੀਆਂ ਸਾਰੀਆਂ ਵਸਤੁਆਂ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ। ਸਾਡੇ ਇਰਦ ਗਿਰਦ ਲੱਖਾਂ ਨਹੀਂ ਕਰੋੜਾਂ ਤਾਰੇ ਹਨ ਜੋ ਅਸਮਾਨ ਦੀ ਜੜਤ ਨੂੰ ਹੋਰ ਵੀ ਸੁੰਦਰ ਬਣਾ ਕੇ ਪੇਸ਼ ਕਰਦੇ ਹਨ। ਸਾਡੇ ਕੋਲ ਸੂਰਜ ਹੈ ਜੋ ਹਜ਼ਾਰਾਂ ਲੱਖਾਂ ਟਨ ਐਨਰਜੀ ਰੋਸ਼ਨੀ ਤੇ ਐਨਰਜੀ ਦਿੰਦਾ ਹੈ।

ਕੁਦਰਤ ਦੇ ਸਾਰੇ ਵਰਤਾਰਿਆਂ ਵਿੱਚ ਇਕ ਅਦਭੁਤ ਲੈਅ ਹੈ। ਸਾਰੇ ਕਾਰਜ ਇਕ ਲੈਅ ਵਿੱਚ ਹੋ ਰਹੇ ਹਨ। ਨਾ ਵੱਧ ਨਾ ਘੱਟ, ਰੋਸ਼ਨੀ ਦੀ ਰਫਤਾਰ ਉਪਰ ਵੀ ਸਭ ਕੁਝ ਸਹੀ ਵਾਪਰ ਰਿਹਾ ਹੈ। ਹਰ ਘਟਨਾ ਦੂਜੀ ਦਾ ਕਾਰਨ ਬਣੀ ਜਾ ਰਹੀ ਹੈ। ਇਹਨਾਂ ਸਾਰੀਆਂ ਘਟਨਾਵਾਂ ਵਿੱਚ ਨਾ ਸਿਰਫ ਲੈਅ ਹੈ ਸਗੋਂ ਸੁਰ ਵੀ ਹੈ, ਭਾਵ ਇਹਨਾਂ ਦੇ ਵਾਪਰਨ ਦੀ ਗਿਣਤੀ ਵੀ ਬੜੀ ਨਪੀ ਤੁ਼ਲੀ ਹੈ।  ਇਸ ਸਾਰੇ ਕਾਰਜਾਂ ਵਿੱਚ ਕਮਾਲ ਦੀ ਬਾਰੀਕਬੀਨੀ ( ) ਦਿਖਾਈ ਦੇ ਰਹੀ ਹੈ। ਬ੍ਰਹਮੰਡ ਵਿੱਚ ਖੰਡਾਂ ਬ੍ਰਮੰਡਾਂ ਦੀ ਮੋਜੂਦਗੀ, ਉਸ ਦੀ ਗਤੀ ਸ਼ੀਲਤਾ ਤੇ ਵਿਸ਼ਾਲ ਪੱਧਰ ਜਿਸ ਉਪਰ ਇਹ ਸਾਰੀ ਮਸ਼ੀਨ ਕੁਦਰਤ ਦੀ ਚੱਲ ਰਹੀ ਹੈ। ਇਹ ਸੱਭ ਕੁਝ ਵਿਗਿਆਨ ਨੇ ਦੇਖ ਕੇ ਦਸਿਆ ਹੈ। ਅਨੁਭਵ ਮਸ਼ੀਨੀ ਹੈ ਗਿਣਿਆ ਮਿਣਿਆ ਵੀ ਗਿਆ ਹੈ ਪਰ ਵਰਤਾਰਾ ਕੁਦਰਤ ਦਾ ਹੈ ਤੇ ਇਸ ਸੱਭ ਵਿਚ ਮੋਜੂਦ ਹੈ ਇਕ ਲੈਅ, ਇਕ ਸੁਰ, ਇਕ ਰਸ, ਇਕ ਤਾਕਤ ਜੋ ਇਸ ਦੇ ਆਕਾਰ ਤੇ ਵਿਸ਼ਾਲਤਾ ਕਾਰਨ ਹੈ।

ਇਸ ਸੱਭ ਵਿੱਚ ਕੋਈ ਆਵਾਜ਼ ਨਹੀ ਹੈ, ਪਰ ਇਸ ਨੂੰ ਕਿਸੇ ਵੀ ਸੰਗੀਤ ਦੇ ਮਾਡਲ ਨਾਲ ਤੁਲਨਾਇਆ ਜਾ ਸਕਦਾ ਹੈ। ਇਸ ਦੀ ਸੁਰ ਫੜੀ ਜਾ ਸਕਦੀ ਹੈ। ਇਹ ਸੱਭ ਕੁਝ ਕੁਦਰਤ ਦੇ ਨਿਯਮਾਂ ਦੀ ਸਟੀਕ ਪ੍ਰਣਾਲੀ ਕਾਰਨ ਵਾਪਰਦਾ ਹੈ। ਇਸ ਦਾ ਕੋਈ ਨਾਦ ਜਾਂ ਸਾਜ ਨਹੀਂ ਹੈ, ਪਰ ਸੰਗੀਤ ਦੇ ਸਾਰੇ ਗੁਣ ਮੋਜੂਦ ਹਨ। ਸੂਖਮ ਰੂਪ ਵਿੱਚ ਇਹ ਐਟਮੀ ਪ੍ਰਣਾਲੀ ਦੇ ਰੂਪ ਵਿੱਚ ਮੋਜੁਦ ਹੈ, ਕੁਦਰਤ ਦੇ ਹਰ ਵਰਤਾਰੇ ਦੀ ਸ਼ਕਲ ਵਿੱਚ ਹੈ, ਕੀ ਰੁਤਾ, ਕੀ ਪੌਣਾ, ਕੀ ਸਾਗਰ ਕੀ ਦਿਨ, ਕੀ ਰਾਤ ਸਭ ਕੁਝ ਕੁਦਰਤ ਦੇ ਇਸੇ ਵੱਡੇ ਵਰਤਾਰੇ ਦਾ ਹਿੱਸਾ ਹੈ। ਇਹੋ ਹੀ ਤਾਂ ਅਨਹਦ ਧੁਨ ਹੈ ਜਿਸ ਦੀ ਧੁਨੀ ਵਿੱਚ ਮਗਨ ਕੁਦਰਤ ਦਿਨ ਰਾਤ ਲੱਖੂਖਾਂ ਸਾਲਾਂ ਤੋਂ ਵਰਤ ਰਹੀ ਹੈ। ਇਸੇ ਅਨਹਦ ਧੁਨ ਚੋਂ ਹੀ ਕੁਦਰਤ ਦੇ ਨਿਯਮਾਂ ਦੀ ਨੇਮਬੱਧਤਾ ਦਾ ਅਹਿਸਾਸ ਹੁੰਦਾ ਹੈ, ਇਸ ਨੂੰ ਹੁਕਮ ਕਿਹਾ ਜਾ ਸਕਦਾ ਹੈ, ਜਿਸ ਦੇ ਅੰਦਰ ਸੱਭ ਕੁਝ ਹੈ, ਤੇ ਇਸ ਤੋਂ ਬਾਹਰ ਕੁਝ ਨਹੀਂ। ਕੁਦਰਤ ਦੇ ਨਿਯਮਾਂ ਤੋਂ ਬਾਹਰ ਤਾਂ ਪੱਤਾ ਨਹੀਂ ਹਿਲ ਸਕਦਾ। ਹਰ ਚੀਜ਼ ਦੇ ਹਿਲਣ ਚਲਣ ਵਿੱਚ ਵਿਗਸਣ ਵਿੱਚ ਤੇ ਪੈਦਾ ਹੋਣ ਵਿੱਚ ਕੋਈ ਨਾ ਕੋਈ ਨੇਮ ਲਾਗੂ ਹੁੰਦਾ ਹੈ। ਅੱਗ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦੀ ਹੈ। ਭਿਆਨਕ  ਤੋਂ ਭਿਆਨਕ ਤਬਾਹੀ ਵੀ ਕੁਦਰਤ ਦੇ ਇਹਨਾਂ ਨਿਯਮਾਂ ਵਿੱਚ ਵਾਪਰਦੀ ਹੈ। ਤੇ ਸੱਭ ਤੋਂ ਵੱਡਾ ਨਿਯਮ ਹੈ ਹੋਣੀ ਦਾ, ਜਿਸ ਨੂੰ ਵਿਗਿਆਨ ਵੀ ਮੰਨਦਾ ਹੈ।

ਹੋਣੀ ਕੀ ਹੈ? ਜੋ ਹੋ ਕੇ ਕੇ ਰਹਿੰਦੀ ਹੈ। ਜਿਸ ਦਾ ਵਾਪਰਨਾ ਤੈਅ ਹੈ। ਪਰ ਕਿਉਂ? ਕਿਉਂ ਕਿ ਇਸ ਦੇ ਪਿਛੇ ਕੋਈ ਘਟਨਾ ਉਸ ਦਾ ਕਾਰਨ ਬਣਦੀ ਹੈ। ਇਹ ਘਟਨਾ ਕ੍ਰਮ ਸਦਾ ਚੱਲਦਾ ਰਹਿੰਦਾ ਹੈ। ਇਕ ਘਟਨਾ  ਦੂਜੇ ਦਾ ਕਾਰਨ ਬਣਦੀ ਹੈ। ਜਿਸ ਨੂੰ ਕਰਤਾ ਕਿਹਾ ਗਿਆ ਹੈ ਉਹ ਵੀ ਕੁਦਰਤ ਦੇ ਨਿਯਮ ਅਧੀਨ ਹੈ। ਅਸੀਂ ਇਸ ਨੂੰ ਵਿਗਿਆਨ ਦੇ ਨਜ਼ਰੀਏ ਤੋਂ ਜਿਵੇਂ ਲੱਭਿਆ ਉਵੇਂ ਪਾਇਆ ਕਹਿੰਦੇ ਹਾਂ। ਇਸ ਵਿੱਚ ਕੋਈ ਤਬਦੀਲੀ ਨਹੀਨ ਕਰਦੇ। ਪਰ ਜਦੋਂ ਇਹ ਸਾਰਾ ਵਰਤਾਰਾ ਕਿਸੇ ਦਾਰਸ਼ਨਿਕ ਕੋਲ ਜਾਂ ਕਿਸੇ ਕਵੀ ਕੋਲ ਆਉਂਦਾ ਹੈ ਤਾਂ ਉਹ ਇਸ ਨੂੰ ਆਪਣੀ ਕਲਪਨਾ ਦੀ ਪੁੱਠ ਚਾਂੜ੍ਹਦਾ ਹੈ। ਉਹ ਇਸ ਸ਼ਕਤੀ ਜਾਂ ਨਿਯਮ ਜਾਂ ਕਰਤਾ ਦਾ ਮਾਨਵੀਕਰਨ ਕਰਦਾ ਹੈ ਤੇ ਉਸ ਨੂੰ ਇਹ ਹਸਤੀ ਬਣਾ ਕੇ ਪੇਸ਼ ਕਰਦਾ ਹੈ। ਹਸਤੀ ਜਿਸ ਨੂੰ ਰੱਬ ਕਿਹਾ ਜਾ ਸਕਦਾ ਹੈ, ਅਕਾਲਪੁਰਖ ਮੰਨ ਲਿਆ ਜਾਂਦਾ ਹੈ, ਇਹ ਇਸੇ ਵਰਤਾਰੇ ਦਾ ਮਾਨਵੀਕਰਨ ਹੈ। ਇਤਿਹਾਸਕ ਤੌਰ ਤੇ ਜਦੋਂ ਮਨੁੱਖ ਨੂੰ ਆਪਣੇ ਆਪੇ ਦੁਆਲੇ ਦੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਪਈ ਤਾਂ ਉਸ ਨੇ ਅਜਿਹਾ ਕੀਤਾ। ਹੋਣੀ ਅਸਲ ਵਿੱਚ ਕੁਦਰਤ ਦਾ ਇਕ ਨਿਯਮ ਹੈ ਜਿਸ ਨੂੰ ਨਿਊਟਨ ਦੇ ਇਨਅਰਸ਼ੀਆ ਦੇ ਨਿਯਮ ਦੇ ਤੋਰ ਤੇ ਵੀ ਜਾਣਿਆ ਜਾਂਦਾ ਹੈ। ਭਾਵ ਕੋਈ ਵੀ ਚੀਜ਼ ਜਿਥੇ ਪਈ ਹੈ ਪਈ ਰਹਿੰਦੀ ਹੈ, ਜਦੋਂ ਤੱਕ ਉਸ ਨੂੰ ਕਿਸੇ ਕਾਰਨ ਜਾਂ ਬਾਹਰੀ ਬਲ ਨਾਲ ਹਿਲਾਇਆ ਨਾ ਜਾਵੇ। ਸੋ ਹੋਣੀ ਹੈ ਤੇ ਹੋ ਕੇ ਵਰਤਦੀ ਹੈ। ਹੋਣੀ ਵਰਤੇ, ਹੋਣੀ ਨੂੰ ਹੀ ਕਲਾ ਵਾਹਿਗੁਰੂ ਦੀ ਕਹਿ ਸਕਦੇ ਹੋ।

ਅਨਹਦ ਨੂੰ ਸਮਝਣ ਤੋਂ ਬਾਅਦ ਕੁਦਰਤ ਦੇ ਨਿਯਮਾਂ ਦੀ ਸਮਝ ਆ ਜਾਂਦੀ ਹੈ। ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਇਸ ਵਾਸਤੇ ਕੁਦਰਤ ਦੇ ਨੇੜੇ ਹੋਣ ਦੀ ਲੋੜ ਪੈਂਦੀ ਹੈ। ਕੁਦਰਤ ਨਾਲ ਦੋਸਤੀ ਕਰਨੀ ਪੈਂਦੀ ਹੈ। ਇਹ ਅਨਹਦ ਸਾਡੇ ਰੋਮ ਵਿੱਚ ਵਿੱਚ ਚਲ ਰਿਹਾ ਹੈ। ਇਹ ਸਾਡੇ ਚਾਰੇ ਪਾਸੇ ਖਿੜਦੇ ਫੁਲਾਂ ਵਿੱਚ ਪੱਕਦੇ ਫਲਾਂ ਵਿੱਚ ਦਾਣਿਆਂ ਵਿੱਚ ਕੁਦਰਤ ਦੇ ਪੁਰੇ ਨਿਜ਼ਾਮ ਦੇ ਹਰ ਕੋਨੇ ਚੋਂ ਸੁਣਿਆ ਜਾ ਸਕਦਾ ਹੈ। ਇਸ ਨੂੰ ਗਹੁ ਨਾਲ ਦੇਖਣ ਤੋਂ ਬਾਅਦ ਮਨੁੱਖ ਕੋਲ ਇਸ ਦੇ ਅਗੇ ਸਿਰ ਝੁਕਾ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।

ਜਦੋਂ ਅਨਹਦ ਦੀ ਸਮਝ ਆ ਜਾਂਦੀ ਹੈ ਤਾਂ ਦੁਖ ਦੇਣ ਵਾਲੀਆਂ ਬਹੁਤ ਸਾਰੀਆਂ ਉਲਝਣਾ ਚੋਂ ਮਨੁੱਖ ਬਚ ਜਾਂਦਾ ਹੈ। ਦੁਖ ਦੀ ਸਮਝ ਆ ਜਾਂਦੀ ਹੈ। ਸੁਖ ਬੀਜੋਗੇ ਸੁਖ ਮਿਲੇਗਾ, ਜੇ ਦੁਖੀ ਹੋਣ ਵਾਲੇ ਕੰਮ ਕਰੋਗੇ ਤਾਂ ਦੁਖ ਹੀ ਮਿਲੇਗਾ। ਸੁਖ ਦੁਖ ਦੋਵੇਂ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਹਨ, ਜੇ ਕਰ ਇਹ ਸਮਝ ਆ ਜਾਏ ਤਾਂ ਦੁਖ ਦੀ ਤੀਵਰਤਾ ਘਟ ਜਾਂਦੀ ਹੈ। ਜਦੋਂ ਇਹ ਸਮਝ ਆ ਜਾਏ ਕਿ ਇਹ ਭੁਗਤਣਾ ਹੀ ਪੈਣਾ ਹੈ ਤਾਂ ਇਸ  ਦਾ ਸਾਹਮਣਾ ਕਰਨ ਦੀ ਹਿੰਮਤ ਵੀ ਆ ਜਾਂਦੀ ਹੈ। ਇਸੇ ਲਈ ਸਚੁ ਸਭਨਾ ਹੋਇ ਦਾਰੂ ਕਿਹਾ ਗਿਆ ਹੈ। ਸਚੁ ਦੀ ਸਮਝ ਆ ਜਾਣ ਨਾਲ ਮਨ ਦੇ ਅੰਦਰੋਂ ਬੁਰਾਈਆਂ ਧੋਤੀਆਂ ਜਾਂਦੀਆਂ ਹਨ ਤੇ ਸੋਚ ਸਾਫ਼ ਹੋ ਜਾਂਦੀ ਹੈ।

ਲੋਭ ਮਨੁੱਖ ਦਾ ਲਾਲਚ ਹੈ ਹੋਰ ਵਧੇਰੇ ਸਾਧਨ ਜੁਟਾ ਲੈਣ ਲਈ, ਜੋ ਸਿਰਫ਼ ਇਸੇ ਲਈ ਜੁਟਾਏ ਜਾਂਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਲ ਨਾ ਹੋਵੇ। ਸਮੇਂ ਦੀ ਇਹ ਬੇਯਕੀਨੀ ਇਸ ਲਈ ਹੈ ਦੁਨੀਆ ਕੁਦਰਤ ਦੇ ਨਿਯਮਾਂ ਦੀ ਬਜਾਏ ਮਨੁੱਖੀ ਨਿਯਮਾਂ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦੀ ਹੈ। ਜੇ ਇਸ ਨੂੰ ਕੁਦਰਤ ਦੇ ਨਿਯਮਾਂ ਅਨੁਸਾਰ ਚਲਾਇਆ ਜਾਵੇ ਤਾਂ ਲੋਭ ਕਰਨ ਦੀ ਇਛਾ ਸਮਾਪਤ ਹੋ ਜਾਵੇਗੀ। ਚੰਗਾ ਕਰੋਗੇ ਚੰਗਾ ਮਿਲੇਗਾ, ਸੋਚਣ ਦੀ ਲੋੜ ਨਹੀਂ, ਫਿਰ ਹਰ ਕਰਮ ਦਾ ਫ਼ਲ ਕੁਦਰਤ ਨੇ ਦੇਣਾ ਹੀ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ। ਸੋ ਲੋਭੀ ਵਿਅਕਤੀ ਕੁਦਰਤ ਦੇ ਕਾਨੂੰਨ ਨਾਲ ਛੇੜ ਛਾੜ ਕਰਕੇ ਉਸ ਨੂੰ ਆਪਣੇ ਵਾਸਤੇ ਤੇ ਆਪਣੇ ਪੱਖ ਵਿਚ ਚਲਾਉਣਾ ਚਾਹੁੰਦਾ ਹੈ, ਇਸ ਲਈ ਲੋਭ ਤੋਂ ਬਚਣ  ਦਾ ਆਦੇਸ਼ ਸਿਖਾਂ ਨੂੰ ਦਿਤਾ ਗਿਆ ਹੈ।

ਕ੍ਰੋਧ ਕਰਨ ਨਾਲ ਮਨੁੱਖ ਦੀ ਸੋਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਮਨੁੱਖ ਸਾਵਾਂ ਨਹੀਂ ਸੋਚ ਸਕਦਾ। ਉਸ ਦਾ ਆਪਣੀ ਸੋਚ ਤੋਂ ਆਪਣੇ ਵਤੀਰੇ ਤੋਂ ਤੇ ਆਪਣੇ ਫੈਸਲਾ ਕਰਨ ਦੀਆਂ ਸ਼ਕਤੀਆਂ ਤੋਂ ਕਾਬੂ ਖਤਮ ਹੋ ਜਾਂਦਾ ਹੈ। ਉਹ ਕ੍ਰੋਧ ਦੀ ਹਾਲਤ ਵਿੱਚ ਅਜਹਿਹੇ ਫੈਸਲੇ ਲੈ ਲੈਂਦਾ ਹੈ ਜਿਸ ਨਾਲ ਉਸ ਦੇ ਭਵਿਖ ਵਿੱਚ ਉਸ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਕ੍ਰੋਧ ਨਾ ਕਰਨ ਦਾ ਆਦੇਸ਼ ਵੀ ਗੁਰਬਾਣੀ ਵਿੱਚ ਮਿਲਦਾ ਹੈ।

ਕਾਮ ਜੀਵਨ ਦਾ ਜ਼ਰੂਰੀ ਅੰਗ ਹੈ ਇਸ ਨਾਲ ਜ਼ਿੰਦਗੀ ਦੀ ਉਤਪਤੀ ਨਾਲ ਜੁੜੇ ਸਾਰੇ ਕਾਰਜ ਸਿੱਧ ਹੁੰਦੇ ਹਨ ਤੇ ਜੀਵਨ ਦੀ ਉਤਪਤੀ ਤੇ ਵਿਕਾਸ ਦਾ ਸਾਰਾ ਕੰਮ ਕਾਮ ਦੇ ਹਿੱਸੇ ਹੀ ਆਉਂਦਾ ਹੈ। ਇਹ ਕੁਦਰਤੀ ਹੈ ਪਰ ਇਸ ਦੀ ਦੁਰਵਰਤੋਂ ਮਨੁੱਖ ਨੂੰ ਮਾਨਸਕ ਤੋਰ ਤੇ ਕਮਜ਼ੋਰ ਬਣਾਉਂਦੀ ਹੈ। ਕਾਮ ਤੋਂ ਬਚਣ ਲਈ ਪੁਰਾਣੇ ਰਿਸ਼ੀ ਮੁਨੀ ਬ੍ਰਹਮ ਚਰ ਦਾ ਪਾਲਨ ਕਰਦੇ ਸਨ ਤੇ ਇਸ ਤੋਂ ਬੇਮੁਖ ਹੋਣ ਵਿਚ ਹੀ ਜ਼ਿੰਦਗੀ ਦੇ ਉਦੇਸ਼ਾਂ ਦੀ ਪ੍ਰਾਪਤੀ ਮੰਨਦੇ ਸਨ। ਪਰਤੂੰ ਗੁਰੂ ਸਾਹਿਬਾਨ ਨੇ ਕਾਮ ਤੋਂ ਬਚਣ ਲਈ ਤਿਆਗ ਦਾ ਰਾਹ ਦਰਸਾਉਣ ਦੀ ਬਜਾਇ ਮਨੁਖ ਨੂੰ ਗ੍ਰਹਿਸਤ ਮਾਰਗ ਅਪਨਾਉਣ ਦਾ ਆਦੇਸ਼ ਦਿਤਾ। ਕਾਮ ਦੀ ਤ੍ਰਿਪਤੀ ਜਾਇਜ਼ ਤਰੀਕੇ ਭਾਵ ਗ੍ਰਹਿਸਥ ਰਾਹੀ ਤੇ ਇਕ ਵੀ ਪਤਨੀ ਪ੍ਰਤੀ ਵਫਾਦਾਰ ਰਹਿਣ ਦਾ ਆਦੇਸ਼ ਸਿਖ ਜੀਵਨ ਜਾਚ ਦਾ ਹਿਸਾ ਹੈ। ਕਾਮ ਦੀ ਸਹੀ ਤ੍ਰਿਪਤੀ ਮਨੁੱਖ ਦੇ ਮਨ ਨੂੰ ਹਮੇਸ਼ਾ ਉਚ ਵਿਚਾਰ ਭਾਵ ਉਚੀ ਸੋਚ ਦੇ ਕਾਬਲ ਬਣਾਉਂਦੀ ਹੈ।

ਮੋਹ ਕੁਦਰਤੀ ਹੈ, ਜਿਸ ਵੀ ਥਾਂ ਉਪਰ ਕੋਈਨ ਪੰਛੀ, ਕੋਈ ਜਾਨਵਰ, ਕੋਈ ਵਿਅਕਤੀ ਰਹਿੰਦਾ ਹੈ ਉਸ ਨਾਲ ਮੋਹ ਪੈ ਜਾਣਾ ਕੁਦਰਤੀ ਹੈ। ਮੋਹ ਇਨਸਾਨੀ ਰਿਸ਼ਤਿਆਂ ਵਿੱਚ ਵੀ ਪੈਦਾ ਹੁੰਦਾ ਹੈ। ਆਪਣੀ ਮਾਂ, ਭੈਣ, ਭਰਾ, ਪਰਵਾਰ ਨਾਲ ਮੋਹ ਪੈ ਜਾਂਦਾ ਹੈ। ਰਿਸ਼ਤੇ ਪਰਵਾਰ ਤੇ ਸਮਜਾਕ ਹੁੰਦੇ ਹਨ ਤੇ ਇਹ ਮੋਹ ਬਹੁਤੀ ਵਾਰੀ ਮਨੁੱਖ ਨੂੰ ਭਾਵਨਾਤਾਮਕ ਤੌਰ ਕਮਜ਼ੋਰ ਕਰਦਾ ਹੈ। ਪਰਵਾਰਕ ਮੋਹ ਵਸ਼ ਵੀ ਕਈ ਵਾਰੀ ਕਈ ਵਿਅਕਤੀ ਗ਼ਲਤ ਫੈਸਲੇ ਕਰ ਲੈਂਦੇ ਹਨ ਜਿਹਨਾਂ ਦਾ ਫਲ ਭੁਗਤਣ ਤੇ ਭੋਗਣ ਵੇਲੇ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ। ਗੁਰਬਾਣੀ ਇਸੇ ਲਈ ਮੋਹ ਤੋਂ ਨਿਰਾਲਮ ਹੋਣ ਦਾ ਉਪਦੇਸ਼ ਦਿੰਦੀ ਹੈ। ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਮੋਹ ਦੀਆਂ ਤੰਦਾਂ ਤੋੜਨ ਤੇ ਨਿਰਲੇਪ ਹੋ ਕੇ ਜੀਣ ਦੇ ਆਦੇਸ਼ਾਂ ਨਾਲ ਓਤਪੋਤ ਹੈ। ਮੋਹ ਤੋਂ ਬਿਨਾਂ ਇਨਸਾਨ ਕਿਸੇ ਨੂੰ ਵੀ ਪ੍ਰੇਮ ਨਹੀਂ ਕਰ ਸਕਦਾ ਤੇ ਪਰਸਪਰ ਮੋਹ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਮੋਹ ਦੀ ਬਹੁਲਤਾ ਮਨੁੱਖ ਨੂੰ ਉਲਾਰਵਾਦੀ ਬਣਾ ਦਿੰਦੀ ਹੈ। ਗੁਰਬਾਣੀ ਇਸ ਲਈ ਮੋਹ ਨੂੰ ਇਕ ਵਿਕਾਰ ਰੂਪ ਹੀ ਗਿਣਦੀ ਹੈ ਤੇ ਇਸ ਤੋਂ ਬਚਣ ਦਾ ਆਦੇਸ਼ ਦਿੰਦੀ ਹੈ।

ਹਉਮੈ, ਜਾਂ ਅੰਹਕਾਰ ਉਹਨਾਂ ਪੰਜ ਵਿਕਾਰਾਂ ਚੋਂ ਇਕ ਹੈ ਜਿਸ ਨੇ ਮਨੁਖ ਨੂੰ ਦੂਸ਼ਤ ਕੀਤਾ ਹੋਇਆ ਹੈ। ਅਨਹਦ ਦੀ ਸਮਝ ਤੋਂ ਬਾਅਦ ਆਪਣੀ ਹੈਸੀਅਤ ਸਮਝ ਆ ਜਾਣੀ ਚਾਹੀਦੀ ਹੈ। ਵਿਰਾਟ ਕੁਦਰਤ ਦੇ ਦੇ ਸਾਹਮਣੇ ਵੱਡੇ ਤੋਂ ਵੱਡੇ ਰਾਜੇ ਬਾਦਸ਼ਾਹ ਦੀ ਤਾਕਤ ਤੇ ਹੈਸੀਅਤ ਕੀੜੇ ਤੋਂ ਵੀ ਛੋਟੀ ਹੈ ਤੇ ਇਸ ਨੂੰ ਦੇਖਦੇ ਹੋਏ ਮਨੁੱਖ ਨੂੰ ਆਪਣੀ ਹੈਸੀਅਤ ਵਿੱਚ ਰਹਿਣਾ ਚਾਹੀਦਾ ਹੈ ਤੇ ਸੰਸਾਰ ਵਿਚ ਮਿਲੀ ਤਾਕਤ ਨੂੰ ਦੂਜਿਆਂ ਉਪਰ ਰੋਅਬ ਪਾਉਣ ਲਈ ਨਹੀਂ ਵਰਤਣਾ ਚਾਹੀਦਾ। ਇਸੇ ਲਈ ਹਉਮੈ  ਨੂੰ ਦੀਰਘ ਰੋਗ ਕਿਹਾ ਗਿਆ ਹੈ। ਹਉ ਹਉ ਕਰਤਾ ਜਗ ਮੂਆ...

ਗੁਰਬਾਣੀ ਦੇ ਪੈਰਾਮੀਟਰਾਂ ਅਨੁਸਾਰ ਹਰ ਗਲ ਦੀ ਬਹੁਲਤਾ ਮਨੁੱਖ ਲਈ ਘਾਤਕ ਸਿੱਧ ਹੁੰਦੀ ਹੈ ਤੇ ਹਰ ਇਕ ਕੋਈ ਵੀ ਗੱਲ ਉਥੋਂ ਤਕ ਹੀ ਰਖਣੀ ਚਾਹਿਦੀ ਜਿੱਥੇ ਤੱਕ ਇਹ ਵਿਕਾਰ ਦਾ ਰੂਪ ਨਾ ਲਵੇ। ਇਹ ਮਨੁੱਖ ਦੀ ਜੀਵਨ ਜਾਚ ਦਾ ਮੁੱਖ ਹਿੱਸਾ ਹੈ ਕਿ ਆਪਣੇ ਵਤੀਰੇ ਨੂੰ ਆਪਣੀ ਸੋਚ ਤੇ ਸੋਝੀ ਦੀ ਮਦਦ ਨਾਲ ਨਿਯੰਤਰਤ ਕਰਨਾ।

ਜਿਸ ਅਨਹਦ ਸ਼ਬਦ ਦੀ ਗੱਲ ਕਰਨੀ ਚਾਹੀ ਹੈ ਗੁਰਬਾਣੀ ਵਿੱਚ ਉਸ ਦੀ 86 ਵਾਰੀ ਵਰਤੋਂ ਮਿਲਦੀ ਹੈ।
- ਅਨਹਦੁ ਸੁਣਿ ਮਾਨਿਆ ਸ਼ਬਦ ਵੀਚਾਰੀ
ਆਤਮ ਚੀਨੈ ਭਏ ਨਿਰੰਕਾਰੀ {ਅੰਕ ੪੧੫}
ਭਾਵ- ਅਨਹਦ ਨੂੰ ਸੁਣ ਕੇ ਮੰਨਿਆ ਤੇ ਇਸ ਸ਼ਬਦ ਨੂੰ ਵਿਚਾਰਨ ਨਾਲ ਆਤਮਾ ਭਾਵ ਮਨ ਅੰਦਰ ਨਿਰੰਕਾਰ ਦੀ ਸਮਝ ਆ ਗਈ। ਆਪਣੀ ਸਮਝ ਵੀ ਨਿਰੰਕਾਰ ਦੇ ਗਿਆਨ ਨਾਲ ਓਤ ਪੋਤਿ ਹੋ ਗਈ।  ਨਿਰੰਕਾਰ ਤੋਂ ਭਾਵ ਕੁਦਰਤ ਦੀ ਨਿਯਮਬੱਧਤਾ ਤੋਂ ਲੈਣਾ ਪਵੇਗਾ।
ਅਨਹਦੋ ਅਨਹਦੁ ਵਾਜੈ ਰੁਣ ਝੁਣ ਕਾਰੋ ਰਾਮ{ਅੰਕ ੪੩੬}
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਾਲੋ ਕੋ ਅਰਥਾਣੈ{ਅੰਕ ੯੪੫}
ਅਨਹਦ ਬਾਣੀ ਪਾਈਐ ਤਉ ਹਉਮੈ ਹੋਇ ਬਿਨਾਸ{ਅੰਕ ੨੧}
ਦੇਵ ਸਥਾਨੈ ਕਿਆ ਨੀਸ਼ਾਨੀਤਹਵਾਜੇ ਸ਼ਬਦੁ ਅਨਾਹਦ ਬਾਣੀ{ਅੰਕ ੯੭੪}
ਅਨਹਦ ਸ਼ਬਦ ਹੋਤ ਝਣਕਾਰਜਿਹ ਪਉੜੈੁ ਪ੍ਰਭ ਸ੍ਰੀ ਗੋਪਾਲ{ਅੰਕ੬੨}
ਨਿਰਭਉ ਕੈ ਘਰਿ ਬਜਾਵਹਿ ਤੂਰ
ਅਨਹਦ ਬਜਹਿ ਸਦਾ ਭਰਪੂਰ{ਅੰਕ ੯੭੧}
ਅਨਹਦਿ ਰਾਤਾ ਏਕ ਲਿਵ ਤਾਰਓਹੁ ਗੁਰਮੁਖਿ ਪਾਵੈ ਅਲਖ ਅਪਾਰ{ਅੰਕ ੧੧੮੮}
ਅਨਹਦ ਵਾਜੈ ਭ੍ਰਮ ਭਉ ਭਾਜੈਸਗਲ ਬਿਆਪ ਰਹਿਆ ਪ੍ਰਭ ਛਾਜੈ{ਅੰਕ ੧੦੩੪}

ਆਧੁਨਿਕ ਕਾਲ ਵਿੱਚ ਗੁਰਬਾਣੀ ਦੀ ਸਾਰਥਕਤਾ ਨੂੰ ਬਣਾਈ ਰੱਖਣ ਲਈ ਇਸ ਨੂੰ ਆਧੁਨਿਕ ਗਿਆਨ ਨਾਲ ਜੋੜਨਾ ਜ਼ਰੁਰੀ ਹੈ। ਨਹੀਂ ਤਾਂ ਇਹ ਇਤਿਹਾਸਕ ਪ੍ਰਸੰਗਕਤਾ ਵਿੱਚ ਹੀ ਸਿਮਟ ਕੇ ਰਹਿ ਜਾਏਗੀ। ਗਿਆਨ ਤੇ ਵਿਗਿਆਨ ਅਸੀਮ ਬੁਲੰਦੀਆਂ ਛੋਹ ਰਹੇ ਹਨ। ਉਸ ਕੁਲ ਪਸਾਰੇ ਨੂੰ ਜੋ ਗੁਰਬਾਣੀ ਵਿੱਚ ਅਕਾਲ ਪੁਰਖ ਦੀ ਵਡਿਆਈ ਵਜੋਂ ਦਿਖਾਈ ਦਿੰਦਾ ਹੈ, ਇਕ ਅਧਿਆਤਮਕ ਬਿੰਦੂ ਬੱ ਕੇ ਰਹਿ ਜਾਏਗਾ ਜਦੋਂ ਕਿ ਗੁਰਬਾਣੀ ਵਿੱਚ ਇਹ ਸਮਰਥਾ ਹੈ ਕਿਸ ਉਸ ਨੂੰ ਨਵੇਂ ਗਿਆਨ ਨਾਲ ਜੋੜ ਕੇ ਦੇਖਿਆ ਜਾਵੇ ਤੇ ਉਸ ਦੀ ਸਾਰਥਕਤਾ ਨੂੰ ਸਮੇਂ ਦੀ ਪ੍ਰਸੰਗਕਤਾ ਚੋਂ ਬਾਹਰ ਕੱਢਿਆ ਜਾਵੇ। ਇਸ ਤੋਂ ਵੀ ਅੱਗੇ ਜੇ ਨਾਮਾਕਰਨ ਦੀ ਪ੍ਰਣਾਲੀ ਤੇ ਵਿਧੀ ਨੂੰ ਸਮਝ ਲਿਆ ਜਾਵੇ ਤਾਂ ਅਕਾਲ ਪੁਰਖ, ਨਿਰੰਕਾਰ ਜੋ ਸਨਾਤਨੀ ਮੱਤ ਅਨੁਸਾਰ ਦੇਵਤਿਆਂ ਦੇ ਮੁੱਖੀ ਨਜ਼ਰ ਆਉਂਦੇ ਹਨ, ਕੁਦਰਤ ਦੀਆਂ ਅਸੀਮ ਸ਼ਕਤੀਆਂ ਨਾਲ ਮਿਲ ਕੇ ਕੁਦਰਤ ਦੇ ਵਾਸਤਵਿਕ ਪਸਾਰੇ ਤੇ ਪ੍ਰਣਾਲੀ ਦਾ ਕੇਂਦਰ ਬਣ ਜਾਣਗੇ। ਫਿਰ ਗੁਰਬਾਣੀ ਦੀ ਵਿਆਖਿਆ ਸਨਾਤਨੀ ਮਤ ਅਨੁਸਾਰ ਕਰਨ ਦੀ ਬਜਾਏ ਵਿਗਿਆਨ ਦੇ ਮੁਹਾਵਰੇ ਵਿੱਚ ਕਰਨੀ ਹੋਵੇਗੀ।

ਅਨਹਦ ਦਾ ਧੁਨਿ ਵਿਗਿਆਨ ਕੁਦਰਤ ਦੇ ਪਾਸਾਰੇ ਵਿੱਚ ਕੁਦਰਤ ਦੇ ਨਿਯਮਾਂ ਵਿਚ ਦੇਖਿਆ ਜਾ ਸਕਦਾ ਹੈ। ਸ਼ਬਦ ਚਾਹੇ ਧਨਾਸਰੀ ਰਾਗ ਦੀ ਆਰਤੀ ਦਾ ਹੋਵੇ ਜਾਂ ਸੋਦਰ ਦੀ ਬਾਣੀ ਦਾ, ਕੁਦਰਤ ਦੇ ਵਿਰਾਟ ਰੂਪ ਵਿੱਚ ਜਿੱਥੇ ਬ੍ਰਹਮੰਡ, ਗਲੈਕਸੀਆਂ, ਧਰਤੀਆਂ ਤੇ ਤਾਰਿਆਂ ਦਾ ਪਸਾਰਾ ਹੈ ਜੋ ਆਪੋ ਆਪਣੇ ਨਿਯਮਾਂ ਵਿੱਚ ਵਿਚਰ ਰਿਹਾ ਹੈ ਤੇ ਇਹ ਨਿਯਮ ਵੀ ਆਪਸੌ ਵਿਰੋਧ ਦੇ ਵਿਕਾਸ ਚੋਂ ਪੈਦਾ ਹੁੰਦੇ ਹਨ। ਹੁਣ ਇਹ ਵਿਗਿਆਨੀਆਂ ਉਪਰ ਹੈ ਕਿ ਉਹ ਇਹਨਾਂ ਨਿਯਮਾਂ ਵਿੱਚ ਢਲੀ ਪਲੀ ਕੁਦਰਤ ਦੀ ਪੜਚੋਲ ਕਿਵੇਂ ਕਰਦੇ ਹਨ ਤੇ ਕਿਸ ਦਿਸਾ ਵਿੱਚ ਜਾ ਕੇ ਕੀ ਲੱਭਦੇ ਹਨ। ਪਰ ਉਹਨਾਂ ਦੀ ਖੋਜ ਕਿਸੇ ਦਾਰਸ਼ਨਿਕ ਦੀ ਸੋਚ ਨਹੀਂ ਹੋਵੇਗੀ ਸਗੋਂ ਪੂਰੀ ਤਰ੍ਹਾਂ ਸਾਰਥਕ, ਵਿਗਿਆਨਕ, ਤੱਥ ਅਧਾਰਤ ਤੇ ਜੀਵਨ ਦੇ ਮੂਲ ਨਿਯਮਾਂ ਦੀ ਰੋਸ਼ਨੀ ਦੇ ਦਾਇਰੇ ਵਿੱਚ ਹੀ ਹੋਵੇਗੀ। ਅਕਾਲ ਪੁਰਖ ਨੂੰ ਹਸਤੀ ਦੀ ਬਜਾਏ ਇਕ ਸ਼ਕਤੀ ਭਾਵ ਇਕ ਐਨਰਜੀ ਵੀ ਕਿਹਾ ਜਾ ਸਕਦਾ ਹੈ ਪਰ ਇਹ ਐਨਰਜੀ ਵੀ ਅੱਗੇ ਨਿਯਮਾਂ ਦੀ ਇਕ ਪ੍ਰਣਾਲੀ ਦੇ ਅਧੀਨ ਹੈ, ਸਵਤੰਤਰ ਨਹੀਂ ਹੈ। ਪਰ ਜਦੋਂ ਕੁਦਰਤ ਦੀ ਨੇਮ-ਬੱਧਤਾ ਦੀ ਗੱਲ ਹੁੰਦੀ ਹੈ ਤਾਂ ਸਭ ਕੁਝ ਸਪਸ਼ਟ ਹੋ ਜਾਂਦਾ ਹੈ।

ਇਹੋ ਅਨਹਦ ਧੁਨ ਹੈ ਜਿਸ ਦੀ ਸੋਝੀ  ਬਾਰੇ ਗੁਰੂ ਸਾਹਿਬਾਨ ਸਿਖਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ। ਪੁਰੀ ਗੁਰਬਾਣੀ ਵਿੱਚ ਮਨੁੱਖ ਨੂੰ ਹੁਕਮ ਵਿੱਚ ਰਹਿ ਕੇ ਜੀਣ ਦੀ ਹਦਾਇਤ ਕੀਤੀ ਗਈ ਹੈ। ਅਨਹਦ ਵਿੱਚ ਅਕਾਲ ਪੁਰਖ ਦੇ ਹੁਕਮ ਦੇ ਵਰਤਾਰੇ ਨੂੰ ਸਮਝਣ ਤੋਂ ਬਾਅਦ ਅਗਲੀ ਗੱਲ ਉਸ ਹੁਕਮ ਅਨੁਸਾਰ ਜ਼ਿੰਦਗੀ ਜੀਣ ਦੀ ਹੈ।

  1. ਕੁਦਰਤ ਦੇ ਹੋਣੀ ਦੇ ਨਿਯਮ ਨੂੰ ਸਮਝੀਏ ਤੇ ਉਸ ਨੂੰ ਪਰਵਾਨ ਕਰ ਲਈਏ।
  2. ਆਪਣੀ ਹੋਣੀ ਖੁਦ ਲਿਖੀਏ ਤੇ ਉਸ ਵਾਸਤੇ ਆਪਣੀ ਨੀਯਤ ਸਾਫ਼ ਨੇਕ, ਮੱਤ ਉਚੀ ਕਰਕੇ ਚੱਲੀਏ।
  3. ਹੋਣੀ ਦੇ ਹਰ ਸਿੱਟੇ ਨੂੰ ਭੁਗਤਣ ਲਈ ਤਿਆਰ ਰਹਿਏ ਤੇ ਇਸ ਚੋਂ ਨਿਕਲਣ ਵਾਲੇ ਦੁਖ ਸੁਖ ਨੂੰ ਕੁਦਰਤ ਦੀ ਰਜ਼ਾ ਸਮਝ ਕੇ ਝੱਲੀਏ। ਇਸ ਤੋਂ ਬਚਣ ਦੇ ਕੋਈ ਉਪਾਅ ਨਾ ਕਰੀਏ। ਹਾਂ ਸਾਧਨਾ ਦੀ ਵਰਤੋਂ ਕਰੀਏ ਤੇ ਇਸ ਵਾਸਤੇ ਕਿਸੇ ਵੀ ਦੂਸਰੇ ਦਾ ਬੁਰਾ ਨਾ ਚਿਤਵਦੇ ਹੋਏ ਤੇ ਮੰਦੇ ਕਾਰਜ ਤੋਂ ਬਚਦੇ ਹੋਏ ਰਸਤਾ ਚੁਣੀਏ।
  4. ਆਪਣੀ ਅਕਲ ਤੇ ਸਮਝ ਦੀ ਸੁਚੇਤ ਰੂਪ ਵਿੱਚ ਸਹੀ ਵਰਤੋਂ ਕਰੀਏ।
  5. ਵਾਹ ਲਗਦੀ ਨਾ ਕੁਦਰਤ ਉਪਰ ਆਪਣਾ ਹੱਕ ਜਮਾਈਏ ਤੇ ਨਾ ਉਸ ਦੇ ਕੰਮ ਕਾਜ ਵਿਚ ਦਖਲ ਦਈਏ।
  6. ਹਰ ਕਾਰਜ ਕਰਨ ਤੋਂ ਪਹਿਲਾਂ ਉਸ ਦੇ ਚੰਗੇ ਮਾੜੇ ਫ਼ਲ ਨੂੰ ਭੁਗਤਣ ਲਈ ਤਿਆਰ ਰਹੀਏ।
  7. ਅਜਿਹੇ ਕਾਰਜ ਤੋਂ ਬਚੀਏ ਜਿਸ ਦਾ ਫਲ ਆਉਣ ਵਾਲੇ ਸਮੇਂ ਵਿੱਚ ਭੈੜਾ ਹੋ ਸਕਦਾ ਹੈ।
  8. ਆਪਣੀ ਜੀਵਨ ਜਾਚ ਸੁਚੱਜੀ ਬਣਾਈਏ ਤਾਂ ਜੋ ਆਉਣ ਵਾਲਾ ਸਮਾਂ ਚੰਗਾ ਹੋ ਸਕੇ। ਇਸ ਵਾਸਤੇ ਮੰਦਾ ਕਿਸੇ ਦਾ ਨਾ ਕਰੋ, ਨਾ ਸੋਚੋ, ਨਾ ਮਨ ਵਿੱਚ ਲਿਆਓ।
  9. ਚੰਗਾ ਬੋਲੋ, ਆਪਣੀ ਬੋਲ ਬਾਣੀ ਸੁਚੱਜੀ ਤੇ ਅਰਥ ਭਰਪੁਰ ਰੱਖੋ।
  10. ਹਰ ਉਹ ਕੰਮ ਨਾ ਕਰੋ ਜਿਸ ਦੇ ਕਰਨ ਨਾਲ ਤਨ ਨੂੰ ਤਕਲੀਫ਼ ਹੋਵੇ ਤੇ ਮਨ ਵਿੱਚ ਵਿਕਾਰ ਚੱਲਣ। ਇਸ ਨਿਯਮ ਨੂੰ ਖਾਣ ਪੀਣ ਤੇ  ਵੇਸ ਭੂਸ਼ਾ ਵਿੱਚ ਵੀ ਅਪਣਾਓ। ਗੁਰਬਾਣੀ ਦਾ ਕਥਨ ਹੈ।
  11. ਵਿਗਿਆਨ ਨਾਲ ਜੁੜੋ ਤੇ ਵਿਗਿਆਨ ਰਾਹੀਂ ਕੁਦਰਤ ਦੇ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।
  12. ਅਣਹੋਣੀ ਬਾਰੇ ਕਦੇ ਨਾ ਸੋਚੋ।
  13. ਗੁਰਬਾਣੀ ਨੂੰ ਪੜ੍ਹੋ, ਖੁਲ੍ਹੀਆਂ ਅੱਖਾਂ ਨਾਲ, (ਮਨ ਅੰਧਾ ਨਾਓਂ ਸੁਜਾਣੁ) ਉਸ ਨੂੰ ਸਮਝੋ, ਭਾਵ ਹਰ ਸਿਖ ਵਿਦਵਾਨ ਬਣੇ, ਤੇ ਪੜ੍ਹਨ ਲਿਖਣ ਦੀ ਆਦਤ ਪਾਵੇ, ਉਸ ਨੂੰ ਆਪਣੀ ਸੋਚ ਦਾ ਆਧਾਰ ਬਣਾਓ। ਗੁਰਬਾਣੀ ਚੋਂ ਆਪਣੀ ਜੀਵਨ ਜਾਚ ਸਿਰਜੋ ਤੇ ਉਸ ਉਪਰ ਅਮਲ ਕਰੋ।
  14. ਅਧਿਆਤਮਵਾਦ ਉਪਰ ਰੁਕ ਨਾ ਜਾਓ, ਇਹ ਕਵਿਤਾ ਦਾ ਬੇਹੱਦ ਖੂਬਸੁਰਤ ਸੱਚ ਹੈ, ਪਰ ਗੁਰਬਾਣੀ ਇਸ ਤੋਂ ਅਗੇ ਤੁਰਦੀ ਹੈ। ਗੁਰਬਾਣੀ ਦਾ ਪੱਲਾ ਫੜੋ ਤੇ ਅਧਿਆਤਮਕਤਾ ਤੋਂ ਅਗੇ ਜਾ ਕੇ ਗੁਰਬਾਣੀ ਅਸਲ ਸਚ ਨਾਲ ਜੁੜੋ ਤੇ ਆਪਣੀ ਸੋਚ ਨੂੰ ਵਿਗਿਆਨਕ ਬਣਾਓ।
  15. ਕੁਦਰਤ ਦੇ ਕਿਸੇ ਵੀ ਢਾਂਚੇ ਨਾਲ ਛੇੜ ਛਾੜ ਨਾ ਕਰੋ ਤੇ ਨਾ ਹੀ ਇਸ ਨੂੰ ਆਪਣੇ ਮਾਫਾਦ ਵਾਸਤੇ ਵਰਤੋ। ਇਸ ਦੇ ਨਿਯਮਾਂ ਨੂੰ ਕੁਦਰਤ ਦਾ ਪ੍ਰਸਾਦਿ ਸਮਝ ਕੇ ਗ੍ਰਹਿਣ ਕਰੋ ਤੇ ਉਸ ਅਨੁਸਾਰ ਆਪਣੀ ਜ਼ਿੰਦਗੀ ਵਿੱਚ ਖੇੜਾ ਲਿਆਓ।

1 comment:

  1. ਗੁਰਬਾਣੀ ਦੇ ਪੈਰਾਮੀਟਰਾਂ ਅਨੁਸਾਰ ਹਰ ਗਲ ਦੀ ਬਹੁਲਤਾ ਮਨੁੱਖ ਲਈ ਘਾਤਕ ਸਿੱਧ ਹੁੰਦੀ ਹੈ ਤੇ ਹਰ ਇਕ ਕੋਈ ਵੀ ਗੱਲ ਉਥੋਂ ਤਕ ਹੀ ਰਖਣੀ ਚਾਹਿਦੀ ਜਿੱਥੇ ਤੱਕ ਇਹ ਵਿਕਾਰ ਦਾ ਰੂਪ ਨਾ ਲਵੇ। ਇਹ ਮਨੁੱਖ ਦੀ ਜੀਵਨ ਜਾਚ ਦਾ ਮੁੱਖ ਹਿੱਸਾ ਹੈ ਕਿ ਆਪਣੇ ਵਤੀਰੇ ਨੂੰ ਆਪਣੀ ਸੋਚ ਤੇ ਸੋਝੀ ਦੀ ਮਦਦ ਨਾਲ ਨਿਯੰਤਰਤ ਕਰਨਾ।

    THIS THE ULTIMATE TRUTH WHICH WE AR NOT READY TO ACCEPT. AND THE 15 PARAMETERS IDENTIFIED BY YOU WILL TAKE THE SIKH NEARER TO THE GURU. EXCELLENT.

    ReplyDelete