ਸੁਲਗਦੇ ਬੋਲ / ਕਾਵਿ ਪੁਸਤਕ- ਸੱਤ



ਭੰਡਾ ਭੰਡਾਰੀ

ਗੁਰਦੀਪ ਸਿੰਘ

ਭੰਡਾ ਭੰਡਾਰੀਆ ਕਿੰਨਾ ਕੁ ਭਾਰ
ਚਿੜੀਆਂ ਦਾ ਚੰਬਾ ਤੇ ਕੂੰਜਾਂ ਦੀ ਡਾਰ
ਸਹੁਰਿਆਂ ਨੂੰ ਓਪਰੀ ਤੇ ਪੇਕਿਆਂ ਨੂੰ ਭਾਰ
ਦਾਜ ਦੀ ਸਤਾਈ ਤੇ ਤਾਹਨਿਆਂ ਦੀ ਮਾਰ
ਮਾਂਪਿਆਂ ਨੇ ਤੋਰੀ ਨਾ ਫੇਰ ਲਈ ਸਾਰ।

ਭੰਡਾ ਭੰਡਾਰੀਆ ਕਿੰਨਾ ਕੁ ਭਾਰ
ਇੱਕ ਮੁੱਠੀ ਚੁੱਕ ਲਈ ਏ ਦੂਜੀ ਤਿਆਰ
ਮੁੱਠੀਆਂ ਦੇ ਥੱਲੇ ਮੈਂ  ਮੁੱਕੀਆਂ ਦੀ ਮਾਰ
ਕਿਤੇ ਨਾ ਵਜਦੀ ਏ ਦਿਲ ਵਾਲੀ ਤਾਰ
ਕੋਈ ਨਾ ਸੁਣਦਾ ਏ ਮਨ ਦੀ ਪੁਕਾਰ
ਅੱਖੀਆਂ ਪਰੋਂਦੀਆਂ ਨੇ ਹੰਝੂਆਂ ਦੇ ਹਾਰ

ਭੰਡਾ ਭੰਡਾਰੀਆ ਕਿੰਨਾ ਕੁ ਭਾਰ
ਜਿੰਦ ਪਈ ਲਮਕੇ ਅੱਧ ਵਿਚਕਾਰ
ਕਦੇ ਇਸ ਪਾਰ ਕਦੇ ਜਾਵਾਂ ਓਸ ਪਾਰ
ਚਿੜੀਆਂ ਦਾ ਚੰਬਾ ਤੇ ਕੂੰਜਾਂ ਦੀ ਡਾਰ
ਸਹੁਰਿਆਂ ਨੂੰ ਓਪਰੀ ਤੇ ਪੇਕਿਆਂ ਨੂੰ ਭਾਰ।

ਦੁਨੀਆ ਚ’ ਆਈ ਹਾਂ ਤਾਂ ਹੋਈ ਬਹੁਤ ਮਾੜੀ
ਜੱਗ ਨਾਲੋਂ ਚੰਗੀ ਜੇ ਕੁੱਖ ਵਿਚ ਮਾਰੀ
ਕੁੱਖ ਤੋਂ ਬਚਾਈ  ਤਾਂ ਜ਼ਮਾਨੇ ਨੇ ਲਿਤਾੜੀ
ਜ਼ਮਾਨੇ ਤੋਂ ਬਚਾਈ ਤਾਂ ਸਹੁਰਿਆਂ ਨੇ ਸਾੜੀ
ਲਾਲਚੀ ਜਹਾਨ ਸਾਰਾ ਕਰੇ ਮਾਰੋ ਮਾਰ

ਦੇਵੀਆਂ ਦੇ ਵਾਂਗ ਕਹਿੰਦੇ ਪੂਜਦੇ ਨੇ ਲੋਕ
ਕੰਜਕਾਂ ਬਣਾ ਕੇ ਪੂਰੇ ਕਰਦੇ ਨੇ ਸ਼ੋਕ
ਮਰਜ਼ੀ ਦਾ ਵਰ ਮੰਗਾਂ ਜੇ ਮੈਂ ਹਿੱਕ ਠੋਕ
ਆਪਣੇ ਹੀ ਮਾਪੇ ਫੇਰ ਜਾਨੋਂ ਦੇਣ ਮਾਰ
ਆਖਦੇ ਨੇ ਕੁੜੀਆਂ ਇਹ ਦੁਨੀਆ ਤੇ ਭਾਰ
ਪੜ੍ਹ ਲਿਖ ਮੰਗਿਆ ਜੇ ਕੋਈ ਰੁਜ਼ਗਾਰ
ਗੁੱਤੋਂ ਫੜ ਕੁੱਟੀ, ਤੇ ਡਾਂਗਾਂ ਦੀ ਮਾਰ

ਭੰਡਾ ਭੰਡਾਰੀਆ ਕਿੰਨਾ ਕੁ ਭਾਰ,
ਇਕ ਮੁੱਠੀ ਚੁਕ ਲੈ ਦੂਜੀ ਤਿਆਰ।


3 comments:

  1. ਕਮਾਲ ਕਰੀ ਜਾਂਦੇ ਹੋ, ਕਮਾਲ ਕਰੀ ਜਾਂਦੇ ਹੋ,
    ਹਰ ਸੀਟ ਉੱਤੇ ਹੀ ਰੁਮਾਲ ਧਰੀ ਜਾਂਦੇ ਹੋ ।

    ReplyDelete
  2. ਸ਼ੁਕਰੀਆ, ਬਖਸਿੰਦਰ ਜੀ, ਤੁਸੀਂ ਵੀ ਘੱਟ ਨਹੀਂ, ਕਮਾਲ ਤੁਸੀਂ ਵੀ ਕਰੀ ਜਾਂਦੇ ਹੋ, ਅਸੀਂ ਅੰਦਰ ਕਰੀ ਜਾਂਦੇ ਹਾਂ ਤੁਸੀਂ ਬਾਹਰ ਕਰੀ ਜਾਂਦੇ ਹੋ।

    ReplyDelete