Wednesday, April 18, 2012

ਚੇਤੇ ਰਹੀਏ

ਇਹ ਤਾਂ ਸੋਚ ਕਿ ਕਿਵੇਂ ਕਮਾਈਏ ਡਾਲਰਾਂ ਅੰਦਰ ਅਸੀਂ ਰੁਪਈਏ
ਪਰਦੇਸਾਂ ਵਿੱਚ ਭੀੜ ਬਣੇ ਹਾਂ ਜੀਕੂੰ ਲੁਧਿਆਣੇ ਵਿੱਚ ਭਈਏ

ਸਾਡੀ ਗੱਲ ਨਾ ਸੁਣਦਾ ਕੋਈ ਸ਼ਟ-ਅਪ ਕਹਿ ਕੇ ਤੁਰ ਜਾਂਦੇ ਹਨ
ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਆਪਣੀ ਗੱਲ ਜਦੋਂ ਵੀ ਕਹੀਏ।

ਟੋਟੇ ਹੋ ਕੇ ਸਾਬਤ ਰਹਿਣਾ ਔਖਾ ਹੁੰਦਾ ਸਭ ਕਹਿੰਦੇ ਹਨ
ਤੰਗੀਆਂ ਤੋਟਾਂ ਦੇ ਝਟਕਾਏ ਸਾਬਤ ਟੋਟੇ ਟੋਟੇ ਰਹੀਏ।

ਸੇਕ ਬੜਾ ਹੈ ਪੈਰਾਂ ਹੇਠਾਂ ਜੰਮੀ ਬਰਫ਼ ਪਿਘਲ ਜਾਂਦੀ ਹੈ
ਅੱਧੀ ਰਾਤੀਂ ਤੁਰਨਾ ਪੈਂਦਾ ਦਿਨ ਚੜ੍ਹਦੇ ਤੱਕ ਤੁਰਦੇ ਰਹੀਏ।

ਚੇਤੇ ਆਵਣ ਖੂਹ ਦੀਆਂ ਗੱਲਾਂ, ਜੂਹ ਦੀਆਂ ਗੱਲਾਂ ਰੂਹ ਦੀਆਂ ਗੱਲਾਂ
ਇਸ ਚੇਤੇ ਨੂੰ ਚੇਤੇ ਰੱਖੀਏ ਤਾਂ ਕਿ ਆਪ ਵੀ ਚੇਤੇ ਰਹੀਏ।

No comments:

Post a Comment