Saturday, April 14, 2012

ਮੇਰੀ ਧਰਮ ਯਾਤਰਾ


ਮੇਰੀ ਧਰਮ ਯਾਤਰਾ


ਬਚਪਨ ਦੇ ਦਿਨ ਹੁਣ ਤਾਂ ਸੁਪਨਾ ਜਾਪਦੇ ਹਨ।
ਮੇਰਾ ਜਨਮ 1956 ਨੂੰ ਮਈ ਦੇ ਪਹਿਲੇ ਹਫਤੇ ਦੇ ਪੰਜਵੇਂ ਦਿਨ ਹੋਇਆ। ਜਿਸ ਘਰ ਵਿੱਚ ਅੱਖ ਖੁੱਲ੍ਹੀ ਉਹ ਸਿਖ ਧਰਮ ਦੇ ਜ਼ਿਆਦਾ ਨੇੜੇ ਸੀ। ਪਿਤਾ ਇਕ ਸੁਹਿਰਦ ਡਾਕਟਰ ਹੋਣ ਦੇ ਨਾਲ ਨਾਲ ਇਕ ਪੁੱਜ ਕੇ ਈਮਾਨਦਾਰ ਸਖਸ਼ਿਅਤ ਦੇ ਧਾਰਨੀ ਸਨ। ਘਰ ਵਿੱਚ 1257 ਪੰਨਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੋਜੂਦ ਸੀ ਜਿਸ ਦਾ ਪਾਠ ਸਵੇਰੇ ਸ਼ਾਮ ਉਹ ਆਪ ਕਰਦੇ ਸਨ ਤੇ ਕਦੇ ਕਦੇ ਇਹ ਸੇਵਾ ਮਾਂ ਨੂੰ ਜਿਹਨਾਂ ਲਈ ਅਸੀਂ ਸਾਡੇ ਪਿਆਰ ਨਾਲ ਬੀ ਜੀ ਆਖਦੇ ਸਾਂ, ਵੀ ਨਿਭਾਉਂਦੇ ਸਾਂ।

ਇਕ ਗੱਲ ਖਾਸ ਸੀ, ਅਸੀਂ ਕਦੇ ਆਪਣੇ ਪਿਤਾ ਨਾਲ ਸ਼੍ਰੀ ਅੰਮ੍ਰਿਤਸਰ ਨਹੀਂ ਸਾਂ ਗਏ ਤੇ ਨਾ ਹੀ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ। ਘਰ ਵਿੱਚ ਇਕ ਕ੍ਰਿਪਾਨ ਜਰੂਰ ਮੋਜੂਦ ਸੀ ਜੋ ਸਿਰਫ ਸਵੈ ਰਖਿਆ ਦੇ ਇਰਾਦੇ ਦਾ ਪ੍ਰਤੀਕ ਸਨ। ਪਿਤਾ ਜੀ ਗੁਰੂਦੁਵਾਰਾ ਸਿੰਘ ਸਭਾ ਦੇ ਸੱਕਤਰ ਸਨ ਤੇ ਨਗਰ ਕੀਰਤਨ ਦੇ ਮੌਕੇ ਉਹਨਾਂ ਦਾ ਮੁਖ ਕੰਮ ਪਾਲਕੀ ਨੂੰ ਸਜਾਉਣ ਦਾ ਹੁੰਦਾ ਸੀ।

ਘਰ ਵਿੱਚ ਸ਼ਰਾਬ ਸਿਗਰਟ ਦਾ ਨਾਂ ਲੈਣਾ ਵੀ ਪਾਪ ਸਮਝਿਆ ਜਾਂਦਾ ਸੀ। ਜੇ ਕਿਸੇ ਅਖਬਾਰ ਉਪਰ ਵੀ ਸਿਗਰਟ ਦੀ ਤਸਵੀਰ ਛਪਦੀ ਸੀ ਤਾਂ ਉਸ ਨੂੰ ਵੀ ਹੱਥ ਨਹੀਂ ਸੀ ਲਾਇਆ ਜਾਂਦਾ। ਸ਼ਰਾਬ ਦੀ ਖਾਲੀ ਬੋਤਲ ਵੀ ਚਿਮਟੇ ਨਾਲ ਪਾਸੇ ਕੀਤੀ ਜਾਂਦੀ ਸੀ। ਮੈਨੂੰ ਪੰਜਾਬੀ ਮੇਰੀ ਮਾਂ ਨੇ ਸਿਖਾਈ ਤੇ ਇਸ ਵਾਸਤੇ ਬਾਲ ਉਪਦੇਸ਼ ਦਾ ਕਾਇਦਾ ਲਿਆਂਦਾ ਗਿਆ ਤੇ ਇਹ ਮੈਂ ਤਕਰੀਬਨ ਪਹਿਲੀ ਜਮਾਤ ਵਿੱਚ ਹੀ ਸਿੱਖੀ।
ਨਾਨਕੇ ਬਾਬਾ ਨੰਦ ਸਿੰਘ ਤੇ ਈਸ਼ਰ ਸਿੰਘ ਸੰਪ੍ਰਦਾ ਦੀ ਮਾਨਤਾ ਕਰਦੇ ਸਨ ਤੇ ਇਸ ਵਾਸਤੇ ਜਦੋਂ ਮੇਰੇ ਪਿਤਾ ਜੀ ਆਖਰੀ ਵਾਰੀ ਬੀਮਾਰ ਹੋਏ ਤਾਂ ਮੇਰੇ ਨਾਨੀ ਨੇ ਹਸਪਤਾਲ ਵਿੱਚ ਸੰਪਟ ਗੁਟਕੇ, ਤੇ ਹੋਰ ਕਿੰਨੇ ਪਾਠਾਂ ਵਾਲੀਆਂ ਪੁਸਤਕਾਂ ਲਿਆ ਕੇ ਦਿੱਤੀਆਂਪਾਠ ਕਰਿਆ ਕਰੋ, ਰੋਗ ਦੂਰ ਹੋ ਜਾਣਗੇ, ਇਸ ਹਦਾਇਤ ਨਾਲ। ਪਰ ਅਜਿਹਾ ਕੁਝ ਨਹੀਂ ਵਾਪਰਿਆ। ਪਿਤਾ ਜੀ 13 ਦਿਨ ਦੀ ਬੀਮਾਰੀ ਤੋਂ ਬਾਦ 24 ਅਕਤੂਬਰ ਵਾਲੇ ਦਿਨ ਸਦੀਵੀ ਵਿਛੋੜਾ ਪਾ ਗਏ। ਘਰ ਦੀ ਸਾਰੀ ਜਿੰਮੇਵਾਰੀ ਮੇਰੀ ਮਾਂ ਉਪਰ ਆਣ ਪਈ।

ਰਹਿਰਾਸ ਦੀ ਬਾਣੀ ਦਾ ਪਾਠ ਕਰਨ ਦਾ ਮੈਨੂੰ ਚੰਗੀ ਤਰ੍ਹਾਂ ਚੇਤਾ ਹੈ। ਇਕ ਸ਼ਾਮ ਮੀਂਹ ਪੈ ਕੇ ਹਟਿਆ ਸੀ। ਸ਼ਾਇਦ ਇਹ ਮਾਰਚ 1965 ਜਾਂ 1966 ਦੀ ਗੱਲ ਹੋਵੇਗੀ। ਮੈਨੂੰ ਜ਼ਿਦ ਕਰਨ ਉਪਰ ਬੀ ਜੀ ਨੇ ਮੈਨੂੰ ਪੰਜ ਗ੍ਰੰਥੀ ਚੋਂ ਰਹਿਰਾਸ ਦੀ ਬਾਣੀ ਦਾ ਪਾਠ ਕਰਨ ਦੀ ਇਜ਼ਾਜ਼ਤ ਦਿਤੀ। ਵਾਣ ਦਾ ਗਿੱਲਾ ਮੰਜਾ ਸੀ। ਤੇ ਮੈਂ ਉਸ ਉਪਰ ਚੌਂਕੜੀ ਮਾਰ ਕੇ ਬੈਠਾ ਪਾਠ ਕਰ ਰਿਹਾ ਸੀ। ਕਿਤੇ ਕਿਤੇ ਮੈਂ ਪੁਛ ਵੀ ਲੈਂਦਾ ਸਾਂ ਕਿਉਂ ਕਿ ਮੈਂ ਕਿਹੜਾ ਕਿਸੇ ਕੋਲੋਂ ਕੋਈ ਸੰਥਾ ਲਈ ਸੀ। ਗੁਟਕਾ ਫੜਿਆ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾਮੈਨੂੰ ਯਾਦ ਹੈ ਕਿ ਬਹੁਤਾ ਪੁੱਛਣ ਦੀ ਲੋੜ ਨਹੀਂ ਸੀ ਪਈ ਤੇ ਮੈਂ ਸੌਖਿਆਂ ਹੀ ਇਸ ਬਾਣੀ ਨੂੰ ਪੜ੍ਹ ਲਿਆ ਸੀ।

ਦੋ ਤਿੰਨ ਸਾਲ ਅਸੀਂ ਪੰਜ ਗ੍ਰੰਥੀ ਨਾਲ ਜੁੜੇ ਰਹੇ। ਰਹਿਰਾਸ ਤੋਂ ਬਿਨਾਂ ਦੂਜੀਆਂ ਬਾਣੀਆਂ ਵੀ ਪੜ੍ਹ ਲਈਆਂ। ਦੇਖਾ ਦੇਖੀ ਦੋ ਤਿੰਨ ਵਾਰ ਉਸ ਦਾ ਪਾਠ ਰੱਖ ਕੇ ਭੋਗ ਵੀ ਪਾ ਲਿਆ। ਕਿਤਿਉਂ ਇਕ ਮਾਲਾ ਵੀ ਮਿਲ ਗਈ ਤੇ ਉਹ ਵੀ ਹੱਥ ਵਿੱਚ ਪਾ ਲਈ। ਘਰ ਦੇ ਨੇੜੇ ਗੁਰਦੁਵਾਰੇ ਸਨ ਸੋ ਉਥੇ ਜਾ ਕੇ ਹਰ ਗੁਰਪੁਰਬ ਵਿੱਚ ਮੂਹਰੇ ਬੈਠ ਕੇ ਕੀਰਤਨ ਵੀ ਸੁਣਦਾ ਰਿਹਾ ਸਾਂ। ਢਾਡੀਆਂ ਤੋਂ ਸਿਖ ਇਤਿਹਾਸ ਸੁਣਨ ਦਾ ਸ਼ੌਕ ਰਿਹਾ ਹੈ ਤੇ ਮੈਂ ਖੁਦ ਗਿਆਨੀ ਸੋਹਣ ਸਿੰਘ ਸੀਤਲ ਦਾ ਉਪਾਸ਼ਕ ਰਿਹਾ ਹਾਂ।

ਫਿਰੋਜ਼ਪੁਰ ਦੇ ਅਕਾਲ ਗੜ੍ਹ ਦੇ ਗੁਰਦੁਆਰੇ ਵਿੱਚ ਐਤਵਾਰ ਦੇ ਇਕ ਸਮਾਗਮ ਵਿੱਚ ਰਾਤ ਨੂੰ ਮੈਂ ਇਕ ਕਵਿਤਾ ਪੜ੍ਹੀ, ਪਾਂਡੀ ਪਾਤਸ਼ਾਹ, ਵਿਧਾਤਾ ਸਿੰਘ ਤੀਰ ਜੀ ਦੀ ਲਿਖੀ ਹੋਈ। ਵਾਹਵਾ ਇਸ ਕਰਕੇ ਵੀ ਮਿਲੀ ਇਕ ਮੈਂ ਇਕ ਬੱਚਾ ਸਾਂ ਪਰ ਇਸ ਵਾਸਤੇ ਵੀ ਮਿਲੀ ਕਿ ਮੈਂ ਡਾ: ਸੰਤ ਸਿੰਘ ਜੀ ਦਾ ਪੁੱਤਰ ਸਾਂ ਤੇ ਉਹ ਇਸ ਗੁਰਦਵਾਰੇ ਨਾਲ ਜੁੜੇ ਹੋਏ ਸਨ।

ਚੌਥੀ ਪੰਜਵੀ ਵਿੱਚ ਹੀ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ ਸਾਂ। ਬੀੜ ਪਦ ਛੇਦ ਤੋਂ ਬਿਨਾਂ ਸੀ ਪਰ ਫਿਰ ਵੀ ਮੈਂ ਇਸ ਤੋਂ ਬਿਨਾਂ ਕਿਸੇ ਉਕਾਈ ਦੇ ਪਾਠ ਕਰ ਸਕਦਾ ਸਾਂ। ਸਵੇਰੇ ਸ਼ਾਮ ਪ੍ਰਕਾਸ਼ ਕਰਨਾ ਤੇ ਸੁਖ ਆਸਨ ਕਰਨਾ ਮੇਰੀ ਆਦਤ ਬਣ ਗਿਆ ਸੀ। ਮੈਂ ਆਪਣੇ ਤੌਰ ਤੇ ਹਰ ਸਾਲ ਇਕ ਪਾਠ ਦਾ ਭੋਗ ਪਾਉਣ ਦੇ ਯੋਗ ਹੋ ਗਿਆ ਸਾਂ ਤੇ ਇਸ ਤਰ੍ਹਾਂ ਮੈਨੂੰ ਗੁਰਬਾਣੀ ਨਾਲ ਵਾਸ ਵਾਸਤਾ ਰੱਖਣ ਦਾ ਮੌਕਾ ਮਿਲ ਗਿਆ। ਮੈਂ ਕੀਰਤਨ ਕਰਨਾ ਚਾਹੁੰਦਾ ਸਾਂ ਪਰ ਘਰ ਵਿੱਚ ਗ਼ਰੀਬੀ ਸੀ ਸੋ ਹਾਰਮੋਨਿਅਮ ਖਰੀਦ ਸਕਣਾ ਬਹੁਤ ਪਰੇ ਦੀ ਗੱਲ ਦੂਜਾ ਬਿਨ ਬਾਪ ਦੇ ਬਚਿਆਂ ਨੂੰ ਕੋਈ ਸਿਖਾਉਂਦਾ ਵੀ  ਨਹੀਂ ਸੋ ਮੈਂ ਬਚਪਨ ਵਿੱਚ ਇਸ ਹੁਨਰ ਤੋਂ ਵਾਂਝਾ ਹੀ ਰਿਹਾ। ਇਹ ਵੱਖਰੀ ਗੱਲ ਹੈ ਉਮਰ ਦੇ 29-33 ਸਾਲ ਦੇ ਦੌਰਾਨ ਮੈਂ ਨਾ ਸਿਰਫ ਹਾਰਮੋਨੀਅਮ ਸਿਖ ਲਿਆ ਸਗੋਂ ਕਲਾਸੀਕਲ ਸੰਗੀਤ ਤੇ ਖਾਸ ਕਰ ਗੁਰਬਾਣੀ ਸੰਗੀਤ ਦੀ ਪੂਰੀ ਜਾਣਕਾਰੀ ਲੈ ਸਕਿਆ ਤੇ ਇਸ ਦੀਆਂ ਗਾਇਨ ਸ਼ੈਲੀਆਂ ਨਾਲ ਵੀ ਜੁੜਿਆ।
ਪਾਠ ਕਰਨ ਦਾ ਸਿਲਸਿਲਾ ਬੀ ਏ ਆਖਰੀ ਸਾਲਾਂ ਤੱਕ ਚੱਲਦਾ ਰਿਹਾ। ਸਿਖ ਇਤਿਹਾਸ ਪੜ੍ਹਿਆ। ਨਿਤਨੇਮੀ ਮੈਂ ਸਾਂ, ਸੋ ਪਾਠ ਜ਼ਬਾਨੀ ਯਾਦ ਸੀ, ਹਰ ਸਾਲ ਇਕ ਸਾਧਾਰਨ ਪਾਠ ਦਾ ਭੋਗ ਮੈਂ ਆਪਣੇ ਜਨਮ ਦਿਨ ਦੇ ਮੌਕੇ ਪਾਉਂਦਾ ਆ ਰਿਹਾ ਸਾਂ। ਪਰ 1975 ਦੇ ਲਾਗੇ-ਚਾਗੇ ਇਕ ਮੋੜ ਅਜਿਹਾ ਮੁੜਿਆ ਜਦੋਂ ਮੈਨੂੰ ਨੌਜਵਾਨ ਸਭਾਵਾਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਗੁਰਬਾਣੀ ਨੂੰ ਸਮਝਣ ਵੱਲ ਧਿਆਨ ਦੇਣ ਦੀ ਲੋੜ ਮਹਿਸੂਸ ਹੋਈ। ਸਮਾਜਕ ਅਮਲ ਸਮਝਣ ਦਾ ਮੌਕਾ ਮਿਲਿਆ ਤੇ ਇਹਨਾਂ ਦੇ ਸੰਧਰਭਾਂ ਵਿੱਚ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਭਾਰੂ ਰਹਿਣ ਲੱਗੀ। ਪਰ ਹਾਲੇ ਵੀ ਇਕ ਵਿਸ਼ਵਾਸ ਮੇਰਾ ਗੁਰਬਾਣੀ ਵਿੱਚ ਅਕੀਦੇ ਦੀ ਤਰਹਾਂ ਜਾਰੀ ਸੀ।
ਕਾਲਜ ਦੇ ਪ੍ਰੋਫੈਸਰਾਂ ਦੀ ਸੋਹਬਤ ਤੇ ਸੰਗਤ ਨੇ ਦੁਨੀਆਂ ਦਾ ਦੂਜਾ ਪੱਖ ਦੇਖਣ ਲਈ ਪ੍ਰੇਰਿਆ ਤੇ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਮੰਨ ਲੈਣ ਦੀ ਆਦਤ ਤੋਂ ਹੌਲੀ ਹੌਲੀ ਛੁਟਕਾਰਾ ਪਾਉਣਾ ਸ਼ੁਰੂ ਕਰ ਦਿੱਤਾ। ਮੇਰੀ ਯਾਤਰਾ ਧਰਮ ਵੱਲ ਨਹੀਂ ਸੀ ਸਗੋਂ ਉਲਟ ਦਿਸ਼ਾ ਵਿੱਚ ਸੀ। ਦੁਨੀਆਂ ਦਾ ਸਹਿਤ ਪੜ੍ਹਨ ਤੋਂ ਬਾਅਦ ਵੀ ਮੇਰੇ ਮਨ ਚੋਂ ਗੁਰਬਾਣੀ ਦਾ ਪ੍ਰਭਾਵ ਘੱਟ ਨਾ ਸਕਿਆ ਤੇ ਮੇਰੀ ਉਪਾਸਨਾ ਗੁਰਬਾਣੀ ਵੱਲ ਇਸੇ ਤਰ੍ਹਾਂ ਹੀ ਰਹੀ ਜਿਵੇਂ ਪਹਿਲਾਂ ਸੀ।

1980 ਤੱਕ ਮੈਂ ਮਾਰਕਸਵਾਦ ਬਾਰੇ ਕੁਝ ਸਕੂਲਿੰਗ ਲੈ ਚੁਕਿਆ ਸਾਂ। ਕਹਿਣ ਨੂੰ ਮੈਂ ਨਾਸਤਕ ਜ਼ਰੂਰ ਬਣ ਗਿਆ ਸਾਂ ਪਰ ਹਾਲੇ ਵੀ ਦਲੀਲ ਦੇ ਪੱਧਰ ਤੇ ਮੈਂ ਕੋਰਾ ਸਾਂ। ਗੁਰਬਾਣੀ ਮੈਨੂੰ ਸਰੂਰ ਦਿੰਦੀ। ਸ਼੍ਰੀ ਹਰਿਮੰਦਿਰ ਸਾਹਿਬ ਤੋਂ ਪ੍ਰਸਾਰਤ ਕੀਰਤਨ ਮੈਨੂੰ ਚੰਗਾ ਲੱਗਦਾ ਤੇ ਰੂਹ ਨੂੰ ਸਕੂਨ ਦਿੰਦਾ। ਪਰ 1980-81 ਵਿੱਚ ਮੈਂ ਲੁਧਿਆਣੇ ਵਿੱਚ ਗੁਰਦੇਵ ਨਗਰ ਦੇ ਇਕ ਰਿਟਾਇਰਡ ਥਾਣੇਦਾਰ ਦੇ ਸੰਪਰਕ ਵਿੱਚ ਆਇਆ ਜਿਸ ਬਾਰੇ ਖਸ ਗੱਲ ਇਹ ਸੀ ਉਹ ਆਪਣੇ ਕਮਰੇ ਕਿਰਾਏ ਉਪਰ ਦਿੰਦਾ ਸੀ ਤੇ ਉਸ ਵਾਸਤੇ ਉਹ ਕਈ ਤਰ੍ਹਾਂ ਦੀਆਂ ਸ਼ਰਤਾਂ ਸੁਣਾਇਆ ਕਰਦਾ ਸੀ। ਬਹੁਤੇ ਮੁੰਡੇ ਇਹ ਸ਼ਰਤਾਂ ਪੜ੍ਹ ਕੇ ਦੌੜ ਜਾਂਦੇ ਸਨ। ਉਸ ਦਾ ਅਨੁਸ਼ਾਸਨ ਬਹੁਤ ਸਖ਼ਤ ਸੀ। ਦਰਵਾਜ਼ਾ ਕਿਵੇਂ ਬੰਦ ਕਰਨ ਤੋਂ ਲੈ ਕੇ ਲੈਟਰੀਨ ਕਿਵੇਂ ਜਾਣਾ ਹੈ ਇਸ ਬਾਰੇ ਉਸ ਦੇ ਆਪਣਾ ਕਾਇਦਾ ਸੀ ਤੇ ਜੇ ਕਿਸੇ ਨੇ ਰਹਿਣਾ ਹੋਵੇ ਤਾਂ ਉਸ ਨੂੰ ਉਹੀ ਕਾਇਦਾ ਅਪਣਾਉਣਾ ਪੈਂਦਾ ਸੀ। ਉਹ ਆਪਣੀ ਰਿਆਸਤ ਦਾ ਬੇਤਾਜ ਬਾਦਸ਼ਾਹ ਸੀ।

ਮੇਰੇ ਕੋਲ ਅੰਗਰੇਜ਼ੀ ਦਾ ਟ੍ਰਿਬਿਉਨ ਅਖਬਾਰ ਆਉਂਦਾ ਸੀ ਤੇ ਉਹ ਬਜ਼ੁਰਗ ਜਿਹਨਾਂ ਦਾ ਨਾਂ ਸ. ਭਗਤ ਸਿੰਘ ਬਰਾੜ ਸੀ ਮੇਰੇ ਤੋਂ ਅਤਵਾਰ ਦਾ ਅਖ਼ਬਾਰ ਲੈ ਕੇ ਸੋਮਵਾਰ ਵਾਪਸ ਕਰ ਦਿੰਦੇ ਸਨ। ਇਕ ਦਿਨ ਉਸ ਵਿੱਚ ਇਕ ਪੁਨਰ ਜਨਮ ਬਾਰੇ ਇਕ ਲੇਖ ਛਪਿਆ। ਉਹਨਾਂ ਨੇ ਮੈਨੂੰ ਉਸ ਬਾਰੇ ਵਿਚਾਰ ਪੁਛੇ। ਮੈਂ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਹਰ ਗੱਲ ਦਾ ਜਵਾਬ ਦੇ ਸਕਾਂ ਪਰ ਮੈਂ ਤੇ ਖੁਦ ‘ਬਾਬੇ ਬੁੱਲ੍ਹੇ ਸ਼ਾਹ’ ਦੇ ਕਹਿਣ ਵਾਂਗਰ ‘ਇੱਲਾ’ ਸਾਂ, ਭਾਵ ਕੱਚਾ ਸੀ। ਉਹਨਾਂ ਬਿਨਾਂ ਕੁਝ ਕਹੇ ਇਕ ਕਿਤਾਬ ਮੇਰੇ ਹੱਥ ਵਿੱਚ ਲਿਆ ਕੇ ਦੇ ਦਿਤੀ। ਇਹ ਸੀ ਅਬਰਾਹਮ ਕਾਵੂਰ ਦੀ ਪੁਸਤਕ ‘ਬੀਗਾਨ ਗਾਡਮੈਨ’। ਉਦੋਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦਾ ਕੋਈ ਨਾਂ ਨਹੀਂ ਸੀ ਜਾਣਦਾ। ਮੈਂ ਇਹ ਕਿਤਾਬ ਇਕ ਰਾਤ ਲਾ ਕੇ ਪੜ੍ਹੀ। ਪੜ੍ਹੀ ਕਿ ਗੁੜ੍ਹ ਲਈ। ਅਗਲੇ ਦਿਨ ਮੈਂ ਉਹ ਕਿਤਾਬ ਵਾਪਸ ਕਰ ਦਿਤੀ ਤੇ ਉਸ ਦੀ ਇਕ ਕਾਪੀ ਮੈਂ ਲਾਇਲ ਬੁਕ ਡਿੱਪੋ ਤੋਂ ਆਪਣੇ ਲਈ ਖਰੀਦ ਕੇ ਲਿਆਇਆ। ਮੇਰੀ ਉਤਸੁਕਤਾ ਹੋਰ ਵੱਧ ਗਈ। ਮੈਂ ਡਾ: ਕਾਵੂਰ ਦੀ ਦੂਜੀ ਕਿਤਾਬ ਵੀ ਪੜ੍ਹੀ। ਮੈਂ ਨਾਸਤਕ ਹੋ ਗਿਆ ਸਾਂ। ਮੇਰੇ ਸਾਰੇ ਕਿੰਤੂਆਂ ਦੇ ਜਵਾਬ ਮੈਨੂੰ ਮਿਲ ਗਏ ਸਨ। ਰੱਬ ਬਾਰੇ ਮੇਰਾ ਸਾਡਾ ਡਰ – ਭਉ ਖਾਰਜ ਹੋ ਚੁੱਕਾ ਸੀ।
 ----------- ਚਲਦਾ...

No comments:

Post a Comment