ਘਰ ਬਣਾਉਣ ਦਾ ਅਸਲ ਵਸਤੂ ਸ਼ਾਸਤਰ
ਗੁਰਦੀਪ ਸਿੰਘ ਭਮਰਾ
ਦਿਸ਼ਾਵਾਂ ਚਾਰ ਹੁੰਦੀਆਂ ਹਨ ਉੱਤਰ, ਦੱਖਣ, ਪੂਰਬ ਤੇ ਪੱਛਮ ਇਹ ਕਿਸੇ ਥਾਂ ਦੀ ਭੂਗੋਲਿਕ
ਸਥਿਤੀ ਪ੍ਰਗਟਾਉਂਦੀਆਂ ਹਨ। ਕਿਸੇ ਵੀ ਥਾਂ ਦਾ ਸੂਰਜ ਨਾਲ ਸਬੰਧ ਹੋਣਾ ਵੀ ਕੁਦਰਤੀ ਹੈ। ਸੂਰਜ
ਪੂਰਬ ਚੋਂ ਨਿਕਲ ਕੁ ਪੱਛਮ ਵਿੱਚ ਜਾ ਕੇ ਛਿਪਦਾ ਹੈ। ਪਰ ਇਸ ਦੇ ਚੜ੍ਹਨ ਦੀ ਤੇ ਛਿਪਣ ਦੀ ਸਥਿਤੀ
ਸਾਰਾ ਸਾਲ ਇਕੋ ਜਿਹੀ ਨਹੀਂ ਰਹਿੰਦੀ। ਸੁਰਜ ਦੀ ਧੁੱਪ ਤੋਂ ਦੋ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ।
ਇਕ ਰੋਸ਼ਨੀ ਤੇ ਦੂਜਾ ਨਿੱਘ, ਗਰਮੀਆਂ ਵਿੱਚ ਇਹ ਬਦਲ ਕੇ ਗਰਮੀ ਹੋ ਜਾਂਦਾ ਹੈ।
ਸੂਰਜ ਦੀ ਦਿਸ਼ਾ ਵੀ ਮਕਾਨ ਦੀ ਉਸਾਰੀ ਉਪਰ ਬਹੁਤ ਵੱਡਾ ਪ੍ਰਭਾਵ ਪਾਉਂਦੀ ਹੈ। ਭਾਰਤ
ਕਿਉਂ ਕਿ ਉੱਤਰੀ ਗੋਲਾਰਧ ਵਿੱਚ ਹੈ, ਤੇ ਕਰਕ ਰੇਖਾ ਇਸ ਵਿੱਚ ਲੰਘਦੀ ਹੈ। ਸੂਰਜ ਗਰਮੀਆਂ ਵਿੱਚ
ਉਤਰੀ ਗੋਲਾਰਧ ਨੂੰ ਸਿਧਾ ਹੁੰਦਾ ਹੈ ਤੇ ਸਰਦੀਆਂ ਵਿੱਚ ਇਹ ਦੱਖਣੀ ਗੋਲਾਰਧ ਵਾਲੇ ਪਾਸੇ ਹੋ ਜਾਂਦਾ
ਹੈ। ਜਿਹੜੇ ਘਰ ਉਤਰ ਦੀ ਦਿਸ਼ਾ ਵਿੱਚ ਹੁੰਦੇ ਹਨ ਉਹਨਾਂ ਵਿੱਚ ਸੂਰਜ ਦੀ ਧੱਪ ਗਰਮੀਆਂ ਵਿੱਚ ਬਹੁਤ ਘੱਟ
ਆਉਂਦੀ ਹੈ ਤੇ ਸਰਦੀਆਂ ਵਿਚ ਸੂਰਜ ਇਸ ਘਰ ਦੇ ਪਿਛੇ ਤੋਂ ਹੋ ਕੇ ਲੰਘ ਜਾਂਦਾ ਹੈ। ਮੰਨ ਲਉ ਇਕ ਘਰ
ਦਾ ਮੂੰਹ ਉਤਰ ਵਿੱਚ ਹੈ ਤੇ ਉਸ ਦੇ ਦੋ ਵਿਹੜੇ ਹਨ, ਇਕ ਮੂਹੇ ਤੇ ਇਕ ਪਿਛੇ ਤਾਂ ਗਰਮੀਆਂ ਵਿੱਚ
ਧੁੱਪ ਸਾਹਮਣੇ ਵਿਹੜੇ ਵਿੱਚ ਥੋਹੜੀ ਜਿਹੀ ਆਵੇਗੀ ਪਰ ਸਰਦੀਆਂ ਵਿੱਚ ਮੂਹਰਲੇ ਵਿਹੜੇ ਵਿੱਚ ਘਰ ਦੀ
ਛਾਂ ਰਹੇਗੀ ਤੇ ਪਿਛਲੇ ਵਿਹੜੇ ਵਿੱਚ ਪੂਰੀ ਖੁਲ੍ਹੀ ਧੁੱਪ ਮਿਲੇਗੀ। ਅਜ ਕਲ੍ਹ ਵਿਹੜਾ ਇਕ ਹੀ ਰੱਖਣ
ਦਾ ਰਿਵਾਜ਼ ਹੈ ਇਹ ਵਿਹੜਾ ਜਾਂ ਲਾਅਨ ਘਰ ਦੇ ਸਾਹਮਣੇ ਪਾਸੇ ਹੀ ਛੱਡਿਆ ਜਾਂਦਾ ਹੈ।
ਇਸ ਦੇ ਉਲਟ ਜਿਹੜੇ ਘਰ ਦੱਖਣ ਦੀ ਦਿਸ਼ਾ ਵਿੱਚ ਹੋਣਗੇ ਉਹਨਾਂ ਘਰਾਂ ਵਿੱਚ ਗਰਮੀਆਂ
ਦੀ ਧੁੱਪ ਬਿਲਕੁਲ ਨਹੀਂ ਆਵੇਗੀ ਤੇ ਸਰਦੀਆਂ ਵਿੱਚ ਉਹਨਾਂ ਘਰਾਂ ਵਿੱਚ ਪੂਰੀ ਧੁੱਪ ਰਹੇਗੀ। ਇਸ
ਤਰ੍ਹਾਂ ਇਹ ਘਰ ਗਰਮੀਆਂ ਵਿੱਚ ਠੰਢੇ ਤੇ ਸਰਦੀਆਂ ਵਿੱਚ ਨਿੱਘੇ ਰਹਿਣਗੇ। ਦੂਸਰਾ ਸਰਦੀਆਂ ਵਿੱਚ
ਉਤਰੀ ਹਵਾਵਾਂ ਜੋ ਠੰਢੀਆਂ ਹੁੰਦੀਆਂ ਹਨ ਤੋ ਵੀ ਬਚੇ ਰਹਿੰਦੇ ਹਨ। ਪੂਰਬ ਤੇ ਪੱਛਮ ਦੀ ਦਿਸ਼ਾ ਵਿੱਚ
ਰੋਸ਼ਨੀ ਤਾਂ ਰਹੇਗੀ ਪਰ ਇਹ ਰੋਸ਼ਨੀ ਪੂਰਬੀ ਦਿਸ਼ਾ ਵਾਲੇ ਘਰਾਂ ਵਿੱਚ 11 ਵਜੇ ਤੱਕ ਤੇ ਪੱਛਮੀ ਦਿਸ਼ਾ
ਵਾਲੇ ਘਰਾਂ ਵਿੱਚ ਦੁਪਹਿਰ ਤੋਂ ਬਾਅਦ ਤੱਕ ਹੀ ਰਹੇਗੀ। ਗਰਮੀਆਂ ਵਿੱਚ ਇਹਨਾਂ ਘਰਾਂ ਨੂੰ ਸੂਰਜ ਦੀ
ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪਵੇਗਾ। ਸਰਦੀਆਂ ਵਿੱਚ ਧੁੱਪ ਦੇ ਘੰਟਿਆਂ ਦੀ ਗਿਣਤੀ ਸੀਮਤ
ਹੋਵੇਗੀ ਪਰ ਧੁੱਪ ਦੀ ਦਿਸ਼ਾ ਵੀ ਸਿੱਧੀ ਨਹੀਂ ਹੋਵੇਗੀ।
ਇਸ ਤੋਂ ਬਾਅਦ ਆਉਂਦੀ ਹੈ, ਹਵਾ ਦੀ ਸਥਿਤੀ, ਹਵਾ ਸਾਰਾ ਸਾਲ ਚਲਦੀ ਹੈ ਪਰ ਇਹ ਸਾਰਾ
ਸਾਲ ਇਕ ਹੀ ਦਿਸ਼ਾ ਵਿੱਚ ਨਹੀਂ ਰਹਿੰਦੀ। ਗਰਮੀਆਂ ਵਿੱਚ ਇਹ ਆਮ ਤੋਰ ਤੇ ਪੂਰਬ ਤੋਂ ਪੱਛਮ ਵੱਲ
ਚਲਦੀ ਹੈ। ਇਸ ਨੂੰ ਸਥਾਨਕ ਭਾਸ਼ਾ ਵਿੱਚ ਪੁਰਾ ਆਖਦੇ ਹਨ। ਸਤੰਬਰ ਵਿੱਚ ਇਹ ਉਲਟ ਹੋ ਜਾਂਦੀ ਹੈ ਤੇ
ਫਿਰ ਬਾਕੀ ਦੇ ਮਹੀਨੇ ਇਹ ਪੱਛਮ ਤੋਂ ਪੂਰਬ ਵੱਲ ਚਲਦੀ ਹੈ। ਇਸ ਨੂੰ ਪੱਛੋ ਕਿਹਾ ਜਾਂਦਾ ਹੈ।
ਸਰਦੀਆਂ ਵਿੱਚ ਇਹ ਉਤਰ ਤੋਂ ਦੱਖਣ ਵਲ ਵੀ ਚਲਦੀ ਹੈ। ਹਵਾ ਦੀ ਦਿਸ਼ਾ ਬਾਰੇ ਸਹੀ ਗਿਆਨ ਹੋਣਾ ਬਹੁਤ
ਜ਼ਰੂਰੀ ਹੈ। ਇਸ ਨਾਲ ਘਰ ਨੂੰ ਹਵਾ ਹਾਰਾ ਬਣਾਇਆ ਜਾ ਸਕਦਾ ਹੈ।
ਸ਼ਹਿਰ ਦੀ ਉਸਾਰੀ ਵਕਤ ਜੇ ਗਲੀਆਂ ਤੇ ਸੜਕਾਂ ਦੀ ਸਥਿਤੀ ਪੂਰਬ-ਪੱਛਮ ਦੀ ਦਿਸ਼ਾ ਵਿੱਚ
ਹੋਵੇ ਤਾਂ ਇਹ ਸਦਾ ਸਾਫ ਰਹਿੰਦੀਆਂ ਹਨ ਤੇ ਹਵਾ ਹੀ ਇਹਨਾਂ ਨੂੰ ਮਿੱਟੀ ਘੱਟੇ ਤੋਂ ਸਾਫ ਰੱਖਦੀ
ਹੈ। ਇਸੇ ਤਰਾਂ ਪਾਣੀ ਦਾ ਨਿਕਾਸ ਭੂਗੋਲਿਕ ਸਥਿਤੀ ਅਨੁਸਾਰ ਹੀ ਹੋਣਾ ਚਾਹੀਦਾ ਹੈ। ਇਹ ਕੁਦਰਤੀ ਹੈ
ਪਾਣੀ ਉਚਾਣ ਤੋਂ ਨਿਵਾਣ ਵੱਲ ਵਹਿੰਦਾ ਹੈ ਉਤਰ ਵਿੱਚ ਕਿਉਂ ਕਿ ਪਹਾੜ ਹਨ ਇਸ ਲਈ ਉਤਰ ਦਾ ਪਾਸਾ
ਕੁਦਰਤੀ ਹੀ ਥੋੜਾ ਜਿਹਾ ਉੱਚਾ ਹੁੰਦਾ ਹੈ ਤੇ ਦੱਖਣ ਵਾਲੇ ਪਾਸੇ ਨੂੰ ਸਮੁੰਦਰ ਹੈ ਇਸ ਲਈ ਪਾਣੀ ਦੇ
ਨਿਕਾਸ ਦੀ ਦਿਸ਼ਾ ਉਤਰ ਤੋਂ ਦੱਖਣ ਵੱਲ ਹੋਣੀ ਚਾਹੀਦੀ ਹੈ। ਜੇ ਇਸ ਨੂੰ ਦੱਖਣ ਤੋਂ ਉਤਰ ਵੱਲ ਕੱਢਣਾ
ਚਾਹਾਂਗੇ ਤਾਂ ਇਸ ਦੀ ਸਮੱਸਿਆ ਆਵੇਗੀ।
ਜਿਹੜੇ ਘਰ ਪੂਰਬ ਦਿਸ਼ਾ ਵਿੱਚ ਹੋਣਗੇ ਉਹਨਾਂ ਵਿੱਚ ਘੱਟੇ ਤੇ ਗ਼ਰਦੇ ਦੀ ਮਾਤਰਾ ਵੱਧ
ਹੋਵੇਗੀ ਤੇ ਹਨੇਰੀ ਦੇ ਆਉਣ ਦੀ ਸੂਰਤ ਸਫਾਈ ਰੱਖਣੀ ਔਖੀ ਹੋ ਜਾਵੇਗੀ। ਉੱਤਰ ਤੇ ਦੱਖਣ ਦੀ
ਦਿਸ਼ਾਵਾਂ ਵਿੱਚ ਬਣੇ ਘਰਾਂ ਦੇ ਅਗੋਂ ਹਨੇਰੀ ਲੰਘ ਜਾਵੇਗੀ। ਘਰ ਵੀ ਸਾਫ ਤੇ ਗਲੀਆਂ ਵੀ ਸਾਫ ਉਹ ਵੀ
ਕੁਦਰਤੀ ਤੌਰ ਤੇ। ਹਵਾ ਵਿਲੀ ਮਿਟੀ ਥੋਹੜੀ ਬਹੁਤ ਤਕਰੀਬਨ ਹਰ ਥਾਂ ਪਹੁੰਚ ਜਾਂਦੀ ਹੈ ਉਸ ਵਾਸਤੇ ਘਰ
ਦੀ ਦਿਸ਼ਾ ਦਾ ਕੋਈ ਫਰਕ ਨਹੀਂ ਪੈਂਦਾ।
ਦੱਖਣ ਦੀ ਦਿਸ਼ਾ ਵਿੱਚ ਬਣੇ ਘਰਾਂ ਵਿਚ ਬਿਜਲੀ ਦਾ ਖਰਚ ਬਹੁਤ ਘੱਟ ਆਏਗਾ। ਗਰਮੀਆਂ
ਵਿੱਚ ਬਹੁਤੇ ਕੂਲਰ ਤੇ ਏ ਸੀ ਚਲਾਉਣ ਦੀ ਨੌਬਤ ਨਹੀਂ ਆਵੇਗੀ। ਸਰਦੀਆਂ ਵਿੱਚ ਹੀਟਰ ਦੀ ਲੋੜ ਨਹੀਂ
ਪਵੇਗੀ। ਰੋਸ਼ਨੀ ਤੇ ਹਵਾ ਦੀ ਨਿਕਾਸੀ ਵੀ ਵਧੀਆ ਰਹੇਗੀ ਪਰ ਇਸ ਵਾਸਤੇ ਤੁਹਾਨੂੰ ਆਪਣੇ ਘਰ ਦੇ ਪਿਛੇ
4 ਤੋਂ 6 ਫੁੱਟ ਕਾਲੀ ਥਾਂ ਛੱਡਣੀ ਪਵੇਗੀ ਹਵਾ ਦੇ ਆਉਣ ਜਾਣ ਵਾਸਤੇ। ਮੈਂ ਖੁਦ ਅਜਿਹੇ ਹੀ ਇਕ ਘਰ
ਵਿੱਚ ਰਹਿ ਰਿਹਾ ਹਾਂ ਤੇ ਮੇਰੀ ਸਾਰੀ ਜਾਣਕਾਰੀ ਨਿੱਜੀ ਅਨੁਭਵ ਤੇ ਅਧਾਰਤ ਹੈ।
ਜੇ ਹੁਣ ਵਾਸਤੂ ਦੇ ਅਨੁਸਾਰ ਦੇਖੀਏ ਤਾਂ ਉਹ ਕਦੇ ਵੀ ਨਹੀਂ ਕਹਿਣਗੇ ਕਿ ਦੱਖਣ ਦੀ
ਦਿਸ਼ਾ ਚੰਗੀ ਹੁੰਦੀ ਹੈ। ਇਹ ਦਕੀਆਨੂਸੀ ਗੱਲ ਹੈ ਤੇ ਤੱਥਾਂ ਉਪਰ ਅਧਾਰਤ ਨਹੀਂ ਹੈ। ਅਸੀਂ ਦੱਖਣੀ
ਮਾਨਸੂਨ ਨੂੰ ਜੀ ਆਇਆ ਆਖਦੇ ਹਾਂ। ਦੱਖਣੀ ਮਾਨਸੂਨ ਨਾਲ ਹੀ ਸਾਡਾ ਸਾਰਾ ਅਰਥਚਾਰਾ ਘੁੰਮਦਾ ਹੈ ਪਰ
ਦੱਖਣ ਵਾਲਾ ਪਾਸਾ ਸਾਨੂੰ ਚੰਗਾ ਨਹੀਂ ਲਗਦਾ। ਇਹ ਉਹਨਾਂ ਦੀ ਗੈਰ ਵਿਗਿਆਨਕ ਸੋਚ ਹੈ।
ਅੱਜ ਦੇ ਸਮੇਂ ਵਿੱਚ ਊਰਜਾ ਕਿਸੇ ਵੀ ਘਰ ਦੇ ਬੱਜਟ ਦਾ ਮੁੱਖ ਖਰਚਾ ਹੈ ਤੇ ਦਖਣ
ਵਾਲੇ ਪਾਸੇ ਰੱਖੇ ਘਰਾਂ ਵਿੱਚ ਇਸ ਦੀ ਬੱਚਤ ਹੁੰਦੀ ਹੈ। ਰੋਸ਼ਨੀ ਵਾਸਤੇ ਇੰਤਜ਼ਾਮ ਕੀਤਾ ਜਾ ਸਕਦਾ
ਹੈ। ਪਰ ਜੇ ਤੁਸੀਂ ਊਰਜਾ ਦੀ ਬੱਚਤ ਦੀ ਗੱਲ ਸੋਚਦੇ ਹੋ ਤਾਂ ਦੱਖਣ ਵਾਲੇ ਪਾਸੇ ਬਣੇ ਘਰ ਚੰਗੇ
ਮੰਨੇ ਜਾਂਦੇ ਹਨ। ਪੂਰਬ ਤੇ ਪੱਛਮੀ ਦਿਸ਼ਾ ਵੱਲ ਰੱਖੇ ਗਏ ਘਰਾਂ ਵਿੱਚ ਬਹੁਤ ਹੱਦ ਤੱਕ ਬਿਜਲੀ ਦੀ
ਖਪਤ ਜ਼ਿਆਦਾ ਹੋਵੇਗੀ। ਸਰਦੀਆਂ ਵਿੱਚ ਇਹ ਠੰਢੇ ਹੋਣਗੇ ਤੇ ਇਸ ਨਾਲ ਘਰਾਂ ਨੂੰ ਗਰਮ ਰੱਖਣ ਲਈ ਹੀਟਰ
ਆਦਿ ਦੀ ਵੀ ਵਰਤੋਂ ਕਰਨੀ ਪਵੇਗੀ।
ਇਸ ਲਈ ਕਿਸੇ ਵਾਸਤੂ ਸ਼ਾਸ਼ਤਰ ਦੇ ਪਿਛੇ ਲੱਗਣ ਦੀ ਬਜਾਏ ਆਪਣੇ ਘਰ ਦਾ ਵਾਸਤੂ ਆਪ
ਡਿਜ਼ਾਇਨ ਕਰੋ। ਉਪਰੋਕਤ ਗੱਲਾਂ ਜੋ ਵਿਗਿਆਨ ਤੇ ਭੂਗੋਲਿਕ ਗੱਲਾਂ ਉਪਰ ਨਿਰਭਰ ਕਰਦੀਆਂ ਹਨ ਉਹਨਾਂ
ਦੀ ਸੁਘੜ ਵਰਤੋਂ ਕਰੋ। ਚੰਗਾ ਮੰਦਾ ਹਰ ਇਕ ਦਾ ਆਪੋ ਆਪਣੇ ਕੰਮਾਂ ਤੇ ਪੁਟੇ ਗਏ ਕਦਮਾਂ ਦਾ ਫਲ ਹੁੰਦਾ
ਹੈ। ਚੰਗੇ ਕੰਮ ਕਰੋਗੇ ਚੰਗਾ ਫਲ ਮਿਲੇਗਾ ਤੇ ਮਾੜੇ ਕੰਮ ਦਾ ਬੁਰਾ ਨਤੀਜਾ ਸਾਰੇ ਜਾਣਦੇ ਹਨ। ਫਲ
ਹਰ ਇਕ ਨੂੰ ਭੁਗਤਣਾ ਪੈਂਦਾ ਹੈ ਰੋਕ ਕੋਈ ਨਹੀਂ ਸਕਦਾ ਪਰ ਇਸ ਦਾ ਦੋਸ਼ ਆਪਣੇ ਕੰਮਾਂ ਵਿੱਚ ਲੱਭੋ
ਨਾ ਕਿ ਬੇਜਾਨ ਇਮਾਰਤਾਂ ਵਿੱਚ। ਹਵਾ ਚੰਗੀ ਲਗਦੀ ਹੈ ਤਾਂ ਖਿੜਕੀ ਚੋੜੀ ਰੱਖ ਲਵੋ, ਪਰ ਜੇ ਰੋਸ਼ਨੀ
ਚੰਗੀ ਨਹੀਂ ਲਗਦੀ ਤਾਂ ਸੂਰਜ ਵੱਲ ਮੂੰਹ ਹੀ ਨਾ ਕਰੋ। ਸੱਭ ਕੁਝ ਤੁਹਾਡੇ ਆਪਣੇ ਉਪਰ ਨਿਰਭਰ ਕਰਦਾ
ਹੈ।
ਕਿਸੇ ਦੀ ਦੱਸੀ ਜਾਂ ਸੁਣੀ ਸੁਣਾਈ ਗੱਲ ਨਾਲ ਆਪਣੇ ਘਰ ਦਾ ਨਕਸ਼ਾ ਨਾ ਵਿਗਾੜੋ।
ਸੁਧਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਤੋਂ ਸ਼ੁਰੂਆਤ ਕਰੋ। ਸਾਰੇ ਕਾਰਜ ਸਿੱਧ ਹੋ ਜਾਣਗੇ।
No comments:
Post a Comment