ਕਹਿੰਦੇ ਨੇ ਝੂਠ
ਦੇ ਪੈਰ ਨਹੀਂ ਹੁੰਦੇ, ਪਰ
ਇਹ ਵੀ ਨਹੀਂ ਕਿ ਝੂਠ ਕੋਈ ਲੂਲ੍ਹਾ ਲੰਗੜਾ ਹੁੰਦਾ ਹੈ। ਝੂਠ ਦੀ ਰਚਨਾ ਕਰਨ ਵਾਲਿਆਂ ਨੇ ਇਸ ਨੂੰ
ਪੈਰਾਂ ਦੀ ਥਾਂ ਪਹੀਏ ਤੇ ਮੋਢਿਆਂ ਉਪਰ ਖੰਭ ਜੋੜੇ ਹੁੰਦੇ ਹਨ। ਫਿਰ ਝੂਠ ਦੀ ਕੀ ਮਜਾਲ ਕਿ ਉਹ
ਕਿਤੇ ਰੁਕ ਜਾਵੇ, ਜੰਗਲ ਦੀ ਅੱਗ ਵਾਂਗੂ ਫੈਲਦਾ ਜਾਂਦਾ ਹੈ। ਪਰ ਇਸ
ਵਿੱਚ ਇਕ ਸਮੱਸਿਆ ਹੋਰ ਹੁੰਦੀ ਹੈ। ਝੂਠ ਮਾਰਨ ਵਾਲੇ ਇਸ ਨੂੰ ਬਹੁਤ ਬਣਾ ਸੰਵਾਰ ਕੇ ਪੇਸ਼ ਕਰਦੇ ਹਨ
ਕਿ ਅਕਸਰ ਲੋਕ ਭੁਲੇਖਾ ਖਾ ਜਾਂਦੇ ਹਨ।
ਗਿਆਨੀ ਸੰਤ ਸਿੰਘ
ਮਸਕੀਨ ਜੀ ਨੂੰ ਕੋਣ ਨਹੀਂ ਜਾਣਦਾ। ਉਹਨੇ ਨੇ ਥਾਂ ਥਾਂ ਗੁਰਬਾਣੀ ਦਾ ਪ੍ਰਚਾਰ ਕੀਤਾ ਤੇ ਸ਼ਬਦ ਗੁਰੂ
ਦੇ ਅਰਥ ਸਮਝਾਏ। ਪਰ ਜਿਹੜੀ ਗ਼ਲਤੀ ਉਹਨਾਂ ਨੇ ਵਸੂ ਭਾਰਦ੍ਵਾਜ ਦੇ ਕੇਸ ਵਿੱਚ ਕੀਤੀ ਉਹ ਨਾ
ਭੁੱਲਣਯੋਗ ਹੈ। ਇਸ ਨੇ ਆਮ ਜਨ ਸਾਧਾਰਨ ਨੂੰ ਗੁਰੂ ਨਾਨਕ ਦੇ ਅਸਲ ਸਿਧਾਂਤ ਤੋਂ ਦੂਰ ਕਰ ਦਿਤਾ।
ਸਿਆਣੇ ਸਿਆਣੇ ਲੋਕ ਟੱਪਲਾ ਖਾ ਗਏ। ਗੁਰਬਾਣੀ ਦਾ ਅਸਲ ਸਮਝਣ ਵਾਲੇ ਇਸ ਦੀ ਰਾਹ ਤੋਂ ਭਟਕ ਗਏ। ਅੱਜ
ਸਿਖ ਸਾਈਟਾਂ ਉਪਰ ਵਸੂ ਭਾਰਦ੍ਵਾਜ ਦਾ ਨਾਂ ਆਮ ਦੇਖਿਆ ਜਾ ਸਕਦਾ ਹੈ।
ਅਸਲ ਵਿੱਚ ਸਾਰੀ
ਕਹਾਣੀ ਸਿੱਧੇ ਸਾਦੇ ਸ਼ਬਦਾਂ ਵਿੱਚ ਇਸ ਤਰ੍ਹਾਂ ਹੈ। ਵਸੂ ਭਾਰਦ੍ਵਾਜ ਨਾਂ ਦਾ ਇਕ ਵਿਗਿਆਨ ਪਤਰਿਕਾ
ਦਾ ਸੰਪਾਦਕ ਸੀ ਜਿਸ ਨੂੰ ਅਚਾਨਕ ਪਤਾ ਲਗਿਆ ਕਿ ਉਹ ਇਕ ਕੈਂਸਰ ਵਰਗੀ ਬੀਮਾਰੀ ਮਲਟੀਪਲ ਮਾਈਲੋਮਾ
ਨਾਲ ਪੀੜਤ ਹੈ। ਟੈਸਟ ਹੋਏ, ਇਲਾਜ ਹੋਏ ਤੇ ਤਕਰੀਬਨ ਲਾ ਇਲਾਜ ਹੋਣ ਦੀ ਹਾਲਤ ਵਿੱਚ ਇਹ ਸੱਜਣ ਸੰਗੀਆਂ ਸਨੇਹੀਆਂ ਦੀ
ਸਲਾਹ ਨਾਲ ਸੂਰਤ ਤੋਂ ਸ਼੍ਰੀ ਅੰਮ੍ਰਿਤਸਰ ਆ ਗਏ, ਇਸ ਉਮੀਦ ਨਾਲ ਕਿ ਸ਼ਾਇਦ
ਕਿਸੇ ਧਾਰਮਕ ਸ਼ਰਧਾ ਨਾਲ ਇਹ ਰੋਗ ਮੁਕਤ ਹੋ ਜਾਣ।
ਉਹ ਆਪਣੀ ਕਹਾਣੀ
ਵਿੱਚ ਆਪ ਦਸਦੇ ਹਨ ਕਿ ਉਹਨਾਂ ਨੇ ਖਾਸ ਬੇਨਤੀ ਉਪਰ ਸ਼੍ਰੀ ਅਕਾਲ ਤਖਤ ਦੇ ਨੇੜੇ ਕਿਸੇ ਕਮਰੇ ਵਿੱਚ
ਸਟਰੈਚਰ ਉਪਰ ਲੇਟੇ ਹੋਇਆ ਹੀ ਪਾਠ ਸੁਣਿਆ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਪਾਠ ਸੁਣਦੇ ਹੋਏ
ਕਿਸੇ ਅਦਿੱਖ ਜੋਤ ਨਾਲ ਛੋਹ ਗਏ ਹਨ ਤੇ ਸਿਹਤਮੰਦ ਹੋ ਗਏ ਹਨ। ਪਾਠ ਖਤਮ ਹੁੰਦਿਆਂ ਹੁੰਦਿਆਂ ਉਹਨਾਂ
ਨੇ ਆਪਣੇ ਆਪ ਨੂੰ ਅਰੋਗ ਘੋਸ਼ਿਤ ਕਰ ਦਿਤਾ ਤੇ ਫੇਰ ਆਪਣੇ ਇਸ ਅਨੋਖੇ ਅਨੁਭਵ ਨੂੰ ਸਿਖ ਸਟੇਜਾਂ ਉਪਰ
ਐਲਾਨੀਆ ਸੁਣਾ ਕੇ ਸੰਗਤਾਂ ਤੋਂ ਵਾਹਿਗੁਰੂ ਵਾਹਿਗੁਰੂ ਕਰਵਾਇਆ। ਇਸ ਸਾਰੇ ਵਕਤ ਵਿੱਚ ਸ. ਸੰਤ
ਸਿੰਘ ਮਸਕੀਨ ਉਹਨਾਂ ਦੇ ਨਾਲ ਰਹੇ। ਉਹਨਾਂ ਨੇ ਇਸ ਦਾ ਪ੍ਰਚਾਰ ਤਕਰੀਬਨ ਸਾਰੀਆਂ ਥਾਂਵਾਂ ਉਪਰ
ਕੀਤਾ। ਇਹ ਸਾਲ 2002 ਦੀ ਗੱਲ ਹੈ।
ਸਿੱਖਾਂ ਵਿੱਚ ਇਸ
ਘਟਨਾ ਨਾਲ ਇਕ ਕ੍ਰਾਂਤੀ ਹੀ ਆ ਗਈ। ਸਰਬ ਰੋਗ ਕਾ ਅਉਖਦ ਨਾਮ ਕਹਿਣ ਵਾਲੇ ਲੋਕਾਂ ਨੇ ਇਸ ਗੱਲ ਨੂੰ
ਬਹੁਤ ਚੁਕਿਆ ਤੇ ਸੰਗਤਾਂ ਨੂੰ ਵਿਗਿਆਨਕ – ਮੈਡੀਕਲ ਇਲਾਜ ਤੋਂ ਹਟਾ ਕੇ ਨਾਮ ਸਿਮਰਨ ਦੇ ਕੈਂਪਾਂ ਵਿੱਚ ਲਿਆ ਕੇ ਬਿਠਾ ਦਿਤਾ। ਸੰਤਾਂ
ਬਾਬਿਆਂ ਦੀ ਵੀ ਚੜ੍ਹਾਈ ਹੋ ਗਈ। ਉਹਨਾਂ ਨੇ ਵੀ ਆਪਣੀਆਂ ਵੈਬਸਾਈਟਾਂ ਉਪਰ ਇਸ ਦੇ ਪ੍ਰਚਾਰ ਦਾ
ਮੀਂਹ ਵਰ੍ਹਾ ਦਿਤਾ। ਵਸੂ ਭਾਰਦ੍ਵਾਜ ਦੇ ਨਾਂ ਦੀ ਸਰਚ ਸੱਭ ਤੋਂ ਵੱਧ ਹੈ ਤੇ ਇਸ ਬਾਰੇ ਤੁਹਾਨੂੰ
ਯੂ ਟਿਊਬ ਉਪਰ ਉਸ ਦੀ ਆਪਣੀ ਵੀਡੀਓ ਵੀ ਦੇਖਣ ਨੂੰ ਮਿਲ ਜਾਵੇਗੀ। ਸੱਭ ਥਾਂ ਇਹ ਲਿਖਿਆ ਹੈ ਕਿ ਉਹ
ਕੈਂਸਰ ਵਰਗੇ ਨਾਮੁਰਾਦ ਰੋਗ ਤੋਂ ਨਾਮ ਸਿਮਰਨ ਦੀ ਸ਼ਕਤੀ ਨਾਲ ਅਰੋਗ ਹੋ ਗਿਆ।
ਵਿਗਿਆਨ ਪਿਛੇ ਰਹਿ
ਗਿਆ। ਕੁਦਰਤ ਵੀ ਪਾਸੇ ਹੋ ਗਈ। ਤੇ ਕਰਾਮਾਤ ਦਾ ਪ੍ਰਚਾਰ ਹੋ ਗਿਆ। ਅੰਧ ਵਿਸ਼ਵਾਸ ਨਾਂ ਕਿਤਾਬ ਵਿੱਚ
ਰਾਬਰਟ ਇੰਗਰਸੋਲ ਕਰਾਮਾਤ ਦੀ ਪ੍ਰੀਭਾਸ਼ਾ ਦਿੰਦੇ ਹੋਏ ਆਖਦੇ ਹਨ – ਜੇ ਕੋਈ ਵਿਅਕਤੀ ਅਜਿਹਾ ਪੂਰਾ ਚਕਰ ਬਣਾ
ਲਵੇ ਜਿਸ ਦਾ ਵਿਆਸ ਉਸ ਦੇ ਘੇਰੇ ਨਾਲੋਂ ਅੱਧਾ ਹੋਵੇ ਤਾਂ ਇਹ ਰੇਖਾ ਗਣਿਤ ਦੀ ਕਰਾਮਾਤ ਹੋਵੇਗੀ।
ਜੇ ਕੋਈ ਹਾਈਡਰੋਜਨ, ਨਾਈਟਰੋਜਨ ਤੇ ਆਕਸੀਜਨ ਨੂੰ ਮਿਲਾ ਕੇ ਸ਼ੁੱਧ ਸੋਨਾ
ਬਣਾ ਦੇਵੇ ਤਾਂ ਇਹ ਰਸਾਇਣ ਸ਼ਾਸ਼ਤਰ ਵਿੱਚ ਕਰਾਮਾਤ ਹੋਵੇਗੀ। ਚਨੁਕਰੀ ਤਿਕੋਣ ਬਣਾਉਣਾ ਸੱਭ ਤੋਂ ਵੱਧ
ਹੈਰਾਨੀਜਨਕ ਕਰਾਮਾਤ ਹੋਵੇਗੀ।
ਹਰ ਉਹ ਵਿਅਕਤੀ
ਅੰਧ ਵਿਸ਼ਵਾਸੀ ਹੈ ਜੋ ਕੁਦਰਤ ਦੇ ਮੂਲ ਨਿਯਮਾਂ ਨੂੰ ਨਹੀਂ ਮੰਨਦਾ ਤੇ ਉਹਨਾਂ ਦੀ ਪਰਵਾਹ ਨਹੀਂ
ਕਰਦਾ। ਕੁਦਰਤ ਦੇ ਮੂਲ ਨਿਯਮ ਕਾਰਨ ਤੇ ਹੋਣੀ ਵਿੱਚ ਪਏ ਹਨ। ਹਰ ਘਟਨਾ ਦੇ ਪਿਛੇ ਇਕ ਕਾਰਨ ਹੈ ਤੇ
ਹਰ ਕਾਰਨ ਦੇ ਪਿਛੇ ਇਕ ਘਟਨਾ ਹੈ। ਇਹੋ ਕ੍ਰਮ ਸ਼ੁਰੂ ਤੋਂ ਚਲਦਾ ਆ ਰਿਹਾ ਹੈ। ਜਦੋਂ ਤੱਕ ਵਿਗਿਆਨ
ਬ੍ਰਹਮੰਡ ਦੀ ਗੁੱਥੀ ਪੁਰੀ ਤਰਹਾਂ ਸੁਲਝਾ ਨਹੀਂ ਲੈਂਦਾ ਉਦੋਂ ਤੱਕ ਕਿਸੇ ਅਜਿਹੀ ਗੱਲ ਉਪਰ ਯਕੀਨ
ਕਰਨਾ ਜੋ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਅਨੁਕੂਲ ਨਹੀਂ ਹੈ, ਅੰਧ ਵਿਸ਼ਵਾਸ ਹੈ।
ਅੱਜ
ਵਸੂ ਭਾਰਦ੍ਵਾਜ ਕਿਥੇ ਹਨ। ਸਾਲ 2002-03 ਤੋਂ ਬਾਅਦ ਉਹਨਾਂ ਦਾ ਕੋਈ ਉਲੇਖ ਨਹੀਂ ਮਿਲਦਾ। ਉਹ ਅੱਜ
ਕਲ੍ਹ ਸਿੱਖੀ ਦਾ ਪ੍ਰਚਾਰ ਕਿਉਂ ਨਹੀਂ ਕਰ ਰਹੇ?
ਇਸ ਸਵਾਲ ਦਾ ਜਵਾਬ ਉਹਨਾਂ ਤੋਂ ਖੁਦ ਜਾਣਨ ਲਈ ਮੈਂ ਉਹਨਾਂ ਦੇ ਉਸ ਨੰਬਰ ਉਪਰ
ਫੋਨ ਕੀਤਾ ਜਿਹੜਾ ਮੈਨੂੰ ਕਿਸੇ ਸਿਖ ਵੈਬਸਾਇਟ ਤੋਂ ਹੀ ਮਿਲਿਆ।
§
(Mr Vasu Bhardwaj, Journalist, Science Writer, Corporate Analyst
§ Address: 701-Chinmaya Apartment, Anand Mahal Road, Behind Bhulka Bhavan,
Adajan, Surat, Gujarat-395009
§
Tel: 0261 – 2690033, 0261 - 224 00 99 Mobile:
09825113636 E-mail vasuamerica@yahoo.com)
ਮੈਂ ਉਸ ਦੇ
ਮੋਬਾਇਲ ਨੰਬਰ ਦੀ ਵਰਤੋਂ ਕੀਤੀ। ਫੋਨ ਸੂਰਤ ਵਿੱਚ ਹੀ ਕਿਸੇ ਦੂਜੇ ਵਿਅਕਤੀ ਨੇ ਚੁੱਕਿਆ। ਫੋਨ
ਸੁਣਨ ਵਾਲੇ ਨੇ ਦਸਿਆ ਕਿ ਇਹ ਫੋਨ ਪਹਿਲਾਂ ਵਸੂ ਭਾਰਦ੍ਵਾਜ ਦਾ ਸੀ ਪਰ ਹੁਣ ਇਹ ਉਹਨਾਂ ਨੂੰ ਅਲਾਟ
ਹੋ ਗਿਆ ਹੈ। ਜਦੋਂ ਮੈਂ ਉਹਨਾਂ ਨੂੰ ਵਸੂ ਭਾਰਦ੍ਵਾਜ ਬਾਰੇ ਪੁਛਿਆ ਤਾਂ ਉਹਨਾਂ ਦਸਿਆ ਕਿ ਵਸੂ
ਭਾਰਦ੍ਵਾਜ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਮੈਂ
ਉਹਨਾਂ ਬਾਰੇ ਹੋਰ ਜਾਣਨਾ ਚਾਹਿਆ। ਇੰਟਰਨੈਟ ਉਪਰ ਹੀ ਮੋਜੂਦ ਇਕ ਤੋਂ ਵੱਧ ਸਰੋਤਾਂ ਤੋਂ ਮੈਨੂੰ ਇਹ
ਪਤਾ ਲਗਿਆ ਕਿ ਉਹਨਾਂ ਦੀ ਮੌਤ 2006 ਵਿੱਚ ਹੋ ਗਈ ਸੀ ਤੇ ਉਹਨਾਂ ਦੀ ਮੌਤ ਦਾ ਕਰਨ ਵੀ ਉਹੋ
ਬੀਮਾਰੀ ਸੀ ਜਿਸ ਨਾਲ ਉਹ ਪੀੜਤ ਸਨ ਤੇ ਜਿਸ ਬਾਰੇ ਉਹ ਕਹਿੰਦੇ ਸਨ ਕਿ ਗੁਰਬਾਣੀ ਨੂੰ ਸੁਣਨ ਨਾਲ
ਉਹ ਅਰੋਗ ਹੋ ਗਏ ਹਨ।
ਆਖਰ ਇਸ ਬੀਮਾਰੀ
ਦਾ ਕੀ ਨਾਂ ਹੈ? ਇਸ
ਬੀਮਾਰੀ ਨੂੰ ਮਲਟੀਪਲ ਮਾਈਲੋਮਾ (Multiple Myeloma) ਕਿਹਾ ਜਾਂਦਾ ਹੈ। ਇਸ ਵਿੱਚ ਹੱਡੀਆਂ ਦੇ ਮੋਜੂਦ ਬੋਨ ਮੈਰੋ
(bone marrow) ਵਿੱਚ ਖੂਨ ਬਣਨ ਦੀ ਪ੍ਰਕ੍ਰਿਆ ਵਿੱਚ ਦੋਸ਼
ਪੈ ਜਾਂਦਾ ਹੈ। ਕੈਂਸਰ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਇਹ ਅਸਲ ਵਿੱਚ ਸਰੀਰ ਦੀਆਂ ਮੂਲ
ਕੋਸ਼ਿਕਾਵਾਂ ਦਾ ਵਿਗਾੜ ਹੈ। ਇਸ ਵਿਗਾੜ ਦਾ ਜੇ ਪਹਿਲੇ ਪਤਾ ਲੱਗ ਜਾਵੇ ਤਾਂ ਰੇਡਿਓ ਥੈਰਾਪੀ
ਨਾਲ ਉਹਨਾਂ ਨੂੰ ਨਸ਼ਟ ਕਰ ਦਿਤਾ ਜਾਂਦਾ ਹੈ। ਪਰ ਜਦੋਂ ਪਤਾ ਲਗਦਾ ਹੈ ਤਾਂ ਬਹੁਤ ਦੇਰ ਹੋ ਜਾਂਦੀ
ਹੈ। ਸਰਿਰ ਦੇ ਹਰ ਅੰਗ ਵਿੱਚ
ਇਸ ਦਾ ਪ੍ਰਭਾਵ ਵੱਖ ਵੱਖ ਹੁੰਦਾ ਹੈ। ਕਿਤੇ ਇਹ ਸੈਲ ਵਿਭਾਜਨ ਬਹੁਤ ਤੇਜ਼ੀ ਨਾਲ ਹੁੰਦਾ ਹੈ ਪਰ ਕਈ
ਥਾਂਵਾਂ ਤੇ ਇਸ ਦੀ ਰਫਤਾਰ ਬਹੁਤ ਮੰਦ ਹੁੰਦੀ ਹੈ। ਅਜਿਹੇ ਕੇਸਾਂ ਵਿੱਚ ਬੀਮਾਰੀ ਲੰਮੀ ਉਮਰ ਤਕ
ਚਲਦੀ ਹੈ। ਇਹ ਕੁਦਰਤ ਦਾ ਨਿਯਮ ਹੈ ਤੇ ਇਸ ਨੂੰ ਰੋਕਣਾ ਅਸਭੰਵ ਹੈ। ਬੀਮਾਰੀ ਦਾ ਕਾਰਨ ਜਦੋਂ ਤੱਕ
ਸਰੀਰ ਵਿੱਚ ਮੋਜੂਦ ਹੈ ਬੀਮਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਬੀਮਾਰੀ ਨੂੰ ਖਤਮ ਕਰਨ ਲਈ
ਵਿਗਿਆਨਕ ਵਿਧੀ ਨਾਲ ਹੀ ਉਸ ਦਾ ਇਲਾਜ ਕਰਨਾ ਪੈਂਦਾ ਹੈ।
ਅੱਜ ਵਿਗਿਆਨ ਨੇ
ਬਹੁਤ ਕਾਰਗਰ ਤਰੀਕੇ ਨਾਲ ਬੀਮਾਰੀਆਂ ਬਾਰੇ ਜਾਣ ਲਿਆ ਹੈ ਉਹਨਾਂ ਦੇ ਕਾਰਨਾਂ ਦੀ ਪੁਣਛਾਣ ਤੇ ਪੜਤਾਲ
ਕਰਨ ਦੀ ਆਦਤ ਪਾ ਲਈ ਹੈ। ਦਵਾਈਆਂ ਵੀ ਉਸ ਦੇ ਕਾਰਨਾਂ ਅਨੁਸਾਰ ਹੀ ਦਿਤੀਆ ਜਾਂਦੀਆਂ ਹਨ। ਮੈਡੀਕਲ
ਸਾਇੰਸ ਦੀ ਬਦੌਲਤ ਬੀਮਾਰੀਆਂ ਦੇ ਕਾਰਨ ਲੱਭ ਕੇ ਇਹਨਾਂ ਦੀ ਰੋਕ ਥਾਮ ਵੀ ਕੀਤੀ ਜਾਂਦੀ ਹੈ। ਇਹ
ਸੱਭ ਕੁਝ ਵਿਗਿਆਨ ਨੇ ਸੰਭਵ ਕੀਤਾ ਹੈ, ਕਿਸੇ ਧਰਮ ਜਾਂ ਪ੍ਰਮਾਤਮਾ ਦੀ ਦੇਣ
ਨਹੀਂ ਹੈ। ਇਸ ਪਿਛੇ ਵਿਗਿਆਨੀਆਂ ਦੀ ਲੰਮੀ ਘਾਲਨਾ ਹੈ ਜਿਸ ਦਾ ਫਲ ਅੱਜ ਵਿਗਿਆਨ ਮਨੁੱਖਤਾ
ਤੱਕ ਪੁਚਾ ਰਿਹਾ ਹੈ। ਕਿਸੇ ਵੀ ਬੀਮਾਰੀ ਨੂੰ ਨਾਮ ਸਿਮਰਨ ਜਾਂ ਬਾਣੀ ਜਾਂ ਗੁਰਬਾਣੀ ਪੜ੍ਹ ਕੇ ਠੀਕ
ਨਹੀਂ ਕੀਤਾ ਜਾ ਸਕਦਾ। ਵਸੂ ਭਾਰਦ੍ਵਾਜ ਦਾ ਕੇਸ ਸਿਖ ਸਟੇਜਾਂ ਤੋਂ ਪ੍ਰਚਾਰ ਕੇ ਸਰਬ ਰੋਗ ਕੋ
ਅਉਖੁਦ ਨਾਲ, ਨਾਮ ਸਿਮਰਨ ਦਾ ਅਭਿਆਸ ਕਰਨ ਤੇ ਕਰਾਉਣ ਵਾਲਿਆਂ ਦੀ ਚਾਂਦੀ
ਹੋ ਗਈ। ਉਹਨਾਂ ਜਗ੍ਹਾ ਜਗ੍ਹਾ ਵੱਡੇ ਵਡੇ ਕੈਂਪ ਲਾ ਕੇ ਲੋਕਾਂ ਨੂੰ ਰੋਗ ਮੁਕਤ ਹੋਣ ਦਾ ਲਾਲਚ ਦੇਣ
ਦੇ ਆਡੰਬਰ ਰਚੇ। ਇਸ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ। ਉਸ ਨੇ
ਵਸੂ ਭਾਰਦ੍ਵਾਜ ਨੂੰ ਸਟੇਜਾਂ ਉਪਰ ਇਕ ਸਬੂਤ ਵੱਜੋਂ ਪੇਸ਼ ਕੀਤਾ। ਇਸ ਨਾਲ ਭੋਲੇ ਭਾਲੇ ਲੋਕ ਵਰਗਲਾਏ
ਗਏ ਤੇ ਉਹਨਾਂ ਦਾ ਸਮਾਂ, ਸਾਧਨ ਤੇ ਧਨ ਇਸ ਤਰ੍ਹਾਂ ਦੇ ਵਾਧੂ ਨਿਰਾਰਥਕ
ਕੰਮਾਂ ਵਿੱਚ ਖਰਚ ਕੀਤਾ ਗਿਆ। ਕੁਝ ਥਾਂਵਾਂ ਤੇ ਵਸੂ ਭਾਰਦ੍ਵਾਜ ਵੀ ਲੋਕਾਂ ਲਈ ਪ੍ਰੇਰਨਾ ਦਾ ਸੋਮਾ
ਬਣਿਆ।
ਮੇਰੇ ਇਕ ਹੋਰ
ਮਿਤਰ ਹਨ ਉਹ ਰੇਕੀ ਦਾ ਕੰਮ ਕਰਦੇ ਹਨ, ਉਹ ਵੀ ਆਪਣੀ ਪੈਥੀ ਨੂੰ ਬਹੁਤ ਕਾਰਗਰ ਆਖਦੇ ਹਨ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ
ਉਹਨਾਂ ਦੀ ਇਕ ਅੰਗਰੇਜ਼ੀ ਪ੍ਰਾਰਥਨਾ ਵਰਗੀ ਕਵਿਤਾ ਦਾ ਪੰਜਾਬੀ ਅਨੁਵਾਦ ਕਰ ਦਿਆਂ। ਮੈਂ ਉਹਨਾਂ ਨੂੰ
ਵਿਗਿਆਨਕ ਵਿਧੀ ਵੱਲ ਲੈ ਜਾਣ ਦੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੂੰ
ਵਿਗਿਆਨ ਦਾ ਮਤਲਬ ਸਮਝਾਉਣ ਦਾ ਯਤਨ ਕੀਤਾ ਪਰ ਉਹ ਆਪਣੀ ਥਾਂ ਤੇ ਅੜੇ ਰਹੇ। ਉਹ ਕਹਿੰਦੇ ਕਿ ਅਸੀਂ
ਮੂਲ ਮੰਤਰ ਨੂੰ ਉਸ ਪ੍ਰਾਰਥਨਾ ਦੀ ਥਾਂ ਤੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਯਤਨ ਬਹੁਤ ਅਸਰਦਾਇਕ
ਹੋਏ ਹਨ। ਅਜਿਹੇ ਬਹੁਤ ਸਾਰੇ ਪਾਠਕਾਂ ਦੀ ਜਾਣਕਾਰੀ ਹਿਤ ਮੈਂ ਦਸਣਾ ਚਾਹੁੰਦਾ ਹਾਂ ਕਿ ਸ਼ਬਦ
(ਅੱਖਰਾਂ ਦੇ ਜੋੜ ਤੋਂ ਬਣੇ ਹੋਏ) ਸਿਰਫ ਅਵਾਜ਼ਾਂ ਦਾ ਪ੍ਰਤੀਕ ਹਨ ਤੇ ਆਪਣੇ ਆਪ ਵਿੱਚ ਕੋਈ ਅਰਥ
ਨਹੀਂ ਰੱਖਦੇ ਜਿੰਨਾ ਚਿਰ ਉਹ ਕਿਸੇ ਸੰਕਲਪ ਨਾਲ ਨਾ ਜੁੜੇ ਹੋਣ। ਈਂਘਮਨੋਂਗਾ ਇਕ ਅਜਿਹਾ ਹੀ ਸ਼ਬਦ
ਹੈ, ਇਸ ਦਾ ਕੋਈ ਅਰਥ ਨਹੀਂ ਤੇ ਇਸ ਨਾਲ ਕੋਈ ਸੰਕਲਪ ਨਹੀਂ ਜੁੜਿਆ ਹੋਇਆ,
ਜੇ ਕੋਈ ਇਸ ਸ਼ਬਦ ਨੂੰ ਬਾਰ ਬਾਰ ਜਾਂ ਇਕ ਵਾਰ ਪੜ੍ਹੇ ਤਾਂ ਉਸ ਵਾਸਤੇ ਇਸ ਸ਼ਬਦ ਦੀ
ਕੋਈ ਮਹੱਤਤਾ ਨਹੀਂ ਹੈ।
ਸ਼ਬਦ, ਅਵਾਜ਼ਾਂ ਸਾਨੂੰ ਸੰਕਲਪ ਸਮਝਾਉਂਦੇ ਹਨ
ਜਿਹਨਾਂ ਵਾਸਤੇ ਇਹ ਵਰਤੋਂ ਵਿੱਚ ਆਉਂਦੇ ਹਨ। ਇਹਨਾਂ ਤੋਂ ਕੋਈ ਮੰਤਰ ਗੁਰਮੰਤਰ ਨਹੀਂ ਬਣਾਇਆ ਜਾ
ਸਕਦਾ। ਜਿਹੜੀ ਭਾਸ਼ਾ ਕਿਸੇ ਨੂੰ ਸਮਝ ਨਾ ਆਵੇ ਉਸ ਦਾ ਕੋਈ ਅਰਥ ਨਹੀਂ ਹੁੰਦਾ। ਜਿਹੜੇ ਲੋਕ
ਤੁਹਾਨੂੰ ਕੋਈ ਮੰਤਰ ਦਿੰਦੇ ਹਨ ਉਹ ਤੁਹਾਡੇ ਭੋਲੇਪਨ ਦਾ ਫਾਇਦਾ ਲੈ ਰਹੇ ਹੁੰਦੇ ਹਨ। ਉਹ ਤੁਹਾਨੂੰ
ਮੂਰਖ ਬਣਾ ਰਹੇ ਹੁੰਦੇ ਹਨ। ਕਿਸੇ ਵੀ ਭਾਸ਼ਾ ਦਾ ਜਨਮ ਸੰਚਾਰ ਦੇ ਸਾਧਨ ਵਜੋਂ ਹੀ ਹੁੰਦਾ ਹੈ।
ਅੱਖਰਾਂ ਜੋ ਅਵਾਜ਼ਾਂ ਦਾ ਪ੍ਰਤੀਕ ਹੁੰਦੇ ਹਨ ਮਿਲ ਕੇ ਸ਼ਬਦ ਬਣਾਉਂਦੇ ਹਨ ਤੇ ਸ਼ਬਦ ਕਿਸੇ ਸੰਕਲਪ ਨਾਲ
ਜੁੜ ਕੇ ਅਰਥ ਪੂਰਨ ਹੁੰਦੇ ਹਨ। ਕੋਈ ਵੀ ਅੱਖਰ ਜਾਂ ਅਵਾਜ਼ ਮੰਤਰ ਨਹੀਂ ਬਣਦਾ ਤੇ ਉਸ ਵਿੱਚ ਕੋਈ
ਸ਼ਕਤੀ ਨਹੀਂ ਆ ਸਕਦੀ। ਖੀਰ ਦੇ ਖ ਤੇ ਰ ਨੂੰ ਜਪਣ ਨਾਲ ਖੀਰ ਨਹੀਂ ਬਣ ਸਕਦੀ ਤੇ ਮੂੰਹ ਵਿੱਚ ਮਿਠਾਸ
ਨਹੀਂ ਆ ਸਕਦੀ। ਖੀਰ ਦਾ ਸਵਾਦ ਲੈਣ ਲਈ ਖੀਰ ਖਾਣੀ ਹੀ ਪਵੇਗੀ। ਸੋ ਇਸ ਚੀਜ਼ ਨੂੰ ਸਮਝ ਲੈਣ ਵਿੱਚ
ਹੀ ਭਲਾਈ ਹੈ। ਜੇ ਤੁਹਾਨੂੰ ਉਸ ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਦੀ ਸਮਝ ਨਹੀਂ ਤਾਂ ਉਸ ਭਾਸ਼ਾ ਦੀ ਕੋਈ
ਵੀ ਗਲ ਤੁਹਾਡੇ ਉਪਰ ਅਸਰ ਨਹੀਂ ਕਰ ਸਕਦੀ। ਧਿਆਨ ਦੇਣ ਯੋਗ ਗਲ ਹੈ ਕਿ ਵਸੂ ਭਾਰਦ੍ਵਾਜ ਨੂੰ
ਪੰਜਾਬੀ ਤੇ ਖਾਸ ਕਰ ਗੁਰਬਾਣੀ ਦੇ ਕਿਸੇ ਸ਼ਬਦ ਦੀ ਕੋਈ ਸਮਝ ਨਹੀਂ ਸੀ ਸੋ ਬਿਨਾਂ ਸਮਝ ਤੋਂ ਉਸ ਉਪਰ
ਕੋਈ ਅਸਰ ਹੋਣਾ ਅਣਕਿਆਸੀ ਗੱਲ ਹੈ।
ਗੁਰਬਾਣੀ ਆਪਣੇ
ਸਮੇਂ ਦਾ ਜੀਵਨ ਸਿਧਾਂਤ ਹੈ ਜੋ ਕੁਦਰਤ ਦੇ ਨਿਯਮਾਂ ਦੀ ਹੀ ਗੱਲ ਕਰਦਾ ਹੈ। ਇਹ ਆਪਣੇ ਸਮੇਂ ਦਾ
ਆਧੁਨਿਕ ਜੀਵਨ ਸਿਧਾਂਤ ਰਿਹਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਵਾਸਤੇ ਵਿਸ਼ੇਸ਼ ਮਹੱਤਵ
ਰੱਖਦੀਆਂ ਹਨ, ਕਿਉਂ ਕਿ ਇਸ ਨੇ ਆਪਣੇ ਤੋਂ ਪਹਿਲਾਂ ਦੇ ਕਰਮ ਕਾਂਡ ਤੇ ਪਾਖੰਡ ਦਾ ਵਿਰੋਧ ਕੀਤਾ ਤੇ
ਲੁਕਾਈ ਨੂੰ ਸਿਧਾ ਸਾਦਾ ਤੇ ਸਪਸ਼ਟ ਜੀਵਨ ਜੀਣ ਦਾ ਰਾਹ ਦਿਖਾਇਆ। ਇਹ ਆਪਣੇ ਸਮੇਂ ਦੀ ਕ੍ਰਾਂਤੀ ਸੀ।
ਇਸ ਦਾ ਲਾਭ ਗੁਰਬਾਣੀ ਨੂੰ ਪੜ੍ਹ ਕੇ ਤੇ ਸਮਝ ਕੇ ਹੀ ਹੋ ਸਕਦਾ ਸੀ ਨਾ ਕਿ ਸੁਣ ਕੇ। ਗੁਰਬਾਣੀ
ਵਿੱਚ ਸੁਣਨ ਤੋਂ ਬਾਅਦ ਉਸ ਨੂੰ ਮੰਨਣਾ ਤੇ ਉਸ ਨੂੰ ਅਪਣਾਉਣਾ ਜ਼ਰੂਰੀ ਕਿਹਾ ਗਿਆ ਹੈ। ਸਪਸ਼ਟ ਹੈ ਕਿ ਪੈਰਾਸੀਟਾਮੋਲ ਦਾ ਨਾਂ ਸੁਣ ਕੇ ਜਾਂ ਜਪ
ਕੇ ਬੁਖਾਰ ਨਹੀਂ ਘਟਾਇਆ ਜਾ ਸਕਦਾ। ਬੁਖਾਰ ਤੋਂ ਰਾਹਤ ਵਾਸਤੇ ਦਵਾਈ ਕਾਣੀ ਹੀ ਪੈਂਦੀ ਹੈ। ਵਸੂ ਭਾਰਦ੍ਵਾਜ
ਦੇ ਕੇਸ ਵਿੱਚ ਉਹ ਪੈਰਾਸੀਟਾਮੋਲ ਦਾ ਨਾਂ ਸੁਣ ਕੇ ਰਾਜ਼ੀ ਹੋ ਗਿਆ।
ਹਰ ਉਸ ਵਿਅਕਤੀ
ਨੂੰ ਵਿਗਿਆਨੀ ਆਖਣਾ ਸਰਾਸਰ ਮੂਰਖਤਾ ਹੈ ਜੋ ਕੁਦਰਤ ਦੇ ਹੋਣੀ ਨਿਯਮ ਉਪਰ ਨਹੀਂ ਚਲਦਾ। ਉਹ ਅੰਧ
ਵਿਸ਼ਵਾਸੀ ਹੋ ਸਕਦਾ ਹੈ। ਪਰ ਵਿਗਿਆਨੀ ਨਹੀਂ। ਵਸੂ ਭਾਰਦ੍ਵਾਜ ਵਿਗਿਆਨੀ ਨਹੀ ਕਿਹਾ ਜਾ ਸਕਦਾ।
ਗੁਰਬਾਣੀ ਵਿੱਚ ਅੰਧ ਵਿਸਵਾਸ ਲਈ ਕੋਈ ਥਾਂ ਨਹੀਂ। ਅੰਧ ਵਿਸ਼ਵਾਸੀ ਲਈ ਵੀ। ਉਹ ਸਾਰੇ ਲੋਕ ਜਿਹੜੇ
ਸਿਮਰਨ ਦੇ ਨਾਂ ਉਪਰ ਤੋਤਾ ਰਟਨ ਕਰਦੇ ਉਹ ਵੀ ਵਸੂ ਦੀ ਹੀ ਸ਼੍ਰੇਣੀ ਦੇ ਭਾਈਵਾਲ ਨਹੀਂ। ਗੁਰੂ ਨਾਨਕ
ਦੇਵ ਜੀ ਨੇ ਆਪਣੇ ਸਮੇਂ ਵਿੱਚ ਕਦੇ ਸਿਮਰਨ ਨਹੀਂ ਕੀਤਾ, ਸਿਮਰਨ ਸ਼ਬਦ ਦੀ ਵਰਤੋਂ ਯਾਦ ਕਰਨ, ਵਿਚਾਰ
ਕਰਨ ਵਾਸਤੇ ਹੀ ਕੀਤੀ ਹੈ। ਕਿਸੇ ਵੀ ਵਿਚਾਰ ਨੂੰ ਜਾਣਨ ਲਈ ਉਸ ਨੂੰ ਸਮਝਣਾ ਜ਼ਰੂਰੀ ਹੈ।
ਦੂਜੀ ਗੱਲ ਕੁਦਰਤ
ਦੇ ਨਿਯਮਾਂ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਤੇ ਨਾ ਉਸ ਤੋਂ ਉਲਟ ਜਾਇਆ ਜਾ ਸਕਦਾ ਹੈ। ਲੱਤ ਦੀ
ਥਾਂ ਤੇ ਬਾਂਹ ਤੇ ਬਾਂਹ ਦੀ ਥਾਂ ਸਿਰ ਨਹੀਂ ਉਗਾਇਆ ਜਾ ਸਕਦਾ। ਅਜਿਹਾ ਸੋਚਣਾ ਕੁਦਰਤ ਦੇ ਨਿਯਮਾਂ
ਤੋਂ ਉਲਟ ਹੋਵੇਗਾ। ਬਿਨਾਂ ਦਵਾਈ ਤੋਂ ਬੀਮਾਰੀ ਨਹੀਂ ਜਾ ਸਕਦੀ। ਬੀਮਾਰੀ ਦਾ ਕਾਰਨ ਕਿਸੇ ਮੰਤਰ
ਨਾਲ ਦੂਰ ਨਹੀਂ ਹੋ ਸਕਦਾ। ਬੀਮਾਰੀ ਦਾ ਉਪਚਾਰ ਹੀ ਕੀਤਾ ਜਾਂਦਾ ਹੈ। ਬਹੁਤ
ਸਾਰੀਆਂ ਬੀਮਾਰੀਆਂ ਇਕ ਦਮ ਮਨੁੱਖ ਦੀ ਜਾਨ ਨਹੀਂ ਕੱਢ ਦੇਂਦੀਆਂ, ਸਰੀਰ ਵਿੱਚ ਕਈ ਤਰ੍ਹਾਂ ਦੀਆਂ
ਸੰਭਾਵਨਾਵਾਂ ਮੋਜੂਦ ਹਨ ਤੇ ਕੈਂਸਰ ਵੀ ਹੌਲੀ ਹੌਲੀ ਘਾਤਕ ਅਵਸਥਾ ਵਿੱਚ ਪਹੁੰਚਦਾ ਹੈ।
ਵਸੂ ਭਾਰਦ੍ਵਾਜ ਦੀ
ਮੌਤ ਉਸੇ ਬੀਮਾਰੀ ਤੋਂ ਹੋਈ ਜਿਸ ਨਾਲ ਉਹ ਪੀੜਤ ਸੀ? ਕੀ ਗੁਰਬਾਣੀ ਦਾ ਚਮਤਕਾਰ ਰੁਕ ਗਿਆ ਸੀ? ਕੀ
ਉਸ ਚਮਤਕਾਰ ਨੇ, ਜਿਸ ਬਾਰੇ ਬਹੁਤ ਵਧਾ ਚੜ੍ਹਾ ਕੇ ਦੱਸਿਆ ਗਿਆ, ਬੰਦ ਹੋ ਗਿਆ ਸੀ? ਕੀ 2002 ਤੋਂ
ਬਾਦ ਚਮਤਕਾਰ ਹੋਣੇ ਬੰਦ ਹੋ ਗਏ ਹਨ? ਇਹ ਕੁਝ ਪ੍ਰਸ਼ਨ ਹਨ ਜਿਹਨਾਂ ਦਾ ਜਵਾਬ ਹਰ ਅੰਧ ਵਿਸ਼ਵਾਸੀ ਨੂੰ
ਲੱਭ ਕੇ ਦੇਣਾ ਪਵੇਗਾ।
ਮੈਨੂੰ ਜਦੋਂ ਇਹ
ਸੱਭ ਕੁਝ ਪਤਾ ਲਗਿਆ, ਤਕਰੀਬਨ ਤਿੰਨ ਸਾਲ ਪਹਿਲਾਂ, ਇਸੇ ਫੇਸ ਬੁੱਕ ਉਪਰ ਇਕ ਬਹੁਤ ਬਹਿਸ ਹੋਈ ਤੇ
ਮੇਰੀ ਇਕ ਟਿਪਣੀ ਬਹੁਤ ਪ੍ਰਭਾਵਸ਼ਾਲੀ ਸੀ। ‘ ਜੇ ਵਸੂ ਭਾਰਦ੍ਵਾਜ ਜੀਂਦਾ ਰਹਿੰਦਾ ਤਾਂ ਗੁਰੂ ਨਾਨਕ
ਦਾ ਸਿਧਾਂਤ ਫੇਲ੍ਹ ਹੋ ਜਾਣਾ ਸੀ। ਉਸ ਦੀ ਮੌਤ ਨਾਲ ਗੁਰੂ ਨਾਨਕ ਕੁਦਰਤ ਦੇ ਨਿਯਮ ਵਾਲਾ ਸਿਧਾਂਤ ‘ਆਪੇ
ਬੀਜ ਆਪੁ ਹੀ ਖਾਹਿ’ ਬਚ ਗਿਆ।
No comments:
Post a Comment