Sunday, October 9, 2011

ਰੋਟੀ ਦਾ ਗੀਤ



ਰੋਟੀ ਦਾ ਗੀਤ

ਗੁਰਦੀਪ ਸਿੰਘ ਭਮਰਾ

ਚੰਨਾ ਵੇ ਤੇਰੀ ਚਾਨਣੀ
ਤਾਰਿਆ ਵੇ ਤੇਰੀ ਲੋਅ
ਚੰਨ ਪਕਾਵੇ ਰੋਟੀਆਂ
ਤਾਰਾ ਕਰੇ ਰਸੋ।
ਸਾਡੇ ਹਿਸੇ ਇਕ ਨਾ
ਸੱਭ ਦੇ ਹਿਸੇ ਦੋ
ਕਿਥੇ ਰੱਖੀਆਂ ਰੋਟੀਆਂ
ਕਿਥੇ ਰੱਖੀ ਲੋਅ
ਮਹਿਲੀਂ ਰਖੀਆਂ ਰੋਟੀਆਂ
ਕੈਦੀਂ ਪਾਈ ਲੋਅ
ਕੁੰਡੇ ਮਾਰੇ ਜੰਦਰੇ
ਬੂਹੇ ਰੱਖੇ ਢੋਅ
ਚੱਪਾ ਸਾਡੇ ਚੰਨ ਦਾ
ਤਾਰੇ ਮੁੱਠੀ ਹੋ
ਸਾਥੋਂ ਸਾਡੀਆਂ ਰੋਟੀਆਂ
ਲੈਂਦੀ ਰਾਤ ਲੁਕੋ
ਰਾਤ ਨਾ ਸਾਡੀ ਆਪਣੀ
ਦਿਨ ਨਾ ਸਾਡਾ ਹੋ
ਸਦੀਆਂ ਤੋਂ ਅਸੀਂ ਤੁਰ ਰਹੇ
ਸੂਰਜ ਮੋਢੇ ਢੋਅ
ਖੇਤ ਜੇ ਬੀਜੀ ਬਾਜਰੀ
ਦਾਣੇ ਪੈਂਦੇ ਜੋ
ਝਾੜੇ ਝਾਂਬੇ ਹੂੰਝ ਕੇ
ਸਾਰੇ ਲੈਂਦੇ ਖੋਹ
ਆਖੋ ਸਾਡੀ ਭੁੱਖ ਨੂੰ
ਚੁਕੇ ਝੰਡੇ ਉਹ
ਮਹਿਲੀ ਤੋੜੀਏ ਜੰਦਰੇ
ਕੈਦੋਂ ਕੱਢੀਏ ਲੋਅ
ਰੋਟੀ ਆਪੋ ਆਪਣੀ
ਆਪੇ ਲਈਏ ਖੋਹ
ਇਕੋ ਗੱਲ ਦਾ ਫੈਸਲਾ
ਗਲ ਨਾ ਕਰੀਏ ਦੋ
ਐਸੀ ਰੁਤ ਨੂੰ ਬੀਜੀਏ
ਤਾਰਾ ਤਾਰਾ ਹੋ
ਚੰਨ ਵੀ ਹੋਵੇ ਆਪਣਾ
ਤਾਰਾ ਕਰੇ ਰਸੋ
ਚੰਨ ਪਕਾਏ ਰੋਟੀਆ
ਤਾਰਾ ਵੰਡਦਾ ਜੋ
ਭੁੱਖਾ ਸੋਂਵੇਂ ਰਿਜਕ ਨਾ
ਰਿਜਕ ਨਾ ਹੋਵੇ ਖੋਹ
ਰੋਸਾ ਝਗੜਾ ਨਾ ਰਵ੍ਹੇ
ਤਾਰਾ ਤਾਰਾ ਹੋਵੇ।
ਚਾਨਣ ਵੰਡੇ ਚਾਨਣੀ
ਤਾਰਾ ਵੰਡੇ ਲੋਅ
ਬਾਤਾ ਪਾਵੇ ਚੰਨ ਜੇ
ਭਰੇ ਹੁੰਗਾਰਾ ਉਹ।

No comments:

Post a Comment