Sunday, October 23, 2011

ਦੀਵਾਲੀ ਦੀ ਰਾਤ


ਦੀਵਾਲੀ ਦੀ ਰਾਤ
ਦੀਵਿਆਂ ਪਾਉਣੀ ਝਾਤ
ਤਾਰੇ ਭਰਨ ਹੁੰਗਾਰੇ
ਦੀਵਿਆ ਵਾਲੀ ਰਾਤ
ਟਿਮ ਟਿਮ ਕਰਦੇ
ਜਗਦੇ ਬੁਝਦੇ
ਜਾਪ ਰਹੇ ਨੇ
ਘਰ ਘਰ ਅੰਦਰ
ਚਾਨਣ ਦੀ ਬਰਸਾਤ
ਦੀਵਾਲੀ ਦੀ ਰਾਤ
ਦੀਵਿਆ ਵਾਲੀ ਰਾਤ
ਨਾਲ ਹਨੇਰੇ ਘੁਲਦੇ ਦੀਵੇ
ਆਲੇ ਕੰਧਾਂ ਬੂਹੇ ਬੰਨ੍ਹੇਰੇ
ਮੇਰੇ ਤੇਰੇ
ਚਾਰ ਚੁਫੇਰੇ
ਨਾਲ ਹਨੇਰੇ ਕਰਨ ਮਖੌਲਾਂ
ਮਿਟੀ ਦੇ ਹਰ ਦੀਵੇ ਅੰਦਰ
ਚਾਨਣ ਦੀ ਸੁਗਾਤ
ਦੀਵਾਲੀ ਦੀ ਰਾਤ
ਅੰਬਰ ਭਰਨ ਹੁੰਗਾਰੇ ਆਇਆ
ਲੈ ਕੇ ਸਾਰੇ ਤਾਰੇ ਆਇਆ
ਜੁਗਨੂੰਆਂ ਵਾਂਗੂ ਜਗਦੇ ਦੀਵੇ
ਰੋਸ਼ਨੀਆਂ ਦੀ ਬਾਤ
ਨਾਲ ਹਨੇਰੇ ਖਹਿੰਦੇ ਰਹਿਣਾ
ਹਰ ਇਕ ਨੂੰ ਇਹ ਕਹਿੰਦੇ ਰਹਿਣਾ
ਨ੍ਹੇਰੇ ਦੇ ਵਿੱਚ ਕਦੇ ਨਾ ਰਹੀਏ
ਚਾਨਣ ਹੋ ਕੇ ਚਾਨਣ ਦਈਏ
ਭਰੀਏ ਆਪਣੇ ਸਾਹਾਂ ਅੰਦਰ
ਚਾਨਣ ਦੀ ਬਾਰਾਤ
ਦੀਵਾਲੀ ਦੀ ਰਾਤ
ਦੀਵਿਆਂ ਪਾਉਣੀ ਬਾਤ।
ਦੀਵਾ ਬਲੇ ਹਨੇਰਾ ਜਾਵੇ
ਚਾਨਣ ਦੀ ਬੁਕਲ ਭਰ ਜਾਵੇ
ਮੁਠੀਆਂ ਭਰ ਕੇ ਚਾਨਣ ਵੰਡੀਏ
ਹਰ ਨੁਕਰ ਹਰ ਜਾਤ
ਦੀਵਿਆਂ ਵਾਲੀ ਰਾਤ
ਦੀਵਾਲੀ ਦੀ ਰਾਤ।

No comments:

Post a Comment