Monday, November 21, 2011

ਸੁਰਤੀ ਤੇ ਬਿਰਤੀ

ਸਿਰਫ਼ ਮੈਂ ਸੋਚਦਾ ਹਾਂ
ਸ਼ਬਦ ਨਹੀਂ,
ਸ਼ਬਦ ਤਾਂ ਮੈਂ ਲਭਦਾ ਹਾਂ
ਕਦੇ ਅੰਦਰੋਂ
ਕਦੇ ਬਾਹਰੋਂ
ਹਵਾ ਵਿੱਚ ਤਰਦੇ
ਹਵਾ ਵਿੱਚ ਤੈਰਦੇ ਸ਼ਬਦ
ਮੈਂ ਫੜਦਾ ਹਾਂ
ਇਕ ਇਕ ਕਰਕੇ
ੳਗੇ ਪਿੱਛੇ ਜੋੜਦਾ ਹਾਂ
ਮਤੇ ਕੋਈ ਵਾਕ ਬਣ ਜਾਵੇ
ਮੇਰੀ ਸੋਚ ਦੇ ਹਾਣ ਦਾ
ਖਿਆਲ
ਵਿਚਾਰ ਸਬਦਾਂ ਦੇ ਮੁਥਾਜ ਨਹੀਂ ਹੁੰਦੇ
ਉਦੋਂ ਤੱਕ
ਜਦੋਂ ਤੱਕ ਉਹ
ਵਿਚਾਰਾਂ ਦੀ ਧੁਰੀ ਉਪਰ ਕੱਤੇ ਗਲੋਟੇ ਵਾਂਗ
ਬਿਰਤੀ ਤੇ ਸੁਰਤੀ ਨਾਲ ਘੁੰਮਦੇ ਰਹਿੰਦੇ ਹਨ
ਬਿਰਤੀ ਤੇ ਸੁਰਤੀ
ਕਦੇ ਉੱਚੀ
ਕਦੇ ਨੀਵੀਂ
ਕਦੇ ਸਮੁੰਦਰਾਂ ਦੀ ਗਹਿਰਾਈ ਵਿੱਚ ਉਤਰਦੀ
ਕਦੇ ਪਰਬਤਾਂ ਤੋਂ ਪਾਰ ਜਾਣਾ ਲੋਚਦੀ
ਸਿਰਫ ਮੈ
ਸੋਚਦਾ ਹਾਂ ਸਿਰਫ਼
ਤੇ ਆਪਣੇ ਵਿਚਾਰਾਂ ਨੁੰ
ਆਪਣੇ ਉਦਾਲੇ
ਜ਼ਿਹਨ ਦੇ ਝਰੋਖਿਆਂ ਥਾਣੀ
ਬਾਹਰ ਨਿਕਲਣ ਲਈ ਤਿਆਰ
ਬੜਾ ਲੰਮਾ
ਬੜਾ ਔਝੜ ਪੈਂਡਾ
ਵਿਚਾਰਾਂ ਨੇ ਸ਼ਬਦਾਂ ਦੇ ਕੰਧਾੜੇ ਚੜ੍ਹ
ਤੈਅ ਕਰਨਾ ਹੈ
ਗਰਮੀਆਂ ਦੀ ਸਿਖਰ ਦੁਪਹਿਰੇ
ਪਾਟੀ ਕਿਸੇ ਅੱਕ-ਅੰਬੀ ਚੋਂ ਛਿਟਕ ਕੇ
ਨਿਕਲੀਆਂ ਮਾਈ ਬੁੱਢੀ ਦੀਆਂ ਖੰਬੜੀਆਂ ਵਾਂਗ
ਦੂਰ ਦੁਰ ਤੱਕ ਖਿੰਡ ਜਾਣਾ ਲੋਚਦੇ ਹਨ
ਵਿਚਾਰ
ਮੇਰੇ ਜ਼ਿਹਨ ਚੋਂ ਨਿਕਲ ਕੇ
ਮੈਂ ਸਿਰਫ਼ ਸੋਚਦਾ ਹਾਂ।
ਕਦੇ ਕਦੇ
ਮੈਂ ਸਜ ਪਰਨਾਈਆਂ
ਸੱਧਰਾਂ ਨੂੰ ਇਕ ਇਕ ਕਰਕੇ
ਵਿਦਾ ਹੁੰਦੇ ਵੇਖਦਾ ਹਾਂ
ਮੇਰੇ ਤੋਂ ਵੱਖ ਹੁੰਦਿਆਂ
ਇਹ ਮੇਰੀਆਂ ਨਹੀਂ ਰਹਿੰਦੀਆਂ
ਦੂਰ ਦੇਸ਼ ਵਿੱਚ ਫੈਲ ਜਾਂਦੀਆਂ
ਪਰਵਾਸ ਕਰਨ ਜਾ ਰਹੇ ਪੰਛੀ
ਡਾਰਾਂ ਬੰਨ੍ਹ ਕੇ ਮੁੜਦੇ
ਬੱਦਲਾਂ ਚੋਂ ਨਿਕਲ ਕੇ ਬੂੰਦਾਂ
ਵਰ੍ਹਦੀਆਂ ਝਰਦੀਆਂ
ਬਦਲਾਂ ਦੀਆਂ ਨਾ ਬਣਦੀਆਂ
ਫੈਲਣਾ ਕਿੰਨਾ ਮੁਸ਼ਕਲ ਹੈ
ਸਾਗਰ ਚੋਂ ਨਿਕਲ ਕੇ ਬੱਦਲ ਬਣ ਜਾਣਾ
ਮੈਂ ਕੂਕਦਾ ਹਾਂ
ਮੈਂ ਬੋਲਦਾ ਹਾਂ
ਤੇ ਸ਼ਬਦਾਂ ਨੂੰ ਆਪਣੇ ਜ਼ਿਹਨ ਚੋਂ
ਵਿਦਾ ਕਰਦਾ ਹਾਂ
ਵਿਚਾਰਾਂ ਨੂੰ ਨਾ ਬਦਲਨ ਦੀ
ਨਸੀਹਤ ਕਰਦਾ
ਮੁੜ ਇਸੇ ਰੂਪ ਵਿੱਚ ਵਾਪਸ ਪਰਤ ਆਉਣ ਲਈ ਆਖਦਾ ਹਾਂ
ਮੈਂ ਜਾਣਦਾ ਹਾਂ
ਵਿਚਾਰ ਜਦੋਂ ਪਰਤੇ
ਇਹ ਇੰਜ ਨਹੀਂ ਆਉਣੇ
ਜੇ ਪਰਤੇ ਵੀ
ਤਾਂ ਨਵੇਂ ਅਰਥਾਂ ਵਿਚ
ਨਵੇਂ ਸ਼ਬਦਾਂ ਦੇ ਜਾਮੇ ਵਿੱਚ
ਪਰਤਣਗੇ
ਸ਼ਾਇਦ ਮੇਰਾ ਅੰਦਰ ਇਹਨਾਂ ਨੂੰ ਸੌੜਾ ਜਾਪੇਗਾ
ਜਾਂ ਮੈਨੂੰ ਹੀ ਇਹਨਾਂ ਦੇ ਬੌਣੇ ਹੋਣ ਦਾ ਅਹਿਸਾਸ ਅੱਖਰੇਗਾ
ਮੈਂ ਸਿਰਫ ਸੋਚਦਾ ਹਾਂ
ਸੁਰਤੀ ਵਿੱਚ
ਬਿਰਤੀ ਵਿੱਚ।  

No comments:

Post a Comment