Wednesday, November 23, 2011

ਕਵਿਤਾ

ਕਵਿਤਾ
ਮੈਂ ਉਸ ਨੂੰ ਮਿਲ ਕੇ ਰੋਣਾ ਚਾਹੁੰਦਾ ਹਾਂ
ਸਿਰਫ਼ ਉਹੀ ਤਾਂ ਹੈ
ਜੋ ਮੈਨੂੰ ਜਾਣਦੀ ਹੈ
ਮੁੱਢੋਂ ਸੁਢੋਂ
ਬਾਕੀ ਸਾਰਿਆਂ ਨਾਲ ਤਾਂ ਮੇਰੀ ਸਾਂਝ ਓਪਰੀ ਹੈ
ਦੁਨਿਆਵੀ ਜਹੀ
ਮਤਲਬਾਂ ਨਾਲ ਬੱਝੀ ਹੋਈ
ਸਿਰਫ ਉਹੀ ਹੈ
ਜੋ ਮੇਰਾ ਰੋਣਾ ਸਮਝਦੀ ਹੈ
ਜੋ ਮੇਰਾ ਦੁਖ ਸੁਖ ਫੋਲਦੀ ਹੈ
ਮੇਰੇ ਅੰਦਰੋਂ ਮੈਨੂੰ ਟੋਲਦੀ ਹੈ
ਚੁਪ ਰਹਿ ਕੇ ਵੀ ਬੋਲਦੀ ਹੈ
ਲੰਮੀਆਂ ਬਾਤਾਂ ਪਾਉਣਾ ਦੀ ਜਾਚ ਹੈ ਜਿਸ ਨੂੰ
ਭੇਤ ਸਾਂਭਣ ਦਾ ਵਲ ਹੈ ਜਿਸ ਨੂੰ
ਜੋ ਮੇਰੇ ਦਿਲ ਦੇ ਖੀਸਿਆਂ ਤਕ ਪਹੁੰਚ ਜਾਂਦੀ ਹੈ
ਮੇਰੀ ਭਾਵੁਕਤਾ ਦਾ ਸਾਗਰ ਤਰ ਜਾਂਦੀ ਹੈ
ਤੇ ਮੈਨੂੰ ਵਰਜਦੀ ਹੈ
ਕਿ ਮੈਂ ਬਹੁਤ ਖਰਚੀਲਾ ਹੋ ਗਿਆ ਹਾਂ
ਅੱਗੇ ਜਿੰਨਾ ਸਿਆਣਾ ਨਹੀਂ
ਸਿਆਣਪ ਦਾ ਲਬਾਦਾ ਹੁਣ ਮੇਰੇ ਮੇਚੇ ਤੋਂ ਛੋਟਾ ਪੈ ਗਿਆ ਹੈ
ਮੇਰੀ ਕਵਿਤਾ
ਮੇਰੇ ਸਾਰੇ ਭੇਤਾਂ ਨੂੰ ਕੱਜ ਕੱਜ ਰੱਖਦੀ ਹੈ
ਸਿਰਫ਼ ਉਹੋ ਹੀ ਜਾਣਦੀ ਹੈ
ਮੇਰੀ ਮੁਖੋਟਿਆਂ ਵਿੱਚ ਰਹਿਣ ਦੀ ਮਜ਼ਬੂਰੀ
ਸਾਹ ਤਾਂ ਕਦੇ ਆਉਂਦੇ ਹਨ
ਕਦੇ ਜਾਂਦੇ ਹਨ
ਬੱਸ ਸਾਹ ਹੀ ਨਹੀਂ ਲੈਣ ਦਿੰਦੇ
ਮੈਂ ਆਪਣੀ ਕਵਿਤਾ ਸਾਹਵੇਂ ਸਿਆਣਪ ਦਾ ਦਿਖਾਵਾ ਨਹੀਂ ਕਰਦਾ
ਮੈਂ ਕਿਸੇ ਛੋਟੇ ਬੱਚੇ ਵਾਂਗ ਉਸ ਦਾ ਪੱਲਾ ਫੜਦਾ ਹਾਂ
ਉਸ ਨੂੰ ਗੋਦੀ ਚੁੱਕ ਲੈਣ ਲਈ ਆਖਦਾ ਹਾਂ
ਮੈਂ ਲਿਲਕੜੀ ਕੱਢਦਾ ਹਾਂ
ਕਿ ਇਹ ਸਫ਼ਰ ਹੁਣ ਮੇਰੇ ਇਕੱਲੇ ਦੇ ਵੱਸ ਦਾ ਨਹੀਂ
ਹਾਏ ਮੈਨੂੰ ਗੋਦੀ ਚੋਂ ਨਾ ਲਾਹ
ਮੈਂ ਵੀ ਤੇਰੇ ਨਾਲ ਜਾਣਾ ਹੈ
ਤੇਰੀਂ ਉਂਗਲ ਫੜ ਕੇ
ਜਿੱਥੇ ਚਾਹੇਂ ਲੈ ਜਾਹ
ਪਰ ਮੈਨੂੰ ਛੱਡ ਕੇ ਨਾ ਜਾਹ।

No comments:

Post a Comment