Thursday, December 29, 2011

ਮੈਂ

ਮੈਂ

ਗੁਰਦੀਪ
ਬੜੀਆਂ ਨਸੀਹਤਾਂ ਪਿਛੋਂ ਵੀ ਮੈਂ ਡਿਗਣਾ ਚਾਹਿਆ
ਠੋਹਕਰ ਆਦਮੀ ਦਾ ਸੱਭ ਵਧੀਆ ਸਬਕ ਹੁੰਦੀ ਹੈ
ਮੈਂ ਹਮੇਸ਼ਾ ਆਪਣੇ ਪੈਰੀਂ
ਆਪ ਤੁਰਨਾ ਚਾਹਿਆ
ਗੋਦੀ ਖੇਡ ਕੇ ਅਨੁਭਵ ਕਦੇ ਪ੍ਰਵਾਨ ਨਹੀਂ ਚੜ੍ਹਦੇ
ਮੈਂ ਕੰਡਿਆਂ ਦੀ ਪੀੜ
ਤਲੀਆਂ ਦੇ ਛਾਲੇ
ਰਾਹਾਂ ਦੀ ਰੇਤ ਦਾ ਸਵਾਦ
ਸ਼ਿਖਰ ਦੁਪਿਹਰਾਂ ਵਿੱਚ
ਕੜਕਦੀਆਂ ਧੁੱਪਾਂ ਵਿੱਚ
ਉਦੋਂ ਚੱਖਿਆ
ਜਦੋਂ ਮੈਂ ਹਜ਼ਾਰਾਂ
ਮ੍ਰਿਗ ਤ੍ਰਿਸ਼ਨਾਂ ਨੂੰ ਕਲਾਵੇ ਵਿੱਚ ਲੈਣ ਲਈ
ਦੌੜਿਆ
ਨਿੰਮੋਝੂਣੇ ਸ਼ਬਦਾਂ ਦੇ ਅਰਥ ਉਦੋਂ ਸਮਝੇ
ਜਦੋਂ ਮੈਂ ਇੱਕਲਾ
ਪਰਛਾਂਵੇਂ ਤੋਂ ਬਿਨਾਂ ਖੜਾ ਸਾਂ
ਸਮੇਂ ਦੇ ਨਕਸ਼ ਬਦਲਦੇ ਤੱਕੇ
ਘਟਨਾਵਾਂ ਨੂੰ ਇਤਿਹਾਸ ਬਣਦਿਆਂ ਤੱਕਿਆਂ
ਕੋੲ ਮੇਰੇ ਨਕਸ਼ ਘੜ ਰਿਹਾ ਸੀ
ਹਰ ਠੋਹਕਰ
ਮੇਰੇ ਪੱਥਰ ਜਹੇ ਜਿਸਮ ਉਪਰ
ਛੈਣੀ ਵਾਂਗ ਛੋਹ ਕੇ ਲੰਘੀ
ਕੋਈ ਮੈਨੂੰ ਤਰਾਸ਼ ਰਿਹਾ ਸੀ
ਤੇ ਮੈਂ ਆਪਣੇ ਅੰਦਰੋਂ ਮੈਂ ਲੱਭ ਰਿਹਾ ਸਾਂ
ਜਦੋਂ ਮਿਲੇ ਤਾਂ ਬਗ਼ਲਗੀਰ ਹੋਏ।
ਮੈਂ ਓਹੋ ਜਿਹਾ ਸਾਂ
ਜਿਹੋ ਜਿਹਾ ਮੈਂ ਚਾਹਿਆ ਸੀ।

No comments:

Post a Comment