Monday, December 29, 2014

ਬਾਪੂ ਜੀ



ਬਾਪੂ ਜੀ ਨੂੰ ਪਿੰਡ ਛੱਡ ਕੇ ਸ਼ਹਿਰ ਆਉਣਾ ਪੈ ਗਿਆ। ਇਹ ਉਨ੍ਹਾਂ ਦੀ ਮਜ਼ਬੂਰੀ ਸੀ। ਬੇਬੇ ਤੇ ਬਾਪੂ ਜੀ ਦਾ ਮੁੱਢ ਕਦੀਮ ਦਾ ਸਾਥ ਸੀ। ਬਿਰਧ ਅਵਸਥਾ ਨੂੰ ਪਹੁੰਚਣ ਤੋਂ ਪਹਿਲਾਂ ਹੀ ਬੇਬੇ ਜੀ ਅਧਵਾਟੇ ਹੀ ਛੱਡ ਗਏ। ਇਕ ਸੰਖੇਪ ਜਿਹੀ ਬੀਮਾਰੀ ਤੋਂ ਬਾਦ ਬੇਬੇ ਜੀ ਨੇ ਜ਼ਿੰਦਗੀ ਦਾ ਸਾਥ ਛੱਡ ਦਿਤਾ। ਬਾਪੂ ਜੀ ਨੇ ਆਪਣੇ ਹੱਥੀਂ ਬੇਬੇ ਦਾ ਸੰਸਕਾਰ ਕੀਤਾ ਤੇ ਪਾਠ ਦੇ ਭੋਗ ਤੋਂ ਬਾਦ ਆਪਣੇ ਧੀਆਂ ਪੁਤਰਾਂ ਨੂੰ ਬਹਾਇਆ ਤੇ ਕਹਿਣ ਲੱਗੇ-

ਪੁੱਤਰੋ ਬੇਬੇ ਤਾਂ ਜ਼ਿੰਦਗੀ ਤੋਂ ਹਾਰ ਗਈ ਤੇ ਰੱਬ ਨੂੰ ਪਿਆਰੀ ਹੋ ਗਈ। ਹੁਣ ਰਹਿ ਗਿਆ ਮੈਂ, ਜਦ ਤੱਕ ਨੈਣ ਪਰਾਣ ਚੱਲਦੇ ਹਨ ਮੈਂ ਕਿਸੇ ਉਪਰ ਭਾਰ ਨਹੀਂ ਬਣਦਾ, ਰਹੂੰਗਾ ਤਾਂ ਪਿੰਡ ਹੀ ਤੇ ਜ਼ਮੀਨ ਦੀ ਦੇਖ ਭਾਲ ਕਰੂੰਗਾ। ਆਖਰ ਪਿਉ ਦਾਦਿਆਂ ਦੀ ਭੋਂਇ ਹੈ। ਮੇਰੀ ਉਸ ਨੂੰ ਲੋੜ ਹੈ। ਬਾਕੀ ਜਦੋਂ ਆਪਣੇ ਹੱਥ ਵੱਸ ਕੁਝ ਨਾ ਰਿਹਾ, ਫੇਰ ਤੁਹਾਡੀ ਮਰਜ਼ੀ ਚੱਲੂਗੀ।”

ਪੁੱਤਰਾਂ ਨੇ ਪਹਿਲੀ ਵਾਰ ਬਾਪੂ ਜੀ ਦੀ ਅਵਾਜ਼ ਵਿੱਚ ਕੰਬਣੀ ਮਹਿਸੂਸ ਕੀਤੀ ਸੀ। ਉਨ੍ਹਾਂ ਨੇ ਹਮੇਸ਼ਾ ਬਾਪੂ ਦੀ ਅਵਾਜ਼ ਵਿੱਚ ਗੜ੍ਹਕ ਹੀ ਸੁਣੀ ਸੀ। ਹੋਵੇ ਵੀ ਕਿਉਂ ਨਾ, ਬਾਪੂ ਪਿੰਡ ਦੀ ਨਿਆਈਂ ਦੇ ਸਤਾਈ ਕਿੱਲਿਆਂ ਦਾ ਮਾਲਕ ਸੀ, ਉਸ ਦੀ ਜ਼ਮੀਨ ਸੋਨਾ ਉਗਲਦੀ ਸੀ ਤੇ ਇਸ ਗੱਲ ਦਾ ਉਸ ਨੂੰ ਆਪਣੀ ਜ਼ਮੀਨ ਉਪਰ ਮਾਣ ਸੀ। ਇਸੇ ਜ਼ਮੀਨ ਦੇ ਜੋਰ ਨਾਲ ਹੀ ਤਾਂ ਉਸ ਨੇ ਆਪਣੇ ਪੰਜ-ਧੀ ਪੁੱਤਰ ਸ਼ਹਿਰ ਵਿੱਚ ਪੜ੍ਹਾਏ, ਨੌਕਰੀਆਂ ਉਪਰ ਕੀਤੇ ਤੇ ਫਿਰ ਵਿਆਹੇ। ਅੱਜ ਉਸ ਦਾ ਪੋਟਾ ਪੋਟਾ ਸੁਖੀ ਸੀ। ਕਿਸੇ ਗੱਲ ਦੀ ਨਾ ਤੋਟ ਸੀ ਤੇ ਤਕਲੀਫ, ਹਾਲੇ ਵੀ ਸੀਰੀ ਨਾਲ ਮਿਲ ਕੇ ਬਾਪੂ ਜ਼ਮੀਨ ਨੂੰ ਸਾਂਭਦਾ ਆ ਰਿਹਾ ਸੀ। ਸੱਤਰਾਂ ਨੂੰ ਪਹੁੰਚ ਕੇ ਵੀ ਉਹ ਤਕੜਾ ਸੀ। ਉਸ ਦੇ ਹੱਡ ਕਰੜੇ ਸਨ ਤੇ ਉਸ ਨੇ ਕਦੇ ਔਖ ਨੂੰ ਔਖ ਨਹੀਂ ਸੀ ਸਮਝਿਆ।

ਕੰਮ ਨੂੰ ਉਹ ਕੰਮ ਕਰਕੇ ਜਾਣਦਾ ਸੀ। ਕੰਮ ਦੇ ਕੱਪੜੇ ਪਾ ਕੇ ਉਹ ਸੀਰੀ ਨੂੰ ਵੀ ਅੱਗੇ ਲਾ ਲੈਂਦਾ। ਟ੍ਰੈਕਟਰ ਨਾਲ ਦੋਹਰ ਲਾਉਂਦਾ ਤੇ ਫਿਰ ਕੰਮ ਤੋਂ ਵਿਹਲਾ ਹੋ ਕੇ ਕੱਪੜੇ ਬਦਲ ਕੇ ਉਹ ਸੱਥ ਵਿੱਚ ਜਾ ਪਹੁੰਚਦਾ ਜਿਥੇ ਪਹਿਲਾਂ ਹੀ ਉਸ ਦੇ ਮਿੱਤਰ ਉਸ ਦੀ ਉਡੀਕ ਕਰ ਰਹੇ ਹੁੰਦੇ। ਤਾਸ਼ ਦਾ ਉਹ ਸ਼ੁਕੀਨ ਨਹੀਂ ਸੀ ਤੇ ਕਦੇ ਕਿਸੇ ਨੇ ਉਸ ਨੂੰ ਤਾਸ਼ ਦੀ ਬਾਜ਼ੀ ਨਾਲ ਉਲਝਿਆ ਨਹੀਂ ਸੀ ਦੇਖਿਆ। ਅਖਬਾਰ ਪਿੰਡ ਵਿੱਚ ਸਿਰਫ ਉਸ ਕੋਲ ਹੀ ਆਉਂਦਾ ਸੀ ਤੇ ਬਾਪੂ ਅਖਬਾਰ ਕੱਛ ਵਿੱਚ ਮਾਰ ਕੇ ਸੱਥ ਦਾ ਜਦੋਂ ਹਿੱਸਾ ਬਣਦਾ ਤਾਂ ਸਾਰਿਆਂ ਦੇ ਮੂੰਹ ਉਪਰ ਰੌਣਕ ਆ ਜਾਂਦੀ। ਬਾਪੂ ਨੂੰ ਖਬਰਾਂ ਪੜ੍ਹਣ ਦਾ ਸ਼ੌਕ ਵੀ ਤੇ ਸੁਣਾਉਣ ਦਾ ਵੀ ਤੇ ਅਕਸਰ ਉਸ ਦੀਆਂ ਗੱਲਾਂ ਨਾਲ ਕਦੇ ਕੋਈ ਬਹਿਸ ਛਿੜ ਜਾਂਦੀ, ਜਿਸ ਵਿੱਚ ਪਿੰਡ ਦੇ ਵੱਖ ਵੱਖ ਰਾਜਸੀ ਪਾਰਟੀਆਂ ਨਾਲ ਸਬੰਧਤ ਲੋਕ ਇਕ ਦੂਜੇ ਨਾਲ ਉਲਝ ਜਾਂਦੇ ਪਰ ਬਾਪੂ ਨੇ ਕਹਿਣਾ, ਬਈ ਦੇਖੋ, ਇਹ ਸਿਰਫ ਖਬਰਾਂ ਹਨ ਮੇਰੇ ਤੁਹਾਡੇ ਵਾਸਤੇ, ਆਪਾਂ ਇਨ੍ਹਾਂ ਵਾਸਤੇ ਨਾ ਲੜਨਾ ਤੇ ਨਾ ਲੜਾਉਣਾ। ਇਹ ਅਖਬਾਰ ਅੱਜ ਦੀ ਹੈ, ਭੱਲਕੇ ਨਵੀਂ ਆ ਜਾਣੀ ਹੈ, ਖਬਰੇ ਕਲ੍ਹ ਕੀ ਖਬਰ ਆ ਜਾਵੇ, ਸੋ ਐਵੇਂ ਠੰਢੇ ਤੱਤੇ ਹੋਣ ਦੀ ਲੋੜ ਨਹੀਂ।’ ਫਿਰ ਉਸ ਨੇ ਅਖਬਾਰ ਵਲ੍ਹੇਟ ਕੇ ਕਹਿਣਾ, ਸਾਊ ਆਪਾਂ ਤਾਂ ਇੱਕੋ ਥਾਂ ਹੀ ਰਹਿਣਾ, ਇਥੇ ਹੀ ਜੀਣਾ ਤੇ ਮਰਨਾ। ਮਨ ਵਿੱਚ ਦਵੇਸ਼ ਨਹੀਂ ਰੱਖਣਾ।” ਏਨੀ ਕਹਿ ਕੇ ਬਾਪੂ ਨੇ ਪੈਰੀਂ ਜੁੱਤੀ ਪਾ ਲੈਣੀ ਤੇ ਫਿਰ ਕਿਸੇ ਰਾਹ ਜਾਂਦੇ ਨਿਆਣੇ ਨੂੰ ਗੱਲੀਂ ਲਾ ਕੇ ਆਪਣੇ ਘਰ ਆ ਜਾਣਾ।

ਅੱਗੇ ਬਾਪੂ ਨੂੰ ਬੇਬੇ ਨੇ ਉਡੀਕਦੇ ਹੋਣਾ। ਡੰਗਰ ਸਾਂਭਣ ਦਾ ਕੰਮ ਬੇਬੇ ਦਾ ਸੀ ਤੇ ਇਸ ਵਾਸਤੇ ਉਸ ਨੇ ਆਪਣੇ ਲਈ ਇਕ ਮਹਿਰੀ ਤੇ ਇਕ ਕਾਮਾ ਰੱਖਿਆ ਹੋਇਆ ਸੀ। ਦਸ ਡੰਗਰਾਂ ਦਾ ਦੁੱਧ ਚੋਣਾ ਤੇ ਫਿਰ ਉਸ ਨੂੰ ਰਿੜਕਣਾ, ਵਾਕਈ ਬੇਬੇ ਕੋਲ ਕਿੰਨਾ ਕੰਮ ਸੀ। ਕਈ ਵਾਰੀ ਆਖਣਾ, ਬੇਬੇ ਜੀ ਆਪਣਾ ਕੰਮ ਘਟਾ ਦਿਓ, ਇਹ ਡੰਗਰ ਵੱਛੇ ਵੇਚ ਛੱਡੋ, ਹੁਣ ਤੁਹਾਡੇ ਕੋਲੋਂ ਏਨਾ ਕੰਮ ਨਹੀਂ ਹੁੰਦਾ। ਬੇਬੇ ਨੇ ਜਵਾਬ ਦੇਣਾ, ਦੇਖ ਬਈ ਹੋਰ ਜੋ ਮਰਜ਼ੀ ਆਖੋ, ਇਹ ਡੰਗਰ ਵੱਛੇ ਸਾਰੇ ਮੇਰੇ ਹਨ ਤੇ ਮੈਂ ਇਹਨਾਂ ਤੋਂ ਵੱਖ ਨਹੀਂ ਜੇ ਹੋਣਾ। ਇਹ ਉਸ ਮੱਝ ਦੀ ਨਾਨੀ ਮੇਰੇ ਪੇਕਿਆਂ ਤੋਂ ਆਈ ਸੀ। ਬਾਪੂ ਨੇ ਜਦੋਂ ਸੰਗਲ ਫੜਾਇਆ ਤਾਂ ਕਿਹਾ ਸੀ, ਪੁੱਤਰ ਘਰ ਵਿੱਚ ਕਦੇ ਦੁੱਧ ਘਿਓ ਦੀ ਕਮੀ ਨਾ ਆਉਣ ਦੇਵੀਂ। ਬਾਕੀ ਮੱਝਾਂ ਸਾਰੀਆਂ ਉਸ ਦੀ ਹੀ ਅੰਸ਼ ਹਨ।’ ਬੇਬੇ ਨੂੰ ਆਪਣੇ ਡੰਗਰਾਂ ਨਾਲ ਓਨਾ ਹੀ ਮੋਹ ਸੀ ਜਿੰਨਾ ਉਸ ਦੇ ਆਪਣੇ ਪੇਕਿਆਂ ਨਾਲ। ਜਦ ਤੱਕ ਬੇਬੇ ਰਹੀ ਉਸ ਨੇ ਕਦੇ ਦੁੱਧ ਘਿਉ ਦੀ ਕਦੇ ਤੰਗੀ ਨਾ ਆਉਣ ਦਿਤੀ। ਆਂਢ ਗਵਾਂਢ ਬੇਬੇ ਜੀ ਦੀ ਲੱਸੀ ਵਰਤਦੀ ਰਹੀ ਸੀ। ਧੀਆਂ ਪੁੱਤਰਾਂ ਨੂੰ ਦੇਸੀ ਘਿਉ ਦੇ ਪੀਪੇ ਭਰ ਕੇ ਪੁਚਾਏ ਸਨ, ਬੇਬੇ ਨੇ। ਅੱਗਿਉਂ ਪੋਤੇ ਦੋਹਤੇ ਜਦੋਂ ਨੱਕ ਬੁੱਲ੍ਹ ਵੱਟਦੇ ਤਾਂ ਬੇਬੇ ਨੇ ਆਖਣਾ, ਪੁੱਤ ਖਾ ਲਵੋ, ਏਹੀ ਤੁਹਾਡੀ ਜਿੰਦ ਜਾਨ ਹੈ। ਪਰ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਨਵੀਂ ਪਨੀਰੀ ਸੀ, ਉਨ੍ਹਾਂ ਨੂੰ ਦੇਸੀ ਘਿਉਂ ਚੋਂ ਹਵਕ ਆਉਂਦੀ ਸੀ। ਦੇਸੀ ਘਿਉਂ ਦੇ ਨਾਂ ਉਪਰ ਹੀ ਉਹ ਹੋਰ ਤਰ੍ਹਾਂ ਦਾ ਮੂੰਹ ਬਣਾ ਲੈਂਦੇ।

ਬੇਬੇ ਜੀ ਦੇ ਭੋਗ ਤੋਂ ਪਹਿਲਾਂ ਹੀ ਬਾਪੂ ਜੀ ਨੇ ਮੱਝਾਂ ਦੇ ਸੰਗਲ ਖੋਲ੍ਹ ਕੇ ਸੀਰੀ ਨੂੰ ਫੜਾ ਦਿਤੇ, ਅਖੇ ਆਪੇ ਸਾਂਭੀ ਤੇ ਆਪੇ ਰੱਖੀਂ ਜਿੱਥੇ ਏਨੀ ਸੇਵਾ ਕੀਤੀ ਹੈ ਉਥੇ ਕੁਝ ਸਾਲ ਹੋਰ ਸਹੀ। ਪੱਠੇ ਦੱਥੇ ਦਾ ਵੀ ਬੰਦੋਬਸਤ ਕਰ ਦਿਤਾ। ਲੈ ਬਈ ਜਗੀਰ ਕੌਰੇ, ਤੇਰੀ ਇਹ ਕਬੀਲਦਾਰੀ ਵੀ ਨਜਿੱਠ ਦਿੱਤੀ।’ ਬਾਪੂ ਨੇ ਇਕ ਲੰਮਾ ਹੌਕਾ ਭਰਿਆ ਤੇ ਵਾਪਸ ਘਰ ਵਿੱਚ ਰੱਖੇ ਅਖੰਡ ਪਾਠ ਵਾਲੇ ਕਮਰੇ ਵਿੱਚ ਆ ਕੇ ਬੈਠ ਗਿਆ। ਉਸ ਦਿਨ ਤੋਂ ਬਾਦ ਕਿਸੇ ਨੇ ਮੱਝਾਂ ਦੀ ਵਾਪਸੀ ਨਹੀਂ ਮੰਗੀ। ਜਦ ਤੱਕ ਬਾਪੂ ਪਿੰਡ ਰਿਹਾ ਦੋਵੇਂ ਵੇਲੇ ਉਸ ਕੋਲ ਦੁੱਧ ਦਹੀਂ ਦੀ ਲਹਿਰ ਬਹਿਰ ਰਹੀ। ਪਿੰਡਾਂ ਦੇ ਲੋਕ ਅਹਿਸਾਨ ਨਹੀਂ ਭੁਲਾਉਂਦੇ ਤੇ ਗ਼ਰੀਬ ਤਾਂ ਖਾਸ ਕਰਕੇ ਉਹ ਸਦਾ ਕਿਸੇ ਦੀ ਕੀਤੀ ਨੂੰ ਯਾਦ ਰੱਖਦੇ ਹਨ, ਬਾਪੂ ਤਾਂ ਫਿਰ ਵੀ ਸੱਭ ਦਾ ਬਾਪੂ ਸੀ। ਹਰ ਇਕ ਦੇ ਦੁਖ ਸੁਖ ਵਿੱਚ ਬਹੁੜਨ ਵਾਲਾ। ਪਰ ਅੱਜ ਬਾਪੂ ਨੂੰ ਪਿੰਡ ਛੱਡਣਾ ਪੈ ਗਿਆ। ਉਸ ਨੇ ਬੜੇ ਭਰੇ ਦਿਲ ਨਾਲ ਆਪਣੇ ਘਰ ਦਾ ਦਰਵਾਜ਼ਾ ਬੰਦ ਕੀਤਾ। ਇਹ ਦਰਵਾਜ਼ਾ ਜੋ ਹਰ ਵੇਲੇ ਹਰ ਇਕ ਨੂੰ ਖੁਲ੍ਹਾ ਮਿਲਦਾ ਸੀ ਤੇ ਜਿਸ ਨਾਲ ਕੋਈ ਘੰਟੀ ਨਹੀਂ ਸੀ ਲੱਗੀ ਹੋਈ, ਸਿਰਫ ਆਉਣ ਵਾਲਾ ਅਵਾਜ਼ ਹੀ ਮਾਰਦਾ ਸੀ, ਬਾਪੂ ਜੀ ਘਰੇ ਹੀ ਹੋਂ? ਤੇ ਬਾਪੂ ਜੁੱਤੀ ਪਾਉਂਦਾ ਦਰਵਾਜ਼ੇ ਵੱਲ ਨੂੰ ਤੁਰ ਪੈਂਦਾ। ਆਉਂਦੇ ਆਉਂਦੇ ਨੇ ਆਖ ਦੇਣਾ, ਆਹੋ, ਲੰਘ ਆਓ।”

ਇਹ ਬਾਪੂ ਦਾ ਮਿਲਣਸਾਰ ਸੁਭਾਅ ਹੀ ਸੀ ਜੋ ਉਸ ਨੂੰ ਸਾਰਿਆਂ ਦਾ ਹਰਮਨ ਪਿਆਰਾ ਬਣਾਈ ਰੱਖਦਾ ਸੀ। ਪਿੰਡ ਦਾ ਕੋਈ ਕੰਮ ਹੋਵੇ, ਚੱਲ ਬਾਪੂ ਕੋਲ, ਕਿਸੇ ਨੇ ਆਉਣਾ ਹੋਵੇ ਤਾਂ ਬਾਪੂ ਤੇ ਕਿਸੇ ਨੇ ਜਾਣਾ ਹੋਵੇ ਤਾਂ ਬਾਪੂ, ਗੱਲ ਕੀ ਹਰ ਇਕ ਕੰਮ ਵਿੱਚ ਬਾਪੂ ਨੂੰ ਸ਼ਾਮਲ ਕਰਨਾ ਪਿੰਡ ਵਾਲਿਆਂ ਦਾ ਨੇਮ ਬਣਿਆ ਹੋਇਆ ਸੀ। ਏਨੀਆਂ ਤੰਦਾਂ ਨਾਲ ਬੱਝਣ ਵਾਲਾ ਬੰਦਾ ਭਲਾ ਸਾਰੇ ਮੋਹਜਾਲ ਚੋਂ ਨਿਕਲ ਕਿਵੇਂ ਸਕਦਾ? ਸੋ ਬਾਪੂ ਵਾਸਤੇ ਵੀ ਪਿੰਡ ਛੱਡਣਾ ਬਹੁਤ ਔਖਾ ਜਾਪ ਰਿਹਾ ਸੀ।

ਬਾਪੂ ਦੀ ਇਹ ਜ਼ਿੱਦ ਸੀ ਕਿ ਉਹ ਵੱਧਦੀ ਉਮਰ ਸਾਹਮਣੇ ਗੋਡੇ ਨਹੀਂ ਸਨ ਟੇਕਣਾ ਚਾਹੁੰਦਾ। ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਸ ਨੇ ਪੰਝਤਰ ਸਿਆਲ ਵੇਖ ਲਏ ਹਨ ਤੇ ਉਸ ਨੂੰ ਹੁਣ ਆਪਣੇ ਕੰਮ ਦੀ ਰਫਤਾਰ ਘਟਾਉਣ ਦੀ ਲੋੜ ਹੈ। ਕਣਕ ਨੂੰ ਪਾਣੀ ਲਾਉਂਦਿਆਂ ਇਕ ਸਿਆਲੂ ਰਾਤ ਬਾਪੂ ਨੂੰ ਠੰਢ ਲੱਗ ਗਈ। ਘਰ ਆਇਆ ਪਾਣੀ ਤੱਤਾ ਕੀਤਾ ਤਾਂ ਇਸ਼ਨਾਨ ਕਰ ਲਿਆ ਤੇ ਰਜਾਈ ਵਿੱਚ ਦੱਬ ਘੁਟ ਕੇ ਨਿੱਘਾ ਹੋ ਕੇ ਸੌਂ ਗਿਆ। ਪਰ ਸਰੀਰ ਵਿੱਚ ਉਹ ਪੁਰਾਣਾ ਦਮ ਨਹੀਂ ਸੀ ਪੋਹ ਮਾਘ ਦਾ ਠੱਕਾ ਝੱਲਣ ਜੋਗਾ। ਬਾਪੂ ਨੂੰ ਠੰਢ ਲੱਗ ਗਈ। ਪਹਿਲਾਂ ਬੁਖਾਰ ਹੋਇਆ ਜਿਸ ਨੂੰ ਉਸ ਨੇ ਅੱਗੇ ਕਦੇ ਨਹੀਂ ਸੀ ਗੌਲਿਆ ਸੋ ਇਸ ਵਾਰੀ ਵੀ ਉਸ ਨੇ ਚੱਲ ਹੋਊ ਆਖ ਦਿਤਾ। ਦੋ ਤਿੰਨ ਦਿਨ ਵਿੱਚ ਬਾਖਾਰ ਵਿਗੜ ਗਿਆ ਤੇ ਨਾਲ ਹੀ ਛਾਤੀ ਜੰਮ ਗਈ। ਖੰਘ, ਬੁਖਾਰ ਨਾਲ ਬੁਰਾ ਹਾਲ ਤੇ ਸਾਹ ਨਾ ਨਿਕਲੇ, ਅਜਿਹੀ ਹਾਲਤ ਦੇਖ ਕੇ ਗਵਾਂਢੀਆਂ ਨੇ ਅਮਰੀਕ ਸਿੰਘ ਨੂੰ ਫੋਨ ਕਰ ਦਿਤਾ, ਕਿ ਤੁਹਾਡੇ ਬਾਪੂ ਜੀ ਢਿੱਲੇ ਨੇ ਤੇ ਸਿਆਲ ਦਾ ਮੌਸਮ ਹੈ ਜੇ ਸਾਂਭ ਸਕਦੇ ਹੋ ਤਾਂ ਪਿੰਡ ਆ ਜਾਓ।

ਛੇ ਘੰਟਿਆਂ ਦਾ ਸਫਰ ਸੀ, ਅਮਰੀਕ ਸਿੰਘ ਗੱਡੀ ਲੈ ਕੇ ਪਿੰਡ ਪਹੁੰਚ ਗਿਆ। ਬਾਪੂ ਦੀ ਹਾਲਤ ਵਾਕਈ ਢਿੱਲੀ ਸੀ ਤੇ ਇਸ ਹਾਲ ਵਿੱਚ ਉਸ ਨੂੰ ਸੇਵਾ ਦੀ ਸਖਤ ਲੋੜ ਸੀ। ਅਮਰੀਕ ਸਿੰਘ ਸ਼ਹਿਰ ਵਿੱਚ ਐਸ ਡੀ ਓ ਸੀ। ਉਸ ਕੋਲ ਆਪਣੀ ਹਵਾਈ ਜਹਾਜ ਜਿੱਡੀ ਕੋਠੀ ਸੀ ਤੇ ਕਿਸੇ ਕਿਸਮ ਦੀ ਕੋਈ ਘਾਟ ਨਹੀਂ। ਬਾਪੂ ਆਖੇ ਨਹੀਂ, ਐਵੇਂ ਪਾਲਾ ਜਿਹਾ ਹੈ, ਪਰ ਅਮਰੀਕ ਨੇ ਬਾਕੀ ਭੈਣ ਭਰਾਵਾਂ ਨਾਲ ਸਲਾਹ ਕਰਕੇ ਬਾਪੂ ਜੀ ਨੂੰ ਸ਼ਹਿਰ ਲੈ ਜਾਣ ਦਾ ਫੈਸਲਾ ਕਰ ਲਿਆ। ਬਾਪੂ ਜੀ ਨੂੰ ਇਲਾਜ ਤੇ ਅਰਾਮ ਦੀ ਬਹੁਤ ਲੋੜ ਸੀ ਜੋ ਪਿੰਡ ਵਿੱਚ ਮਿਲਣਾ ਮੁਸ਼ਕਲ ਸੀ।

ਨਹੀਂ ਬਾਪੂ ਜੀ, ਅਸੀਂ ਹੁਣ ਤੁਹਾਨੂੰ ਇੱਥੇ ਇੱਕਲੇ ਨਹੀਂ ਰਹਿਣ ਦੇਣਾ, ਹੁਣ ਤੁਹਾਨੂੰ ਸਾਡੇ ਕੋਲ ਜਾਣਾ ਹੀ ਪਵੇਗਾ।” ਅਮਰੀਕ ਨੇ ਬਾਪੂ ਜੀ ਦਾ ਸਾਮਾਨ ਇੱਕਠਾ ਕਰਨਾ ਸ਼ੁਰੂ ਕਰ ਦਿਤਾ। ਹੁਣ ਭਲਾ ਬਾਪੂ ਜੀ ਨੂੰ ਇਥੇ ਕਿਉਂ ਛੱਡਿਆ ਜਾਵੇ।

ਪੁੱਤ ਆਪਣੀ ਫਸਲ, ਖੇਤ, ਕਣਕ ਨੂੰ ਖਾਦ ਪਾਉਣੀ ਹੈ, ਸਪਰੇਅ ਵੀ ਕਰਨੀ ਹੈ, ਏਦਾਂ ਕਿਵੇਂ ਚਲਾ ਜਾਵਾਂ ਮੈਂ ਤੇਰੇ ਨਾਲ। ਨਾਲੇ ਜੇ ਚਲਾ ਗਿਆ ਤਾਂ ਪਿਛੇ ਕੀ ਬਣੂੰ? ਬਾਪੂ ਜੀ ਆਪਣੀ ਥਾਂ ਠੀਕ ਸਨ।


ਅਮਰੀਕ ਨੇ ਇਕ ਨਾ ਸੁਣੀ ਤੇ ਹੁਣ ਉਹ ਬਾਪੂ ਜੀ ਨੂੰ ਲੈ ਕੇ ਉਨ੍ਹਾਂ ਦੀ ਕਾਰ ਸ਼ਹਿਰ ਵੱਲ ਜਾ ਰਹੀ ਸੀ। ਪਿੰਡ ਪਿਛੇ ਰਹਿ ਗਿਆ ਸੀ। ਬਾਪੂ ਜੀ ਭੋਰਾ ਫਿਕਰ ਨਾ ਕਰੋ, ਅੱਗੇ ਉਥੇ ਹੁਣ ਸਾਨੂੰ ਜ਼ਿਆਦਾ ਲੋੜ ਹੈ। ਤੁਹਾਡੇ ਪੋਤੇ ਪੋਤੀਆਂ ਨੂੰ ਤੁਹਾਡੀ ਲੋੜ ਹੈ। ਤੁਸੀਂ ਸ਼ਹਿਰ ਵਿੱਚ ਜਾ ਕੇ ਕੋਠੀ ਸੰਭਾਲੋ।” ਅਮਰੀਕ ਨੇ ਕਿਹਾ। ਉਸ ਦਾ ਡਰਾਈਵਰ ਸਿੱਧ-ਪੱਧਰੀ ਸੜਕ ਉਪਰ ਕਾਰ ਭਜਾਈ ਲਈ ਜਾ ਰਿਹਾ ਸੀ। ਕਾਰ ਵਿੱਚ ਅਜੀਬ ਨਿੱਘ ਸੀ ਤੇ ਸਕੂਨ ਸੀ। ਬਾਪੂ ਜੀ ਕਾਰ ਦੀ ਸੀਟ ਉਪਰ ਪਏ ਕੰਬਲ ਦੇ ਨਿੱਘ ਵਿੱਚ ਇੰਜ ਸੁੱਤੇ ਪਏ ਸਨ ਜਿਵੇਂ ਕੋਈ ਛੋਟਾ ਜਿਹਾ ਬਾਲ ਰਜਾਈ ਦਾ ਨਿੱਘ ਮਾਣ ਰਿਹਾ ਹੋਵੇ।

2 comments:

  1. ਭਮਰਾ ਸਾਹਿਬ, "ਬਾਪੁ ਜੀ" ਪੜ੍ਹ ਲਏ ਨੇ. ਕਰਨ ਯੋਗ ਗੱਲਾਂ ਕਈ ਹਨ, ਜੋ ਇਥ੍ਹੇ ਨਹੀਂ ਹੋ ਸਕਦੀਆਂ. ਕਦੇ ਮਿਲੋ.

    ReplyDelete
  2. @Gurdip singh ਗੁਰੂਦੇਵ ਜੀ,ਬਾਪੂ ਜੀ ,ਪੜਿਆ ਬਹੁਤ ਚੰਗਾ ਲਿਖਿਆ ਅਤੇ ਪਸੰਦ ਆਇਆ .ਆਪ ਜੀ ਕਮਾਲ ਦੇ ਪੰਜਾਬੀ ਲਿਖਾਰੀ ਹੈਵੋ ਜੀ .ਮਨੂ ਆਪ ਜੀ ਤੇ ਬਹੁਤ ਮਾਨ ਹੈ...ਹੁਣ ਤੇ ਅਪਾ ਦੀ ਸੇਹਤ ਵੀ ਬਾਪੂ ਜੀ ਵਰਗੇ ਹੈ .ਕੁਛ ਦਿਨ ਆਰਾਮ ਦੀ ਜ਼ਰੂਰਤ ਹੈ.

    ReplyDelete