ਇਹ ਸੜਕ
ਜੋ ਹੁਣ ਮੇਰੀ ਨਹੀਂ
ਜਿਸ ਤੋਂ ਲੰਘਣ ਲਈ
ਮੈਨੂੰ ਟੋਲ ਤਾਰਨਾ ਪੈਂਦਾ ਹੈ
ਇਹ ਸੜਕ
ਮੈਂ ਬਣਾਈ
ਪੱਥਰਾਂ ਨਾਲ ਆਹਢਾ ਲਾ ਕੇ
ਜ਼ਮੀਨ ਦੇ ਟੋਟੇ ਸਿੱਧੇ ਪੱਧਰੇ ਕਰਕੇ
ਰਸਤੇ ਵਿੱਚ ਪੈਂਦੇ
ਦਰਿਆਵਾਂ ਉਪਰ ਪੁਲ ਮੈਂ ਬਣਾਏ
ਪਹਾੜਾਂ ਨੂੰ ਖੋਰ ਕੇ ਆਉਂਦੇ
ਪੱਥਰਾਂ ਚੋਂ ਖੋਰੂ ਪਾਉਂਦੇ
ਪਾਣੀ
ਮੈਂ ਹਿੱਕ ਡਾਹ ਕੇ ਰੋਕੇ
ਤੇ ਉਹਨਾਂ ਨੂੰ ਆਪਣੇ ਕਦਮਾਂ ਵਿੱਚ ਰੱਖਿਆ
ਇਕ ਇਕ ਕਰਕੇ ਪੱਥਰ ਧਰ ਕੇ
ਮੈਂ ਉਸ ਦਰਿਆ ਦਾ ਰਾਹ ਬਣਾ ਕੇ
ਸਿੱਧੇ ਰਾਹ
ਵਗਣਾ ਸਿਖਾਇਆ
ਲੋਹੇ ਦੇ ਇਸ ਸ਼ਤੀਰ ਨਾਲ
ਮੈਂ ਜਾਨ ਹੂਲ ਕੇ ਝੂਟਿਆ
ਤਾਂ ਕਿ ਦੂਜੇ ਸਿਰੇ ਪਹੁੰਚ ਸਕਾਂ
ਮੈਂ ਹੀ ਸਾਂ ਜਿਸ ਨੇ ਪਹਿਲੀ ਵਾਰ
ਆਪਣੀਆਂ ਲੱਤਾਂ ਨੂੰ ਪੁਲ ਦੇ ਦੋਹਾਂ ਸਿਰਿਆਂ ਤੇ ਰੱਖ
ਲੋਹੇ ਦੇ ਗਾਡਰ ਵਿਛਾਏ
ਮੈਂ ਹੀ ਸਾਂ
ਇਹ ਸੱਭ ਕੁਝ ਕਰਨ ਵਾਲਾ
ਇਸ ਸੱਭ ਦਾ ਸਿਰਜਨਹਾਰ
ਮੈਂ ਮਜ਼ਦੂਰ
ਮੈਂ ਕਾਮਾ
ਮੈਂ ਕਿਰਤੀ
ਪਰ ਹੁਣ ਇਹ ਪੁਲ ਮੇਰਾ ਨਹੀਂ
ਮੈਨੂੰ ਲੰਘਣ ਲਈ ਟੈਕਸ ਦੇਣਾ ਪੈਂਦਾ ਹੈ
ਤੂੰ ਜੋ ਮੈਨੂੰ ਦਿਤਾ ਉਹ ਮੇਰੇ ਸਮੇਂ ਦਾ ਮੁੱਲ ਸੀ
ਮੇਰੀ ਮਿਹਨਤ ਦਾ ਮੁੱਲ ਸੀ
ਪਰ ਜਾਨ ਤਲੀ ਤੇ ਰੱਖ ਕੇ ਕੰਮ ਕਰਨ ਦਾ ਇਨਾਮ ਨਹੀਂ ਸੀ
ਇਹ ਮੇਰਾ ਹੱਕ ਸੀ
ਤੇ ਇਸ ਹੱਕ ਵਿੱਚ ਇਹ ਸੜਕ ਵੀ ਸ਼ਾਮਲ ਸੀ
ਜਿਸ ਨੇ ਮੇਰੇ ਲਈ ਰਾਹ ਬਣਨਾ ਸੀ
ਤੇਰੇ ਸ਼ਹਿਰ ਤੱਕ ਪਹੁੰਚਣ ਦਾ
ਕਾਫਲਿਆਂ ਦੇ ਤੁਰਨ ਦਾ
ਪਰ ਹੁਣ ਤਾਂ ਮੈਨੂੰ ਇਸ ਸੱਭ ਦਾ ਵੀ ਟੋਲ ਦੇਣਾ ਪੈਂਦਾ ਹੈ
ਇਹ ਸੜਕ ਜੋ ਹੁਣ ਮੇਰੀ ਨਹੀਂ
ਤੇਰੀ ਹੈ
ਇਹ ਪੁਲ ਜੋ ਹੁਣ ਮੇਰਾ ਨਹੀਂ
ਤੇਰਾ ਹੈ
ਤੂੰ ਆਖਦਾ ਹੈ
ਕਿ ਮੈਂ ਬੋਲ ਨਹੀਂ ਸਕਦਾ
ਕਿਉਂ ਕਿ ਇਹ ਕਨੂੰਨ ਵਿੱਚ ਲਿਖਿਆ ਹੈ
ਸੜਕ ਤੇਰੀ ਹੈ
ਇਹ ਵੀ ਕਨੂੰਨ ਵਿੱਚ ਲਿਖਿਆ ਹੈ
ਕਿਹੋ ਜਿਹਾ ਕਨੂੰਨ ਹੈ ਜੋ ਤੈਨੂੰ ਸਾਰੇ ਹੱਕ ਦਿੰਦਾ ਹੈ
ਪਰ ਮੈਨੂੰ ਇਕ ਵੀ ਨਹੀਂ
ਹੁਣ ਸੜਕ ਤੇਰੀ ਹੈ
ਮੇਰੀ ਨਹੀਂ
ਰਾਹ ਵੀ ਤੇਰਾ ਹੈ
ਮੇਰਾ ਨਹੀਂ
ਮੈਂ ਸਿਰਫ਼ ਉਸੇ ਰਾਹ ਤੇ ਤੁਰ ਸਕਦਾ ਹਾਂ
ਜੋ ਤੇਰਾ ਹੈ
ਉਸ ਤਰ੍ਹਾਂ ਹੀ ਸੋਚ ਸਕਦਾ ਹਾਂ
ਜਿਵੇਂ ਤੂੰ ਆਖੇ
ਹਵਾ ਵੀ ਤੇਰੀ ਹੈ
ਪਾਣੀ ਵੀ,
ਸੂਰਜ ਵੀ
ਧੁੱਪ ਵੀ
ਰੁੱਖ ਵੀ
ਤੇ ਛਾਂ ਵੀ
ਪੰਛੀਆਂ ਨੂੰ ਵੀ ਤਾਕੀਦ ਹੈ
ਉਹ ਤੇਰੇ ਲਈ ਗਾਉਣ
ਤੇਰੇ ਲਈ ਚੂਕਣ
ਜਦੋਂ ਤੂੰ ਆਖੇ ਤਾਂ ਜਾਗਣ
ਜਦੋਂ ਤੂੰ ਆਖੇ ਤਾਂ ਸੌਣ
ਜਿੱਥੇ ਤੂੰ ਚਾਹਵੇਂ
ਉਹ ਚੁਗਣ
ਜਿਥੇ ਤੂੰ ਚਾਹੇ ਉਹ ਭੌਣ
ਇਹ ਤੇਰੀ ਕਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ।
ਪਤਾ ਨਹੀਂ ਇਹ ਕਿਹੋ ਜਿਹੀ ਕਿਤਾਬ ਹੈ
ਜਿਸ ਦੀ ਹਰ ਇਬਾਰਤ
ਤੇਰੇ ਵਾਸਤੇ ਹੀ ਲਿਖੀ ਜਾਂਦੀ ਹੈ
ਪਲਟੀ ਜਾਂਦੀ ਹੈ
ਮੇਰੇ ਲਈ ਤਾਂ ਇਹ ਕੱਲ੍ਹ ਵੀ ਸ਼ਿਕੰਜਾ ਸੀ
ਅੱਜ ਵੀ
ਇਸ ਕਿਤਾਬ ਨੇ ਨਾ ਕਲ੍ਹ ਰੋਟੀ ਦਿਤੀ ਸੀ ਮੈਨੂੰ
ਨਾ ਅੱਜ
ਮੇਰੇ ਬਾਪ ਦੇ ਤੇੜ ਤੇ ਵੀ ਪਾਟੀ ਚਾਦਰ ਸੀ
ਤੇ ਮੇਰੇ ਤੇੜ ਵੀ ਉਹੀ ਪਾਟੀ ਚਾਦਰ
ਪਹਿਲਾਂ ਬਾਪ ਨੇ ਹੰਢਾਈ
ਫਿਰ ਮੈਂ
ਤੇ ਮੇਰੇ ਬੱਚੇ ਆਖਦੇ ਹਨ
ਕਿ ਇਹ ਸਾਡੇ ਲਈ ਸਾਂਭ ਕੇ ਰੱਖੀ
ਪਰ ਮੈਂ ਸੋਚਦਾ ਹਾਂ
ਮੈਂ ਸੋਚਦਾ ਹਾਂ
ਮੈਂ ਬੋਲਾਂ
ਤੂੰ ਸੁਣੇਂ
ਤੇ ਸਮਝੇਂ ਕਿ
ਪਰ ਯਾਦ ਰੱਖ
ਕਦ ਤੱਕ
ਕੱਦ ਤੱਕ ਇਹ ਕਿਤਾਬ ਜੋ ਸਿਰਫ਼
ਕੁਝ ਅੱਖਰਾਂ ਦਾ ਸਿਰਨਾਵਾਂ ਹੈ
ਇਸ ਨਾਲ ਸੜਕਾਂ
ਰਸਤੇ
ਸੋਚ
ਜੰਗਲ
ਘਰ
ਘਾਹ
ਪਿੰਡ
ਸ਼ਹਿਰ
ਸਾਂਭੇਗਾ
ਤੂੰ ਨਹੀਂ ਜਾਣਦਾ
ਕਿ ਅਸੀਂ
ਜੋ ਸੜਕਾਂ ਬਣਾਉਣਾ ਜਾਣਦੇ ਹਾਂ
ਦਰਿਆਵਾਂ ਨੂੰ ਰਾਹੇ ਪਾਉਣਾ ਵੀ ਆਉਂਦਾ ਹੈ ਸਾਨੂੰ
ਬੜੀ ਸਮਰਥਾ ਹੈ ਸਾਡੇ ਵਿੱਚ
ਸਾਡੀਆਂ ਬਾਹਾਂ ਵਿੱਚ ਮਚਲਦੀਆਂ ਮੱਛੀਆਂ ਵਿੱਚ
ਉਹ ਸਮੁੰਦਰ ਤਰਨਾ ਵੀ ਜਾਣਦੀਆਂ ਹਨ
ਤੇ ਹਵਾ ਵਿੱਚ ਉਡਣਾ ਵੀ
ਅਸੀਂ ਜਾਣਦੇ ਹਾਂ
ਤੇ ਜਦੋਂ ਅਸੀਂ ਜਾਣ ਲੈਂਦੇ ਹਾਂ
ਹਵਾ ਵਿੱਚ ਉਡਦੀਆਂ ਫਿਰਦੀਆਂ ਖਬਰਾਂ
ਖਬਰਾਂ ਦੀਆਂ ਡਾਰਾਂ
ਫਿਰ ਉਸ ਕਿਤਾਬ ਦੇ ਅੱਖਰ ਬੋਲਣੋਂ ਰੁਕ ਜਾਂਦੇ ਹਨ
ਉਹ ਬਿਖਰ ਜਾਂਦੇ ਹਨ ਅੱਖਰ ਅੱਖਰ
ਸ਼ਬਦ ਸ਼ਬਦ
ਤੁਸੀਂ ਜਿਸ ਸਿੰਘਾਸਣ ਤੇ ਬਹਿ ਕੇ
ਆਪਣੇ ਰਾਜੇ ਹੋਣ ਦਾ ਮਾਣ ਕਰਦੇ ਹੋ
ਇਸ ਦੇ ਤਾਂ ਪੈਰ ਵੀ ਆਪਣੇ ਨਹੀਂ
ਨਾ ਹੱਥ ਨਾ ਹਥਿਆਰ
ਅਸੀਂ ਸਿੰਘਾਸਣ ਘੜਨਾ ਵੀ ਜਾਣਦੇ ਹਾਂ
ਤੇ ਸਿੰਘਾਸਣ ਚੜ੍ਹਨਾ ਵੀ
ਅਸੀਂ ਜਾਣਦੇ ਹਾਂ
ਸਮੇਂ ਨੂੰ ਬਦਲਣਾ
ਤਾਜ ਦੇ ਨਾਲ ਹੀ ਰਾਜ ਦੇ ਅਰਥ ਬਦਲਣਾ
ਅਸੀਂ ਜਾਣਦੇ ਹਾਂ
ਨਕਸ਼ ਬਦਲਣਾ
ਤੇ
ਨਕਸ਼ੇ ਬਦਲਣੇ
ਰਾਹ ਬਣਾਉਣੇ
ਤੇ ਰਾਹ ਪਾਉਣਾਵੀ
ਅਸੀਂ ਜਾਣਦੇ ਹਾਂ
ਸ਼ਬਦ ਘੜਨਾ ਵੀ ਤੇ
ਉਹਨਾਂ ਵਿਚ ਅਰਥ ਜੜਨਾ ਵੀ
ਅਜਿਹੇ ਸ਼ਬਦ ਜਿਹਨਾਂ ਦਾ ਇਕ ਹੀ ਅਰਥ ਨਿਕਲਦਾ ਹੈ
ਜਿਹਨਾਂ ਨੂੰ ਸਮਝਾਉਣ ਤੇ ਸਮਝਣ ਲਈ
ਕਿਸੇ ਮੁਨਸਫ ਦੀ ਲੋੜ ਨਹੀਂ ਰਹਿੰਦੀ
ਪਰ ਅਸੀਂ ਉਦੋਂ ਤੱਕ ਇਹ ਸੱਭ ਨਹੀਂ ਜਾਣਦੇ
ਜਦੋਂ ਤੱਕ ਤੂੰ ਜਾਣਦਾ ਹੈ
ਕਿ ਅਸੀਂ ਵੀ ਸੱਭ ਕੁਝ ਜਾਣ ਸਕਦੇ ਹਾਂ
ਤੇਰੀ ਲੰਮੀ ਉਮਰ ਦਾ ਰਾਜ
ਸਾਡੀ ਅਗਿਆਨਤਾ ਹੀ ਤਾਂ ਹੈ।
No comments:
Post a Comment