ਸੋਚਿਆ ਸੀ ਮੈਂ ਕੁਝ ਨਹੀਂ ਕਹਾਂਗਾ। ਕੋਈ ਉਂਗਲ ਨਹੀਂ ਧਰਾਗਾ,
ਪਰ ਕੁਝ ਗੱਲਾਂ
ਸੋਚਣ ਉਤੇ ਵੀ ਮਜ਼ਬੂਰ ਕਰਦੀਆਂ ਹਨ ਤੇ ਉਂਗਲ ਧਰਨ ਤੇ ਚੁੱਕਣ ਉਪਰ ਵੀ ਮਜ਼ਬੂਰ ਕਰਦੀਆਂ ਹਨ। ਅੱਜ ਜਿਸ ਗੱਲ ਨਾਲ ਆਪਣੀ ਗੱਲ
ਸ਼ੁਰੂ ਕਰਨ ਲੱਗਿਆ ਹਾਂ, ਉਹ ਹੈ ਨਗਰ ਕੀਰਤਨ ਤੇ ਪ੍ਰਭਾਤ
ਫੇਰੀਆਂ ਦਾ ਚਲਨ। ਗੱਲ
ਨਗਰ ਕੀਰਤਨ ਤੋਂ ਹੀ ਸ਼ੁਰੂ ਕਰਦੇ ਹਾਂ।
ਨਗਰ ਕੀਰਤਨ ਕਿਉਂ ਕੱਢੇ ਜਾਂਦੇ ਹਨ? ਕੀ ਇਨਹਾਂ ਦਾ ਮਸਕਦ ਸਿਰਫ ਭੀੜ ਇੱਕਠੀ ਕਰਕੇ ਟਰੈਕਟਰਾਂ ਟਰਾਲੀਆਂ ਤੇ ਕਾਰਾਂ
ਵਿੱਚ ਲੱਦ ਕੇ ਸ਼ਹਿਰ ਦੀਆਂ ਸੜਕਾਂ ਉਪਰ ਚੱਲ ਰਹੀ ਆਵਾਜਾਈ ਵਿੱਚ ਵਿਘਨ ਪਾਉਣਾ ਹੈ? ਜਰਾ ਸੋਚੋ ਕਈ ਕਈ ਘੰਟੇ ਲੋਕ ਖੁਆਰ ਹੁੰਦੇ ਹਨ। ਆਵਾਜਾਈ ਦਾ ਸਾਰਾ ਸਿਲਸਿਲਾ
ਵਿਗੜ ਜਾਂਦਾ ਹੈ। ਇਸ ਤੋਂ
ਵੀ ਵੱਧ ਰੌਲਾ ਰੱਪਾ ਜਿਹੜਾ ਸਪੀਕਰਾਂ ਉਪਰ ਲੱਗੀਆਂ ਕੈਸਟਾਂ ਤੇ ਚਲ ਰਹੇ ਸ਼ਬਦਾਂ ਨਾਲ ਸਾਰਾ ਮਾਹੋਲ
ਗੰਧਲਾ ਹੋ ਜਾਂਦਾ ਹੈ। ਨਾ ਕੋਈ
ਸੁਣ ਰਿਹਾ ਹੁੰਦਾ ਹੈ ਤੇ ਨਾ ਕੋਈ ਮਾਣ ਰਹਿਾ ਹੁੰਦਾ ਹੈ। ਕੀ ਸਾਡੇ ਗੁਰੂ ਸਾਹਿਬਾਨ ਨੇ ਬਾਣੀ ਇਸ
ਵਾਸਤੇ ਲਿਖੀ ਸੀ ਕਿ ਤੁਸੀਂ ਇਸ ਤਰ੍ਹਾ ਲੋਕਾਂ ਦੇ ਕੰਨਾਂ ਦੇ ਪਰਦੇ ਪਾੜ ਦਿਓ? ਥਾਂ ਥਾਂ ਖਾਣ ਪੀਣ ਦੇ ਸਮਾਨ ਦੇ ਲੰਗਰ ਤੇ ਸਟਾਲ ਸਮਾਨ ਖੁਆ ਘੱਟ ਪਰ ਸੜਕਾਂ
ਉਪਰ ਡੋਲ੍ਹ ਰਹੇ ਹੁੰਦੇ ਹਨ। ਦਸਵੇਂ ਪਾਤਸ਼ਾਹ ਦੇ ਪੁਰਬ ਦੇ ਸਬੰਧ ਵਿੱਚ ਲੁਧਿਆਣੇ ਵਿਖੇ ਪਿਛਲੇ ਸਾਲ ਕੱਢੇ
ਗਏ ਇਕ ਨਗਰ ਕੀਰਤਨ ਵਿੱਚ ਮੈਂ ਦੇਖਿਆ ਕਿ ਸੰਗਤਾਂ ਵਾਹੁ ਵਾਹੁ ਘੱਟ ਖਾਹੁ ਖਾਹੁ ਜਿਆਦਾ ਕਰ ਰਹੀਆਂ
ਹਨ। ਕਿਤੇ ਠੰਢਾ ਕਿਤੇ ਗਰਮ; ਗਰਮ ਪੂੜੀਆਂ ਉਪਰੋਂ ਠੰਢਾ ਸ਼ਰਬਤ ਫਿਰ ਗਰਮ ਚਾਹ, ਫਿਰ ਗਰਮ ਖੀਰ, ਫਿਰ ਆੲਸਿ ਕਰੀਮ ਤੇ ਹੋਰ ਪਤਾ
ਨਹੀਂ ਕੀ ਕੀ... ਪਤਾ ਨਹੀਂ ਸੰਗਤਾਂ ਦੇ ਢਿੱਡ ਕਿਵੇਂ ਜਰਦੇ ਹੋਣਗੇ ੲੇਨਾਂ ਅਨਿਆਂ, ਸਾਰੇ ਚੌੜੇ ਬਜ਼ਾਰ ਵਿੱਚ ਪੱਤਲਾਂ ਡੂਨਿਆਂ ਤੇ ਹੋਰ ਸਮਾਨ ਦੇ ਕਚਰੇ ਦਾ ਢੇਰ
ਲਾ ਦਿਤਾ। ਨਗਰ ਕੀਰਤਨ ਨਾ ਹੋਇਆ ਸ਼ਹਿਰ
ਵਿੱਚ ਕਚਰਾ ਖਿਲਾਰਨ ਦਾ ਪਰਵ ਹੋ ਗਿਆ। ਖੈਰ ਵਾਪਸ ਨਗਰ ਕੀਰਤਨ ਵੱਲ ਆਉਂਦੇ ਹਾਂ।
ਨਗਰ ਕੀਰਤਨ ਕਿਉਂ ਕੱਢੇ ਜਾਂਦੇ ਹਨ ? ਇਸ ਬਾਰੇ ਇਕ ਸਮਝ ਬਣਾਉਣੀ ਜ਼ਰੂਰੀ
ਹੈ। ਕਿਸੇ ਵੇਲੇ ਫਿਰੋਜ਼ਪੁਰ ਸ਼ਹਿਰ
ਵਿੱਚ ਇਹ ਨਗਰ ਕੀਰਤਨ ਕੁਝ ਟਰਾਲੀਆਂ ਦੀ ਸ਼ਕਲ ਵਿੱਚ ਹੁੰਦਾ ਸੀ ਤੇ ਹਰ ਟਰਾਲੀ ਉਪਰ ਸੱਦੇ ਗਏ ਰਾਗੀਆਂ
ਢਾਡੀਆਂ ਦਾ ਇਕ ਇਕ ਜੱਥਾ ਹੁੰਦਾ ਸੀ ਜੋ ਆਪਣੇ ਪੂਰੇ ਜਾਹੋ ਜਲਾਲ ਵਿੱਚ ਆਪਣਾ ਪਰੋਗਰਾਮ ਪੇਸ਼ ਕਰਦਾ
ਸੀ। ਢਾਂਡੀ ਕਵੀਸ਼ਰ ਹਰ ਚੌਂਕ ਵਿੱਚ
ਜਲੂਸ (ਉਦੋਂ ਨਗਰ ਕੀਰਤਨ ਨੂੰ ਜਲੂਸ ਕਿਹਾ ਜਾਂਦਾ ਸੀ। ਜਲੂਸ ਸ਼ਬਦ ਜਲੌ ਭਾਵ ਸ਼ਾਨੋ-ਸ਼ੌਕਤ ਦੇ ਜਾਹਰ
ਕਰਨ ਨੂੰ ਆਖਦੇ ਹਨ।) ਦੇ ਰੁਕਣ ਉਪਰ ਆਪਣੀ ਕਲਾ ਦਾ ਮੁਜਾਹਰਾ ਕਰਦੇ ਸਨ। ਮੈਨੂੰ ਯਾਦ ਹੈ ਫਿਰੋਜ਼ਪੁਰ ਵਿੱਚ ਦਿੱਲੀ
ਗੇਟ ਦੇ ਚੌਂਕ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਦੇ ਜੱਥੇ ਤੋਂ ਵਿਸ਼ੇਸ਼ ਤੋਰ ਤੇ ਇਕ ਵਾਰ ਸੁਣੀ ਜਾਂਦੀ
ਸੀ। ਉਸ ਵੇਲੇ ਲੰਗਰ ਦਾ ਰਿਵਾਜ ਨਹੀਂ
ਸੀ। ਲੋਕ ਸ਼ਰਧ ਲੈ ਕੇ ਆਉਂਦੇ ਸਨ
ਤੇ ਸਤਿਕਾਰ ਕਰਕੇ ਚਲੇ ਜਾਂਦੇ ਸਨ, ਦਿਖਾਵਾ ਨਹੀਂ ਸੀ ਕਰਦੇ।
ਫਿਰੋਜ਼ਪੁਰ ਇਕ ਅਜਿਹਾ ਸ਼ਹਿਰ ਸੀ ਜਿਥੇ ਸਾਰੇ ਗੁਰਦੁਆਰਿਆਂ ਨੂੰ ਗੁਰਪੁਰਵ ਅਲਾਟ ਕੀਤੇ ਹੋਏ ਸਨ। ਹਰ ਗੁਰਦੁਆਰਾ ਸਾਲ ਵਿੱਚ ਦੋ
ਗੁਰਪੁਰਵ ਮਨਾਉਂਦਾ ਸੀ। ਕੋਈ
ਵੈਰ ਵਿਰੋਧ ਜਾਂ ਈਰਖਾ ਨਹੀਂ ਸੀ, ਗੁਰਪੁਰਵ ਵਾਲੇ ਦਿਨ ਸਾਰੇ ਲੋਕ
ਇਕ ਥਾਂ ਹੀ ਇੱਕਠੇ ਹੋ ਜਾਇਆ ਕਰਦੇ ਸਨ। ਰਾਗੀ – ਢਾਡੀ ਜੱਥੇ ਮੰਗਵਾਉਣ ਵਿੱਚ ਇਕ ਦੂਜੇ ਨਾਲ ਮੁਕਾਬਲਾ ਜਰੂਰ ਕੀਤਾ ਜਾਂਦਾ
ਸੀ। ਪਰ ਉਦੋਂ ਸਾਰੇ ਪ੍ਰੋਗਰਾਮਾਂ ਦਾ ਅਧਾਰ ਸਤਿਕਾਰ ਤੇ ਸ਼ਰਧਾ ਹੋਇਆ ਕਰਦੀ ਸੀ।
ਅਜਿਹੇ ਨਗਰ ਕੀਰਤਨ ਦਾ ਮਕਸਦ ਸ਼ਹਿਰ ਨੂੰ ਗੁਰਦੁਆਰੇ ਦੇ ਪ੍ਰੋਗਰਾਮਾਂ ਨਾਲ ਜੋੜਨਾ, ਉਨ੍ਹਾਂ
ਨੂੰ ਇਹ ਜਾਣਕਾਰੀ ਦੇਣਾ ਕਿ ਗੁਰਦੁਆਰਿਆਂ ਵਿੱਚ ਕੀ ਚਲ ਰਿਹਾ ਹੈ, ਕਿਹੜਾ ਗੁਰਪੁਰਵ ਹੈ, ਕਿਹੜੇ
ਗੁਰੂ ਦਾ ਜਨਮ ਪੁਰਬ ਹੈ ਜਾਂ ਸਹੀਦੀ ਪੁਰਬ। ਅੱਜ ਕਲ੍ਹ ਤਾਂ ਨਗਰ ਕੀਰਤਨ ਨਿਰੀ ਕਾਂ ਕਾਂ ਬਣ ਕੇ
ਰਹਿ ਗਏ ਹਨ। ਨਾ ਕੋਈ ਬੁਲਾਰਾ ਹੁੰਦਾ ਹੈ ਨਾ ਰਾਗੀ ਨਾ ਢਾਡੀ ਬੱਸ ਵਾਹਿਗੁਰੂ ਵਾਹਿਗੁਰੂ ਦੀ ਰਟ
ਸੁਣਾਈ ਦਿੰਦੀ ਹੈ। ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਇਹ ਨਗਰ ਕੀਰਤਨ ਕਿਸ ਸਬੰਧ ਵਿੱਚ ਹੈ।
ਮੇਰੇ ਇਕ ਪੁਰਾਣੇ ਮਕਾਨ ਮਾਲਕ ਆਪਣੀ ਪੁਰਾਣੀ ਗੱਡੀ ਉਪਰ ਝੰਡੀ ਲਾ ਕੇ ਅਜਿਹੇ ਨਗਰ ਕੀਰਤਨਾਂ ਵਿੱਚ
ਸ਼ਾਮਲ ਹੋਇਆ ਕਰਦੇ ਸਨ ਤੇ ਰਸਤੇ ਚੋਂ ਮਿਲਣ ਵਾਲੇ ਹਰ ਸਟਾਲ ਤੋਂ ਫਰੂਟ, ਜੂਸ, ਪੂੜੀਆਂ, ਛੋਲੇ,
ਆਇਸ ਕਰੀਮ, ਹੋਰ ਤਾਂ ਹੋਰ ਪੀਣ ਵਾਲੇ ਪਾਣੀ ਦੇ ਗਿਲਾਸ ਤੇ ਬੋਤਲਾਂ ਆਪਣੀ ਗੱਡੀ ਵਿੱਚ ਭਰਾ ਲੈਂਦੇ
ਸਨ। ਅਜਿਹੇ ਲੋਕਾਂ ਵਾਸਤੇ ਇਹ ਨਗਰ ਕੀਰਤਨ ਮੁਨਾਫੇ ਵਾਲੇ ਸੌਦਾ ਹੁੰਦੇ ਹਨ। ਇਹੋ ਹਾਲ ਪ੍ਰਭਾਤ
ਫੇਰੀਆਂ ਦਾ ਹੈ। ਅਸੀਂ ਧਰਮ ਦੇ ਮੂਲ ਸੰਵਾਦ ਤੋਂ ਪਾਸੇ ਹੋ ਕੇ ਇਕ ਓਪਰੇ ਅਹਿਸਾਸ ਦਾ ਮਜ਼ਾ ਲੈਣ
ਵਿੱਚ ਜ਼ਿਆਦਾ ਪੁਖਤਾ ਯਕੀਨ ਰੱਖਦੇ ਹਾਂ। ਨਗਰ ਕੀਰਤਨ ਦਾ ਅਸਲੀ ਪਤਾ ਸਿਰਫ ਉਸ ਨੂੰ ਲਗਦਾ ਹੈ ਜਿਸ
ਦੀ ਗੱਡੀ ਕਿਸੇ ਅਜਿਹੇ ਟ੍ਰੈਫਿਕ ਜਾਮ ਵਿੱਚ ਫਸੀ ਹੋਵੇ ਜੋ ਕਿਸੇ ਨਗਰ ਕੀਰਤਨ ਦੇ ਕਾਰਨ ਲੱਗਿਆ
ਹੋਵੇ।
ਇਕ ਮਿੱਤਰ ਨੂੰ ਮੇਰਾ ਕੀਰਤਨ ਨੂੰ ਸ਼ੋਰ ਕਹਿਣਾ ਚੰਗਾ ਨਹੀਂ ਲੱਗਿਆ। ਮੇਰਾ ਜਵਾਬ ਹੈ ਜਦੋਂ
ਬਹੁਤ ਸਾਰੇ ਸਰੋਤਾਂ ਤੋਂ ਵੱਖੋ ਵੱਖ ਤਰ੍ਹਾਂ ਦਾ ਕੀਰਤਨ ਚਲ ਰਿਹਾ ਹੋਵੇ ਤਾਂ ਉਹ ਕੀਰਤਨ ਨਾ ਰਹਿ
ਕੇ ਰੌਲਾ ਬਣ ਜਾਂਦਾ ਹੈ। ਸਾਡੇ ਨਗਰ ਕੀਰਤਨ ਅੱਜ ਕਲ੍ਹ ਮਹਿਜ਼ ਢੋਲ ਢਮੱਕਾ ਤੇ ਰੌਲਾ – ਰੱਪਾ ਹੀ ਬਣ ਕੇ
ਰਹਿ ਗਏ ਹਨ।
No comments:
Post a Comment