Saturday, April 20, 2013

ਪਾਣੀ ਦੀ ਬੋਤਲ


ਪਾਣੀ ਦੀ ਬੋਤਲ

  • ਉਏ ਫਿਡਿਆ, ਕਿਧਰ ਨੂੰ?

ਮੈਂ ਉਸ ਨੂੰ ਕਾਹਲੀ ਨਾਲ ਜਾਂਦਿਆਂ ਦੇਖ ਕੇ ਅਵਾਜ਼ ਮਾਰੀ।
ਸਾਰੇ ਉਸ ਨੂੰ ਫਿੱਡਾ ਫਿੱਡਾ ਹੀ ਆਖਦੇ ਸਨ, ਅਸਲੀ ਨਾਂ ਦੀ ਭਿਣਕ ਕਿਸੇ ਕੋਲ ਨਹੀਂ ਸੀ। ਉਹ ਮਸ਼ਹੂਰ ਸੀ ਕਿਉਂ ਕਿ ਉਹ ਪਾਣੀ ਦਾ ਜੱਗ ਲਈ ਇਧਰ ਉਧਰ ਦੋੜਦਾ, ਹਫਦਾ ਹੋਇਆ ਲੋਕਾਂ ਕੋਲ ਪਹੁੰਚਦਾ। ਉਹ ਲੋਕਾਂ ਨੂੰ ਪਾਣੀ ਪਿਆਉਂਦਾ ਸੀ। ਕਚਿਹਰੀ ਵਿੱਚ ਹਰ ਆਏ ਗਏ ਨੂੰ ਪਾਣੀ ਪਿਉਂਣਾ ਹੀ ਉਹਦਾ ਕੰਮ ਸੀ। ਉਸ ਨੂੰ ਕਿਸੇ ਨੇ ਨਹੀਂ ਸੀ ਆਖਿਆ ਕਿ ਉਹ ਇਹ ਕੰਮ ਕਰਿਆ ਕਰੇ।

ਖੋਰੇ ਪਹਿਲੇ ਦਿਨ ਉਸ ਨੇ ਕਿਸੇ ਨੂੰ ਪਾਣੀ ਪਿਆਇਆ ਹੋਵੇਗਾ ਤੇ ਫੇਰ ਉਹ ਇਸੇ ਕੰਮ ਤੇ ਹੋ ਗਿਆ। ਵੈਸੇ ਉਹ ਇਸ ਕੰਮ ਦਾ ਕੋਈ ਪੈਸਾ ਨਹੀਂ ਸੀ ਲੈਂਦਾ। ਉਸ ਦੇ ਹੱਥ ਵਿੱਚ ਪਾਣੀ ਦਾ ਜੱਗ ਹੁੰਦਾ ਸੀ ਚਿੱਬਾ ਜਿਹਾ, ਅਲੂਮੀਨੀਅਮ ਦਾ, ਜਿਹੋ ਜਿਹਾ ਤੁਸੀਂ ਆਮ ਚਾਹ ਵਾਲੀਆਂ ਦੁਕਾਨਾਂ ਤੋਂ ਵੇਖਦੇ ਹੋ। ਇਹ ਜੱਗ ਵੀ ਉਸ ਨੇ ਕਿਸੇ ਚਾਹ ਵਾਲੇ ਖੋਖੇ ਤੋਂ ਹੀ ਮਾਰਿਆ ਸੀ। ਦੂਜੇ ਹੱਥ ਵਿੱਚ ਸਟੀਲ ਦਾ ਗਿਲਾਸ ਸੀ ਜਿਸ ਉਪਰ ਇਕ ਪਾਸੇ ਪੰਜਾਬੀ ਵਿੱਚ ਕੁਝ ਲਿਖਿਆ ਹੋਇਆ ਸੀ ਤੇ ਉਸ ਦੀ ਕੰਗਣੀ ਦੇ ਇਕ ਪਾਸੇ ਛੇਕ ਕੀਤਾ ਹੋਇਆ ਸੀ। ਇਹ ਨਿਸ਼ਾਨੀ ਸੀ ਕਿ ਉਹ ਗਿਲਾਸ ਕਦੇ ਕਿਸੇ ਛਬੀਲ ਉਪਰ ਵਰਤਿਆ ਜਾਂਦਾ ਹੋਵੇਗਾ। ਗਰਮੀਆਂ ਵਿੱਚ ਚਾਰੇ ਪਾਸੇ ਫਿੱਡਾ ਫਿੱਡਾ ਹੀ ਹੁੰਦੀ ਰਹਿੰਦੀ ਸੀ। ਕਚਹਿਰੀ ਵਿੱਚ ਵਸੀਕਾ ਨਵੀਸ ਆਪਣੇ ਗਾਹਕਾਂ ਨੂੰ ਪਾਣੀ ਪਿਲਾਉਣ ਲਈ ਉਸ ਨੂੰ ਅਵਾਜ਼ ਮਾਰਦੇ, ਕਦੇ ਕੋਈ ਮੁਨਸ਼ੀ ਉਚੀ ਸਾਰੀ ਅਵਾਜ਼ ਦਿੰਦਾ ਤਾਂ ਉਹ ਕਚਹਿਰੀ ਦੇ ਕਿਸੇ ਨਾ ਕਿਸੇ ਕੋਨੇ ਤੋਂ ਪ੍ਰਗਟ ਹੋ ਜਾਂਦਾ।

ਉਹ ਪੜ੍ਹਿਆ ਲਿਖਿਆ ਨਹੀਂ ਸੀ। ਸਿਧਰਾ ਸੀ। ਉਹ ਸਹੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ ਤੇ ਉਸ ਨੂੰ ਦੇਖ ਕੇ ਕੋਈ ਉਸ ਨੂੰ ਆਪਣੇ ਕੋਲ ਨਾ ਬਿਠਾਏ, ਪਰ ਪਾਣੀ ਚੀਜ਼ ਹੀ ਅਜੇਹੀ ਸੀ ਕਿ ਹਰ ਕੋਈ ਉਸ ਨੂੰ ਆਵਾਜ਼ ਮਾਰਦਾ ਤੇ ਉਸ ਤੋਂ ਪਾਣੀ ਮੰਗ ਕੇ ਪੀਂਦਾ ਸੀ। ਇਹ ਉਸ ਦੀ ਨੌਕਰੀ ਨਹੀਂ ਸੀਉਸ ਦਾ ਕਸਬ ਨਹੀਂ ਸੀ। ਇਸ ਵਾਸਤੇ ਉਸ ਨੂੰ ਕੋਈ ਪੈਸੇ ਨਹੀਂ ਸੀ ਦਿੰਦਾ। ਨਾ ਉਹ ਪੈਸੇ ਹੀ ਮੰਗਦਾ ਸੀ। ਬੱਸ ਸ਼ਾਮ ਢਲੇ ਉਹ ਵਸੀਕਾ ਨਵੀਸਾਂ ਦੀਆਂ ਕੁਰਸੀਆਂ ਮੇਜ਼, ਬਸਤੇ, ਫਾਈਲਾਂ ਸਮੇਟਣ ਵਿੱਚ ਹੱਥ ਵਟਾ ਦਿੰਦਾ ਤੇ ਉਹ ਅੱਗਿਉਂ ਉਸ ਨੂੰ ਦਸ ਵੀਹ ਰੁਪਈਏ ਦੇ ਛਡਦੇ। ਕੋਈ ਜ਼ਿੰਮੀਦਾਰ ਜਦੋਂ ਜ਼ਮੀਨਾਂ ਦੀ ਰਜਿਸਟਰੀ ਜਾਂ ਇੰਤਕਾਲ ਲਈ ਆਉਂਦੇ ਤਾਂ ਖੁਸ਼ੀ ਨਾਲ ਉਸ ਨੂੰ ਸੋ ਪੰਜਾਹ ਰੁਪਏ ਦੇ ਛਡਦੇ। ਏਨੇ ਨਾਲ ਉਹ ਖੁਸ਼ ਹੋ ਜਾਂਦਾ।
  • ਉਏ ਫਿੱਡਿਆ, ਕੀ ਗੱਲ ਅੱਜ ਬੜੀ ਸ਼ਕਲ ਬਦਲੀ ਹੈ? 
ਉਸ ਨੂੰ ਰੋਜ਼ ਬੁਰੇ ਹਾਲ ਵਿੱਚ ਰੁਲੇ ਖੁਲੇ ਨੂੰ ਦੇਖਣ ਵਾਲਿਆਂ ਨੂੰ ਅੱਜ ਕੁਝ ਅਜੀਬ ਲੱਗ ਰਿਹਾ ਸੀ। ਉਸ ਦਾ ਪਜਾਮਾ ਜੋ ਅਕਸਰ ਮੈਲਾ ਜਿਹਾ ਹੁੰਦਾ ਸੀ ਜਿਸ ਦਾ ਇਕ ਪਹੁੰਚਾ ਉਪਰ ਟੁੰਗਿਆ ਹੁੰਦਾ ਸੀ, ਅੱਜ ਢੰਗ ਸਿਰ ਦਾ ਸੀ। ਵਾਲ ਤੇਲ ਲਾ ਕੇ ਵਾਹੇ ਹੋਏ ਸਨ। ਤਾਜ਼ੀ ਸ਼ੇਵ ਕੀਤੀ ਹੋਈ ਦਾਹੜੀ, ਗੱਲ ਕੀ ਉਹ ਬਦਲਿਆ ਬਦਲਿਆ ਜਾਪਦਾ ਸੀ।
  • -      ਬਾਊ ਜੀ ਅੱਜ ਮੈਂ ਨਹੀਂ ਆਉਣਾ?
  • -      ਕਿਉਂ, ਅੱਜ ਕਿਤੇ ਬਾਹਰ ਜਾਣੈ?
  • -      ਨਹੀਂ ਬਾਊ ਜੀ, ਬਾਹਰ ਆਪਾਂ ਕਿਥੇ ਜਾਣਾ, ਬੱਸ ਅੱਜ ਤੋਂ ਕਚਿਹਰੀ ਦਾ ਕੰਮ ਬੰਦ?
  • -      ਅੱਛਾ ਕਿਤੇ ਹੋਰ ਸ਼ੁਰੂ ਕਰ ਲੈਣਾ?
  • -      ਬਸ ਇਵੇਂ ਹੀ ਸਮਝੋ, ਮੈਂ ਅੱਜ ਤੋਂ ਮੰਡੀ ਜਾਣਾ ਸ਼ੁਰੂ ਕਰ ਦੇਣਾ।
  • -      ਫਿੱਡਿਆ, ਤੂੰ ਵਗਾਰ ਹੀ ਕਰਨੀ ਹੈ, ਉਥੇ ਕੀ ਤੇ ਇਥੇ ਕੀ, ਨਾਲੇ ਉਥੇ ਦਾਣਿਆਂ ਦਾ ਸੀਜ਼ਨ ਸਿਰਫ ਤਿੰਨ ਮਹੀਨੇ ਹੀ ਲਗਦਾ ਹੈ। ਫੇਰ ਵੀ ਤਾਂ ਇਥੇ ਹੀ ਆਉਣਾ।
  • ਮੈਂ ਉਸ ਨੂੰ ਸਮਝਾਉਣ ਲਈ ਕਿਹਾ।
  • -      ਨਹੀਂ ਬਾਉ ਜੀ, ਇਹ ਗੱਲ ਨਹੀਂ, ਅਸਲ ਵਿੱਚ ਮੈਂ ਮੰਡੀ ਵਿੱਚ ਨਹੀਂ ਜਾਣੈ, ਸਗੋਂ ਮੰਡੀਆਂ ਦੇ ਦਫਤਰ ਵਿੱਚ ਜਾਣਾ ਸ਼ੁਰੂ ਕਰ ਦੇਣਾ। ਮੈਨੂੰ ਉਥੇ ਨੌਕਰੀ ਮਿਲ ਗਈ ਹੈ।

ਫਿੱਡੇ ਨੂੰ ਸੱਚਮੁੱਚ ਨੌਕਰੀ ਮਿਲ ਗਈ ਸੀ। ਉਸ ਨੇ ਅੱਜ ਤੋਂ ਹੀ ਮੰਡੀ ਬੋਰਡ ਦੇ ਦਫਤਰ ਵਿੱਚ ਵਾਟਰਮੈਨ ਲੱਗ ਜਾਣਾ ਸੀ। ਗਰਮੀ ਦੇ ਦਿਨਾਂ ਵਿੱਚ ਕਣਕ ਦੇ ਸੀਜ਼ਨ ਵਿੱਚ ਅਕਸਰ ਕੱਚੇ ਬੰਦੇ ਰੱਖੇ ਜਾਂਦੇ ਹਨਉਸ ਨੇ ਦਸਿਆ ਕਿ ਕੁਝ ਦਿਨ ਹੋਏ ਉਸ ਦਫਤਰ ਦੇ ਵੱਡੇ ਅਫਸਰ ਇਕ ਵਕੀਲ ਸਾਹਿਬ ਕੋਲ ਆਏ ਸਨ, ਫਿੱਡੇ ਦਾ ਕੰਮ ਦੇਖ ਕੇ ਉਹਨਾਂ ਉਸ ਨੂੰ ਨੌਕਰੀ ਤੇ ਰੱਖ ਲਿਆ ਸੀ।

ਫਿੱਡਾ ਵਾਟਰਮੈਨ ਬਣ ਗਿਆ। ਉਸ ਦੀ ਤੱਰਕੀ ਹੋ ਗਈ ਸੀ। ਖਾਕੀ ਵਰਦੀ ਦਫਤਰ ਚੋਂ ਮਿਲ ਗਈ ਸੀ। ਉਹ ਸਾਰਾ ਦਿਨ ਕਰਮਚਾਰੀਆਂ ਤੇ ਅਸਾਮੀਆਂ ਨੂੰ ਭੱਜ ਭੱਜ ਕੇ ਪਾਣੀ ਪਿਲਾਉਂਦਾ ਤੇ ਹਰ ਵੇਲੇ ਖਿੜੇ ਮੱਥੇ ਉਹ ਉਹਨਾਂ ਦਾ ਹਰ ਕੰਮ ਕਰਦਾ। ਹੁਣ ਉਸ ਕੋਲ ਰਬੜ ਦਾ ਨਿਕੋਰ ਜੱਗ ਸੀ। ਜਿਸ ਵਿੱਚ ਉਹ ਹਮੇਸ਼ਾ ਕੂਲਰ ਦਾ ਠੰਢਾ ਪਾਣੀ ਭਰ ਕੇ ਰੱਖਦਾ। ਬਰਫ਼ ਦਾ ਝੰਜਟ ਖਤਮ ਹੋ ਗਿਆ ਸੀ। ਜਦੋਂ ਉਹ ਪਾਣੀ ਨਾ ਪਿਲਾ ਰਿਹਾ ਹੁੰਦਾ ਉਹ ਚਾਹ ਦੇ ਕੱਪ ਟਿਕਾ ਰਿਹਾ ਹੁੰਦਾ ਜਾਂ ਜੂਠੇ ਕੱਪ ਚੁਕ ਰਿਹਾ ਹੁੰਦਾ।

ਸ਼ਾਮ ਨੂੰ ਉਹ ਦਫਤਰ ਦੇ ਅੰਦਰੋਂ ਵੱਡੇ ਅਫਸਰ ਦੇ ਉੱਠ ਜਾਣ ਦੀ ਉਡੀਕ ਕਰ ਰਿਹਾ ਹੁੰਦਾ। ਕੰਮ ਵਿੱਚ ਤਾਂ ਕੋਈ ਬਹੁਤ ਫਰਕ ਨਹੀ ਸੀ ਪਿਆ ਪਰ ਹੁਣ ਫਿੱਡੇ ਨੂੰ ਪੱਕੇ ਤੇ ਬੰਨ੍ਹੀ ਹੋਈ ਤਨਖਾਹ ਮਿਲਣ ਲੱਗ ਪਈ ਸੀ। ਉਸ ਦੀ ਮਾਂ ਬਹੁਤ ਖੁਸ਼ ਸੀ। ਉਸ ਨੇ ਸੋਚਿਆ ਕਿ ਏਦੂੰ ਵਧੀਆ ਮੌਕਾ ਹੋਰ ਕੋਈ ਨਹੀਂ ਲੱਭਣਾ, ਉਸ ਨੇ ਫਿੱਡੇ ਦਾ ਵਿਆਹ ਕਰ ਦਿਤਾ। ਵਿਆਹ ਤੋਂ ਇਕ ਦਿਨ ਪਹਿਲਾਂ ਉਹ ਬੜਾ ਖੁਸ਼, ਮੈਨੂੰ ਮਿਲਿਆ, ਬਰਫੀ ਦਾ ਡੱਬਾ ਉਸ ਦੇ ਕੋਲ, ਕਹਿੰਦਾ, ਬਾਊ ਜੀ ਬਰਫੀ ਖਾਓ, ਮੈਂ ਉਸ ਨੂੰ ਨਾਂਹ ਕਰ ਦਿਤੀ। ਮੈਂ ਕਿਹਾ ਘਰ ਜਾ ਕੇ ਨਿਆਣਿਆਂ ਨੂੰ ਦੇਵੀਂ, ਪਰ ਉਹ ਨਾ ਮੰਨਿਆ ਤੇ ਉਸ ਨੇ ਮੇਰੀ ਬਾਂਹ ਫੜ ਲਈ। ਉਸ ਤੋਂ ਆਪਣੇ ਵਿਆਹ ਦੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ।

ਸਾਲ ਨਿਕਲ ਗਏ, ਫਿੱਡਾ ਉਸ ਦਫਤਰ ਦਾ ਹਿੱਸਾ ਬਣ ਗਿਆ। ਅਫਸਰ ਹੋਵੇ ਜਾਂ ਨਾ ਪਰ ਫਿੱਡਾ ਨੇਮ ਨਾਲ ਉਸ ਦਫਤਰ ਦੇ ਬਾਹਰ ਕੁਰਸੀ ਡਾਹ ਕੇ ਬੈਠਾ ਮਿਲ ਜਾਂਦਾ। ਬਰਾਂਡੇ ਦੇ ਪੱਖੇ ਥੱਲੇ ਉਸ ਦੀ ਕੁਰਸੀ ਹੁੰਦੀ ਸੀ। ਫਿੱਡੇ ਦੇ ਵਾਲਾਂ ਵਿੱਚ ਸਫੈਦੀ ਝਲਕਣ ਲੱਗ ਪਈ ਸੀ। ਉਹ ਵਾਟਰਮੈਨ ਹੀ ਰਿਹਾ। ਅਣਪੜ੍ਹ ਹੋਣ ਕਰਕੇ ਉਸ ਨੂੰ ਨੌਕਰੀ ਦਾ ਕੋਈ ਬਹੁਤਾ ਲਾਭ ਨਾ ਮਿਲਿਆ। ਉਹ ਸਰਦੀਆਂ ਚੌਕੀਦਾਰ ਦਾ ਕੰਮ ਕਰਦਾ ਤੇ ਗਰਮੀਆਂ ਵਿੱਚ ਉਹ ਵਾਟਰਮੈਨ ਦਾ ਕੰਮ ਨਿਭਾਉਂਦਾ।

ਇਕ ਕੰਮ ਉਸ ਦਾ ਹੋਰ ਵੱਧ ਗਿਆ ਸੀ, ਤੇ ਉਹ ਸੀ ਅਫਸਰ ਦੇ ਘਰ ਦੋ ਮੱਝਾਂ ਦੀ ਸਾਂਭ ਸੰਭਾਲ ਕਰਨੀ। ਪਰ ਇਸ ਦਾ ਉਸ ਨੂੰ ਕੋਈ ਰੰਜ ਨਹੀਂ ਸੀ। ਕਬੀਲਦਾਰੀ ਵਿੱਚ ਉਸ ਨੇ ਦੋ ਬੱਚਿਆਂ ਨੂੰ ਪੈਦਾ ਕੀਤਾ। ਵੱਡੀ ਕੁੜੀ ਸੀ ਸੋ ਉਸ ਨੂੰ ਦਸਵੀ ਕਰਾ ਕੇ ਵਿਆਹ ਦਿਤਾ।
ਕਚਹਿਰੀ ਵਿਚ ਉਸ ਦੀ ਬੱਝਵੀਂ ਆਮਦਨ ਨਹੀਂ ਸੀ, ਬੱਸ ਰੱਬ ਤਰਸੀ ਸੀ। ਜਿੰਨੀ ਮਿਲ ਜਾਂਦੀ ਉਹ ਸਬਰ ਸ਼ੁਕਰ ਨਾਲ ਘਰ ਚਲਾ ਜਾਂਦਾ। ਦਪਤਰ ਨੇ ਉਸ ਦੀ ਆਮਦਨ ਦਾ ਪੱਕਾ ਸਰੋਤ ਨਿਸ਼ਚਿਤ ਕਰ ਦਿਤਾ ਸੀ। ਕੰਮ ਦੀ ਉਸ ਨੇ ਕਦੇ ਪਰਵਾਹ ਨਹੀਂ ਸੀ ਕੀਤੀ; ਮੱਥੇ ਕਦੇ ਵੱਟ ਨਾ ਪਾਇਆ। ਕਚਹਿਰੀ ਵਿੱਚ ਹੌਲੀ ਹੌਲੀ ਲੋਕ ਉਸ ਨੂੰ ਭੁੱਲ ਗਏ, ਕਦੇ ਕਦਾਈਂ ਕੋਈ ਪੁਰਾਣਾ ਜ਼ਿੰਮੀਦਾਰ ਆ ਕੇ ਉਸ ਦਾ ਚੇਤਾ ਕਰਵਾ ਦਿੰਦਾ। ਪਰ ਕਿਸੇ ਕੋਲ ਕਦੋਂ ਵਿਹਲ ਸੀ ਉਸ ਬਾਰੇ ਦੱਸਣ ਪੁੱਛਣ ਦੀ।

ਅੱਜ ਜਦੋਂ ਉਸ ਨੇ ਪਾਣੀ ਦਾ ਗਿਲਾਸ ਭਰ ਕੇ ਮੈਨੂੰ ਪਿਛੋਂ ਫੜਾਇਆ ਤਾਂ ਮੈਂ ਇਕ ਦਮ ਬੋਲ ਪਿਆ।
  • -      ਨਹੀਂ ਫਿਡਿਆ, ਪਾਣੀ ਨਹੀਂ ਪੀਣਾ ਮੈਂ, ਮੇਰੇ ਕੋਲ ਹੈ ਆਪਣੀ, ਪਾਣੀ ਦੀ ਬੋਤਲ।
  • -      ਪਾਣੀ ਦੀ ਬੋਤਲ, ਲਿਆਓ, ਇਹ ਮੈਨੂੰ ਦਿਓ, ਮੈਂ ਇਸ ਨੂੰ ਤੋੜ ਦਿਆਂ। ਤੁਸੀਂ ਛੱਡੋ, ਇਹ ਬੋਤਲਾਂ ਦਾ ਬੇਹਾ ਪਾਣੀ , ਤੁਹਾਨੂੰ ਮੈਂ ਪਿਆਉਣਾ ਹਾਂ, ਕੂਲਰ ਦਾ ਠੰਢਾ ਠੰਢਾ ਪਾਣੀ।

ਮੈਂ ਇਕ ਦੱਮ ਹੱਕਾ ਬੱਕਾ ਰਹਿ ਗਿਆ। ਇਹ ਤਾਂ ਸਚਮੁੱਚ ਹੀ ਫਿੱਡਾ ਸੀ। ਕੁਝ ਕੁਝ ਬਦਲ ਗਿਆ ਸੀ। ਵਾਲ ਕੁਝ ਝੜ ਗਏ ਸਨ, ਕੁਝ ਚਿੱਟੇ ਹੋ ਗਏ ਸਨ। ਮੈਂ ਉਸ ਨੂੰ ਇਥੇ ਦੇਖ ਕੇ ਹੈਰਾਨ ਰਹਿ ਗਿਆ।
  • -      ਉਏ ਫਿੱਡਿਆ, ਤੂੰ ਤਾਂ ਦਫਤਰ ਜਾ ਲਗਿੱਆ ਸੀ। ਪੱਕੀ ਨੌਕਰੀ
  • -      ਹਾਂ ਬਾਊ ਜੀ ਤੁਹਾਡੀ ਇਸ ਪਾਣੀ ਦੀ ਬੋਤਲ ਨੇ ਮੇਰੀ ਨੌਕਰੀ ਖਤਮ ਕਰ ਦਿਤੀ।
  • -      ਕਿਉਂ?
  • -      ਅਫਸਰ ਕਹਿੰਦੇ ਨੇ ਹੁਣ ਪਾਣੀ ਪਿਲਾਉਣ ਵਾਲੇ ਦੀ ਲੋੜ ਨਹੀਂ ਰਹੀ।
  • -      ਪਰ ਕਿਉਂ?
  • -      ਪਾਣੀ ਦੀਆਂ ਬੋਤਲਾਂ ਜੁ ਆ ਗਈਆਂ ਨੇ।
  • -      ਪਾਣੀ ਦੀਆਂ ਬੋਤਲਾਂ?
  • -      ਹੋਰ ਕੀ, ਇਹਨਾਂ ਪਾਣੀ ਦੀਆਂ ਬੋਤਲਾਂ ਨੇ ਸਾਨੂੰ ਨੌਕਰੀਓਂ ਕਢਵਾ ਦਿਤਾ।
  • -      ਪਰ ਕਿਵੇਂ? ਨੌਕਰੀ ਦਾ ਪਾਣੀ ਦੀ ਬੋਲਤ ਨਾਲ ਕੀ ਸਬੰਧ?
  • -      ਹਰ ਕੋਈ ਆਪਣੇ ਪਾਣੀ ਦੀ ਬੋਤਲ ਚੁੱਕੀ ਫਿਰਦਾ, ਕੀ ਅਫਸਰ ਕੀ ਬਾਊ।

ਆਪਣਾ ਜੱਗ ਚੁੱਕੀ ਉਹ ਤੁਰ ਪਿਆ ਕਿਸੇ ਹੋਰ ਦੀ ਸੇਵਾ ਕਰਨ। ਰਸਤੇ ਵਿੱਚ ਉਸ ਦੇ ਪੇਰਾਂ ਹੇਠ ਕਿਸੇ ਦੀ ਸੁੱਟੀ ਖਾਲੀ ਪਾਣੀ ਦੀ ਬੋਤਲ ਆ ਗਈ। ਉਸ ਨੇ ਜੋਰ ਨਾਲ ਉਸ ਉਪਰ ਪੈਰ ਮਾਰਿਆ। ਜਿਵੇਂ ਕਹਿਣਾ ਚਾਹੁੰਦਾ ਸੀ
  • -      ਇਹੋ ਤਾਂ ਹੈ ਉਸ ਦੀ ਪੱਕੀ ਦੁਸ਼ਮਣ।

No comments:

Post a Comment