Saturday, May 21, 2011

ਮੈਂ ਹੀ ਸਾਂ

ਇਤਿਹਾਸ ਦੀ ਕਿਤਾਬ
ਮੈਨੂੰ ਸ਼ਰਮਸਾਰ ਕਰਦੀ ਹੈ
ਮੈਂ ਹਰ ਤਸਵਿਰ ਚੋਂ
ਹਰ ਇਬਾਰਤ ਚੋਂ
ਤੇ ਮਾਰੇ ਜਾਣ ਵਾਲਿਆਂ ਦੀ ਫਹਿਰਸਤ ਚੋਂ
ਆਪਣਾ ਨਾਂ ਲੱਭਦਾ ਹਾਂ
ਆਪਣਾ ਸਿਰਨਾਵਾਂ
ਮੈਂ ਜਾਣਦਾ ਹਾਂ
ਕਿ
ਮੈਂ ਹੀ ਸਾਂ
ਆਪਣੇ ਆਪ ਦੇ ਖਿਲਾਫ
ਜੰਗ ਕਰਨ ਵਾਲਾ
ਮੈਂ ਹੀ ਸਾਂ
ਜੋ
ਆਪੇ ਆਪ ਦੇ ਵਿਰੁਧ ਬੋਲਿਆ
ਆਪਣੇ ਆਪ ਨਾਲ ਉਲਝਿਆ
ਅਣ ਸੁਲਝਿਆ
ਹਵਾ ਵਿੱਚ
ਕੰਡਿਆਂ ਉਪਰ
ਧਰੂਹਿਆ ਗਿਆ
ਲੂਹਿਆ ਗਿਆ
ਆਪਣੇ ਹੀ ਹੱਥੋਂ।

ਮੈਂ ਹੀ ਸਾਂ
ਬੰਦੂਕ ਦੀ ਨੋਕ ਉਪਰ
ਮੈਂ ਝੁਕਿਆ
ਮੈਂ ਹੀ ਸਾਂ
ਜੋ ਆਪਣੇ ਆਪ ਉਪਰ
ਸ਼ਿਸਤ ਬੰਨ੍ਹ ਕੇ
ਆਪਣੇ ਆਪ ਨੂੰ
ਨਿਸ਼ਾਨੇ ਵਿੱਚ ਲਿਆ ਕੇ
ਆਪੇ ਆਪ ਨੂੰ ਮਾਰਨ ਦੀਆਂ ਗ਼ਿਣਤੀਆਂ ਕਰਦਾ
ਤੇ ਆਪਣੇ ਆਪ ਨੂੰ ਸੜਕਾਂ ਉਪਰ
ਲੋਥਾਂ ਵਾਂਗ ਖਿਲਾਰਦਾ
ਤਾਂਡਵ ਨੱਚਦਾ
ਕਦੇ ਰੋਂਦਾ ਆਪਣੇ ਆਪ ਉਪਰ
ਕਦੇ ਹੱਸਦਾ
ਕਦੇ ਤਮਗੇ ਲੈਂਦਾ
ਕਦੇ ਕਿਸੇ ਮੁਕਾਬਲੇ ਵਿੱਚ
ਕਦੇ ਸ਼ਹੀਦ ਹੁੰਦਾ
ਕਦੇ ਮਾਰਿਆ ਜਾਂਦਾ
ਕਦੇ ਸਰਦਾਰ ਹੁੰਦਾ
ਕਦੇ ਗੱਦਾਰ ਹੁੰਦਾ
ਕਦੇ ਕੌਮ ਲਈ ਮਰਦਾ
ਕਦੇ ਕੌਮ ਦੇ ਹੱਥੋਂ ਮਰਦਾ
ਕਦੇ ਗੁਸਤਾਖ ਹੁੰਦਾ
ਕਦੇ ਬੇੜੀਆਂ ਤੇ ਹੱਥਕੜੀਆਂ ਵਿਚ ਜਕੜਿਆ
ਕਦੇ ਕਿਸੇ ਮੁਕਦਮੇ ਦੀ ਪੇਸ਼ੀ ਲਈ
ਕਟਿਹਰੇ ਵਿੱਚ ਖੜਾ ਹੁੰਦਾ
ਤੇ ਆਪੇ ਆਪ ਨੂ ਸਾਹਵੇਂ ਖਲੋਤਾ ਦੇਖਦਾ
ਕਦੇ ਮੁਲਜ਼ਮ
ਕਦੇ ਮੁਨਸਫ
ਕਦੇ ਮੁਜਰਮ
ਕਦੇ ਮੁਰਸ਼ਦ
ਕਦੇ ਕਿਤਾਬਾਂ ਲਿਖਦਾ
ਕਦੇ ਪੂਰਨੇ ਪਾਉਂਦਾ
ਕਦੇ ਲਿਖਿਆ ਪਾੜਦਾ
ਕਦੇ ਲਿਖਿਆ ਸਾੜਦਾ
ਕਦੇ ਸਿਰ ਝੁਕਾਉਂਦਾ
ਕਦੇ ਬਾਦਸ਼ਾਹ ਬਣਦਾ
ਕਦੇ ਦਰਵੇਸ਼ ਹੁੰਦਾ
ਮੈਂ ਹੀ ਸਾਂ
ਜੋ ਆਪਣੇ ਹੱਥੋਂ
ਆਪ ਹੀ ਮਾਰਿਆ ਗਿਆ
ਮੈਂ ਹੀ ਸਾਂ ਜਿਸ ਨੇ
ਆਪਣੀ ਲੋਥ ਰੋਲੀ
ਸੜਕ ਉਪਰ
ਖੇਤ ਅੰਦਰ
ਮੈਂ ਹੀ ਸਾਂ ਜੋ
ਆਪਣੇ ਮਕਤਲ ਦੇ ਤਮਾਸ਼ਬੀਨਾਂ ਅੱਗੇ
ਤਾੜੀਆਂ ਦੀ ਭੀਖ ਮੰਗਦਾ
ਮੁਸਕਰਾਉਂਦਾ
ਨਾਅਰੇ ਲਗਾਉਂਦਾ
ਆਪਣੇ ਖਿਲਾਫ਼ ਲੜਦਾ
ਮੈਂ ਹੀ ਸਾਂ ਜੋ ਇਤਿਹਾਸ ਦੇ ਸਫੇ ਉਪਰ
ਮਾਰੇ ਜਾਣ ਦਾ ਜ਼ਿਕਰ ਲਿਖਦਾ
ਮੈਂ ਹੀ ਸਾਂ
ਜੋ ਆਪਣਾ ਨਾਂ ਮਿਟਾਉਂਦਾ
ਇਤਿਹਾਸ ਦੇ ਉਸ ਪੰਨੇ ਨੂੰ
ਮੁੜ ਕੋਰਾ ਕਰਨ ਦੀ ਜਾਚ ਪੁੱਛਦਾ
ਮੈਂ ਹੀ ਸਾਂ ਮਾਣ ਮੱਤਾ
ਸ਼ਰਮਸਾਰ ਹੁੰਦਾ
ਨਾ ਦੋਸ਼ ਕਿਸੇ ਦਾ
ਨਾ ਇਲਜ਼ਾਮ ਕਿਸੇ ਉਪਰ
ਨਾ ਆਇਦ
ਨਾ ਕਾਇਦ
ਬੱਸ ਇੱਕ ਸ਼ਾਇਦ
ਤੇ ਇੱਕ ਖਾਹਸ਼
ਖੋਰੇ ਕਦੋਂ ਜਾਚ ਆਏਗੀ
ਮੈਨੂੰ ਮੇਰੇ ਆਪਣੇ ਆਪ ਨਾਲ
ਮੁੜ ਜੀਣ ਦੀ
ਮੁੜ ਥੀਣ ਦੀ
ਮੈਂ ਇਤਿਹਾਸ ਦੀ ਕਿਤਾਬ
ਅਲਮਾਰੀ ਵਿੱਚ ਸਾਂਭ ਦਿੱਤੀ ਹੈ।

 

No comments:

Post a Comment