Sunday, May 22, 2011

ਮੈਂ ਹੀ ਸਾਂ - 2

ਮੈਂ ਹੀ ਸਾਂ

ਮੈਂ ਹੀ ਸਾਂ
ਜੋ ਦਰਿਆ ਦੇ ਆਰਲੇ ਤੇ ਪਾਰਲੇ ਕੰਢੇ ਖੜੋਤਾ
ਵੇਖਦਾ ਸਾਂ
ਘੂਰਦਾ ਸਾਂ
ਆਪੇ ਹੀ ਆਪਣੇ ਆਪ ਨੂੰ
ਨਹੀਂ ਸੀ ਜਾਣਦਾ ਕਿ ਜੋ
ਵਗਦਾ ਸੀ
ਇੱਕ ਦਰਿਆ ਜਿਹਾ
ਖੋਰਦਾ ਸੀ ਪਾਣੀ ਸੀ ਜਿਸ ਦੇ ਕੰਢੇ
ਮੈਂ ਹੀ ਸਾਂ
ਮੈਂ ਹੀ ਸਾਂ
ਚੁੱਪ ਕੀਤਾ
ਚੀਕਾਂ ਮਾਰਦਾ
ਆਪਣੇ ਆਪ ਨੂੰ
ਆਪਣੇ ਆਪ ਤੋਂ ਬਚਾਉਣ ਲਈ
ਮੈਂ ਹੀ ਸਾਂ ਜੋ ਡੁੱਬਣੋਂ ਡਰਦਾ ਸੀ
ਆਪਣੇ ਆਪ ਵਿੱਚ
ਮੈਂ ਹੀ ਸਾਂ ਜੋ ਦੌੜਦਾ ਸੀ
ਦਰਿਆ ਦੀਆਂ ਲਹਿਰਾਂ ਤੋਂ ਡਰ ਕੇ
ਮੈਂ ਹੀ ਸਾਂ
ਜੋ ਆਪਣੇ ਪਿਛੇ
ਭੱਜਦਾ ਆਉਂਦਾ ਦੇਖ ਕੇ
ਡਰ ਗਿਆ ਸਾਂ
ਮੇਰੀ ਪਿਆਸ ਮੈਨੂੰ ਧੂਹ ਲੈ ਜਾਂਦੀ ਰਹੀ
ਓਸ ਦਰਿਆ ਵਿੱਚ ਜਿੱਥੇ ਮੇਰੀਆਂ ਆਸਾ ਦਾ ਪਾਣੀ
ਵਗ ਰਿਹਾ ਸੀ
ਜਿਸ ਵਿੱਚ ਮੇਰੀਆਂ ਸਨ
ਸੁਪਨ-ਮਛੀਆਂ
ਜਿਸ ਦੇ ਨੀਲੇ ਪਾਣੀਆਂ ਵਿੱਚ
ਨਿੰਮਲ ਅਸਮਾਨ
ਟਿਮਟਿਮਾਉਦੇ ਤਾਰਿਆਂ ਦੀ ਲੋਅ
ਰੰਗ-ਬਰੰਗੀਆਂ ਮਛਲੀਆਂ
ਮੈਂ ਹੀ ਸਾਂ ਜੋ
ਆਪਣੇ ਆਪ ਨੂੰ
ਆਪੇ ਮੁਖਾਤਬ ਸਾਂ
ਮੈਂ ਹੀ ਸਾਂ ਜੋ ਦਰਿਆ ਦੇ ਆਰਲੇ ਤੇ ਪਾਰਲੇ
ਕੰਢੇ ਵਿਚਲੇ ਖੜਾ ਸਾਂ
ਮੈਂ ਹੀ ਸਾਂ
ਆਪਣੇ ਆਪ ਨੂੰ
ਆਪ ਫੜਦਾ
ਪੁਲ ਵਾਂਗ ਫੈਲ ਜਾਂਦਾ
ਦੋਹਾਂ ਕੰਢਿਆਂ ਵਿਚਾਲੇ
ਮੈਂ ਰਾਹ ਬਣਾਉਂਦਾ
ਆਪਣੇ ਆਪ ਤੋਂ
ਆਪੇ ਲੰਘਾਉਂਦਾ
ਜਜ਼ਬਿਆਂ ਦੇ ਕਾਫਲੇ
ਬੜੀ ਦੇਰ ਤੋਂ ਡੱਕੇ ਖੜੇ ਸਨ
ਮੈਂ ਹੀ ਸਾਂ ਜੋ ਆਪਣੇ ਭਾਰ ਨੂੰ ਜਰਦਾ
ਨਾ ਸਰਦਾ ਵੇਖ ਕੇ
ਅਧ ਵਿਚਾਲਿਉਂ ਟੁੱਟ ਗਿਆ ਸੀ
ਮੈਂ ਹੁਣ ਵਗਦੇ ਦਰਿਆ ਵਿੱਚ
ਅੱਧਾ ਏਧਰ ਪਿਆ ਸੀ
ਅੱਧਾ ਓਧਰ ਪਿਆ ਸੀ
ਮੈਂ ਹੀ ਸਾਂ
ਜੋ ਤਾਂਘਦਾ ਸੀ
ਮੁੜ ਜੁੜਨ ਲਈ
ਘਰ ਮੁੜਨ ਲਈ।

No comments:

Post a Comment