Sunday, May 22, 2011

ਨਦੀ ਤੇ ਮੈਂ



















ਨੀ ਨਦੀਏ
ਤੈਨੂੰ ਦੇਖ ਦੇਖ ਕੇ
ਕਿਉਂ ਲੱਗਦਾ ਹੈ
ਸਾਥ ਪੁਰਾਣਾ ਆਪਣਾ
ਤੂੰ ਵਹਿਣਾ, ਪਰਬਤ ਦੇ ਪਾਰੋਂ
ਤੇ ਤੂੰ ਜਾ ਕੇ ਹੈ ਲਹਿਣਾ
ਦੂਰ ਕਿਸੇ ਸਾਗਰ ਦੀ ਕੁਖ ਵਿੱਚ
ਤੇ ਜਾ ਕੇ ਸਾਹ ਲੈਣਾ
ਨੀ ਨਦੀਏ
ਤੇਰਾ ਬੂੰਦ ਬੂੰਦ ਦਾ ਹਾਸਾ
ਤੁਪਕਾ ਤੁਪਕਾ
ਕਤਰਾ ਕਤਰਾ
ਪੱਲੂ ਵਿੱਚ ਸਮਾ ਕੇ
ਸਾਂਭ ਸਾਂਭ ਕੇ ਖੁਸ਼ੀ ਹੁਧਾਰੀ
ਚੁੰਗੀਆਂ ਭਰਦੇ ਜਾਣਾ
ਨੀ ਨਦੀਏ
ਤੂੰ ਸਦੀਆਂ ਵਰਗੀ
ਪਾਰ ਸਮੇਂ ਤੋਂ ਵਹਿੰਦੀ
ਕਦੇ ਕਰੇਂ ਹਠਖੇਲੀ ਕੋਈ
ਨਾਲ ਪਹਾੜਾਂ ਖਹਿੰਦੀ
ਪੱਥਰਾਂ ਦੇ ਨਾਲ ਖੇਡ ਖੇਡ ਕੇ
ਗੋਲ ਬਣਾ ਕੇ ਗੀਟੇ
ਰੇਤ ਸਮੇਂ ਦੀ
ਤੇ ਅਲਗਰਜ਼ੀ
ਵੱਖਰੇ ਅਖਰ ਵਾਹੁੰਦੀ
ਸਦਾ ਪਿਆਸੀ
ਰਹੇਂ ਉਦਾਸੀ
ਕਾਹਲੇ ਪੈਰੀਂ ਜਾਵੇਂ
ਬੇਪਰਵਾਹੀਆਂ
ਤੇ ਪਾਤਸ਼ਾਹੀਆਂ
ਆਪਣੇ ਨਾਲ ਰਲਾਉਂਦੀ
ਸਾਗਰ ਦੀ ਹਿੱਕ ਉਪਰ ਜਾ ਕੇ
ਚੈਨ ਨਾ ਤੈਨੂੰ ਆਵੇ
ਵਲਵਲਿਆਂ ਵਿੱਚ ਉਡਦੀ ਜਾਵੇਂ
ਬਦਲਾਂ ਸੰਗ ਰਲ ਜਾਵੇਂ
ਤੇਰਾ ਮੇਰਾ ਸਾਥ ਅਨੋਖਾ
ਦੋਹਾਂ ਰਲ ਮਿਲ ਵਹਿਣਾ
ਸੱਜਣ ਦੇ ਲਈ ਸਿੱਕ ਸਮੇਂ ਦੇ
ਅੰਦਰ ਧਰਦੇ ਰਹਿਣਾ।

No comments:

Post a Comment