Tuesday, May 31, 2011

ਮੇਰੇ ਆਪਣੇ ਦੇਸ਼ ਦੇ ਨਾਂ

ਮੇਰੇ ਆਪਣੇ ਦੇਸ਼ ਦੇ ਨਾਂ

This work is copyrighted as original works vide OW 15212 by MYOWS.com
ਗੁਰਦੀਪ ਸਿੰਘ

(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)

ਕੁਝ ਵੀ ਕਹੀਂ ਨਾ ਓਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।

ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀ
ਜੇ ਕੋਲ ਬਹਿ ਕੇ ਪੁਛੇ
ਸ਼ਿਕਵੇਂ ਗਿਲੇ ਸ਼ਿਕਾਇਤਾਂ
ਕੁਝ ਵੀ ਕਹੀ ਨਾ ਉਸ ਨੂੰ
ਸ਼ਿਕਵਾ ਕਰੀ ਨਾ ਉਸ ਨੂੰ।

ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚ
ਉੱਡੇ ਘਰੀ ਨਾ ਪਰਤੇ
ਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂ
ਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰ
ਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।

ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹ
ਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂ
ਜੋ ਉਡ ਗਏ ਘਰਾਂ ਤੋਂ
ਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ

ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ
ਤਰਨਾ
ਵੱਖਰੀ ਹੈ ਲੋਚ ਉਸ ਦੀ
ਵਖਰੀ ਹੈ ਸੋਚ ਉਸ ਦੀ
ਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।

ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ
ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ
ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।
ਕੁਝ ਵੀ ਕਹੀ ਨਾ ਉਸ ਨੂੰ।




No comments:

Post a Comment