ਮਾਂ, ਹਊਆ ਤੇ ਅਮਰੀਕਾ
ਗੁਰਦੀਪ ਸਿੰਘ
ਜੰਮੇ ਪਲੇ ਆਤੰਕ ਦੀ ਛਾਂ ਥਲੇ
ਅਸੀਂ ਸ਼ੇਰ ਦੂਲੇ, ਮਾਂ ਦੇ ਸ਼ੇਰ ਬੱਗੇ।
ਅਸੀਂ ਸ਼ੇਰ ਦੂਲੇ, ਮਾਂ ਦੇ ਸ਼ੇਰ ਬੱਗੇ।
ਪਹਿਲਾਂ ਹਊਏ ਦਾ ਆਤੰਕ ਰਹਿੰਦਾ ਹੈ। ਬਚਪਨ ਵਿੱਚ ਮਾਂਵਾ ਡਰ ਦਿੰਦੀਆਂ ਹਨ। ਦੁੱਧ ਪੀ ਲੈ ਨਹੀਂ ਤਾਂ ਹਊਆ ਲੈ ਜਾਊਗਾ; ਪੂਰਾ ਬਚਪਨ ਇਸ ਹਊਏ ਦੇ ਆਤੰਕ ਦੀ ਭੇਂਟ ਚੜ੍ਹ ਜਾਂਦਾ ਹੈ। ਹਊਆ ਚੇ ਪਾਸੇ ਬੈਠਾ ਰਹਿੰਦਾ ਹੈ, ਇਹ ਨਾ ਕਰੀ, ਉਹ ਨਾ ਕਰੀਂ, ਉਧਰ ਨਾ ਜਾਵੀਂ, ਹਊਆ ਫੜ ਕੇ ਲੈ ਜਾਏਗਾ। ਨਾ ਦੇਖਿਆ ਨਾ ਸੁਣਿਆ ਪਰ ਹਊਏ ਦਾ ਡਰ ਪੱਕਾ, ਯਕੀਨ ਵਰਗਾ। ਵੱਡੇ ਹੋਏ ਤਾਂ ਹਊਏ ਦੀ ਥਾਂ ਕਾਂਟੋ ਲੈ ਲੈਂਦੀ ਹੈ। ਆਈ ਕਾਟੋ, ਤੇ ਕਾਟੋਂ ਤੋਂ ਡਰਦਾ ਬਚਪਨ ਮਾਂ ਦੀ ਬੁੱਕਲ ਵਿੱਚ ਮੂੰਹ ਲੁਕਾ ਲੇਂਦਾ ਹੈ। ਮਾਂ ਵੀ ਖੁਸ਼ ਤੇ ਕਾਟੋਂ ਵੀ, ਦੋਹਾਂ ਦਾ ਕੰਮ ਇੱਕੋ, ਆਪੋ ਵਿੱਚ ਉਹ ਮਸੇਰ ਧੀਆਂ ਜਾਪਦੀਆਂ ਹਨ ਪਰ ਕਾਟੋਂ, ਕਦੇ ਕਿਸੇ ਕਿਕਰ ਉਪਰ ਜਾ ਬੈਠਦੀ ਹੈ ਤੇ ਕਦੇ ਘਰ ਦੇ ਕਿਸੇ ਹਨੇਰੇ ਖੂੰਜੇ ਵਿੱਚ, ਡਰ ਏਨਾ ਕਿ ਕਾਂਟੋਂ ਦੇ ਨਾਂ ਤੋਂ ਹੀ ਨੀਂਦ ਆ ਜਾਂਦੀ ਹੈ। ਜੇ ਡਰ ਲਗਣਾ ਤਾਂ ਮਾਂ ਨੇ ਕਹਿਣਾ ‘ਵਾਹਿਗੁਰੂ ਵਾਹਿਗੁਰੂ ਕਰੋ’ ਪਰ ਇਹ ਕਾਂਟੋ ਸ਼ਾਇਦ ਵਾਹਿਗੁਰੂ ਤੋਂ ਵੀ ਨਾ ਡਰਦੀ। ਪਰ ਜਿਵੇਂ ਹੀ ਬਚਪਨ ਦੀ ਝੋਲੀ ਚੋਂ ਨਿਕਲਣਾ ਤਾਂ ਵਾਹਿਗੁਰੂ ਦੇ ਅੜਿਕੇ ਜਾ ਚੜ੍ਹਨਾ ਤੇ ਸਾਰੀ ਉਮਰ ਵਾਹਿਗੁਰੂ ਦੇ ਆਤੰਕ ਹੇਠ ਹੀ ਲੰਘ ਜਾਂਦੀ ਹੈ। ਵਾਹਿਗੁਰੂ ਦੀ ਜੇ ਸਮਝ ਆ ਜਾਣੀ ਤਾਂ ਪਾਪ-ਪੁੰਨ ਤੇ ਨਰਕ ਸੁਰਗ ਦਾ ਆਤੰਕ ਘੇਰ ਲੈਂਦਾ ਹੈ। ਇਸ ਆਤੰਕ ਵਿੱਚ ਗ੍ਰਸਿਆ ਬੰਦਾ ਸਾਰੀ ਉਮਰ ਕਦੇ ਬਾਹਮਣ, ਕਦੇ ਭਾਈ ਕਦੇ ਮੌਲਵੀ, ਸੱਭ ਨੂੰ ਪੈਨਸ਼ਨ ਲਾਈ ਰੱਖਦਾ ਹੈ।
ਉਂਜ ਇਸ ਆਤੰਕ ਦੇ ਫਾਇਦੇ ਬੜੇ ਨੇ। ਪਹਿਲਾ, ਗੋਲੀ ਚੱਲੇ ਤੋਂ ਬਿਨਾਂ ਹੀ ਬੰਦਾ ਜ਼ਖ਼ਮੀ ਹੋਇਆ ਰਹਿੰਦਾ ਹੈ। ਦੂਜਾ ਇਸ ਦਾ ਨਿਸ਼ਾਨਾ ਕਦੇ ਬੇਅਸਰ ਨਹੀਂ ਹੁੰਦਾ ਤੇ ਤੀਸਰਾ ਇਹ ਸੱਭ ਤੋਂ ਬਲਵਾਨ ਤੇ ਕਾਰਗਰ ਤਰੀਕਾ ਹੈ ਕਿਸੇ ਨੂੰ ਕਾਬੂ ਵਿੱਚ ਰੱਖਣ ਲਈ ਤੇ ਚੌਥਾ ਕਦੇ ਆਪਣਾ ਨਾਂ ਨਹੀਂ ਆਉਂਦਾ। ਪਤਾ ਨਹੀਂ ਹੀ ਲਗਦਾ ਕਿ ਇਸ ਆਤੰਕ ਦਾ ਮਾਸਟਰਮਾਈਂਡ ਕੌਣ ਸੀ। ਆਖਰੀ ਪਰ ਸ਼ਾਇਦ ਅੰਤਮ ਨਹੀਂ, ਇਹ ਸੱਭ ਤੋਂ ਸੌਖਾ ਤੇ ਸਸਤਾ ਤਰੀਕਾ ਹੈ, ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬਚ ਜਾਂਦੀ ਹੈ।
ਅਮਰੀਕਾ ਇਸ ਹਥਿਆਰ ਦੀ ਕਾਰਗਰ ਵਰਤੋਂ ਕਰਦਾ ਆ ਰਿਹਾ ਹੈ। ਹੁਣ ਤੱਕ, ਏ ਉਹ ਆਪਣੇ ਆਪ ਨੂੰ ਕਾਮਯਾਬ ਤੇ ਸੂਝਵਾਨ ਕੌਮ ਦੇ ਤੌਰ ਤੇ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਕੀ ਦੁਨੀਆ ਤਾਂ ਭੇਡਾਂ ਹੀ ਨੇ। ਪਹਿਲਾਂ ਆਤੰਕ ਪੈਦਾ ਕੀਤਾ, ਰੂਸ ਦੇ ਖਿਲਾਫ, ਜਦੋਂ ਰੂਸ ਵਾਲੀ ਕਹਾਣੀ ਮੁੱਕ ਗਈ ਤਾਂ ਇਰਾਕ ਦੇ ਵਿਰੁਧ ਹੋ ਗਿਆ। ਇਸੇ ਆਤੰਕ ਦੇ ਸਿਰ ਤੇ ਅਮਰੀਕਾ ਨੇ ਬੜੇ ਮੋਰਚੇ ਸਰ ਕੀਤੇ ਹਨ। ਭਾਰਤ ਦੀ ਸਰਕਾਰ ਇਸੇ ਆਤੰਕ ਕਾਰਨ ਹੀ ਹੁਣ ਤੱਕ ਅਮਰੀਕਾ ਦਾ ਪਾਣੀ ਭਰ ਰਹੀ ਹੈ। ਲਾਦੇਨ ਪੈਦਾ ਕੀਤਾ ਆਪ, ਤੇ ਫਿਰ ਮਾਰ ਵੀ ਦਿੱਤਾ ਆਪ, ਆਪੇ ਮੈਂ ਰੱਝੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ, ਇਸ ਲਾਦੇਨ ਦੇ ਆਤੰਕ ਦੇ ਕਾਰਨ ਹੀ ਅਮਰੀਕਾ ਨੇ ਦੁਨੀਆ ਨੂੰ ਆਪਣੀ ਤਕਨੋਲੋਜੀ ਵੇਚੀ ਹੈ। ਹਥਿਆਰ ਵੇਚੇ ਹਨ। ਸੈਟੇਲਾਈਟ ਕਿਰਾਏ ਉਪਰ ਦੇ ਰੱਖੇ ਹਨ। ਜੀ ਪੀ ਐਸ ਕੀ ਹੈ? ਇਹ ਉਹ ਤਕਨੌਲੋਜੀ ਹੈ ਜਿਸ ਦੀ ਮਦਦ ਨਾਲ ਅਮਰੀਕਾ ਆਪਣੇ ਸੈਟੇਲਾਈਟ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਨੂੰ ਖੰਗਾਲ ਸਕਦਾ ਹੈ। ਤਾਂ ਫਿਰ ਕੰਟਰੋਲ ਕਿਸ ਦਾ ਹੈ? ਸਾਡੀਆਂ ਸਰਕਾਰਾਂ ਨੇ ਅਮਰੀਕਾ ਦੇ ਸੈਟੇਲਾਈਟਾਂ ਨੂੰ ਇਜ਼ਾਜ਼ਤ ਦੇ ਰੱਖੀ ਹੈ ਕਿ ਤੁਸੀਂ ਸਾਡੇ ਦੇਸ਼ ਦਾ ਜਿਹੜਾ ਕੋਨਾ ਚਾਹੋ ਦੇਖ ਸਕਦੇ ਹੋ। ਇਹ ਸਾਰੀ ਜਾਣਕਾਰੀ ਅਮਰੀਕਾ ਦੂਜੇ ਦੇਸ਼ਾਂ ਨਾਲ ਸਾਂਝਿਆਂ ਕਰ ਰਿਹਾ ਹੈ। ਜੇ ਇਹੋ ਹਾਲ ਹੈ ਤਾਂ ਅਸੀਂ ਮੂਰਖ਼ ਹਾਂ ਆਪਣੇ ਦੇਸ਼ ਦੇ ਰੱਖਿਆ ਬਜਟ ਉਪਰ ਹਜ਼ਾਰਾਂ ਕਰੋੜਾਂ ਰੁਪਏ ਹਰ ਸਾਲ ਕਰਚ ਕਰੀ ਜਾ ਰਹੇ ਹਾਂ। ਜਦੋਂ ਦੇਸ਼ ਨੂੰ ਲੋੜ ਪੈਣੀ ਹੈ ਉਦੋ ਇਹ ਹਰੇ ਰੰਗ ਦੀ ਬਾਵਰਦੀ ਫੌਜੀ ਤਾਂ ਧਰੇ ਧਰਾਏ ਰਹਿਣ ਜਾਣੇ ਹਨ। ਬੜੇ ਸਟੀਕ ਨਿਸ਼ਾਨੇ ਨਾਲ ਮਿਸਾਇਲਾਂ ਨੇ ਸ਼ਹਿਰਾਂ ਦੇ ਸ਼ਹਿਰ ਉਡਾ ਦੇਣੇ ਹਨ। ਬਹੁਤੀਆਂ ਗੋਲੀਆਂ ਅਤਿ ਆਧੁਨਿਕ ਬੰਦੂਕਾਂ ਟੈਂਕਾਂ ਦੀ ਤਾਂ ਲੋੜ ਹੀ ਨਹੀਂ ਪੈਣੀ ਕਿ ਉਹ ਬਾਹਰ ਕੱਢ ਕੇ ਜੰਗਾਲ ਲਾਹ ਲਈਏ। ਅਮਰੀਕਾ ਨੇ ਲਾਦੇਨ ਨੂੰ ਮਾਰ ਕੇ ਆਪਣੀ ਪਿਠ ਭਲੇ ਹੀ ਥਪਥਪਾਈ ਹੈ ਪਰ ਇਸ ਅਲ ਕਾਇਦਾ ਦੀ ਮਦਦ ਨਾਲ ਉਹ ਪੂਰੇ ਪੱਛਮੀ ਮੱਧ ਏਸ਼ੀਆ ਦੇ ਤੇਲ ਭੰਡਾਰਾਂ ਦੇ ਕੁਬੇਰਾਂ ਦੀਆਂ ਸਲਤਨਤਾਂ ਹਿਲਾਉਣ ਵਿੱਚ ਕਾਮਯਾਬ ਹੋ ਗਿਆ ਹੈ। ਉਸ ਨੇ ਪਹਿਲਾਂ ਇਰਾਕ ਦੇ ਤੇਲ ਖੂਹਾਂ ਉਪਰ ਕਬਜਾ ਕੀਤਾ ਤੇ ਹੁਣ ਬਾਕੀ ਸਾਰੇ ਮੁਸਲਮ ਦੇਸ਼ ਜਿਹਨਾਂ ਵਿੱਚ ਮਿਸਰ, ਯਮਨ ਤੋਂ ਲੈ ਕੇ ਸਾਊਦੀ ਅਰਬ ਤੱਕ ਸਾਰੇ ਦੇਸ਼ਾਂ ਵਿੱਚ ਲੋਕ ਤੰਤਰ ਦੇ ਨਾਂ ਉਪਰ ਨਵੀਆਂ ਸਰਕਾਰਾਂ ਤੇ ਨਵੇਂ ਚਿਹਰੇ ਲਿਆਉਣ ਵਿਚ ਸਫ਼ਲ ਹੋ ਗਿਆ ਹੈ। ਲੋਕ ਤੰਤਰ ਬੜਾ ਵਧੀਆ ਤੰਤਰ ਹੈ ਤੇ ਇਸ ਵਿੱਚ ਦੁਨੀਆਂ ਦੇ ਕਿਸੇ ਵੀ ਵਸੀਲੇ ਤੱਕ ਕਿਸੇ ਵੀ ਹੀਲੇ ਪਹੁੰਚਿਆ ਜਾ ਸਕਦਾ ਹੈ। ਭਾਰਤ ਇਸ ਦੀ ਜੀਦੀ ਜਾਗਦੀ ਮਿਸਾਲ ਹੈ। ਅਮਰੀਕਾ ਕੋਲ ਇੱਕ ਹਊਆ ਹੈ, ਉਹ ਜਿੱਥੇ ਵੀ ਚਾਹੇ ਇਸ ਹਊਏ ਨੂੰ ਤਾਇਨਾਤ ਕਰ ਸਕਦਾ ਹੈ।
ਆਤੰਕ ਦੇ ਇਸ ਹਊਏ ਨੇ ਅਮਰੀਕਾ ਨੂੰ ਆਪਣਾ ਉੱਲੂ ਸਿੱਧਾ ਕਰਨ ਦੇ ਬੜੇ ਰਾਹ ਸੁਝਾਏ ਹਨ। ਘੱਟੋ ਘੱਟ ਅਮਰੀਕਾ ਨੂੰ ਤਾਂ ਕਹਿੰਦੇ ਰਹਿਣਾ ਚਾਹੀਦਾ ਹੈ- ਅਮਰੀਕਾ ਜ਼ਿੰਦਾਬਾਦ।
No comments:
Post a Comment