Tuesday, March 15, 2016

history and truth

ਇਤਿਹਾਸ ਦਾ ਸੱਚ

ਇਤਿਹਾਸ ਦੀਆਂ ਘਟਨਾਵਾਂ ਸਮਾਜਕ ਸੱਚ ਹੁੰਦੀਆਂ ਹਨ ਜੋ ਸਾਡੇ ਆਲੇ ਦੁਆਲੇ ਵਾਪਰਦਾ ਰਹਿੰਦਾ ਹੈ। ਇਨ੍ਹਾਂ ਦੇ ਵਾਪਰਨ ਵਿੱਚ ਬਹੁਤ ਸਾਰੇ ਅਜਿਹੇ ਹਾਲਾਤ ਸਿੱਧੇ ਤੌਰ ਤੇ ਜਿੰਮੇਵਾਰ ਹੁੰਦੇ ਹਨ ਜਿਹੜੇ ਸਾਥੋ ਬਹੁਤੀ ਵਾਰ ਬਾਹਰੇ ਹੁੰਦੇ ਹਨ। ਇਸੇ ਲਈ ਬਹੁਤੀ ਵਾਰੀ ਇਤਿਹਾਸਕ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਨਹੀਂ ਜਾ ਸਕਦਾ। ਇਤਿਹਾਸ ਦੀ ਆਪਣੀ ਹੋਣੀ ਹੁੰਦੀ ਹੈ ਜੋ ਘਟਨਾਵਾਂ ਦਾ ਸਿੱਟਾ ਹੁੰਦੀ ਹੈ। ਚੂੰਕਿ ਘਟਨਾਵਾਂ ਉਪਰ ਸਾਡੀ ਕੋਈ ਵਾਹ ਨਹੀਂ ਜਾਂਦੀ ਇਸ ਲਈ ਅਸੀਂ ਹੋਣੀ ਨੂੰ ਵੀ ਅਕਸਰ ਆਪਣੇ ਤੋਂ ਉੱਪਰ ਮੰਨ ਲੈਂਦੇ ਹਾਂ।

ਇਤਿਹਾਸ ਦੀ ਸਿਰਜਨਾ ਵਿੱਚ ਸਾਡੇ ਪੁਰਖਿਆ ਨੇ ਅਹਿਮ ਭੂਮਿਕਾ ਨਿਭਾਈ ਹੁੰਦੀ ਹੈ। ਉਹ ਆਪਣੇ ਫੈਸਲੇ ਆਪ ਕਰਦੇ ਹਨ ਤੇ ਅਜਿਹਾ ਉਹ ਆਪਣੀ ਸਮਝ ਜਾਂ ਹਾਲਾਤ ਦੀ ਲੋੜ ਤੇ ਮੰਗ ਅਨੁਸਾਰ ਕਰਦੇ ਹਨ। ਸਮਾਜਕ ਸਮਝ ਹਰ ਯੁਗ ਦੇ ਆਰਥਕ ਵਰਤਾਰਿਆਂ ਨਾਲ ਬਦਲਦੀ ਰਹਿੰਦੀ ਹੈ। ਸਮੇਂ ਦਾ ਸੱਚ ਵੀ ਬਦਲਦਾ ਰਹਿੰਦਾ ਹੈ। ਇੱਕ ਦੋ  ਛੋਟੀਆਂ ਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਪਹਿਲੀ ਘਟਨਾ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੇ ਖਾਲਸਾ ਫੌਜ ਦੇ ਯੁੱਧ ਬਾਰੇ ਹੈ। ਯੁੱਧ ਚਾਹੇ ਕਿਹੋ ਜਿਹਾ ਵੀ ਹੋਵੇ ਉਸ ਦੇ ਕੁਝ ਨਿਯਮ ਹੋਇਆ ਕਰਦੇ ਸਨ। ਸੂਰਜ ਦੇ ਚੜ੍ਹਾਅ ਨਾਲ ਲੜਾਈ ਸ਼ੁਰੂ ਹੁੰਦੀ ਸੀ ਤੇ ਸੂਰਜ ਦੇ ਛਿਪਣ ਨਾਲ ਫੌਜਾਂ ਆਪੋ ਆਪਣੇ ਕੈਂਪਾਂ ਵਿੱਚ ਪਰਤ ਜਾਇਆ ਕਰਦੀਆਂ ਸਨ। ਰਾਤ ਨੂੰ ਉਹ ਆਪਣੇ ਫੱਟੜਾਂ ਦੀ ਸਾਂਭ ਸੰਭਾਲ ਕਰਿਆ ਕਰਦੀਆਂ ਸਨ। ਕੋਈ ਇੱਕ ਦੂਸਰੇ ਨੂੰ ਰੋਕਦਾ ਨਹੀਂ ਸੀ। ਜਿਸ ਲੜਾਈ ਦਾ ਜ਼ਿਕਰ ਕਰ ਰਿਹਾ ਹਾਂ, ਉਸ ਦਿਨ ਪੂਰਨ ਸੂਰਜ ਗ੍ਰਹਿਣ ਲੱਗਿਆ, ਸੂਰਜ ਗ੍ਰਹਿਣ ਨਾਲ ਅਚਾਨਕ ਸ਼ਾਮ ਪੈ ਗਈ। ਫੌਜਾਂ ਨੇ ਯੁੱਧ ਰੋਕ ਦਿੱਤਾ, ਸਾਰੇ ਆਪੋ ਆਪਣੇ ਕੈਂਪਾਂ ਵਿੱਚ ਪਰਤ ਗਏ। ਹਨੇਰਾ ਹੋ ਗਿਆ ਸੀ। ਦੋਹਾਂ ਪਾਸਿਆਂ ਨੂੰ ਸਮਝ ਨਹੀਂ ਸੀ ਕਿ ਇਹ ਕਿਉਂ ਹੋਇਆ ਹੈ। ਇਸ ਦਾ ਮੁੱਖ ਕਾਰਨ ਸੀ ਕਿ ਉਸ ਵੇਲੇ ਸੂਰਜ ਗ੍ਰਹਿਣ ਬਾਰੇ ਆਮ ਸਮਝ ਕਿਸੇ ਨੂੰ ਨਹੀਂ ਸੀ। ਅੱਜ ਕਲ੍ਹ ਤੁਸੀਂ ਅਜਿਹਾ ਨਹੀਂ ਕਰੋਗੇ। ਸੂਰਜ ਗ੍ਰਹਿਣ ਨਾਲ ਧਰਤੀ ਉਪਰ ਜ਼ਿੰਦਗੀ ਰੁਕਦੀ ਨਹੀਂ। ਇੱਕ ਉਹ ਸਮੇਂ ਦਾ ਸੱਚ ਸੀ ਤੇ ਇੱਕ ਆਹ ਸਮੇਂ ਦਾ ਸੱਚ ਹੈ। ਗਿਆਨ ਨੇ ਸਾਡੀ ਜ਼ਿੰਦਗੀ ਉਪਰ ਅਸਰ ਕੀਤਾ ਹੈ।

ਦੂਜੀ ਘਟਨਾ ਅਲੈਗਜ਼ੈਂਡਰ ਗਾਰਡਰਨਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਹੈ। ਉਸ ਵੇਲੇ ਅਗਨ ਬੋਟ ਦੀ ਈਜਾਦ ਹੋ ਚੁੱਕੀ ਸੀ। ਅਗਨ ਬੋਟ ਦਾ ਮਤਲਬ ਹੈ ਭਾਫ ਨਾਲ ਚੱਲਣ ਵਾਲੇ ਇੰਜਣ ਦੀ ਮਦਦ ਨਾਲ ਚੱਲਣ ਵਾਲੀ ਕਿਸ਼ਤੀ। ਹੁਣ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਮਹਾਰਾਜੇ ਕੋਲ ਯੂਰਪੀ ਜਰਨੈਲ ਸਨ ਤੇ ਉਹ ਇਹ ਸਮਝਦਾ ਸੀ ਇਹ ਜਰਨੈਲ ਬਹੁਤ ਕਾਬਲ ਤੇ ਉਸ ਸਮੇਂ ਦੇ ਗਿਆਨ- ਵਿਗਿਆਨ ਤੋਂ ਜਾਣੂ ਹਨ। ਮਹਾਰਾਜੇ ਨੇ ਗਾਰਡਨਰ ਨੂੰ ਇਸ ਵਾਸਤੇ ਹੁਕਮ ਦਿਤਾ ਕਿ ਉਹ ਅਗਨ ਬੋਟ ਬਣਾ ਕੇ ਦਿਖਾਵੇ। ਗਾਰਡਨਰ ਮਹਾਰਾਜੇ ਦਾ ਹੁਕਮ ਟਾਲ ਨਹੀਂ ਸੀ ਸਕਦਾ। ਜਿੰਨੇ ਪੈਸੇ ਉਸ ਨੇ ਇਸ ਵਾਸਤੇ ਮੰਗੇ ਮਹਾਰਾਜੇ ਨੇ ਉਸ ਨੂੰ ਪੁਚਾ ਦਿਤੇ। ਫੈਸਲਾ ਹੋਇਆ ਕਿ ਮਹਾਰਾਜਾ ਰਾਵੀ ਨਦੀ ਵਿੱਚ ਇਸ ਕਿਸ਼ਤੀ ਨੂੰ ਚਲਦੀ ਦੇਖਣਗੇ। ਦਿਨ ਮਿੱਥ ਲਿਆ ਗਿਆ। ਹੁਣ ਗਾਰਡਨਰ ਲਿਖਦੇ ਹਨ ਕਿ ਅਗਨਬੋਟ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਸੋ ਮੌਕਾ ਸੰਭਾਲਣ ਲਈ ਉਸ ਨੇ ਇੱਕ ਅਜਿਹੀ ਕਿਸ਼ਤੀ ਬਣਾਈ ਜਿਸ ਉਪਰ ਇੱਕ ਚਿਮਨੀ ਬਣੀ ਹੋਈ ਸੀ ਤੇ ਕਿਸ਼ਤੀ ਦੇ ਅੰਦਰ ਅੱਗ ਬਾਲ ਕੇ ਧੂੰਆ ਪੈਦਾ ਕੀਤਾ ਜਾਣਾ ਸੀ। ਗਾਰਡਰਨ ਲਿਖਦਾ ਹੈ ਕਿ ਉਸ ਨੇ ਕਿਸ਼ਤੀ ਵਿੱਚ ਲੁਕਾ ਕੇ ਅਜਿਹੇ ਮਲਾਹ ਰੱਖਦੇ ਸਨ ਜਿਹੜੇ ਪੈਡਲ ਮਾਰ ਕਰੇ ਕਿਸ਼ਤੀ ਨੂੰ ਚਲਾਉਣ ਦੀ ਕੋਸ਼ਿਸ਼ ਕਰਨਗੇ। ਮਿੱਥੇ ਦਿਨ ਮਹਾਰਾਜਾ ਪੂਰੀ ਸ਼ਾਨ ਸ਼ੌਕਤ ਨਾਲ ਰਾਵੀ ਨਦੀ ਦੇ ਕਿਨਾਰੇ ਪਹੁੰਚਿਆ। ਝੰਡੀ ਹਿਲਾ ਕੇ ਕਿਸ਼ਤੀ ਨੂੰ ਇਸ਼ਾਰਾ ਕੀਤਾ ਗਿਆ, ਅੱਗ ਬਾਲੀ ਗਈ ਤੇ ਧੂੰਆਂ ਵੀ ਨਿਕਲਿਆ ਪਰ ਕਿਸ਼ਤੀ ਕੁਝ ਫਰਲਾਂਗ ਹੀ ਜਾ ਸਕੀ। ਪਰ ਇੰਨੇ ਨਾਲ ਮਹਾਰਾਜਾ ਖੁਸ਼ ਹੋ ਗਿਆ। ਉਸ ਨੇ ਗਾਰਡਨਰ ਨੂੰ ਇਸ ਵਾਸਤੇ ਇਨਾਮ ਵੀ ਦਿਤਾ। ਇਸ ਘਟਨਾ ਦਾ ਜ਼ਿਕਰ ਗਾਰਡਨਰ ਦੀ ਜੀਵਨੀ ਵਿੱਚ ਮਿਲਦਾ ਹੈ। ਇੱਕ ਉਹ ਸਮਾਂ ਸੀ ਜਦੋਂ ਮਹਾਰਾਜਾ ਨਵੀਂ ਤਕਨੀਕ ਵਾਸਤੇ ਤਰਲੋ-ਮੱਛੀ ਹੋ ਰਿਹਾ ਸੀ ਤੇ ਇੱਕ ਇਹ ਸਮਾਂ ਹੈ ਜਦੋਂ ਬੱਚਾ ਬੱਚਾ ਜਾਣਦਾ ਹੈ ਕਿ ਭਾਫ ਵਾਲਾ ਇੰਜਣ ਕਿਵੇਂ ਚੱਲਦਾ ਹੈ।

ਇੱਕ ਹੋਰ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ। ਇਤਿਹਾਸ ਨੂੰ ਅਸੀਂ ਰਾਜਿਆਂ ਮਹਾਰਾਜਿਆਂ ਦੇ ਹਵਾਲੇ ਨਾਲ ਪੜ੍ਹਦੇ ਹਾਂ। ਇਸ ਦਾ ਕਾਲਖੰਡ ਰਾਜਿਆ – ਮਹਾਰਾਜਿਆਂ ਦੇ ਜੀਵਨ ਕਾਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਿਵੇਂ ਅਸੀਂ ਮੁਗ਼ਲ ਕਾਲ ਨੂੰ ਮੁਗ਼ਲ ਬਾਦਸ਼ਾਹਾਂ ਦੇ ਨਾਂ ਨਾਲ ਜਾਣਦੇ ਹਾਂ। ਉਸ ਤੋਂ ਪਹਿਲਾਂ ਸਾਨੂੰ ਮੁਸਲਮਾਨ ਸਲਤਨਤਾਂ ਤੇ ਉਸ ਤੋਂ ਵੀ ਪਿੱਛੇ ਅਸੀਂ ਅਸ਼ੋਕ ਦੇ ਕਾਲ ਨਾਲ ਭਾਰਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ। ਇਹਨਾਂ ਰਾਜਿਆਂ ਦੇ ਆਉਣ ਜਾਣ ਨਾਲ ਇਤਿਹਾਸ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ। ਜਿਵੇਂ ਲੋਕ ਬਾਬਰ ਦੇ ਸਮੇਂ ਵਿੱਚ ਜੀਂਦੇ ਸਨ ਉਸੇ ਤਰ੍ਹਾਂ ਹੀ ਔਰੰਗਜ਼ੇਬ ਦੇ ਸਮੇਂ ਵਿੱਚ ਜੀਵਨ ਹੰਢਾ ਰਹੇ ਸਨ। ਕਰ ਪ੍ਰਣਾਲੀ ਇੱਕੋ ਜਿਹੀ ਸੀ। ਜਦੋਂ ਕਿਤੇ ਬਗਾਵਤ ਹੁੰਦੀ ਤਾਂ ਸਾਰੀ ਸ਼ਾਹੀ ਉਸ ਪਾਸੇ ਹੋ ਜਾਂਦੀ। ਨਿਆ ਪ੍ਰਣਾਲੀ ਤੋਂ ਵੀ ਲੋਕ ਵਾਕਫ ਸਨ। ਇਸ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਸੀ ਹੋਈ। ਜਨ ਸਧਾਰਨ ਚੁੱਲ੍ਹੇ ਚੌਂਕੇ ਤੋਂ ਬਾਜ਼ਾਰ ਤੱਕ ਦਾ ਸਫਰ ਇੱਕੋ ਜਿਹੇ ਤਰੀਕਿਆਂ ਨਾਲ ਹੀ ਕਰਦਾ ਸੀ।

ਮੁਗ਼ਲਾਂ ਤੋਂ ਬਾਦ ਸਿੱਖ ਮਿਸਲਾਂ ਪੰਜਾਬ ਉਪਰ ਕਾਬਜ ਹੋਈਆਂ ਤਾਂ ਉਹੋ ਕਰ ਪ੍ਰਣਾਲੀ ਜਿਹੜੀ ਅਕਬਰ ਦੇ ਸਮੇਂ ਸੀ ਉਸੇ ਤਰ੍ਹਾਂ ਹੀ ਚਲੱਦੀ ਰਹੀ। ਇਸ ਵਿੱਚ ਯੁੱਗ ਪਲਟਾਉਣ ਦਾ ਕੰਮ ਬੰਦਾ ਬਹਾਦਰ ਨੇ ਕੀਤਾ ਜਿਸ ਨੇ ਵਾਹੀਕਾਰਾਂ ਨੂੰ ਮੁਜ਼ਾਰਿਆਂ ਤੋਂ ਮਾਲਕ ਬਣਾ ਦਿਤਾ ਤੇ ਐਲਾਨ ਕੀਤਾ ਕਿ ਜਿੰਮੀਦਾਰ ਆਪਣੀ ਜ਼ਮੀਨ ਦਾ ਮਾਲਕ ਮੰਨਿਆ ਜਾਵੇਗਾ। ਭਾਵ ਉਸ ਨੂੰ ਟੈਕਸ ਭਰਨ ਦੀ ਕੋਈ ਲੋੜ ਨਹੀਂ। ਇਹ ਬਹੁਤ ਵੱਡੀ ਤਬਦੀਲੀ ਸੀ। ਉਸ ਨੇ ਸਦੀਆਂ ਤੋਂ ਚੱਲੀ ਆਉਂਦੀ ਰਵਾਇਤ ਤੋੜ ਦਿੱਤੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਬੰਦਾ ਬਹਾਦਰ ਵੱਲੋਂ ਚਲਾਈ ਰਵਾਇਤ ਦੀ ਥਾਂ ਪੁਰਾਣੀ ਪ੍ਰੰਪਰਾ ਨੂੰ ਹੀ ਪ੍ਰਵਾਨਗੀ ਦਿੱਤੀ ਤੇ ਮੁਗ਼ਲਾਂ ਦੇ ਸਮੇਂ ਦੀ ਕਰ ਪ੍ਰਣਾਲੀ ਨੂੰ ਬਹਾਲ ਰੱਖਿਆ। ਇਸ ਕਾਲ ਵਿੱਚ ਰਾਜੇ ਮਹਾਰਾਜੇ ਆਪਣੀ ਪਰਜਾ ਤੋਂ ਅਥਾਹ ਦੌਲਤ ਇੱਕਠੀ ਕਰ ਰਹੇ ਸਨ। ਅਲੈਗਜ਼ੈਂਡਰ ਗਾਰਡਨਰ ਜੋ ਮਹਾਰਾਜਾ ਰਣਜੀਤ ਸਿੰਘ ਦਾ ਯੂਰੋਪੀ ਜਰਨੈਲ ਸੀ, ਇੱਕ ਥਾਂ ਲਿਖਦਾ ਹੈ ਕਿ ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਲਾਹੋਰ ਉਪਰ ਕਬਜ਼ਾ ਕੀਤਾ ਤਾਂ ਗਾਰਡਨਰ ਕਿਲ ਸ਼ਾਹੀ ਕਿਲੇ ਦੀ ਸੁਰਖਿਆ ਦੀ ਜ਼ਿੰਮੇਵਾਰੀ ਸੀ ਤੇ ਜਿਸ ਕਮਰੇ ਚੋਂ ਉਹ ਬਾਹਰ ਗੋਲੀਆਂ ਚਲਾ ਰਹੇ ਸਨ ਉਸ ਵਿੱਚ ਗੋਡਿਆਂ ਤੱਕ ਸੋਨੇ ਦੀਆਂ ਮੋਹਰਾਂ ਦੇ ਢੇਰ ਲੱਗੇ ਹੋਏ ਸਨ।

ਮਹਾਰਾਜਾ ਦੀ ਫੌਜ ਬਾਰੇ ਵੀ ਬੜੀ ਹੀ ਰੋਚਕ ਜਾਣਕਾਰੀ ਸਾਹਮਣੇ ਆਉਂਦੀ ਹੈ। ਜਦੋਂ ਮਿਸਲਾਂ ਦਾ ਮੁੱਢ ਬੱਝਿਆ ਤਾਂ ਆਮ ਸਿਪਾਹੀ ਦੀ ਪਛਾਣ ਉਸ ਦੇ ਘੋੜੇ ਤੇ ਉਸ ਦੇ ਸ਼ਸਤਰ ਤੋਂ ਹੁੰਦੀ ਸੀ। ਖਾਲਸਾ ਫੌਜ ਕੋਲ ਚੰਗੇ ਘੋੜੇ ਸਨ ਤੇ ਨੇਜ਼ਾ ਤੇ ਕ੍ਰਿਪਾਨ ਉਸ ਦੇ ਹਥਿਆਰ ਸਨ। ਮਿਸਲਾਂ ਤੋਂ ਬਾਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਕਮਾਨ ਆਪਣੇ ਹੱਥ ਵਿੱਚ ਲਈ ਤਾਂ ਉਸ ਦੀ ਜ਼ਿਆਦਾਤਰ ਫੌਜ ਘੁੜਸਵਾਰ ਸੀ। ਘੋੜਸਵਾਰ ਹੋਣਾ ਬਹੁਤ ਲਾਹੇਵੰਦਾ ਹੁੰਦਾ ਹੈ। ਇਹ ਉਸ ਦੀ ਸੁਰਖਿਆ ਤੇ ਦੁਸ਼ਮਣ ਨੂੰ ਹੇਠਾਂ ਸੁੱਟ ਕੇ ਉਨ੍ਹਾਂ ਉਪਰ ਭਾਰੂ ਹੋਣ ਵਿੱਚ ਮਦਦ ਕਰਦਾ ਹੈ। ਇਹ ਫੌਜ ਰੈਗੂਲਰ ਫੌਜ ਨਹੀਂ ਸੀ। ਇਸ ਦਾ ਮਤਲਬ ਖਾਲਸਾ ਫੌਜ ਤਨਖਾਹਦਾਰ ਫੌਜ ਨਹੀਂ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕਰ  ਲਈ ਤੇ ਉਸ ਨੇ ਰੋਪੜ ਵਿਖੇ ਅੰਗਰੇਜ਼ੀ ਫੌਜ ਦੀ ਕਵਾਇਦ ਦੇਖੀ ਤਾਂ ਉਸ ਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਖਾਲਸਾ ਫੌਜ ਨੂੰ ਵੀ ਇਸੇ ਤਰ੍ਹਾਂ ਅਨੁਸ਼ਾਸ਼ਤ ਕੀਤਾ ਜਾਵੇ। ਇੱਕ ਸੂਬਦਾਰ ਦੀ ਭਰਤੀ ਕੀਤੀ ਗਈ ਜਿਸ ਦੇ ਜਿੰਮੇ ਖਾਲਸਾ ਫੌਜ ਦੀ ਟਰੇਨਿੰਗ ਦਾ ਕੰਮ ਲਾਇਆ ਗਿਆ। ਪਰ ਖਾਲਸਾ ਫੌਜ ਇਸ ਵਾਸਤੇ ਤਿਆਰ ਨਾ ਹੋਈ। ਮਹਾਰਾਜਾ ਫੌਜ ਨੂੰ ਵਰਦੀ ਵਿੱਚ ਦੇਖਣਾ ਚਾਹੁੰਦਾ ਸੀ ਪਰ ਖਾਲਸਾ ਫੌਜ ਤਾਂ ਖੁਦਮੁਖਤਿਆਰ ਸੀ ਇਹ ਕਦੋਂ ਕਿਸੇ ਦੇ ਥੱਲੇ ਲਗਦੀ। ਮਹਾਰਾਜਾ ਚਾਹੁੰਦਾ ਸੀ ਕਿ ਉਸ ਦੀ ਫੌਜ ਵਿੱਚ ਵੀ ਪੈਦਲ ਸੈਨਿਕ ਹੋਣ ਪਰ ਖਾਲਸਾ ਫੌਜ ਤਾਂ ਘੋੜ-ਸਵਾਰੀ ਦਾ ਸ਼ੌਕ ਰੱਖਦੀ ਸੀ। ਇਥੇ ਖਾਲਸਾ ਫੌਜ ਤੋਂ ਭਾਵ ਹੈ ਅਕਾਲੀ ਫੌਜ ਜੋ ਜੱਥੇਦਾਰ ਫੂਲਾ ਸਿੰਘ ਦੀ ਅਗਵਾਈ ਵਿੱਚ ਰਹਿੰਦੇ ਸਨ ਤੇ ਜਾਗੀਰਦਾਰਾਂ ਦੀ ਫੌਜ ਜੋ ਲੋੜ ਪੈਣ ਉਪਰ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ। ਹਾਰ ਕੇ ਮਹਾਰਾਜਾ ਨੇ ਪੂਰਬੀਆਂ ਨੂੰ ਭਰਤੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਪੂਰਬੀਏ ਬੰਗਾਲ-ਬਿਹਾਰ-ਉੱਤਰ ਪ੍ਰਦੇਸ਼ ਦੀ ਤਰਾਈ ਚੋਂ ਆਏ ਹੋਏ ਸੈਨਿਕ ਸਨ ਜਿਹੜੇ ਭਰਤੀ ਤਾਂ ਈਸਟ ਇੰਡੀਆ ਕੰਪਨੀ ਵਿੱਚ ਹੋਏ ਪਰ ਕਿਸੇ ਕਾਰਨ ਇਹ ਫੌਜ ਚੋਂ ਬਾਹਰ ਹੋ ਗਏ। ਮਹਾਰਾਜੇ ਨੇ ਇਨ੍ਹਾਂ ਵਾਸਤੇ ਆਪਣੇ ਦਰਵਾਜ਼ੇ ਖੋਲ੍ਹ ਦਿਤੇ।

ਇਨ੍ਹਾਂ ਤੋਂ ਮਹਾਰਾਜੇ ਨੇ ਪੈਦਲ ਸੈਨਾ ਤਿਆਰ ਕਰਨੀ ਸ਼ੁਰੂ ਕੀਤੀ। ਪੈਦਲ ਫੌਜ ਨੂੰ ਨਗਦ ਤਨਖਾਹ ਦਿਤੀ ਜਾਂਦੀ ਸੀ ਜਦੋਂ ਕਿ ਦੂਜਿਆਂ ਨੂੰ ਜਾਗੀਰਾਂ ਜਾਂ ਇਨਾਮ ਆਦਿ ਹੀ ਮਿਲਦੇ ਸਨ। ਪੂਰਬੀਆਂ ਦੀ ਇਸ ਫੌਜ ਨੂੰ ਹਰ ਤਰ੍ਹਾਂ ਦੀ ਕਵਾਇਦ ਕਰਨ ਦੀ ਟਰੇਨਿੰਗ ਦਿਤੀ ਜਾਣੀ ਸ਼ੁਰੂ ਕੀਤੀ। ਪਹਿਲਾਂ ਪਹਿਲ ਸਿੱਖ ਪੈਦਲ ਫੌਜ ਵਿੱਚ ਭਰਤੀ ਹੋਣ ਤੋਂ ਨਫਰਤ ਕਰਦੇ ਸਨ ਪਰ ਬਾਦ ਵਿੱਚ ਦੇਖਾ ਦੇਖੀ ਤੇ ਨਗਦ ਤਨਖਾਹ ਦੇ ਲਾਲਚ ਨਾਲ ਸਿੱਖਾਂ ਨੇ ਵੀ ਖਾਲਸਾ ਫੌਜ ਵਿੱਚ ਸ਼ਾਮਲ ਹੋਣਾ ਮੰਨ ਲਿਆ। ਇਸ ਤਰ੍ਹਾਂ ਮਹਾਰਾਜੇ ਨੇ ਅੰਗਰੇਜ਼ਾਂ ਦੇ ਮੁਕਾਬਲੇ ਇੱਕ ਵੱਡੀ ਫੌਜ ਖੜ੍ਹੀ ਕਰ ਲਈ। ਇਸ ਸਾਰੇ ਹਵਾਲੇ ਲਈ ਖਾਲਸਾ ਫੌਜ ਦਾ ਇਤਿਹਾਸ ਦੇਖਿਆ ਜਾ ਸਕਦਾ ਹੈ।

ਹੁਣ ਇਹ ਇਤਿਹਾਸ ਦਾ ਸੱਚ ਹੈ। ਸਾਨੂੰ ਇਸ ਉਪਰ ਮਾਣ ਕਰਨਾ ਚਾਹੀਦਾ ਹੈ। ਪਰ ਇਸ ਦਾ ਬੋਝ ਨਹੀਂ ਢੋਣਾ ਚਾਹੀਦਾ। ਇਸ ਨੂੰ ਆਪਣੇ ਮੋਢਿਆਂ ਉਪਰ ਚੁੱਕੀ ਫਿਰਨਾ ਕੋਈ ਸਿਆਣਪ ਨਹੀਂ। ਇਸ ਨੂੰ ਇਤਿਹਾਸ ਹਵਾਲੇ ਕਰ ਦੇਣਾ ਚਾਹੀਦਾ ਹੈ। ਅਜਾਇਬ ਘਰਾਂ ਵਿੱਚ ਸਾਂਭ ਦੇਣਾ ਚਾਹੀਦਾ ਹੈ। ਇਸ ਬਾਰੇ ਕਿਸੇ ਵੀ ਹੇਠੀ ਜਾਂ ਸ਼ਰਮਿੰਦਗੀ ਦਾ ਰੁਖ ਨਹੀ ਰੱਖਣਾ ਚਾਹੀਦਾ। ਇਤਿਹਾਸ ਬਹੁਤ ਸੋਹਣਾ ਹੈ, ਸੁੰਦਰ ਹੈ, ਸਾਂਭਣ ਯੋਗ ਹੈ ਪਰ ਅੱਜ ਅਸੀਂ ਆਪਣੇ ਇਤਿਹਾਸ ਦੇ ਰਚੇਤਾ ਆਪ ਹਾਂ। ਸਾਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਆਪਣੀ ਬੁਧੀ ਸਿਆਣਪ ਨਾਲ ਕਰਨੇ ਚਾਹੀਦੇ ਹਨ। ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਆਪਣੇ ਕੰਮਾਂ ਵਿੱਚ ਸੁਧਾਰ ਲਿਆਉਣੇ ਚਾਹੀਦੇ ਹਨ।


ਇਤਿਹਾਸ ਉਪਰ ਬਹੁਤੀ ਕਿੰਤੂ ਪਰਤੂੰ ਨਹੀਂ ਕਰਨੀ ਚਾਹੀਦੀ। ਜਿਵੇਂ ਹੈ ਉਸੇ ਤਰ੍ਹਾਂ ਉਸ ਨੂੰ ਸੰਭਾਲ ਲੈਣਾ ਚਾਹੀਦਾ ਹੈ। ਇਤਿਹਾਸਕ ਸਰੋਤ ਸਾਡੀ ਬਹੁ-ਕੀਮਤੀ ਵਰਾਸਤ ਤੇ ਅਮਾਨਤ ਹਨ। ਸਾਨੂੰ ਇਨ੍ਹਾਂ ਨੂੰ ਸੰਭਾਲ ਕੇ ਅੱਗੇ ਤੁਰਨਾ ਚਾਹੀਦਾ ਹੈ। ਜੇ ਅੱਜ ਦਾ ਸੱਚ ਵਿਗਿਆਨ ਦਾ ਸੱਚ ਹੈ, ਸਰਮਾਇਆਦਾਰੀ ਦੀ ਵਿਵਸਥਾ ਦਾ ਸੱਚ ਹੈ ਤਾਂ ਸਾਨੂੰ ਇਸੇ ਅਨੁਸਾਰ ਅੱਗੇ ਵਧਣਾ ਚਾਹੀਦਾ ਹੈ। 

No comments:

Post a Comment