Wednesday, November 26, 2014

ਇਕ ਨਜ਼ਮ

ਇਕ ਨਜ਼ਮ


ਗੁਰਦੀਪ ਸਿੰਘ

ਮੈਂ ਤੇਰੇ ਸ਼ਹਿਰ ਨੂੰ ਹੁਣ ਅਲਵਿਦਾ ਆਖਾਂ ਕਿਵੇਂ ਆਖਾਂ
ਇਹ ਤੇਰਾ ਸ਼ਹਿਰ ਮੇਰੇ ਨਫਸ ਅੰਦਰ ਘੁਲ ਗਿਆ ਹੈ
ਤੇ ਤੇਰੇ ਸ਼ਹਿਰ ਦੇ ਸੰਘਣੇ ਹਨੇਰੇ ਨਾਲ ਹੀ ਜੋ ਘੁਲ ਰਿਹਾ ਸੀ
ਉਹ ਚਾਨਣ ਤੇਰੀਆਂ ਗਲੀਆਂ
ਚ ਆ ਕੇ ਰੁਲ ਗਿਆ ਹੈ
ਹਨੇਰੇ ਨਾਲ ਘੁਲਦਾ ਕੀਚਰਾਂ ਬਣਿਆ ਪਿਆ ਸੂਰਜ
ਤੇ ਉਸ ਨੂੰ ਆਖਦੇ ਹੋ ਜੁਗਨੂੰਆਂ ਦੀ ਜੂਨ ਪੈ ਜਾਵੇ
ਜਿਹਦੇ ਤੋਂ ਤ੍ਰਭਕਦੇ ਸਨ ਪੂਰੇ ਅੰਬਰ ਦੇ ਸਿਤਾਰੇ ਵੀ
ਉਹ ਟਿਮ ਟਿਮ ਤਾਰਿਆਂ ਵਾਂਗੂ ਹੀ ਦਿੱਸੇ ਜੇ ਨਜ਼ਰ ਆਵੇ
ਕਿ ਆਦਤ ਪੈ ਗਈ ਹੈ ਹੁਣ ਹਨੇਰੇ ਦੀ ਹਨੇਰੇ ਤੋਂ
ਹਨੇਰੇ ਵਿੱਚ ਰਹਿ ਕੇ ਜੀਣ ਦੀ ਜਾਗਣ ਦੀ ਤੇਰੇ ਤੋਂ
ਮੇਰੇ ਚਾਨਣ ਦਾ ਸੂਰਜ ਕਿਣਕਿਆਂ ਦੇ ਵਾਂਗ ਖਿੰਡਿਆ ਹੈ
ਹੈ ਕਿਹੜੇ ਵਕਤ ਦੀ ਬਹੁਕਰ ਜੋ ਸੁੰਬਰ ਕੇ ਤਾਂ ਹੀ ਆਵੇ
ਮੈਂ ਤੇਰੇ ਸ਼ਹਿਰ ਨੂੰ ਹੁਣ ਅਲਵਿਦਾ ਆਖਾਂ ਕਿਵੇਂ ਆਖਾਂ
ਕਿ ਤੇਰੇ ਸ਼ਹਿਰ ਦੀ ਮਿੱਟੀ ਚ ਸੂਰਜ ਖੁਰ ਗਿਆ ਹੈ
ਸੁਨਹਿਰੀ ਧੂੜ ਬਣ ਕੇ ਸ਼ਹਿਰ ਦੇ ਪੈਰਾਂ ਚ
ਖਿੰਡਿਆ ਹੈ
ਸੁਨਹਿਰੀ ਰੰਗ ਦ ਸੁਪਨੇ ਬੜੇ ਚੰਗੇ ਬੜੇ ਸੋਹਣੇ
ਬੜੇ ਹੀ ਮਾਣ ਮੱਤੇ ਲਫਜ਼ ਜੋ ਬਣਦੇ ਮਾਣ ਇਨ੍ਹਾਂ ਦਾ
ਮਗ਼ਰ ਉਹ ਕੀਚਰਾਂ ਬਣ ਕੇ ਜੇ ਪੈਰਾਂ ਹੇਠ ਚੁਭਦੇ ਹਨ
ਤਾਂ ਬਾਗ਼ੀ ਹਨ, ਤੇ ਪੂਰੇ ਸ਼ਹਿਰ ਦੇ ਪੈਰਾਂ ਨੂੰ ਖਤਰਾ ਜਪਦੇ ਹਨ
ਸ਼ਹਿਰ ਦੇ ਕਾਜ਼ੀਆਂ ਨੂੰ ਵੀ ਹੈ ਆਉਂਦੀ ਬੂ ਬਗ਼ਾਵਤ ਦੀ
ਤੇ ਫਿਰ ਐਲਾਨ ਹੁੰਦਾ ਹੈ ਕਿ ਪੂਰੇ ਸ਼ਹਿਰ ਦੇ ਪੈਰਾਂ
ਵਿਛਾਵੋ ਕਾਲੀਨ ਨਫਰਤ ਦਾ ਹਨੇਰੇ ਦਾ
ਹਨੇਰੇ ਤੋਂ ਸਿਵਾ ਇਸ ਸ਼ਹਿਰ ਨੂੰ ਹੁਣ ਕੁਝ ਨਹੀਂ ਭਾਉਂਦਾ
ਤੇ ਕਰਨੀ  ਪੈ ਰਹੀ ਹੈ ਪਹੁ ਫੁਟਾਲਾ ਦੀ ਉਡੀਕ
ਮੈਂ ਤੇਰੇ ਸ਼ਹਿਰ ਨੂੰ ਅਲਵਿਦਾ ਆਖਾਂ ਕਿਵੇਂ ਆਖਾਂ।

1 comment: