Saturday, August 16, 2014

ਰੱਬ ਦੀ ਗੱਲ – ਭਾਗ ਦੋ




(ਆਪਣੇ ਇਸ ਲੇਖ ਵਿੱਚ ਮੈਂ ਵਿਗਿਆਨਕ ਨਿਯਮਾਂ ਦੀ ਵਿਆਖਿਆ ਦਲੀਲ ਉਸਾਰਨ ਵਾਸਤੇ ਇਕ ਸਧਾਰਨ ਲੇਖਕ ਵੱਜੋਂ ਕੀਤੀ ਹੈ, ਇਸ ਦਾ ਭਾਵ ਤਕਨੀਕੀ ਪ੍ਰੀਭਾਸ਼ਾ ਤੇ ਵਿਆਖਿਆ ਨਾਲ ਮਿਲਦਾ ਜੁਲਦਾ ਹੀ ਰੱਖਿਆ ਗਿਆ ਹੈ।)

ਮਨੁੱਖ ਦੀ ਸੋਝੀ ਦੇ ਨਾਲ ਸੂਝ ਨੇ ਵਿਕਾਸ ਕੀਤਾ। ਸੂਝ ਨੇ ਮਨੁੱਖ ਨੂੰ ਇਸ ਕਾਬਲ ਬਣਾਇਆ ਕਿ ਉਹ ਵਤੀਰਿਆਂ ਤੇ ਵਸੀਲਿਆਂ ਦੀ ਵਿਆਖਿਆ ਕਰ ਸਕੇ। ਵਸੀਲਿਆਂ ਦੀ ਵਿਆਖਿਆ ਚੋਂ ਸਮਾਜਕ ਸਗੰਠਨ ਪੈਦਾ ਹੋਇਆ ਤੇ ਵਤੀਰਿਆਂ ਦੀ ਵਿਆਖਿਆ ਚੋਂ ਧਰਮ ਦੀ ਉਤਪਤੀ ਹੋਈ। ਵਤੀਰੇ ਜੋ ਸਮਝ ਆ ਸਕੇ ਉਹ ਕੁਦਰਤੀ ਮੰਨ ਲਏ ਗਏ ਤੇ ਜੋ ਸਮਝ ਨਾ ਆ ਸਕੇ ਉਨ੍ਹਾਂ ਦੀ ਵਿਆਖਿਆ ਗੈਰ ਕੁਦਰਤੀ ਵਤੀਰਿਆਂ ਵੱਜੋਂ ਕੀਤੀ ਗਈ ਜੋ ਆਮ ਤੌਰ ਤੇ ਲੋਕਾਂ ਵੱਲੋਂ ਅਪਣਾ ਲਈ ਗਈ।

ਗੈਰ ਕੁਦਰਤੀ ਵਤੀਰਿਆਂ ਨੂੰ ਕਿੰਤੂ ਪਰਤੂੰ ਦੇ ਘੇਰੇ ਤੋਂ ਦੂਰ ਰੱਖਿਆ ਗਿਆ। ਇਸ ਬਾਰੇ ਜੋ ਕਿਹਾ ਗਿਆ, ਭਾਵ ਜੋ ਕਿਸੇ ਸਿਆਣੇ ਨੇ ਕਿਹਾ ਉਹ ਪਰਵਾਨ ਕਰ ਲਿਆ ਤੇ ਉਸ ਨੂੰ ਵਿਸ਼ਵਾਸ ਨਾਲ ਬੰਨ੍ਹ ਦਿਤਾ ਗਿਆ। ਇਸ ਦਾਇਰੇ ਵਿੱਚ ਸੱਭ ਤੋਂ ਪਹਿਲਾ ਸਵਾਲ ਮੌਤ ਦਾ ਆਇਆ। ਮਨੁੱਖ ਕਿਉਂ ਮਰ ਜਾਂਦਾ ਹੈ? ਉਹ ਮਰ ਕੇ ਕਿੱਥੇ ਜਾਂਦਾ ਹੈ? ਅਚੰਭੇ ਵਾਲੀ ਗੱਲ ਸੀ ਕਿ ਹੁਣੇ ਤਾਂ ਉਹ ਬੋਲਦਾ ਸੀ, ਹੁਣੇ ਉਹ ਬੋਲ ਨਹੀਂ ਸਕਦਾ। ਮੌਤ ਦੀ ਪੂਰੀ ਪ੍ਰਕ੍ਰਿਆ ਦੀ ਵਿਆਖਿਆ ਗੈਰ ਕੁਦਰਤੀ ਸਰੋਤਾਂ ਤੋਂ ਆਈ ਹੀ ਮੰਨ ਲਈ ਗਈ ਜੋ ਹਾਲੇ ਤੱਕ ਪ੍ਰਚਲਤ ਹੈ। 

ਇਕ ਗੱਲ ਹੋਰ ਸਮਝੇ ਜਾਣ ਵਾਲੀ ਹੈ। ਜ਼ਿੰਦਗੀ ਵਿੱਚ ਸਿਰਫ ਓਹੀ ਗੱਲਾਂ ਆਪਣੀ ਪ੍ਰਵਾਨਗੀ ਤੋਂ ਬਾਦ ਲੰਮੀ ਉਮਰ ਹੰਢਾਉਂਦੀਆਂ ਹਨ ਜੋ ਜੀਵਨ ਨੂੰ ਸਮੁੱਚੇ ਤੋਰ ਤੇ ਪ੍ਰਭਾਵਤ ਕਰਦੀਆਂ ਹਨ। ਮੌਤ ਦਾ ਸੱਚ ਤੇ ਵਿਆਖਿਆ ਦੀ ਉਮਰ ਕਈ ਹਜ਼ਾਰ ਸਾਲ ਹੈ ਤੇ ਇਹ ਹਾਲੇ ਵੀ ਇਕ ਵਿਆਪਕ ਸੱਚ ਸਮਝਿਆ ਜਾਂਦਾ ਹੈ। ਵਿਗਿਆਨ ਜਾਣਦਾ ਹੈ ਕਿ ਮੌਤ ਕਿਉਂ ਹੁੰਦੀ ਹੈ। ਉਹ ਇਸ ਬਾਰੇ ਆਪਣੇ ਪ੍ਰਯੋਗ ਕਰ ਚੁੱਕਾ ਹੈ। ਮੌਤ ਜ਼ਿੰਦਗੀ ਨੂੰ ਜਾਰੀ ਰੱਖਣ ਵਾਲੀਆਂ ਪ੍ਰਕ੍ਰਿਆਵਾਂ ਦੀ ਅਣਹੋਂਦ ਦੀ ਹੀ ਇਕ ਅਵਸਥਾ ਹੈ। ਜਦ ਤਕ ਜ਼ਿੰਦਗੀ ਹੈ ਮੌਤ ਨਹੀਂ ਹੁੰਦੀ ਪਰ ਮੋਤ ਹੋ ਜਾਵੇ ਤਾਂ ਜ਼ਿੰਦਗੀ ਖਤਮ ਹੋ ਜਾਂਦੀ ਹੈ।

ਮੈਡੀਕਲ ਵਿਗਿਆਨ ਅਨੁਸਾਰ ਜ਼ਿੰਦਗੀ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਧਣ ਫੁੱਲਣ ਦਾ ਨਾਂ ਹੈ। ਕੁਦਰਤ ਦੀ ਇਹ ਪ੍ਰਕ੍ਰਿਆ ਸਾਰੇ ਸਰੀਰ ਦੀਆਂ ਬਾਕੀ ਗਤੀਵਿਧੀਆਂ ਜਾਰੀ ਰੱਖਦੀ ਹੈ। ਇਸ ਤੋਂ ਹੀ ਸਵਾਸ ਪ੍ਰਣਾਲੀ ਕੰਮ ਕਰਦੀ ਹੈ, ਭਾਵ ਫੇਫੜਿਆਂ ਤੋਂ ਆਕਸੀਜਨ ਖੂਨ ਤੱਕ ਪਹੁੰਚਦੀ ਹੈ ਤੇ ਖੂਨ ਅੱਗੇ ਕੋਸ਼ਿਕਾਵਾਂ ਦੇ ਬਣਨ ਤੇ ਟੁੱਟਣ ਦੇ ਕੰਮ ਵਿੱਚ ਆਪਣਾ ਅਸਰ ਪਾਉਂਦਾ ਹੈ। ਖੂਨ ਨੂੰ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਣ ਲਈ ਦਿਲ ਤੇ ਧਮਨੀਆਂ ਆਪਣਾ ਕੰਮ ਕਰਦੀਆਂ ਹਨ ਤੇ ਇਹ ਖੂਨ ਸਰੀਰ ਦੇ ਬਾਕੀ ਅੰਗਾਂ ਤੋਂ ਉਹ ਸਾਰੇ ਜਰੂਰੀ ਤੱਤ ਲੈ ਕੇ ਚਲਦਾ ਹੈ ਜਿਨ੍ਹਾਂ ਦੀ ਲੋੜ ਸਰੀਰ ਨੂੰ ਪੈਂਦੀ ਹੈ। ਇਹ ਤੱਤ ਖੁਰਾਕ ਚੋਂ ਮਿਲਦੇ ਹਨ ਤੇ ਖੁਰਾਕ ਨੂੰ ਖਾਣ, ਚਬਾਉਣ ਤੇ ਹਜ਼ਮ ਕਰਨ ਦਾ ਕੰਮ ਪਾਚਕ ਪ੍ਰਣਾਲੀ ਕਰਦੀ ਹੈ। ਇਹ ਸਾਰੀਆਂ ਪ੍ਰਣਾਲੀਆਂ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਦੀਆਂ ਹਨ, ਕਿਸੇ ਇਕ ਦੇ ਵੀ ਰੁਕ ਜਾਣ ਨਾਲ ਜ਼ਿੰਦਗੀ ਦੀ ਪ੍ਰਕ੍ਰਿਆ ਰੁਕ ਜਾਂਦੀ ਹੈ ਤੇ ਮੌਤ ਦਾ ਹੋ ਜਾਣਾ ਸੁਭਾਵਕ ਬਣ ਜਾਂਦਾ ਹੈ। ਸਰੀਰ ਦੀਆਂ ਇਨ੍ਹਾਂ ਪ੍ਰਣਾਲੀਆਂ ਦੇ ਸਾਰੇ ਕਾਰਜ ਕੁਦਰਤੀ ਨਿਯਮਾਂ ਅਨੁਸਾਰ ਚੱਲਦੇ ਹਨ। ਇਨ੍ਹਾਂ ਦਾ ਰੁਕ ਜਾਣਾ ਵੀ ਕੁਦਰਤੀ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਕੋਈ ਇਕ ਘਟਨਾ ਇਨ੍ਹਾਂ ਸਾਰੇ ਕਾਰਜਾਂ ਦੇ ਰੁਕਣ ਦਾ ਸਬਬ ਬਣਦੀ ਹੈ। ਸੋ ਮੌਤ ਦਾ ਹੋ ਜਾਣਾ ਸੁਭਾਵਕ ਹੈ। ਸਰੀਰ ਦੇ ਕਾਰਜਾਂ ਦਾ ਰੁਕ ਜਾਣਾ ਹੀ ਮੌਤ ਹੈ। ਪਰ ਇਸ ਦੀ ਇਹ ਵਿਆਖਿਆ ਸਰਬ ਪ੍ਰਵਾਨਤ ਨਹੀਂ। ਅੱਜ ਕਿਸੇ ਡਾਕਟਰ ਦੀ ਮੌਤ ਦੀ ਜਿੰਮੇਵਾਰੀ ਕਿਸੇ ਕੁਦਰਤੀ ਨਿਯਮਾਂ ਉਪਰ ਪਾਉਣ ਦੀ ਬਜਾਏ ਉਸ ਨੂੰ ਗੈਰ ਕੁਦਰਤੀ ਢੰਗ ਨਾਲ ਵਾਪਰਦਾ ਵੇਖਿਆ ਜਾਂਦਾ ਹੈ। 

ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਮਿਰਤਕ ਦੇਹ ਦਾ ਸੰਸਕਾਰ ਤੇ ਆਖਰੀ ਰਸਮਾਂ ਹਮੇਸ਼ਾ ਸਥਾਨਕ ਤੇ ਸਥਾਨਕ ਤੌਰ ਤੇ ਉਪਲਭਦ ਹਾਲਤਾਂ ਦੇ ਅਨੁਕੂਲ ਹੀ ਕਰਨ ਦੀ ਪਿਰਤ ਚਲਦੀ ਆ ਰਹੀ ਹੈ। ਜਿਥੇ ਸੁੱਕੀ ਲੱਕੜੀ ਮਿਲ ਸਕੀ ਉਥੇ ਦਾਹ ਸੰਸਕਾਰ ਤੇ ਜਿਥੇ ਜ਼ਮੀਨ ਉਪਲਭਦ ਰਹੀ ਉਥੇ ਇਸ ਨੂੰ ਦਬਾਉਣ (ਦਫਨਾਉਣ) ਦੀ ਵਿਧੀ ਪ੍ਰਚਲਤ ਹੋ ਗਈ। ਪਰ ਕਰ ਵਿਧੀ, ਕ੍ਰਿਆ ਦਾ ਮੰਤਵ ਮਿਰਤਕ ਦੇਹ ਨੂੰ ਖਤਮ ਕਰਨਾ ਹੀ ਸੀ। ਧਾਰਮਕ ਰਸਮਾਂ ਤਾਂ ਇਸ ਨਾਲ ਜੋੜ ਦਿਤੀਆਂ ਗਈਆਂ ਉਨ੍ਹਾਂ ਦੀ ਅਹਮੀਅਤ ਸਿਰਫ ਇਕ ਸਮਝਾਉਣੀ ਤੋਂ ਵੱਧ ਨਹੀ ਕਿ ਮਿਰਤਕ ਹੁਣ ਕਦੇ ਵਾਪਸ ਨਹੀਂ ਆਵੇਗਾ।

ਸਰੀਰ ਤੇ ਆਤਮਾ ਨੂੰ ਦੋ ਵੱਖ ਵੱਖ ਇਕਾਈਆਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਆਤਮਾ ਸ਼ਬਦ ਦੇ ਦੋ ਅਰਥ ਕੀਤੇ ਜਾ ਸਕਦੇ ਹਨ। ਇਕ ਜਿਸ ਨੂੰ ਚੇਤਨਾ ਕਿਹਾ ਜਾਂਦਾ ਹੈ ਉਹ ਹੈ ਮਨੁੱਖੀ ਦਿਮਾਗ਼ ਦੀ ਆਲੇ ਦੁਆਲੇ ਪ੍ਰਤੀ ਹੋਣ ਵਾਲੀ ਪ੍ਰਤੀਕ੍ਰਿਆ। ਆਲੇ ਦੁਆਲੇ ਦੀ ਸੋਝੀ ਕਿਸੇ ਵੀ ਮਨੁੱਖ ਨੂੰ ਉਸ ਦੀਆਂ ਗਿਆਨ ਇੰਦਰੀਆਂ ਰਾਹੀਂ ਹੁੰਦੀ ਹੈ। ਇਹ ਗਿਆਨ ਇੰਦਰੀਆਂ ਹੀ ਉਹ ਉਹ ਦਰਵਾਜ਼ੇ ਹਨ ਜਿਨ੍ਹਾਂ ਰਾਹੀ ਸੂਚਨਾ ਦਿਮਾਗ਼ ਤੱਕ ਪਹੁੰਚਦੀ ਹੈ। ਇਹ ਹਨ ਅੱਖਾਂ,(ਨੇਤਰ) ਕੰਨ, ਨੱਕ, ਜੀਭ, ਚਮੜੀ; ਇਸ ਤੋਂ ਬਿਨਾਂ ਸੈਕਸ ਨਾਲ ਸਬੰਧਤ ਅੰਗ ਤੇ ਗੁਦਾ ਵੀ ਗਿਆਨ ਇੰਦਰੀਆਂ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਸਾਰੀ ਜਾਣਕਾਰੀ ਜਦੋਂ ਦਿਮਾਗ਼ ਵਿੱਚ ਪਹੁੰਚਦੀ ਹੈ ਤਾਂ ਦਿਮਾਗ਼ ਉਸ ਨੂੰ ਸ਼੍ਰੇਣੀ ਬੱਧ ਕਰਦਾ ਹੈ। ਇਹ ਜਾਣਕਾਰੀ ਅਸਲ ਵਿੱਚ ਚਿਤਰ ਪੱਟ ਉਪਰ ਬਣਦੇ ਅਕਸ ਦੇ ਰੂਪ ਵਿੱਚ ਹੀ ਸਾਂਭੀ ਜਾਂਦੀ ਹੈ। 

ਸ਼੍ਰੇਣੀ-ਬੱਧ ਰੂਪ ਵਿੱਚ ਮੋਜੂਦ ਜਾਣਕਾਰੀਆਂ ਭੰਡਾਰ ਨੂੰ ਹੀ ਗਿਆਨ ਕਿਹਾ ਜਾਂਦਾ ਹੈ। ਇਸ ਨੂੰ ਸੋਝੀ ਕਿਹਾ ਜਾ ਸਕਦਾ ਹੈ ਤੇ ਜਦੋਂ ਮਨੁੱਖ ਬੱਚੇ ਦੇ ਰੂਪ ਵਿੱਚ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਪ੍ਰਤੀ ਕੋਈ ਪ੍ਰਤੀਕ੍ਰਿਆ ਕਰਦਾ ਹੈ ਤਾਂ ਇਸ ਸਾਰੇ ਅਮਲ ਚੋਂ ਇਕ ਸਮਾਜਕ ਸੂਝ ਪੈਦਾ ਹੁੰਦੀ ਹੈ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਬਾਰੇ ਸੂਝ ਬਣਦੀ ਹੈ ਤੇ ਮਨੁੱਖੀ ਵਤੀਰਿਆਂ ਦਾ ਅਧਾਰ ਬਣਦੀ ਹੈ। ਇਸ ਨੂੰ ਸਮਾਜਕ ਚੇਤਨਾ ਕਿਹਾ ਜਾਂਦਾ ਹੈ। ਇਹੋ ਆਤਮਾ ਹੈ ਜੋ ਸਮਾਜਕ ਵਰਤਾਰੇ ਦੇ ਫਲਸਰੂਪ ਮਨੁੱਖ ਵਿੱਚ ਸਰਵੁਚ ਥਾਂ ਗ੍ਰਹਿਣ ਕਰਦੀ ਹੈ। ਇਹੋ ਉਹ ਚੇਤਨਾ ਹੈ ਜੋ ਉਸ ਦੇ ਸਾਰੇ ਵਿਵਹਾਰ ਨੂੰ ਨਿੰਯਤਰਤ ਕਰਦੀ ਹੈ। ਇਹ ਸੱਭ ਕੁਝ ਕਿਸੇ ਗੈਰ ਕੁਦਰਤੀ ਤਰੀਕੇ ਨਾਲ ਨਹੀਂ ਵਾਪਰਦਾ ਸਗੋਂ ਬਿਲਕੁਲ ਸੁਭਾਵਕ ਜਿਹੇ ਕੁਦਰਤੀ ਤਰੀਕੇ ਨਾਲ ਵਾਪਰਦਾ ਹੈ। ਦਿਮਾਗ਼ ਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਭਰੇ ਖੂਨ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਸਰੀਰ ਦੇ ਬਾਕੀ ਅੰਗ ਮਿਲ ਕੇ ਪੁਚਾਉਂਦੇ ਹਨ। ਦਿਮਾਗ਼ ਵਿੱਚ ਖੂਨ ਦੇ ਰਵਾਹ ਦੇ ਰੁਕਣ ਨਾਲ ਹੀ ਦਿਮਾਗ਼ ਆਪਣਾ ਕੰਮ ਬੰਦ ਕਰ ਦਿੰਦਾ ਹੈ ਤੇ ਆਤਮਾ ਜੋ ਸੋਚਣ, ਸਮਝਣ ਦਾ ਕੰਮ ਕਰਦੀ ਹੈ  ਸਦਾ ਵਾਸਤੇ ਅਲੋਪ ਹੋ ਜਾਂਦੀ ਹੈ। ਅੰਗਰੇਜ਼ੀ ਦੇ ਸ਼ਬਦ ਸਪਿਰਟ ਦਾ ਇਕ ਪੁਰਾਣਾ ਅਰਥ ਸਾਹ ਲੈਣ ਦੀ ਕ੍ਰਿਆ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਪ੍ਰਾਣ ਕਿਹਾ ਜਾਂਦਾ ਹੈ। ਪ੍ਰਾਣ ਵੀ ਸਵਾਸ ਪ੍ਰਣਾਲੀ ਨਾਲ ਜੁੜਿਆ ਹੋਇਆ ਸ਼ਬਦ ਹੈ। ਰੂਹ ਪੁਰਾਤਨ ਹੀਬਰਿਊ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਵੀ ਪ੍ਰਾਣ ਹੀ ਹੈ। ਪ੍ਰਾਣ ਨੂੰ ਅੰਦਰ ਬਾਹਰ ਕਰਨ ਦੀ ਕ੍ਰਿਆ ਦੇ ਅਭਿਆਸ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ। ਪਰ ਇਹ ਸੱਭ ਕੁਝ ਕੁਦਰਤੀ ਹੀ ਹੈ ਪਰਤੂੰ ਸਾਹ ਪ੍ਰਣਾਲੀ ਕਿਉਂ ਬੰਦ ਹੋ ਜਾਂਦੀ ਹੈ ਬਾਕੀ ਕ੍ਰਿਆਵਾਂ ਕਿਉਂ ਤੇ ਕਿਵੇਂ ਰੁਕ ਜਾਦੀਆਂ ਹਨ ਇਸ ਦਾ ਕਾਰਨ ਲੱਭਣ ਲਈ ਵਿਗਿਆਨਕ ਢੰਗ ਅਪਣਾਉਣ ਦੀ ਬਜਾਏ ਜਦੋਂ ਗੈਰ ਕੁਦਰਤੀ ਵਿਆਖਿਆ ਦਾ ਸਹਾਰਾ ਲਿਆ ਜਾਣ ਲੱਗਿਆ ਤਾਂ ਇਹ ਸਮਾਜ ਨੂੰ ਜ਼ਿਆਦਾ ਸਾਰਥਕ ਜਾਪਿਆ। 

ਜਿਹੜੇ ਲੋਕ ਇਸ ਨੂੰ ਰੱਬੀ ਖੇਡ ਆਖ ਦਿੰਦੇ ਹਨ ਤਾਂ ਇਸ ਦਾ ਇਹ ਮਤਲਬ ਵੀ ਲਿਆ ਜਾ ਸਕਦਾ ਹੈ ਕਿ ਇਹ ਸੱਭ ਕੁਝ ਸੁਭਾਵਕ ਹੈ। ਪਰ ਆਤਮਾ ਦਾ ਸਰੀਰ ਛੱਡ ਕੇ ਬਾਹਰ ਨਿਕਲ ਜਾਣਾ ਮਨੁੱਖੀ ਕਲਪਨਾ ਦਾ ਕੇਂਦਰ ਬਿੰਦੂ ਰਿਹਾ ਤੇ ਇਸ ਨੂੰ ਵੱਖ ਵੱਖ ਧਰਮਾਂ ਵਾਲਿਆਂ ਵੱਖ ਵੱਖ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਕਿਹਾ ਕਿ ਆਤਮਾ ਤਾਂ ਸਰੀਰ ਚੋਂ ਨਿਕਲ ਕੇ ਕਿਸੇ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰ ਲੈਂਦੀ ਹੈ। ਚੰਗੇ ਕੰਮ ਕਰਨ ਵਾਲੇ ਆਪਣੇ ਕਰਮਾਂ ਦੇ ਹਿਸਾਬ ਨਾਲ ਦੂਜੇ ਸਰਿਰਾਂ ਵਿੱਚ ਜਾਣ ਦੀ ਬਜਾਏ ਉਨ੍ਹਾਂ ਨੂੰ ਨਰਕ ਤੇ ਸਵਰਗ ਦੇ ਰਸਤੇ ਪਾ ਦਿਤਾ ਗਿਆ। ਇਕ ਵਿਆਖਿਆ ਅਨੁਸਾਰ ਆਤਮਾ ਦੇ ਕੰਮਾਂ ਦਾ ਹਿਸਾਬ ਕਿਤਾਬ ਕਰਨ ਵਾਲਾ ਕੋਈ ਗੈਰ ਕੁਦਰਤੀ ਵਿਅਕਤੀ ਕਰਮਾਂ ਦੇ ਫਲ ਸਰੂਪ ਉਸ ਨੂੰ ਨਰਕ ਜਾਂ ਸਵਰਗ ਦਾ ਦਰਵਾਜ਼ਾ ਦਿਖਾ ਦਿੰਦਾ ਹੈ। ਸਵਰਗ ਦੀ ਕਲਪਨਾ ਸਾਰੇ ਸੁਖਾਂ ਤੇ ਸੁਵਿਧਾਵਾਂ ਨਾਲ ਲੈਸ ਸਥਾਨ ਵੱਜੋਂ ਕੀਤੀ ਗਈ ਤੇ ਨਰਕ ਵਿੱਚ ਸਾਰੇ ਦੁਖ ਦੇਣ ਵਾਲੇ ਹਾਲਾਤ ਬਣਾ ਦਿਤੇ ਗਏ।

ਸੁੱਖ ਤੇ ਦੁਖ ਹਰ ਵਿਅਕਤੀ ਦੇ ਅਨੁਸਾਰ ਆਪਣਾ ਆਪਣਾ ਅਨੁਭਵ ਰੱਖਦੇ ਹਨ। ਸੁਖ ਦੀ ਪ੍ਰੀਭਾਸ਼ਾ ਅਰਥ ਸ਼ਾਸ਼ਤਰ ਬਿਆਨ ਕਰਦਾ ਹੈ। ਕਿਸ ਨੂੰ ਸੁੱਖ ਮੰਨ ਲਿਆ ਜਾਵੇ ਤੇ ਕਦੋਂ ਤੱਕ ਇਕ ਸੁਖ ਸੁਖ ਰਹਿੰਦਾ ਹੈ ਇਸ ਦਾ ਫੈਸਲਾ ਅਰਥ ਸ਼ਾਸ਼ਤਰ ਵਿੱਚ ਉਪਯੋਗਤਾ ਦਾ ਨਿਯਮ ਕਰਦਾ ਹੈ। ਇਸ ਲਈ ਲਾਜ਼ਮੀ ਹੈ ਕਿ ਇਨ੍ਹਾਂ ਪ੍ਰਭਿਸ਼ਾਵਾਂ ਵਿੱਚ ਦੁਖ ਤੇ ਸੁਖ ਦੀ ਗਹਿਰਾਈ ਹੌਲੀ ਹੌਲੀ ਵਧਦੀ ਗਈ ਹੋਵੇਗੀ।

ਆਤਮਾ ਤੇ ਨਰਕ-ਸੁਰਗ ਦੀ ਵਿਆਖਿਆ ਸਿਰਫ ਭਾਰਤੀ ਸੰਸਕ੍ਰਿਤੀ ਵਿੱਚ ਹੀ ਨਹੀਂ ਸਗੋਂ ਬਾਕੀ ਸਭਿਆਤਾਵਾਂ ਵਿੱਚ ਵੀ ਦੇਖੀ ਜਾ ਸਕਦੀ ਹੈ। ਮਿਸਰ ਦੀਆਂ ਮੰਮੀਆਂ, ਪਿਰਾਮਿਡ, ਚੀਨ ਦੇ ਕਈ ਤਿਉਹਾਰ ਇਸ ਤਰ੍ਹਾਂ ਦੇ ਵਿਸ਼ਵਾਸਾਂ ਨਾਲ ਜੁੜੇ ਹੋਏ ਹਨ। ਚੀਨ ਵਿੱਚ ਇਕ ਮਿਰਤਕਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦੇ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਾਨਸੂਨੀ ਰੁਤ ਤੋਂ ਬਾਦ ਇਕ ਦਿਨ ਇਕ ਮਹੀਨੇ ਲਈ ਨਰਕ ਤੇ ਸੁਰਗ ਦੇ ਦੁਆਰਪਾਲ ਉਥੋਂ ਦੇ ਦੁਆਰ ਖੋਲ੍ਹ ਦਿੰਦੇ ਹਨ ਤੇ ਸਾਰੀਆਂ ਰੂਹਾਂ ਤੇ ਬਦ ਰੂਹਾਂ ਧਰਤੀ ਉਪਰ ਆ ਜਾਂਦੀਆਂ ਹਨ। ਇਸ ਮਹੀਨੇ ਨੂੰ ਰੂਹਾਂ ਦਾ ਮਹੀਨਾ ਕਿਹਾ ਜਾਂਦਾ ਹੈ ਤੇ ਇਸ ਦੇ ਆਖਰੀ ਦਿਨ ਰੂਹਾਂ ਨੂੰ ਮੰਤਰਾਂ ਨਾਲ ਵਿਦਾ ਕੀਤਾ ਜਾਂਦਾ ਹੈ ਜਿਹੜੀਆਂ ਰੂਹਾਂ/ ਬਦ ਰੂਹਾਂ ਵਾਪਸ ਜਾਣ ਤੋਂ ਇਨਕਾਰੀ ਹੁੰਦੀਆਂ ਹਨ ਉਨ੍ਹਾਂ ਨੂੰ ਆਤਿਸ਼ਬਾਜ਼ੀ ਨਾਲ ਬੰਨ੍ਹ ਕੇ ਵਾਪਸ ਅਸਮਾਨ ਵਿੱਚ ਭੇਜਿਆ ਜਾਂਦਾ ਹੈ। ਪਟਾਕਿਆਂ ਦੀ ਅਵਾਜ਼ ਨਾਲ ਉਨ੍ਹਾਂ ਰੂਹਾਂ ਨੂੰ ਘਰਾਂ ਦੀਆਂ ਨੁਕਰਾਂ ਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਆਤਸ਼ਬਾਜ਼ੀ ਨਾਲ ਅਸਮਾਨ ਦੇ ਹਵਾਲੇ ਕੀਤਾ ਜਾਂਦਾ ਹੈ। ਇਸ ਰਿਵਾਜ਼ ਨਾਲ ਜੁੜਿਆ ਸਾਡੀ ਦੀਵਾਲੀ ਨਾਲ ਮਿਲਦਾ ਜੁਲਦਾ ਤਿਉਹਾਰ ਚੀਨ, ਜਪਾਨ ਆਦਿ ਵਿੱਚ ਮਨਾਇਆ ਜਾਂਦਾ ਹੈ। 

ਸਾਡੇ ਦੇਸ਼ ਵਿੱਚ ਵੀ ਨਰਾਤਿਆਂ ਤੋਂ ਪਹਿਲਾਂ ਸ਼ਰਾਧਾਂ ਦੇ ਦਿਨ ਆਉਂਦੇ ਹਨ ਤੇ ਫਿਰ ਦਿਵਾਲੀ ਦੀ ਰਾਤ ਅਸੀਂ ਵੀ ਲਗਭਗ ਉਹੀ ਕਰਦੇ ਹਾਂ ਜੋ ਚੀਨ ਵਿੱਚ ਲੋਕ ਕਰਦੇ ਹਨ। ਵੈਸੇ ਵੀ ਆਤਿਸ਼ਬਾਜ਼ੀ ਚੀਨ ਦੀ ਕਾਢ ਹੈ ਤੇ ਸਾਡੇ ਦੇਸ਼ ਵਿੱਚ ਵੀ ਚੀਨ ਤੋਂ ਹੀ ਆਈ ਹੈ। ਇਸ ਦਾ ਰਮਾਇਣ ਕਾਲ ਨਾਲ ਕੋਈ ਸਬੰਧ ਸਰੀਖਾ ਨਹੀਂ, ਕਿ ਭਗਵਾਨ ਰਾਮ ਆਏ ਤਾਂ ਦੀਵਾਲੀ ਮਨਾਉਣ ਦਾ ਚਲਨ ਹੋਇਆ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਗਵਾਨ ਰਾਮ ਦੇ ਆਉਣ ਉਪਰ ਦੀਪ ਮਾਲਾ ਨਹੀਂ ਕੀਤੀ ਗਈ ਹੋਵੇਗੀ, ਜਰੂਰ ਹੋਈ ਹੋਵੇਗੀ। ਉਹ ਅਯੁਧਿਆ ਦੇ ਰਾਜਾ ਦਸ਼ਰਥ ਦੇ ਵੱਡੇ ਪੁੱਤਰ ਸਨ। ਹਿੰਦੂ ਵਿਰਾਸਤੀ ਨਿਯਮਾਂ ਵਿੱਚ ਵੱਡਾ ਪੁੱਤਰ ਹੀ ਕਰਤਾ ਹੋਇਆ ਕਰਦਾ ਹੈ। ਰਾਜਾ ਵੈਸੇ ਵੀ ਪੁਰਾਤਨ ਸਮਿਆਂ ਵਿੱਚ ਭਗਵਾਨ ਹੀ ਸਮਝਿਆ ਜਾਂਦਾ ਸੀ। ਉਹ ਇਸ ਧਰਤੀ ਉਪਰ ਆਮ ਜੀਵਾਂ ਲਈ ਭਗਵਾਨ ਦੇ ਅਵਤਾਰ ਤੋਂ ਘੱਟ ਨਹੀਂ ਸਮਝਿਆ ਜਾਂਦਾ। ਸੋ ਸ਼੍ਰੀ ਰਾਮ ਚੰਦਰ ਨੂੰ ਭਗਵਾਨ ਦਾ ਦਰਜਾ ਦੇਣਾ ਵੀ ਕੁਦਰਤੀ ਹੈ। ਪਰਤੂੰ ਆਤਿਸ਼ਬਾਜ਼ੀ ਦਾ ਚਲਨ ਚੀਨ ਨਾਲ ਵਪਾਰਕ ਸਬੰਧਾਂ ਤੋਂ ਬਾਦ ਹੀ ਹੋਇਆ ਹੋਵੇਗਾ। ਪਤੰਗ ਤੇ ਆਤਿਸ਼ਬਾਜ਼ੀ ਚੀਨੀ ਸਭਿਅਤਾ ਦੀ ਦੇਣ ਹਨ। ਚੀਨ ਨੇ ਵੀ ਹਿੰਦੁਸਤਾਨ ਤੋਂ ਬਹੁਤ ਕੁਝ ਲਿਆ ਹੋਵੇਗਾ, ਬੁੱਧ ਧਰਮ ਤੇ ਵਿਚਾਰਧਾਰਾ ਸਾਰੇ ਚੀਨ ਤੋਂ ਅਗੇ ਜਾਪਾਨ ਤੇ ਦੂਜੇ ਦੇਸ਼ਾਂ ਵਿੱਚ ਫੈਲੀ ਉਹ ਸੱਭ ਹਿੰਦੁਸਤਾਨ ਨਾਲ ਵਪਾਰਕ ਸਬੰਧਾਂ ਦੇ ਹੀ ਨਤੀਜੇ ਵੱਜੋਂ ਸੰਭਵ ਹੋਏ।

ਮੌਤ ਤੇ ਆਤਮਾ ਸਬੰਧੀ ਅੱਜ ਵੀ ਪੁਰਾਤਨ ਵਿਆਖਿਆ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ। ਵਿਗਿਆਨਕ ਤੱਥਾਂ ਨੂੰ ਮੰਨਣ ਵਾਲੇ ਹਾਲੇ ਵੀ ਵਿਰਲੇ ਵਿਰਲੇ ਹੀ ਲੋਕ ਹਨ। ਇਕ ਹੋਰ ਮਸਲਾ ਜਿਸ ਨੇ ਮਨੁੱਖ ਦੇ ਧਰਮ ਪ੍ਰਤੀ ਵਤੀਰੇ ਨੂੰ ਪ੍ਰਭਾਵਤ ਕੀਤਾ ਹੈ ਉਹ ਹੈ ਸੁਪਨੇ ਦਾ ਆਉਣਾ। ਸੁਪਨਾ ਆਉਣਾ ਬਹੁਤ ਸੁਭਾਵਕ ਹੈ। ਇਹ ਕੁਦਰਤੀ ਹੈ ਤੇ ਹੁਣ ਮਨੋਵਿਗਿਆਨ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੱਸਿਆ ਹੈ ਕਿ ਸੁਪਨੇ ਆਉਣੇ ਸਿਹਤਮੰਦ ਦਿਮਾਗ਼ ਦੀ ਨਿਸ਼ਾਨੀ ਹਨ। ਸੁਪਨੇ ਸੌਣ ਤੋਂ ਬਾਦ ਦੀ ਅਵਸਥਾ ਦਾ ਹਿੱਸਾ ਹਨ। ਨੀਂਦ ਵਿੱਚ ਸੁਪਨਾ ਆਉਂਦਾ ਹੈ ਜਦੋਂ ਅਚੇਤ ਮਨ ਵਿੱਚੋਂ ਕੋਈ ਫੁਰਨਾ ਪੂਰੀ ਤਸਵੀਰ ਵਿੱਚ ਸਾਕਾਰ ਹੋ ਜਾਂਦਾ ਹੈ। ਦਿਮਾਗ਼ ਦਾ ਉਹ ਹਿੱਸਾ ਜੋ ਅੱਖਾਂ ਰਾਹੀਂ ਪ੍ਰਾਪਤ ਹੋਏ ਅਕਸ ਦੀਆਂ ਤਰੰਗਾਂ ਨੂੰ ਦਿਮਾਗ਼ ਨਾਲ ਜੋੜਦਾ ਹੈ ਉਹ ਹਿੱਸਾ ਇਨ੍ਹਾਂ ਫੁਰਨਿਆ ਤੇ ਵਿਚਾਰਾਂ ਨੂੰ ਤਸਵੀਰ ਦੇ ਰੂਪ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ। ਮਨੋਵਗਿਆਨ ਦੇ ਮਾਹਰ ਫਰਾਇਡ ਨੇ ਸੁਪਨਿਆਂ ਦੇ ਸੰਸਾਰ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ। ਸੁਪਨੇ ਕੇਵਲ ਮਨੁੱਖਾਂ ਨੂੰ ਹੀ ਸਗੋਂ ਜਾਨਵਰਾਂ ਨੂੰ ਆਉਂਦੇ ਹਨ। ਸੁਪਨਿਆਂ ਨੇ ਮਨੁੱਖ ਦੀ ਸੰਸਾਰ ਪ੍ਰਤੀ ਬਣੀ ਸੋਝੀ ਨੂੰ ਭੁਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੋਈ ਵੀ ਵਿਅਕਤੀ ਮਰ ਜਾਂਦਾ ਹੋਵੇਗਾ ਪਰ ਜਦੋਂ ਬੇਸਮਝ ਮਨੁੱਖ ਨੂੰ ਉਹ ਸੁਪਨੇ ਵਿੱਚ ਮਿਲਦਾ ਹੋਵੇਗਾ ਤਾਂ ਉਹ ਸੁਪਨੇ ਵਿੱਚ ਤੰਦਰੁਸਤ ਤੁਰਿਆ ਫਿਰਦਾ ਨਜ਼ਰ ਆਉਂਦਾ ਹੋਵੇਗਾ ਤਾਂ ਲਾਜ਼ਮੀ ਹੈ ਮਨੁੱਖ ਇਕ ਵਾਰ ਤਾਂ ਡਰ ਗਿਆ ਹੋਵੇਗਾ। ਇਸ ਦਾ ਕਾਰਨ ਸਮਝਣ ਵਿੱਚ ਮਨੁੱਖ ਨੂੰ ਕਈ ਸੈਂਕੜੇ ਸਾਲ ਲੱਗੇ।

ਸੁਪਨਿਆਂ ਨੂੰ ਸੁਲਝਾਉਣ ਲਈ ਹੀ ਮਿੱਥਿਆ ਦੀ ਬਹੁਤ ਜ਼ਿਆਦਾ ਲੋੜ ਪਈ ਹੋਵੇਗੀ। ਇਸ ਨੂੰ ਗੈਰ ਕੁਦਰਤੀ ਵਰਤਾਰਿਆਂ ਤੇ ਵਤੀਰਿਆਂ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਦੀ ਵਿਆਖਿਆ ਵੀ ਗੈਰ ਕੁਦਰਤੀ ਢੰਗਾਂ ਦੀ ਮਦਦ ਨਾਲ ਕੀਤੀ ਗਈ। ਸਿੱਟੇ ਵੱਜੋਂ ਬਹੁਤਾ ਸਾਰਾ ਕਾਲਪਨਿਕ ਮਨੋਵਿਗਿਆਨ ਸੁਪਨਿਆਂ, ਰੂਹਾਂ, ਪਿਤਰਾਂ, ਸ਼ਗਨਾਂ, ਰੀਤਾਂ ਭਾਵ ਵਹਿਮ ਤੇ ਭਰਮਾਂ ਦੀ ਸ਼ਕਲ ਵਿੱਚ ਸਾਡੀ ਜ਼ਿੰਦਗੀ ਦੀ ਜੀਵਨ ਜਾਚ ਦਾ ਹਿੱਸਾ ਬਣ ਗਿਆ ਜੋ ਬਹੁਤ ਹੱਦ ਤੱਕ ਹਾਲੇ ਤੱਕ ਸਾਡੇ ਨਾਲ ਚਲਿਆ ਆ ਰਿਹਾ ਹੈ। ਬਹੁਤੇ ਲੋਕ ਹਾਲੇ ਵੀ ਵਤੀਰਿਆਂ ਤੇ ਵਰਤਾਰਿਆਂ ਦੀ ਇਸ ਗੈਰ ਕੁਦਰਤੀ ਵਿਆਖਿਆ ਉਪਰ ਕੋਈ ਵੀ ਕਿੰਤੂ ਪਰਤੂੰ ਨਹੀਂ ਆਉਣ ਦੇਣਾ ਚਾਹੁੰਦੇ। ਕਿਸੇ ਵਾਦ ਵਿਵਾਦ ਨੂੰ ਸੁਲਝਾਉਣ ਦੀ ਬਜਾਏ ਉਹ ਇਸ ਨੂੰ ਆਪਣੀਆਂ ਭਾਵਨਾਂਵਾਂ ਨਾਲ ਜੋੜ ਦਿੰਦੇ ਹਨ। ਵਿਗਿਆਨ ਦੱਸਦਾ ਹੈ ਕਿ ਸੁਪਨੇ ਅਕਸਰ ਉਹਨਾਂ ਵਿਚਾਰਾਂ ਤੋਂ ਹੀ ਪੈਦਾ ਹੋ ਪੂਰਨ ਰੂਪ ਵਿੱਚ ਸਕਾਰ ਹੁੰਦੇ ਹਨ ਜਿਨ੍ਹਾਂ ਨੂੰ ਦਿਨ ਦੇ ਵੇਲੇ ਸੁਚੇਤ ਮਨ ਵੱਲੋਂ ਪੂਰੀ ਤਰ੍ਹਾਂ ਸੋਚਿਆ ਨਹੀਂ ਜਾਂਦਾ। ਅਸੀਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਪਿਛੇ ਅਚੇਤ ਮਨ ਵਿੱਚ ਧੱਕ ਦਿੰਦੇ ਹਾਂ ਤੇ ਰਾਤ ਨੂੰ ਜਦੋਂ ਅਚੇਤ ਮਨ ਤੋਂ ਸੁਚੇਤ ਮਨ ਦਾ ਗ਼ਲਬਾ ਖਤਮ ਹੋ ਜਾਂਦਾ ਹੈ ਤਾਂ ਸਾਰੇ ਵਿਚਾਰ ਇਕ ਦੂਜੇ ਦਾ ਹੱਥ ਫੜ ਕੇ ਸੁਪਨੇ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਹਨ। ਸੁਪਨਿਆਂ ਉਪਰ ਕਾਬੂ ਪਾਇਆ ਜਾ ਸਕਦਾ ਹੈ ਤੇ ਵਿਧੀਵਧ ਇਨ੍ਹਾਂ ਨੂੰ ਅਪਣੀ ਮਰਜ਼ੀ ਨਾਲ ਨੀਂਦ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਪਰ ਇਹ ਇਕ ਵੱਖਰੀ ਬਹਿਸ ਦਾ ਵਿਸ਼ਾ ਹੈ।

ਕੁਦਰਤੀ ਵਰਤਾਰਿਆਂ (Natural Phenomena) ਦੇ ਵਤੀਰੇ (The way they are happening) ਦੀ ਗੈਰ ਕੁਦਰਤੀ ਢੰਗ ਨਾਲ ਕੀਤੀ ਗਈ ਵਿਆਖਿਆ ਅਸਲ ਵਿੱਚ ਮਨੁੱਖ ਦੀ ਜੀਣ ਤਾਂਘ (actual Survival Skill) ਵੱਲ ਹੀ ਇਸ਼ਾਰਾ ਕਰਦੀ ਹੈ। ਇਸ ਨੇ ਬੀਤੇ ਸਮੇਂ ਵਿੱਚ ਮਨੁੱਖ ਨੂੰ ਜੀਣ ਦਾ ਰਸਤਾ ਦਿਖਾਇਆ। ਸੂਝ ਤੇ ਸੋਝੀ ਦੇ ਵਿਕਾਸ ਨਾਲ ਮਨੁੱਖ ਨੇ ਬਹੁਤ ਸਾਰੀਆਂ ਗੱਲਾਂ ਗੈਰ ਕੁਦਰਤੀ ਵਿਆਖਿਆਵਾਂ (unnatural interpretations) ਦੇ ਖੇਤਰ ਚੋਂ ਬਾਹਰ ਕੱਢ ਲਈਆਂ। ਮਸਲਨ ਅੱਜ ਬੀਮਾਰ ਹੋਣ ਦੀ ਹਾਲਤ ਵਿੱਚ ਡਾਕਟਰੀ ਇਲਾਜ ਦਾ ਸਹਾਰਾ ਲਿਆ ਜਾਂਦਾ ਹੈ ਨਾ ਜਾਦੂ ਟੋਣੇ ਦਾ, ਫਸਲਾਂ, ਵਪਾਰ, ਕਾਰੋਬਾਰ ਲਈ ਵਿਗਿਆਨਕ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈ, ਅਸਮਾਨੀ ਬਿਪਤਾਵਾਂ ਤੋਂ ਬਚਣ ਲਈ ਰਾਹ ਕਿਸੇ ਪਰਾ-ਕੁਦਰਤੀ ਸ਼ਕਤੀ ਦੀ ਪੂਜਾ ਕਰਨ ਦੀ ਬਜਾਏ ਵਿਗਿਆਨਕ ਤਕਨੀਕ ਦੀ ਮਦਦ ਲਈ ਜਾਂਦੀ ਹੈ। ਇਸ ਨਾਲ ਧਰਮ ਜੋ ਗੈਰ ਕੁਦਰਤੀ ਵਿਆਖਿਆ ਦੇ ਆਸਰੇ ਹੀ ਜ਼ਿੰਦਾ ਰਹਿ ਰਿਹਾ ਹੈ, ਦਾ ਵਿਗਿਆਨ ਨਾਲ ਟਕਰਾ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਪਰ ਇਸ ਦੇ ਨਾਲ ਹੀ ਧਰਮ ਦਾ ਉਹ ਬਹੁਤ ਵੱਡਾ ਹਿੱਸਾ ਜੋ ਧਾਰਮਕ ਪੰਰਪਰਾ ਦੇ ਰੂਪ ਵਿੱਚ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਕੁਦਰਤੀ ਵਰਤਾਰਿਆਂ ਦੀ ਮੂਲ ਰੂਪ ਵਿੱਚ ਸੋਝੀ ਕਰਾਉਂਦਾ ਹੈ, ਉਹ ਸਾਡੇ ਸੱਭ ਦੀ ਸਮਝ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਧਰਮ ਇਕ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਜਿਸ ਨੇ ਆਪਣੇ ਸਮੇਂ ਦੀ ਰਾਜਨੀਤਕ, ਸਮਾਜਕ, ਆਰਥਕ, ਨੈਤਿਕ, ਨਿਆਂ, ਮੈਡੀਕਲ ਤੇ ਮਨੋਵਿਗਿਆਨਕ ਮਸਲਿਆਂ ਨੂੰ ਪ੍ਰੀਭਾਸ਼ਤ ਕੀਤਾ, ਉਨ੍ਹਾਂ ਨੂੰ ਵਿਆਖਿਆ ਰਾਹੀਂ ਸਰਲ ਕੀਤਾ ਤੇ ਮਨੁਖ ਦੇ ਵਿਕਾਸ ਲਈ ਵਰਤਣਯੋਗ ਬਣਾਇਆ। ਇਹ ਇਕ ਕਬੀਲੇ ਜਾਂ ਸਮੂਹ ਦੀ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਤੇ ਇਸ ਨੇ ਆਪਣੇ ਕਬੀਲੇ ਵਿੱਚ ਸਮੂਹਿਕ ਕਿਰਤ ਦੀ ਪਿਰਤ ਪਾਈ ਤੇ ਸਮੂਹਿਕ ਤੋਰ ਮਿਲ ਕੰਮ ਕਰਨ ਦੀ ਜਾਚ ਸਿਖਾਈ। ਧਰਮ ਦੀ ਇਸ ਪਰੰਪਰਾ ਨੂੰ ਦੇਖਦੇ ਹੋਏ ਧਰਮ ਦਾ ਰੋਲ ਪੁਰੀ ਤਰ੍ਹਾਂ ਨਿਰਾਰਥਕ ਸਮਝ ਕੇ ਰੱਦ ਨਹੀਂ ਕੀਤਾ ਜਾ ਸਕਦਾ।

-ਚਲਦਾ

1 comment:

  1. "ਧਰਮ ਇਕ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਜਿਸ ਨੇ ਆਪਣੇ ਸਮੇਂ ਦੀ ਰਾਜਨੀਤਕ, ਸਮਾਜਕ, ਆਰਥਕ, ਨੈਤਿਕ, ਨਿਆਂ, ਮੈਡੀਕਲ ਤੇ ਮਨੋਵਿਗਿਆਨਕ ਮਸਲਿਆਂ ਨੂੰ ਪ੍ਰੀਭਾਸ਼ਤ ਕੀਤਾ, ਉਨ੍ਹਾਂ ਨੂੰ ਵਿਆਖਿਆ ਰਾਹੀਂ ਸਰਲ ਕੀਤਾ ਤੇ ਮਨੁਖ ਦੇ ਵਿਕਾਸ ਲਈ ਵਰਤਣਯੋਗ ਬਣਾਇਆ। ਇਹ ਇਕ ਕਬੀਲੇ ਜਾਂ ਸਮੂਹ ਦੀ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਤੇ ਇਸ ਨੇ ਆਪਣੇ ਕਬੀਲੇ ਵਿੱਚ ਸਮੂਹਿਕ ਕਿਰਤ ਦੀ ਪਿਰਤ ਪਾਈ ਤੇ ਸਮੂਹਿਕ ਤੋਰ ਮਿਲ ਕੰਮ ਕਰਨ ਦੀ ਜਾਚ ਸਿਖਾਈ। ਧਰਮ ਦੀ ਇਸ ਪਰੰਪਰਾ ਨੂੰ ਦੇਖਦੇ ਹੋਏ ਧਰਮ ਦਾ ਰੋਲ ਪੁਰੀ ਤਰ੍ਹਾਂ ਨਿਰਾਰਥਕ ਸਮਝ ਕੇ ਰੱਦ ਨਹੀਂ ਕੀਤਾ ਜਾ ਸਕਦਾ।"

    ਹਾਂਜੀ ਗੁਰਦੀਪ ਜੀ ਮੇਰਾ ਵੀ ਇਹੀ ਮੰਨਣਾਂ ਹੈ। ਫਰਕ ਸਿਰਫ ਇਹੀ ਹੈ ਕਿ ਜੋ ਲੋਕ ਧਰਮ ਦੇ ਦਰਸਾਏ ਰਸਤੇ ਨੂੰ, ਧਰਮ ਪ੍ਰਚਾਰਕਾਂ ਦੀ ਕੀਤੀ ਸੌੜੀ ਵਿਆਖਿਆ ਦੇ ਤੌਰ ਤਰੀਕਿਆਂ ਵਿੱਚ ਉਲ਼ਝ ਚੁੱਕੇ ਹਨ, ਸਭ ਕੁੱਝ ਸੌਖੀਆਂ ਕ੍ਰਿਆਾਵਾਂ ਕਰ ਕੇ ਰੱਬ ਤੋਂ ਪਾਉਣਾਂ ਚਾਹੁੰਦੇ ਹਨ, ਮੈਂ ਉਹਨਾਂ ਦਾ ਦਿਲ ਨਹੀਂ ਤੋੜਨਾਂ ਚਾਹੁੰਦੀ, ਮੈਂ ਉੁਨ੍ਹਾਂ ਨੂੰ ਉਸੇ ਵਿਵੱਸਥਾਂ ਵਿੱਚ ਰੱਖ ਕੇ ਧਰਮ ਦੇ ਅਸਲੀ ਰਸਤੇ ਤੇ ਲਿਆਉਣਾਂ ਚਾਹੁੰਦੀ ਹਾਂ, ਧਰਮੀ ਦੀ ਅਸਲੀ ਪ੍ਰੀਭਾਸ਼ਾਂ ਸਮਝਾਂਉਣ ਦਾ ਪ੍ਰਯਤਨ ਕਰਨਾਂ ਚਾਹੁੰਦੀ ਹਾਂ। ਜਦੋਂ ਉਨ੍ਹਾਂ ਨੂੰ ਇਹ ਸਮਝ ਆ ਜਾਵੇਗੀ ਫਿਰ ਉਹ ਆਪੇ ਸਮਝ ਜਾਣਗੇ ਕਿ ਰੱਬ ਕੀ ਹੇ।

    ReplyDelete