Saturday, July 19, 2014

ਰੱਬ ਦੀ ਗੱਲ

ਰੱਬ ਦੀ ਗੱਲ

ਚਲੋ ਅੱਜ ਆਪਾਂ ਰੱਬ ਦੀ ਗੱਲ ਕਰੀਏ। ਇਕ ਨਾਸਤਕ ਦੇ ਮੂੰਹੋਂ ਰੱਬ ਦੀ ਗੱਲ, ਬਹੁਤ ਅਜੀਬ ਲੱਗਦੀ ਹੈ। ਪਰ ਚਲੋ ਅੱਜ ਇਸ ਬਾਰੇ ਵੀ ਆਪਾਂ ਗੱਲ ਕਰ ਹੀ ਲਈਏ। ਰੱਬ ਦਾ ਇਕ ਬੜਾ ਵਿਆਪਕ ਜਿਹਾ ਸੰਕਲਪ ਹੈ ਜਿਸ ਨੂੰ ਤੁਸੀਂ ਸਾਰੇ ਸਮਝਦੇ ਹੋ ਤੇ ਜਿਸ ਬਾਰੇ ਤੁਸੀਂ ਹਰ ਤਰ੍ਹਾਂ ਦੀ ਬਹਿਸ ਕਰਨ ਲਈ ਤਿਆਰ ਹੋ ਜਾਂਦੇ ਹੋ?

ਰੱਬ ਸਰਬ ਸ਼ਕਤੀ ਮਾਨ ਹੈ।
ਉਹ ਸਰਬ ਵਿਆਪਕ ਹੈ ਤੇ ਸੱਭ ਕੁਝ ਜਾਣਦਾ ਹੈ।
ਉਹ ਨਸ਼ਵਰ ਹੈ ਤੇ ਸਾਰੀ ਸ਼੍ਰਿਸ਼ਟੀ ਨੂੰ ਚਲਾ ਰਿਹਾ ਹੈ।
ਉਹ ਜਨਮ ਮਰਨ ਤੇ ਜਨਮ ਅਤੇ ਮਰਨ ਤੋਂ ਪਰੇ ਵੀ ਮੋਜੂਦ ਹੈ ਤੇ ਹਰ ਪਾਪ ਪੁੰਨ ਦਾ ਫੈਸਲਾ ਕਰਦਾ ਹੈ। 
ਉਹ ਕਣ ਕਣ ਵਿੱਚ ਹੈ ਤੇ ਉਹ ਆਪਣੇ ਵਿਚ ਵਿਸ਼ਵਾਸ ਰੱਖਣ ਵਾਲਿਆਂ ਦੀ ਪਰਵਾਹ ਕਰਦਾ ਹੈ ਤੇ ਜਿਹੜੇ ਲੋਕ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਨੂੰ ਉਹ ਸਜ਼ਾ ਦਿੰਦਾ ਹੈ।

ਸਾਰੇ ਧਰਮਾਂ ਨੇ ਉਸ ਦਾ ਕੋਈ ਨਾ ਕੋਈ ਰੂਪ ਸਵੀਕਾਰ ਕੀਤਾ ਹੈ ਉਸ ਰੂਪ ਵਿੱਚ ਉਸ ਦੀ ਭਗਤੀ ਕਰਦੇ ਹਨ।
ਲਗਭਗ ਇਸ ਨਾਲ ਦਾ ਮੱਤ ਹੀ ਸਾਨੂੰ ਹਰ ਧਰਮ ਵਿੱਚ ਮਿਲ ਜਾਂਦਾ ਹੈ। ਜਿਹੜਾ ਇਸ ਨੂੰ ਮੰਨਦਾ ਹੈ ਉਹ ਨੂੰ ਤੁਸੀਂ ਆਸਤਕ ਸਮਝਦੇ ਹੋ ਪਰ ਜਿਹੜਾ ਇਸ ਦਾ ਵਿਰੋਧ ਕਰਦਾ ਹੈ ਉਸ ਨੂੰ ਨਾਸਤਕ ਸਮਝਿਆ ਜਾਂਦਾ ਹੈ। ਕੋਈ ਉਸ ਨੂੰ ਨਿਰਾਕਾਰ ਰੂਪ ਵਿੱਚ ਮੰਨਦਾ ਹੈ ਕੋਈ ਸਰਗੁਣ ਰੂਪ ਵਿੱਚ ਪਰ ਲਗਭਗ ਸਾਰੇ ਹੀ ਉਸ ਪ੍ਰਮਾਤਮਾਂ ਦੇ ਉਪਾਸ਼ਕ ਹਨ। ਚਲੋ ਅੱਜ ਤੁਹਾਡੀ ਇਸ ਬਾਰੇ ਹੀ ਤਸੱਲੀ ਕਰਵਾ ਦਿੰਦੇ ਹਾਂ।

ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ। ਵਿਗਿਆਨ ਤਰਕ ਨਾਲ ਕਿਸੇ ਗੱਲ ਨੂੰ ਜਾਂ ਕਿਸੇ ਵਰਤਾਰੇ ਨੂੰ ਪਰਖਦਾ ਹੈ ਤੇ ਉਸ ਬਾਰੇ ਇਕ ਵਿਚਾਰ ਬਣਾਉਂਦਾ ਹੈ। ਉਸ ਵਿਚਾਰ ਨੂੰ ਪਰਖਿਆ ਜਾਂਦਾ ਹੈ, ਪ੍ਰਯੋਗਸ਼ਾਲਾ ਵਿੱਚ ਉਸ ਨੂੰ ਇਕ ਤੋਂ ਵੱਧ ਵਾਰੀ ਪਰਖਿਆ ਜਾਂਦਾ ਹੈ ਤਾਂ ਕਿਤੇ ਉਸ ਨਿਯਮ ਨੂੰ ਪਰਵਾਨ ਕੀਤਾ ਜਾਂਦਾ ਹੈ। ਕੁਦਰਤ ਦੇ ਨਿਯਮਾਂ ਵਿੱਚ ਇਕ ਤੋਂ ਵੱਧ ਵਾਰ ਵਾਪਰਨ ਦੀ ਹਾਲਤ ਵਿੱਚ ਉਸ ਨੂੰ ਬੜੇ ਗਹੁ ਨਾਲ ਵੇਖਿਆ ਜਾਂਦਾ ਹੈ ਤੇ ਫਿਰ ਉਸ ਨਿਯਮ ਨੂੰ ਮੰਨ ਲਿਆ ਜਾਂਦਾ ਹੈ। ਵਿਗਿਆਨ ਨੇ ਪਹਿਲਾਂ ਆਲੇ ਦੁਆਲੇ ਫਿਰ ਵਾਤਾਵਰਨ ਤੇ ਉਸ ਤੋਂ ਬਾਦ ਬ੍ਰਹਮੰਡ ਵਿੱਚ ਵਾਪਰਨ ਵਾਲੇ ਲਗਭਗ ਸਾਰੇ ਵਰਤਾਰਿਆਂ ਨੂੰ ਸਮਝਿਆ ਹੈ, ਉਸ ਨੂੰ ਫਿਲਮਾਇਆ ਹੈ ਤੇ ਉਸ ਉਪਰ ਆਪਣੇ ਯੰਤਰ ਲਗਾ ਰੱਖੇ ਹਨ। ਸਿੱਟੇ ਵੱਜੋਂ ਅੱਜ ਦਾ ਮਨੁਖ ਵਿਗਿਆਨ ਦੀ ਮਦਦ ਨਾਲ ਆਪਣੇ ਆਲੇ ਦੁਆਲੇ ਬਾਰੇ ਤੇ ਬ੍ਰਹਿਮੰਡ ਬਾਰੇ ਬੜੀ ਸਟੀਕ ਜਾਣਕਾਰੀ ਰੱਖਦਾ ਹੈ। ਵਿਗਿਆਨ ਦੀ ਹਿੰਮਤ ਸਦਕਾ ਹੀ ਵਿਗਿਆਨ ਨੇ ਯੂਰੋਪ ਦੇ ਹੇਠਾਂ 45 ਕਿਲੋਮੀਟਰ ਤੋਂ ਵੱਧ ਲੰਮੀ ਸੁਰੰਗ ਬਣਾ ਕੇ ਇਕ ਮਹਾਂ ਪ੍ਰਯੋਗ ਕੀਤਾ ਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਤੱਥ ਇਕੱਠੇ ਕੀਤੇ। ਅੱਜ ਤੁਸੀਂ ਇਹ ਲੇਖ ਇੰਟਨੈਟ ਉਪਰ ਪੜ੍ਹ ਰਹੇ ਹੋ ਵਿਗਿਆਨ ਦੀ ਕਾਢ ਹੈ।

ਤੁਸੀਂ ਦੁਨੀਆ ਦੇ ਵੱਖ ਵੱਖ ਹਿਸਿਆਂ ਵਿੱਚ ਰੋਟੀ ਰੋਜ਼ੀ ਕਮਾ ਰਹੇ ਹੋ ਵਿਗਿਆਨ ਦੀ ਮਿਹਰਬਾਨੀ ਹੈ। ਅੱਜ ਮਹਾਂ ਬੀਮਾਰੀਆਂ ਦੀ ਰੋਕਥਾਮ ਕਰ ਲਈ ਗਈ ਹੈ। ਤੇਜ਼ ਰਫਤਾਰ ਹਾਸਲ ਕਰ ਲਈ ਗਈ ਹੈ ਤੇ ਵਿਗਿਆਨ ਦੀ ਮਦਦ ਨਾਲ ਅੱਜ ਅਸੀਂ ਬ੍ਰਹਮੰਡ ਤੋਂ ਪਾਰ ਵੀ ਆਪਣੇ ਰਾਕਟ ਤੇ ਸੈਟੇਲਾਈਟ ਭੇਜ ਸਕੇ ਹਾਂ। ਪਰ ਇਹ ਸੱਭ ਕੁਝ ਵਿਗਿਆਨ ਨੇ ਕੁਦਰਤ ਦੇ ਪਹਿਲਾਂ ਤੋਂ ਹੀ ਮੋਜੂਦ ਨਿਯਮਾਂ ਨੂੰ ਸਮਝ ਕੇ ਤੇ ਉਨ੍ਹਾਂ ਦੀ ਆਪਣੇ ਉਦੇਸ਼ ਲਈ ਵਰਤੋਂ ਕਰਕੇ ਕੀਤਾ। ਐਟਮੀ ਤੇ ਪਰਮਾਣੂ ਸਿਧਾਂਤ ਮਨੁੱਖ ਨੂੰ ਹੈਰਾਨੀ ਵਿੱਚ ਪਾ ਦੇਣ ਵਾਲੇ ਹਨ। ਇਸ ਵਿਚ ਵਿਗਿਆਨ ਦੀ ਕੋਈ ਮਰਜ਼ੀ ਨਹੀਂ। ਮਰਜ਼ੀ ਸਾਰੀ ਕੁਦਰਤ ਦੇ ਨਿਯਮਾਂ ਦੀ ਹੈ। ਜੋ ਪਰੋਟੋਨ ਤੇ ਨਿਊਟਰਾਨ ਤੇ ਇਲੈਕਟਰਾਨ ਨੂੰ  ਆਪਣੇ ਅਨੁਸ਼ਾਸ਼ਨ ਵਿੱਚ ਰਖਦੇ ਹਨ।

ਖਗੋਲ ਵਿਗਿਆਨ ਨੇ ਦਸਿਆ ਹੈ ਕਿ ਜਿਸ ਧਰਤੀ ਉਪਰ ਅਸੀਂ ਬਹੁਤ ਮਾਣ ਕਰਦੇ ਹਾਂ ਉਸ ਦੀ ਰਫਤਾਰ 1800 ਕਿਲੋਮੀਟਰ ਪ੍ਰਤੀ ਮਿੰਟ ਹੈ। ਭਾਵ ਜਿੰਨੀ ਦੇਰ ਵਿੱਚ ਤੁਸੀਂ ਇਹ ਲੇਖ ਪੜ੍ਹੋਗੇ ਉਨੀ ਦੇਰ ਵਿੱਚ ਧਰਤੀ ਸੂਰਜ ਦੇ ਦੁਆਲੇ ਆਪਣੇ ਪੰਧ ਵਿੱਚ 9000 ਕਿਲੋਮੀਟਰ ਤੋਂ ਵੱਧ ਅੱਗੇ ਨਿਕਲ ਗਈ ਹੋਵੇਗੀ।  ਹੈ ਨਾ ਹੈਰਾਨੀ ਦੀ ਗੱਲ ਤੇ ਇੰਜ ਲਗਾਤਾਰ ਲੱਖਾਂ ਸਾਲਾਂ ਤੋਂ ਹੋ ਰਿਹਾ ਹੈ। ਕਦੇ ਕੋਈ ਹਾਦਸਾ ਨਹੀਂ ਵਾਪਰਿਆ। ਜਿਸ ਸੂਰਜ ਮੰਡਲ ਵਿੱਚ ਤੁਸੀਂ ਸੱਭ ਆਪਣੇ ਆਪ ਨੂੰ ਮਹਾਂ ਸੁਰਖਿਅਤ ਮੰਨਦੇ ਹੋ, ਉਸ ਦੀ ਰਫਤਾਰ ਗਲੈਕਸੀ ਵਿੱਚ 300 ਕਿਲੋਮੀਟਰ ਪ੍ਰਤੀ ਸੈਕਿੰਡ ਹੈ ਤੇ ਗਲੈਕਸੀ ਵੀ ਕੋਈ ਆਪਣੇ ਆਪ ਵਿੱਚ ਖੜੀ ਨਹੀਂ ਇਹ ਵੀ ਖਿਲਾਅ ਵਿੱਚ ਬਹੁਤ ਤੇਜ਼ੀ ਨਾਲ ਉੱਡ ਰਹੀ ਹੈ, ਰਫਤਾਰ ਹੈ 250 ਕਿਲੋਮੀਟਰ ਪ੍ਰਤੀ ਸੈਕਿੰਡ ਸ਼ੁਕਰ ਕਰੋ ਕਿ ਵਿਗਿਆਨ ਨੇ ਇਹ ਸੱਭ ਕੁਝ ਮਾਪ ਕੇ ਦੇਖ ਲਿਆ ਹੈ। ਇਹ ਜਾਣਕਾਰੀ ਕਿਸੇ ਪੁਰਾਤਨ ਗ੍ਰੰਥ ਚੋਂ ਨਹੀਂ ਮਿਲੀ ਸਗੋਂ ਵਿਗਿਆਨਕ ਯੰਤਰਾਂ ਦੀ ਮਿਹਰਬਾਨੀ ਸਦਕਾ ਹੀ ਇਹ ਸੱਭ ਕੁਝ ਵਾਪਰਿਆ ਹੈ।

ਪਰ ਸੱਭ ਤੋਂ ਵਿਸ਼ੇਸ਼ ਗੱਲ ਹੈ ਕਿ ਇਹ ਸੱਭ ਕੁਝ ਕੁਦਰਤ ਦੇ ਨਿਯਮਾਂ ਦੇ ਅਧੀਨ ਹੀ ਵਾਪਰਦਾ ਹੈ, ਉਸ ਤੋਂ ਬਾਹਰ ਨਹੀਂ। ਕੁਦਰਤ ਦੇ ਨਿਯਮ ਕਾਰਨ ਤੇ ਉਸ ਦੇ ਪ੍ਰਭਾਵ ਜਾਂ ਸਿੱਟੇ ਉਪਰ ਅਧਾਰਤ ਹੁੰਦੇ ਹਨ। ਇਕ ਘਟਨਾ ਦੂਜੇ ਕਾਰਨ ਨੂੰ ਜਨਮ ਦਿੰਦੀ ਹੈ।  ਇਹ ਕੁਦਰਤ ਦੇ ਨਿਯਮ ਹੀ ਪੂਰੇ ਬ੍ਰਹਮੰਡ ਨੂੰ ਗਤੀਸ਼ੀਲਤਾ ਦਿੰਦੇ ਹਨ। ਇਸ ਲੇਖ ਨੂੰ ਪੜ੍ਹਦੇ ਪੜ੍ਹਦੇ ਤੁਹਾਨੂੰ ਪਤਾ ਹੀ ਨਹੀਂ ਲਗਣਾ ਕਿ ਤੁਹਾਡੀ ਧਰਤੀ ਬ੍ਰਹਿਮੰਡ ਵਿੱਚ ਲੱਖਾਂ ਕਿਲੋਮੀਟਰ ਤੈਅ ਕਰਕੇ ਦੂਜੀ ਜਗਹ ਪਹੁੰਚ ਗਈ ਹੈ। ਇਹ ਰਫਤਾਰ ਹੈਰਾਨ ਕਰ ਦੇਣ ਵਾਲੀ ਹੈ। ਜਿਸ ਪੰਧ ਤੋਂ ਇਹ ਲੰਘ ਜਾਂਦੀ ਹੈ ਉਥੇ ਵਾਪਸ ਕਦੇ ਨਹੀਂ ਆਉਂਦੀ।

ਜਿਸ ਬ੍ਰਹਿਮੰਡ ਵਿੱਚ ਇਹ ਸੱਭ ਕੇਝ ਵਾਪਰ ਰਿਹਾ ਹੈ ਉਸ ਦੀ ਥਾਹ ਨਹੀਂ ਪਾਈ ਜਾ ਸਕਦੀ। ਰੋਸ਼ਨੀ ਦੀ ਰਫਤਾਰ ਉਪਰ ਚੱਲਣ ਵਾਲੇ ਰਾਕਟ ਵੀ ਕਈ ਸਾਲ ਲੈਣਗੇ ਇਕ ਥਾਂ ਤੋਂ ਦੂਜੀ ਥਾਂ ਜਾਣ ਵਿੱਚ ਤੇ ਹਾਲੇ ਤੱਕ ਵਿਗਿਆਨ ਕੋਲ ਕੋਈ ਅਜਿਹਾ ਸਾਧਨ ਮੋਜੂਦ ਨਹੀਂ ਹੈ ਜੋ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਤੋਂ ਵੱਧ ਚਲ ਸਕੇ। ਇਸ ਸਾਰੇ ਬ੍ਰਹਮੰਡ ਵਿੱਚ ਮੈਗਨੈਟਿਕ ਐਨਰਜੀ ਦੀ ਮੋਜੂਦਗੀ ਦਸਦੀ ਹੈ ਕਿ ਇਹ ਸੱਭ ਕੁਝ ਕਿਵੇਂ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਬਾਰ ਬਾਰ ਵਾਪਰਨ ਵਾਲੇ ਇਸ ਵਰਤਾਰੇ ਵਿੱਚ ਰਿਕ ਅਜੀਬ ਸੰਗੀਤਕ ਫਰੀਕੁਐਂਸੀ ਹੈ।  ਕੁਦਰਤ ਆਪਣੇ ਨਿਯਮਾਂ ਰਾਹੀ ਗਾ ਰਹੀ ਜਾਪਦੀ ਹੈ। ਕੀ ਤੁਸੀਂ ਇਸ ਸੱਭ ਨੂੰ ਰੋਕ ਸਕਦੇ ਹੋ? ਕੀ ਕੋਈ ਤਾਕਤ ਕੁਦਰਤ ਦੇ ਨਿਯਮਾਂ ਵਿੱਚ ਖਲਲ ਪਾ ਸਕਦਾ ਹੈ? ਪੂਰੀ ਗਲੈਕਸੀ ਨੂੰ ਦੇਖ ਲੈਣ ਤੋਂ ਬਾਦ ਮੇਰਾ ਤਾਂ ਕੁਦਰਤ ਦੇ ਨਿਯਮਾਂ ਨੂੰ ਮੰਨ ਲੈਣ ਤੇ ਉਨ੍ਹਾਂ ਅੱਗੇ ਸਿਰ ਝੁਕਾਉਣ ਦਾ ਹੀ ਮਨ ਕਰਦਾ ਹੈ। ਬ੍ਰਹਿਮੰਡ ਦੇ ਬਾਰੇ ਖਗੋਲ ਵਿਗਿਆਨੀ ਨਵੇਂ ਨਵੇਂ ਨਿਯਮ ਲੱਭ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਸਾਰਾ ਵਰਤਾਰਾ ਸਮਝਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਕੁਦਰਤ ਵੀ ਕਿਹਾ ਜਾ ਸਕਦਾ ਹੈ ਤੇ ਇਹ ਲਗਭਗ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਆਦਿ ਮਾਨਵ ਸੋਚਦਾ ਸੀ ਤੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਕੁਦਰਤ ਨੂੰ ਕਿਆਸਿਆ ਗਿਆ ਹੈ। ਪਰ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਕੁਦਰਤ ਜੋ ਜਾਹਰਾ ਦਿਖਾਈ ਦਿੰਦੀ ਹੈ ਇਹ ਤਾਂ ਉਨ੍ਹਾਂ ਨਿਯਮਾਂ ਦਾ ਇਕ ਸਿੱਟਾ ਮਾਤਰ ਹੈ ਜੋ ਸਾਰੀ ਕਾਇਨਾਤ ਵਿੱਚ ਵਰਤ ਰਹੇ ਹਨ, ਭਾਵ ਵਾਪਰ ਰਹੇ ਹਨ। ਇਹ ਨਿਯਮ ਇਕ ਭੈਅ ਵਾਂਗ ਹਨ ਕੁਦਰਤ ਦਾ ਕੋਈ ਹਿੱਸਾ ਵੀ ਉਸ ਭੈਅ ਦੇ ਵਿਰੋਧ ਵਿੱਚ ਨਹੀਂ ਜਾਂਦਾ। ਇਥੋਂ ਤੱਕ ਕਿ ਵਿਨਾਸ਼ ਕਾਰੀ ਵਰਤਾਰਾ ਵੀ ਕੁਦਰਤੀ ਨਿਯਮਾਂ ਵਿੱਚ ਵੀ ਵਾਪਰਦਾ ਹੈ।

ਇਹ ਸਾਰੇ ਨਿਯਮ ਚਾਹੇ ਉਤਪਤੀ ਦੇ ਹੋਣ ਜਾਂ ਵਿਨਾਸ਼ ਦੇ, ਕੁਦਰਤ ਦੀ ਨਿਯਮ ਬੱਧਤਾ ਨੂੰ ਪ੍ਰਗਟ ਕਰਦੇ ਹਨ। ਇਕ ਘਟਨਾ ਦੂਜੀ ਨੂੰ ਜਨਮ ਦਿੰਦੀ ਹੈ ਤੇ ਸਾਰੇ ਨਿਯਮਾਂ ਵਿਚਾਲੇ ਇਕ ਲੜੀ ਚਲਦੀ ਦਿਖਾਈ ਦਿੰਦੀ ਹੈ। ਕਾਰਨ ਤੇ ਸਿੱਟੇ ਦੀ ਲੜੀ ਤੇ ਸਾਰੀਆਂ ਘਟਨਾਵਾਂ ਇਸੇ ਤਰ੍ਹਾਂ ਹੀ ਵਾਪਰਦੀਆਂ ਤੁਰੀਆਂ ਆਉਂਦੀਆਂ ਹਨ। ਕਾਰਨ ਵੀ ਕੁਦਰਤੀ ਨਿਯਮਾਂ ਦੇ ਹਨ ਤੇ ਉਨ੍ਹਾਂ ਦੇ ਸਿੱਟੇ ਵੀ ਕੁਦਰਤੀ ਨਿਯਮਾਂ ਨਾਲ ਸਬੰਧਤ ਹਨ। ਇਕ ਨਿਯਮ ਦੂਜੇ ਨਿਯਮ ਨੂੰ ਜਨਮ ਦਿੰਦਾ ਹੈ। ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ।

ਜੇ ਕਿਤੇ ਗਲੈਕਸੀ ਦੇ ਮਹਾਂ ਵਰਤਾਰੇ ਦੇ ਨਾਲ ਅਸੀਂ ਆਪਣੀ ਹੋਂਦ ਦਾ ਟਾਕਰਾ ਕਰੀਏ ਤਾਂ ਸਾਨੂੰ ਮਹਿਸੂਸ ਹੋ ਜਾਏਗਾ ਕਿ ਜਿਸ ਪੱਧਰ ਤੇ ਇਹ ਸੱਭ ਕੁਝ ਵਰਤ ਰਿਹਾ ਹੈ ਉਸ ਦੇ ਸਾਹਮਣੇ ਅਸੀਂ ਕੀ ਸਮੁੱਚੀ ਮਨੁੱਖੀ ਕੋਸ਼ਿਸ਼ ਹੀ ਬਹੁਤ ਨਿਗੂਣੀ ਜਾਪਦੀ ਹੈ। ਗਲੈਕਸੀ ਦੀ ਰਫਤਾਰ ਤੋਂ ਵਿਗਿਆਨ ਇਕ ਅੰਦਾਜ਼ਾ ਲਾਉਂਦੇ ਹਨ ਕਿ ਸਮੁੱਚੇ ਬ੍ਰਹਿਮੰਡ ਦੇ ਇਸ ਵਰਤਾਰੇ ਦੀ ਉਮਰ ਕਿੰਨੀ ਹੈ ਤੇ ਇਹ ਕਦੋਂ ਤੱਕ ਇਸ ਤਰ੍ਹਾਂ ਵਾਪਰੇਗਾ। ਉਨ੍ਹਾਂ ਸੂਰਜ ਦੇ ਅੰਤ ਦਾ ਗਣਿਤ ਲਾਇਆ ਹੈ। ਸੂਰਜ ਦੇ ਅੰਤ ਤੋਂ ਪਹਿਲਾਂ ਧਰਤੀ ਦਾ ਅੰਤ ਹੋ ਜਾਏਗਾ। 50 ਲੱਖ ਸਾਲ ਦਾ ਅੰਦਾਜ਼ਾ ਹੈ। ਇਹ ਸੱਭ ਕੁਝ ਕਿਸ ਤਰ੍ਹਾਂ ਵਾਪਰੇਗਾ ਇਸ ਦਾ ਵੀ ਪੂਰਵ ਅਨੁਮਾਨ ਲਾ ਲਿਆ ਹੈ। ਇਹ ਕੋਈ ਕੋਰੀ ਕਲਪਨਾ ਨਹੀਂ ਸਗੋਂ ਉਨ੍ਹਾਂ ਨਿਯਮਾਂ ਦੇ ਆਪੋ ਵਿਚਲੇ ਸਬੰਧ ਜਾਣਨ ਤੋਂ ਬਾਦ ਹੀ ਉਹ ਅਜਿਹਾ ਕਰ ਸਕੇ ਹਨ। ਮੇਰਾ ਮਕਸਦ ਡਰ ਪੈਦਾ ਕਰਨਾ ਨਹੀਂ। ਵਿਗਿਆਨ ਆਪਣੇ ਉਦੇਸ਼ ਨਾਲ ਕੰਮ ਕਰ ਰਿਹਾ ਹੈ। ਜਿਹੜੀ ਜਾਣਕਾਰੀ ਇਹ ਦੇ ਰਿਹਾ ਹੈ ਉਹ ਸਿਰਫ ਕੁਦਰਤੀ ਨਿਯਮਾਂ ਦੀ ਹੀ ਹੈ।

ਕੁਦਰਤੀ ਨਿਯਮਾਂ ਦੀ ਇਕ ਹੋਰ ਖੂਬਸੂਰਤੀ ਹੈ ਕਿ ਇਹ ਵਿਸ਼ਾਲ ਪੱਧਰ ਤੇ ਅਤੇ ਸੱਭ ਤੋਂ ਸੂਖਮ ਪੱਧਰ ਤੇ ਵੀ ਵਪਾਰਦੇ ਦੇਖੇ ਜਾ ਸਕਦੇ ਹਨ। ਜੀਵਾਣੂ, ਰੋਗਾਣੂ, ਵਿਸ਼ਾਣੂ ਜੀਵ ਵਿਗਿਆਨ ਦਾ ਧੁਰਾ ਹਨ ਤੇ ਜੀਵਨ ਦਾ ਕਾਰਨ ਬਣੇ ਹੋਏ ਹਨ। ਇਹ ਸੱਭ ਕੁਦਰਤੀ ਨਿਯਮਾਂ ਅਧੀਨ ਹੀ ਚੱਲਦੇ ਹਨ। ਜਰਾ ਜਿੰਨੀ ਲਾਪਰਵਾਹੀ ਜਾਂ ਤਬਦੀਲੀ ਜ਼ਿੰਦਗੀ ਦੀ ਮੋਜੂਦਗੀ ਲਈ ਖਤਰਾ ਬਣ ਜਾਂਦੀ ਹੈ। ਵਿਗਿਆਨ ਆਪਣੀਆਂ ਵੱਖੋ ਵੱਖਰੀਆਂ ਸ਼ਾਖਾਵਾਂ ਅਧੀਨ ਇਨ੍ਹਾਂ ਨਿਯਮਾਂ ਦਾ ਅਧਿਅਨ ਕਰਦਾ ਹੈ। ਭੌਤਿਕ ਸ਼ਾਸ਼ਤਰ ਭੌਤਿਕ ਨਿਯਮਾਂ ਦੀ ਵਿਆਖਿਆ ਤੇ ਪਰਖ ਦਾ ਕੰਮ ਕਰਦਾ ਹੈ। ਰਸਾਇਣ ਵਿਗਿਆਨ ਰਸਾਇਣਕ ਨਿਯਮਾਂ ਦਾ ਅਧਿਅਨ ਕਰਦਾ ਹੈ। ਜੀਵ ਵਿਗਿਆਨ ਜੀਵਨ ਦੇ ਤੱਤਾਂ ਦਾ ਅਧਿਅਨ ਕਰਦਾ ਹੈ। ਇਸ ਤਰ੍ਹਾਂ ਬਾਕੀ ਦੀਆਂ ਸ਼ਾਖਾਵਾਂ ਆਪੋ ਆਪਣੇ ਖੇਤਰ ਵਿੱਚ ਕੰਮ ਕਰਦੀਆਂ ਹਨ। ਜੀਵ ਵਿਗਿਆਨ ਤੁਹਾਨੂੰ ਦੱਸੇਗਾ ਕਿ ਕਿਵੇਂ ਇਕ ਕੋਸ਼ਿਕਾ ਜੀਵ ਨੇ ਮਨੁੱਖੀ ਜੀਵਨ ਤੱਕ ਦਾ ਸਫਰ ਤੈਅ ਕੀਤਾ ਹੈ। ਮਨੋਵਿਗਿਆਨ ਦੱਸੇਗਾ ਕਿ ਮਾਨਸਕ ਪੱਧਰ ਉਪਰ ਤਬਦੀਲੀਆਂ ਕਿਵੇਂ ਵਾਪਰਦੀਆਂ ਹਨ। ਮਨੁੱਖੀ ਜੀਵਨ ਦੀ ਸ਼ੁਰੂਆਤ ਕੁਦਰਤ ਦੇ ਨਿਯਮਾਂ ਅਧੀਨ ਹੀ ਹੋਈ। ਇਹ ਕਿਤੇ ਵੀ ਹੋ ਸਕਦੀ ਹੈ ਜਿਥੇ ਇਸ ਨੂੰ ਲੋੜੀਦੀਆਂ ਅਵਸਥਾਵਾਂ ਮਿਲਣਗੀਆਂ। ਸਾਰੇ ਬੀਜ ਨਹੀਂ ਉੱਗਦੇ। ਪਰ ਜਿਸ ਬੀਜ ਨੂੰ ਸਹੀ ਤਾਪਮਾਨ, ਸਹੀ ਵੱਤਰ, ਸਹੀ ਮਿੱਟੀ ਨਾਲ ਸੰਪਰਕ ਮਿਲ ਜਾਂਦਾ ਹੈ ਉਹ ਉੱਗ ਖੜ੍ਹਦਾ ਹੈ। ਫਿਰ ਉਸ ਨੂੰ ਕੋਈ ਰੋਕ ਨਹੀਂ ਸਕਦਾ। ਹਰ ਬੀਜ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ ਤੇ ਆਪਣੇ ਆਪ ਵਿੱਚ ਨਵੇਂ ਗੁਣਾਂ ਦਾ ਧਾਰਨੀ ਹੁੰਦਾ ਹੈ। ਇਸ ਸੱਭ ਨੂੰ ਪਰਖ ਕੇ ਦੇਖਣ ਤੇ ਸਮਝਣ ਦਾ ਮੌਕਾ ਮੈਂਡਲ ਨੂੰ ਮਿਲਿਆ। ਉਹ ਇਕ ਪਾਦਰੀ ਸੀ। ਉਹ ਵੀ ਬਾਈਬਲ ਵਿੱਚ ਲਿਖੇ ਉਪਰ ਵਿਸ਼ਵਾਸ ਕਰ ਸਕਦਾ ਸੀ। ਪਰ ਉਸ ਦਾ ਸ਼ੌਕ ਸੀ ਮਟਰਾਂ ਦੇ ਬੂਟੇ ਉਗਾਉਣੇ। ਤੇ ਇੰਜ ਮਟਰਾਂ ਦੇ ਦਾਣਿਆਂ ਦੀ ਮੋਟਾਈ ਤੇ ਗਿਣਤੀ ਵਧਾਉਣ ਦੀ ਲਿਲ੍ਹਕ ਉਸ ਨੂੰ ਵਿਗਿਆਨਕ ਨਿਯਮਾਂ ਵੱਲ ਲੈ ਗਈ ਤੇ ਉਸ ਨੇ ਜੀਵ ਵਿਗਿਆਨ ਵਿੱਚ ਜਿਹੜੇ ਨਿਯਮ ਸਥਾਪਤ ਕੀਤੇ ਉਹ ਅੱਜ ਵੀ ਉਸ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ।

ਕੁਦਰਤ ਦੇ ਇਸ ਵਰਤਾਰੇ ਪਿਛੇ ਕੁਦਰਤੀ ਨਿਯਮਾਂ ਨੂੰ ਦੇਖ ਤੇ ਸਮਝ ਕੇ ਮਨ ਭੌਚੱਕਾ ਰਹਿ ਜਾਂਦਾ ਹੈ। ਪ੍ਰਸੰਸਾ ਕੀਤੇ ਬਿਨਾਂ ਨਹੀਂ ਰਿਹਾ ਹਾ ਸਕਦਾ। ਕਮਾਲ ਕੀਤੀ ਹੋਈ ਹੈ ਕੁਦਰਤ ਦੇ ਇਨ੍ਹਾਂ ਨਿਯਮਾਂ ਨੇ। ਕੀ ਸਾਡੇ ਕੋਲ ਇਸ ਸੱਭ ਕੁਝ ਦਾ ਵਿਰੋਧ ਕਰਨ ਦਾ ਦਮ ਹੈ? ਕੀ ਇਸ ਤੋਂ ਬਿਨਾਂ ਜੀਵਿਆ ਜਾ ਸਕਦਾ ਹੈ? ਨਹੀਂ, ਇਕ ਪਲ ਵੀ ਨਹੀਂ। ਬਹੁਤ ਮੁਸ਼ਕਲ ਹੋ ਜਾਵੇਗਾ ਜੀਣਾ, ਜੇ ਭਲਾ ਅਸੀਂ ਧਰਤੀ ਦੀ ਗੁਰੂਤਾ ਖਿੱਚ ਦਾ ਹੀ ਵਿਰੋਧ ਕਰੀਏ। ਅਸਮਾਨ ਵਿੱਚ ਤੇ ਫਿਰ ਪੁਲਾੜ ਵਿੱਚ ਸਾਨੂੰ ਜੀਵਨ ਦੀ ਕੋਈ ਵਿਵਸਥਾ ਨਹੀਂ ਮਿਲਣੀ। ਸੋ ਇਨ੍ਹਾਂ ਨੂੰ ਮੰਨ ਲੈਣਾ ਤੇ ਫਿਰ ਇਨ੍ਹਾਂ ਅਨੁਸਾਰ ਜੀਵਨ ਜੀ ਲੈਣਾ ਹੀ ਸੁਖੀ ਜ਼ਿੰਦਗੀ ਦਾ ਰਾਜ ਹੈ।

ਹੁਣ ਗੁਰਬਾਣੀ ਵੱਲ ਪਰਤ ਕੇ ਦੇਖੋ। ਇਸ ਕੁਦਰਤੀ ਵਰਤਾਰੇ ਦੇ ਨਿਯਮਾਂ ਦੀ ਨਿਯਮਬੱਧਤਾ ਨੂੰ ਜੋ ਚਾਹੋ ਨਾਂ ਦੇ ਦਿਓ. (ਨਾਂ ਤਾਂ ਬੱਸ ਇਕ ਨਾਂਵ ਹੈ, ਵਿਆਕਰਨ ਦੀ ਇਕ ਇਕਾਈ) ਰੱਬ ਕਹੋ, ਅਕਾਲ ਪੁਰਖ ਕਹੋ, ਰਾਮ ਕਹੋ, ਰਹੀਮ ਕਹੋ, ਕੀ ਫਰਕ ਪੈਂਦਾ ਹੈ। ਐਕਸ ਵਾਈ ਜ਼ੈਡ ਕੁਝ ਵੀ ਕਹਿ ਲਵੋ। ਗੁਰਮੁੱਖ ਹੋ ਜੇ ਕੁਦਰਤ ਦੇ ਨਿਯਮਾਂ ਅਨੁਸਾਰ ਜੀਂਦੇ ਹੋ। ਨਹੀਂ ਤਾਂ ਮਨਮੁੱਖ, ਭਾਵ ਮਨ ਆਈਆਂ ਕਰਦੇ ਹੋ, ਕੁਦਰਤ ਦੇ ਨਿਯਮਾਂ ਨੂੰ ਨਹੀਂ ਮੰਨਦੇ, ਛੇੜ ਛਾੜ ਕਰਦੇ ਹੋ। ਨਾ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੋ ਤੇ ਨਾ ਮੰਨਦੇ ਹੋ। ਦੁਖ ਤਾਂ ਮਿਲਣਾ ਹੀ ਹੈ। ਕੁਦਰਤ ਦੇ ਨਿਯਮਾਂ ਵਿੱਚ ਜਿਹਾ ਕਰੋਗੇ ਉਸੇ ਤਰ੍ਹਾਂ ਦਾ ਭਰੋਗੇ। ਜੇ ਬੰਜਰ ਜੀਵਨ ਨਾਲ ਮੋਹ ਹੈ ਤਾਂ ਅੱਗ ਲਾ ਕੇ ਸਾੜ ਦਿਓ ਸੱਭ ਕੁਝ ਪਰ ਜਦੋਂ ਕੁਦਰਤ ਤੁਹਾਡੇ ਕੀਤੇ ਦਾ ਹਿਸਾਬ ਕਰੇਗੀ ਤੇ ਲੇਖਾ ਕਰਕੇ ਤੁਹਾਡੇ ਸਾਹਮਣੇ ਸੱਭ ਕੁੱਝ ਰੱਖ ਦੇਵੇਗੀ। ਫਿਰ ਤੁਹਾਡੇ ਕੋਲ ਕੀ ਜਵਾਬ ਹੋਵੇਗਾ। ਸੋ ਚੰਗਾ ਹੈ, ਭਲਾਈ ਇਸੇ ਵਿੱਚ ਹੈ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਜੀਵਨ ਬਤੀਤ ਕੀਤਾ ਜਾਵੇ।

ਕੁਦਰਤ ਦਾ ਤਾਣਾ ਬਾਣਾ ਬਹੁਤ ਉਲਝਿਆ ਹੋਇਆ ਹੈ। ਇਸ ਨਾਲ ਛੇੜ ਛਾੜ ਬਿਲਕੁਲ ਨਾ ਕੀਤੀ ਜਾਵੇ। ਗੁਰਬਾਣੀ ਇਸ ਦੀ ਇਜ਼ਾਜ਼ਤ ਨਹੀਂ ਦਿੰਦੀ। “ਹੁਕਮ ਕੀਏ ਮਨ ਭਾਵਦੇ .....” ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਸੁਚੇਤ ਮਨ ਨਾਲ ਸੋਚਣਾ ਤੇ ਫੈਸਲਾ ਕਰਨਾ ਜਰੂਰੀ ਹੈ। ਪਰ ਇਸ ਤੋਂ ਵੀ ਜਿਆਦਾ ਜ਼ਰੁਰੀ ਹੈ ਕੁਦਰਤ ਨੂੰ ਗਹੁ ਨਾਲ ਦੇਖਣਾ, ਸਮਝਣਾ ਤੇ ਉਸ ਅਨੁਸਾਰ ਜੀਣਾ। ਕੁਦਰਤੀ ਨਿਯਮਾਂ ਦੇ ਬਾਰ ਬਾਰ ਵਾਪਰਨ ਵਿੱਚ ਵੀ ਇਕ ਸੰਗੀਤ ਹੈ, ਇਸ ਸੰਗੀਤ ਨੂੰ ਹੀ ਗਾਵਿਨ ਕਿਹਾ ਗਿਆ ਹੈ। ਕੁਦਰਤ ਦਾ ਗਾਉਣਾ ਕਿਸੇ ਅਵਾਜ਼ ਨਾਲ ਸਬੰਧ ਨਹੀਂ ਰੱਖਦਾ, ਇਹ ਗਾਉਣਾ ਤਾਂ ਕੁਦਰਤ ਦੇ ਵਰਤਾਰੇ ਦਾ ਵਾਪਰਨਾ ਹੈ। ਹਰ ਦਿਨ ਸਵੇਰ ਤੋਂ ਸ਼ਾਮ ਤੇ ਹਰ ਸਾਲ ਵਿੱਚ ਛੇ ਵਾਰੀ ਰੁੱਤ ਬਦਲਣਾ ਕੁਦਰਤ ਦਾ ਸੰਗੀਤ ਹੀ ਤਾਂ ਹੈ। ਇਨ੍ਹਾਂ ਨਿਯਮਾਂ ਵਿੱਚ ਹੀ ਸੂਰਜ ਚੰਨ, ਤਾਰੇ ਤੇ ਸਾਰੇ ਗ੍ਰਹਿ ਆਪਣੀ ਚਾਲ ਚਲ ਰਹੇ ਹਨ। ਇਹ ਵਿਗਿਆਨਕ ਸੱਚ ਹੈ, ਅੰਧ ਵਿਸ਼ਵਾਸ ਨਹੀਂ। ਇਸ ਸੱਚ ਨੂੰ ਸਮਝਣਾ ਹੀ ਅਸਲ ਵਿੱਚ ਸੁਣਨਾ ਹੈ। ਜੇ ਤੁਸੀਂ ਕੁਦਰਤ ਦੇ ਸੰਗੀਤ ਨੂੰ ਸਮਝਦੇ ਹੋ  ਇਸ ਦੀ ਸੰਗੀਤਕਤਾ ਨੂੰ ਪ੍ਰਵਾਨ ਕਰਦੇ ਹਾਂ ਤਾਂ ਹੀ ਤੁਹਾਡੀ ਸੁਣਨ ਸ਼ਕਤੀ ਇਸ ਕਾਬਲ ਹੋ ਗਈ ਹੈ ਕਿ ਤੁਸੀਂ ਸੁਣ ਕੇ ਅਨੰਦ ਮਾਣ ਸਕੋਂ। ਕੁਦਰਤ ਦੇ ਨਿਯਮਾਂ ਨੂੰ ਵਾਪਰਦਾ ਦੇਖ ਕੇ ਉਸ ਦੇ ਅੱਗੇ ਸਿਰ ਝੁਕਾ ਕੇ ਮੰਨ ਲੈਣਾ ਤੇ ਫਿਰ ਉਨ੍ਹਾਂ ਅਨੁਸਾਰ ਜੀਣਾ ਹੀ ਅਸਲ ਗੁਰਮੁਖ ਜੀਵਨ ਹੈ। ਕੀ ਗੁਰਬਾਣੀ ਇਸ ਤੋਂ ਵੱਧ ਕੁਝ ਹੋਰ ਕਰਨ ਲਈ ਆਖਦੀ ਹੈ।

ਬਾਕੀ ਸਾਰੀਆਂ ਗੱਲਾਂ ਤਾਂ ਮਨ-ਮਨੌਤੀਆਂ ਹਨ। ਨਾਮ ਜਪਣਾ ਕੋਈ ਰੱਬ ਰੱਬ ਕਰਨਾ ਨਹੀਂ ਸਗੋਂ ਜਿੰਨੀ ਵਾਰ ਰੱਬ ਸ਼ਬਦ ਦੀ ਵਰਤੋਂ ਹੋਵੇ ਓਨੀ ਵਾਰੀ ਕੁਦਰਤ ਦੇ ਇਸ ਮਹਾਂ ਵਰਤਾਰੇ ਨੂੰ ਆਪਣੇ ਚਿਤ ਭਾਵ ਜ਼ਿਹਨ ਵਿੱਚ ਲਿਆਉਣਾ ਹੈ। ਕੁਦਰਤ ਦਾ ਭਾਣਾ ਭਾਵ ਜੋ ਕੁਦਰਤ ਨੂੰ ਭਾਵੇ ਉਸ ਨੂੰ ਸੱਤ ਕਰਕੇ ਮੰਨ ਲੈਣਾ ਹੀ ਗੁਰਮੁਖ ਸੋਚ ਹੈ। ਰੱਬ ਨੂੰ ਕਿਸੇ ਵਿਅਕਤੀ ਵਾਂਗ ਲੈਣਾ ਤੇ ਉਸ ਨੂੰ ਕੋਈ ਸੁਪਰ ਸ਼ਕਤੀ ਸਮਝ ਕੇ ਗੁਣ ਗਾਣ ਕਰਨਾ ਵਿਅਰਥ ਹੈ। ਜਦੋਂ ਵਡਿਆਈ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਕੁਦਰਤੀ ਨਿਯਮਾਂ ਦੇ ਸਾਰਥਕ ਪੱਖਾਂ ਨੂੰ ਵਿਚਾਰਨਾ ਹੈ। ਵਿਗਿਆਨ ਦੇ ਵਿਸ਼ਿਆ ਵਿੱਚ ਜਾ ਕੇ ਕੁਦਰਤ ਨੂੰ ਜਾਣਨਾ ਹੈ ਤਾਂ ਜੋ ਮਿਲੀ ਜਾਣਕਾਰੀ ਤੋਂ ਜੀਵਨ ਨੂੰ ਸੁਖਾਲਾ ਤੇ ਚੰਗਾ ਬਣਾਉਣ ਵਿੱਚ ਸੇਧ ਮਿਲ ਸਕੇ।  (ਚਲਦਾ)



No comments:

Post a Comment