ਦੇਸ਼ ਵਿੱਚ ਆਰਥਕ ਮੰਦੀ ਦੇ ਹਾਲਾਤ ਆਉਣ ਵਿੱਚ ਹਾਲੇ ਕੁਝ ਸਮਾਂ ਰਹਿੰਦਾ ਸੀ। ਇੱਕ ਅੰਦਾਜ਼ੇ ਅਨੁਸਾਰ ਇਸ ਵਿੱਚ ਹਾਲੇ ਦਸ ਕੁ ਸਾਲਾਂ ਦਾ ਸਮਾਂ ਸੀ, ਦਸ - ਵੀਹ ਸਾਲ ਬਾਦ ਅਜਿਹੇ ਹਾਲਾਤ ਬਣ ਸਕਦੇ ਸਨ ਜਦੋਂ ਆਰਥਕ ਮੰਦਵਾੜੇ ਨੇ ਸਾਨੂੰ ਘੇਰ ਲੈਣਾ ਸੀ ਤੇ ਅਸੀਂ ਬੇਰੁਜ਼ਗਾਰੀ ਤੇ ਸਰਮਾਇਆਦਾਰੀ ਦੇ ਝੰਬੇ ਹੋਇਆ ਨੇ ਇਨਕਲਾਬ ਦੇ ਝੰਡੇ ਨੂੰ ਹੱਥ ਪਾ ਲੈਣਾ ਸੀ।
ਇਨਕਲਾਬ ਦਾ ਇਹ ਇਨਕਲਾਬ ਦਾ ਦੌਰ ਦਰਅਸਲ ਸਰਮਾਇਆਦਾਰੀ ਦੇ ਸੰਕਟ ਚੋਂ ਪੈਦਾ ਹੋਣਾ ਸੀ। ਤੇ ਇਹ ਸੁਭਾਵਕ ਗੱਲ ਹੈ ਕਿ ਜਦੋਂ ਜਦੋਂ ਵੀ ਅਰਥਚਾਰੀ ਦੀ ਕੋਈ ਵਿਵਸਥਾ ਸੰਕਟ ਗ੍ਰਸਤ ਹੋਈ ਹੈ ਉਸ ਚੋਂ ਨਿਰਣਾਇਕ ਹਾਲਾਤ ਪੈਦਾ ਹੁੰਦੇ ਹਨ ਤੇ ਪਰਸਥਿਤੀਆਂ ਤਬਦੀਲੀ ਨੂੰ ਜਨਮ ਦਿੰਦੀਆਂ ਹਨ। ਸੰਕਟ ਦਾ ਮਤਲਬ ਹੈ ਕਿ ਜਦੋਂ ਕੋਈ ਵਿਵਸਥਾ ਆਪਣੇ ਆਪ ਨੂੰ ਹੀ ਨਾ ਸੰਭਾਲ ਸਕੇ ਉਸ ਦਾ ਢਹਿ ਢੇਰੀ ਹੋ ਜਾਣਾ ਲਾਜ਼ਮੀ ਹੈ।
ਇਨ੍ਹਾਂ ਹਾਲਤਾਂ ਉਪਰ ਫਿਰ ਕਿਸੇ ਦਾ ਕਾਬੂ ਨਹੀਂ ਸੀ ਰਹਿਣਾ। ਦੇਸ਼ ਦੀ 60% ਤੋਂ ਵੱਧ ਜਨਤਾ ਕੋਲ ਨਾ ਢੰਗ ਦੀ ਰੋਟੀ ਹੋਣੀ ਸੀ ਤੇ ਨਾ ਰੁਜ਼ਗਾਰ, ਨਾ ਕੋਈ ਭੱਵਿਖ ਤੇ ਨਾ ਕੋਈ ਉਮੀਦ। ਅੰਕੜੇ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਮੋਜੂਦਾ ਆਰਥਕ ਵਿਵਸਥਾ ਜਿਸ ਨੂੰ ਕਈ ਲੋਕ ਦੇਸ਼ ਦੀ ਅਜ਼ਾਦੀ ਤੋਂ ਬਾਦ ਸੁਨਹਿਰਾ ਕਾਲ ਸਮਝਦੇ ਹਨ, ਹਰ ਸਾਲ 1 ਕਰੋੜ 86 ਬੇਰੁਜ਼ਗਾਰ ਪੈਦਾ ਕਰ ਰਹੀ ਹੈ। ਅਗਲੇ ਦਸ ਸਾਲਾਂ ਵਿੱਚ ਇਹ ਗਿਣਤੀ 30 ਤੋਂ 40 ਕਰੋੜ ਹੋ ਸਕਦੀ ਹੈ। ਮੋਜੂਦਾ ਸਰਮਾਇਅਦਾਰੀ ਵਿਵਸਥਾ ਲਗਭਗ ਇਸੇ ਤਰ੍ਹਾਂ ਦੀਆਂ ਹਾਲਤਾਂ ਹੀ ਬਾਕੀ ਥਾਂਵਾਂ ਉਪਰ ਪੈਦਾ ਕਰੀ ਜਾ ਰਹੀਆਂ ਹਨ। ਭਾਰਤ ਕਿਉਂ ਕਿ ਇੱਕ ਮਜ਼ਬੂਤ ਜਨ-ਸੰਖਿਆ ਵਾਲੀ ਵਿਵਸਥਾ ਹੈ ਇਥੇ ਇਹ ਪ੍ਰਸਥਿਤੀ ਜਲਦੀ ਵਿਸਫੋਟਕ ਹੋ ਸਕਦੀ ਹੈ। ਉਸ ਵੇਲੇ ਸਾਡੇ ਨਾਲ ਪੁਰਾ ਯੂਰੋਪ ਹੋਣਾ ਸੀ, ਅਮਰੀਕਾ ਤੇ ਅਸਟ੍ਰੇਲੀਆ ਵੀ..... ਫਿਰ ਇਸ ਨੂੰ ਵਾਪਰਣ ਤੋਂ ਕਿਸੇ ਨੇ ਰੋਕ ਨਹੀਂ ਸੀ ਸਕਣਾ।
ਸਾਨੂੰ ਭਲੀ ਭਾਂਤ ਪਤਾ ਹੈ ਕਿ ਇਹ ਦੁਰਦਸ਼ਾ ਸਰਮਾਇਆਦਾਰੀ ਦੀ ਅੰਨ੍ਹੀ ਲੁੱਟ, ਆਰਥਕ ਸ਼ੋਸ਼ਣ ਤੇ ਸਰਕਾਰੀ ਨੀਤੀਆਂ ਕਾਰਨ ਹੋਣੀ ਸੀ ਜਿਸ ਨਾਲ ਦੇਸ਼ ਦਾ ਸਰਮਾਇਆ ਕੁਝ ਘਰਾਣਿਆਂ ਦੇ ਹੱਥ ਵਿੱਚ ਪਹੁੰਚ ਜਾਣਾ ਸੀ। ਇਸ ਗੱਲ ਨੂੰ ਦੁਨੀਆ ਭਰ ਦੇ ਕਾਰਪੋਰੇਟ ਵੀ ਚੰਗੀ ਤਰਹਾਂ ਜਾਣਦੇ ਹਨ ਤੇ ਉਹ ਇਸ ਪੁਆਇੰਟ ਤੱਕ ਜਾਣ ਤੋਂ ਟਾਲ ਮਟੋਲ ਕਰਦੇ ਹਨ। ਇਹ ਇੱਕ ਤਰਹਾਂ ਨਾਲ ਸਰਮਾਇਦਾਰੀ ਦੀ ਉਮਰ ਲੰਮੀ ਕਰਨ ਦੇ ਆਖਰੀ ਯਤਨ ਹੁੰਦੇ ਹਨ। ਕਦੇ ਕੋਈ ਸਮਾਜ ਭਲਾਈ ਸਕੀਮਾਂ ਆ ਜਾਂਦੀਆਂ ਹਨ, ਕਦੇ ਕੁਝ ਹੋਰ... ਪਰ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਰਮਾਇਆਦਾਰੀ ਦੁਨੀਆ ਭਰ ਵਿੱਚ ਸੰਕਟ ਗ੍ਰਸਤ ਹੈ ਤੇ ਇਸ ਦਾ ਵਿਕਾਸ ਇਸ ਦੇ ਵਿਨਾਸ਼ ਵੱਲ ਵੱਧਦਾ ਆਖਰੀ ਕਦਮ ਹੈ।
ਸਰਮਾਇਆਦਾਰੀ ਦਾ ਸੰਕਟ ਉਸ ਦੀ ਮੁਨਾਫਾਖੋਰੀ ਦੀ ਲਾਲਸਾ ਦੀ ਦੇਣ ਹੈ। ਸਰਮਾਇਅਦਾਰ ਆਪਣੇ ਸਰਮਾਏ ਦਾ ਵੱਧ ਤੋਂ ਮੁੱਲ ਵਸੂਲਣਾ ਚਾਹੁੰਦਾ ਹੈ ਇਸ ਲਈ ਉਹ ਮੁਨਾਫਾ ਵਧਾਉਣਾ ਆਪਣਾ ਹੱਕ ਸਮਝਦਾ ਹੈ। ਇਸ ਕੰਮ ਵਾਸਤੇ ਮੰਡੀਆਂ ਵਿੱਚ ਦਿਸਦੀ ਆਪੋ ਧਾਪੀ ਇਸ ਦਾ ਸਿੱਧਾ ਸਬੂਤ ਹੈ। ਇਸ ਨੂੰ ਉਹ ਸਿਹਤਮੰਦ ਮੁਕਾਬਲੇ ਦੀ ਸਥਿਤੀ ਦੱਸਦੇ ਹਨ। ਸਰਕਾਰ ਇਸ ਨੂੰ ਚੰਗਾ ਮੰਨਦੀ ਹੈ ਪਰ ਇਸ ਮੁਕਾਬਲੇ ਵਿੱਚ ਛੋਟੀਆਂ ਮੱਛੀਆਂ ਨੂੰ ਨਿਗਲ ਕੇ ਵੱਡੀਆਂ ਮੱਛੀਆਂ ਭਿਆਨਕ ਮਗਰਮੱਛ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਸਾਡੇ ਦੇਸ਼ ਵਿੱਚ ਵੀ ਪਿਛਲੇ ਦਸ ਕੁ ਸਾਲਾਂ ਵਿੱਚ ਕਈ ਵੱਡਿਆਂ ਮੱਛੀਆਂ ਮਗਰਮੱਛ ਬਣ ਕੇ ਬੈਠ ਗਈਆਂ ਹਨ।
ਮੁਨਾਫਾਖੋਰੀ ਕਿਰਤੀਆਂ ਤੇ ਕਾਮਿਆਂ ਲਈ ਕਦੇ ਚੰਗੀ ਸਾਬਤ ਨਹੀਂ ਹੋਈ। ਇਸ ਨਾਲ ਕਿਰਤ ਦੀ ਲੁੱਟ ਤੇ ਕਿਰਤੀਆਂ ਦਾ ਸ਼ੋਸ਼ਣ ਵਧਦਾ ਹੈ। ਇਸ ਨੂੰ ਜਾਇਜ਼ ਬਣਾਉਣ ਦਾ ਇੱਕੋ ਇੱਕ ਢੰਗ ਬੇਰੁਜ਼ਗਾਰੀ ਪੈਦਾ ਕਰਨਾ ਹੈ, ਮੰਗ ਤੇ ਪੂਰਤੀ ਦੇ ਨਿਯਮ ਨੂੰ ਲਾਗੂ ਕਰਦਿਆਂ ਉਜਰਤ ਦੀ ਦਰ ਘੱਟਦੀ ਹੈ ਤੇ ਸ਼ੋਸ਼ਣ ਦੀ ਦਰ ਵੱਧਦੀ ਤੁਰੀ ਜਾਂਦੀ ਹੈ।
ਪਰ ਮੋਦੀ ਜੀ ਇਸ ਨੋਟ ਬੰਦੀ ਨੇ ਇਹ ਰਾਹ ਅਸਾਨ ਕਰ ਦਿੱਤਾ ਹੈ। ਇਨਕਲਾਬ ਦੇ ਨੇੜੇ ਕਰ ਦਿੱਤਾ ਹੈ ਤੁਸਾਂ, ਇੱਕ ਹੀ ਝਟਕੇ ਨਾਲ.... ਮੱਧ ਵਰਗ ਕੋਲ ਜਿਹੜੀ ਪੂੰਜੀ ਸੀ ਜਿਸ ਨਾਲ ਉਹ ਵਿਕਾਸ ਦੀ ਪੌੜੀ ਚੜ੍ਹ ਕੇ ਅੱਗੇ ਵਧਣ ਦੀ ਲਾਲਸਾ ਰੱਖਦਾ ਸੀ ਉਹ ਤੁਸੀਂ ਲਗਭਗ ਨਿਬੇੜ ਦਿੱਤੀ ਹੈ। ਕਾਲਾ ਧਨ ਉਹ ਨਹੀਂ ਹੁੰਦਾ ਜੋ ਤੁਸੀਂ ਆਖਦੇ ਹੋ, ਇਹ ਅਸਲ ਵਿੱਚ ਮੁਨਾਫੇ ਦੀ ਲਾਲਸਾ ਚੋਂ ਨਿਕਲੀ ਕਿਰਤ ਦੀ ਲੁੱਟ ਚੋਂ ਪੈਦਾ ਹੋਇਆ ਧਨ ਹੁੰਦਾ ਹੈ ਜਿਸ ਨੂੰ ਸਰਮਾਇਅਦਾਰੀ ਸਰਮਾਏ ਦਾ ਹਿੱਸਾ ਬਣਾਉਂਦੀ ਹੈ।
ਸਰਕਾਰ ਨੂੰ ਟੈਕਸ ਦੇਣਾ ਜਾਂ ਨਾ ਦੇਣਾ ਲੋਕਾਂ ਤੇ ਸਰਕਾਰ ਦੇ ਆਪਸੀ ਸਮਝੌਤੇ ਦੀ ਗੱਲ ਹੈ। ਸਰਕਾਰ ਨਾਲ ਇੱਕ ਸਮਝੌਤਾ ਹੁੰਦਾ ਹੈ ਲੋਕਾਂ ਦਾ ਕਿ ਗਵਰਨੈਂਸ ਦੇ ਨਾਂ ਉਪਰ ਉਹ ਆਪਣਾ ਬਣਦਾ ਹਿੱਸਾ ਦੇਣ ਪਰ ਲੋਕ ਤੰਤਰ ਵਿੱਚ ਜੇ ਇਹੋ ਸਰਕਾਰ ਸਰਮਾਇਅਦਾਰੀ ਵੱਲੋਂ ਖਰੀਦ ਲਈ ਜਾਵੇ ਜਾਂ ਸਰਕਾਰ ਆਪਣੇ ਆਪ ਨੂੰ ਸਰਮਾਇਅਦਾਰਾਂ ਵੱਲੋਂ ਵਰਤੇ ਜਾਣ ਦੀ ਖੁਲ੍ਹ ਦੇ ਦੇਵੇ, (ਤੁਸੀਂ ਇਸ ਨੂੰ ਰਾਜਨੀਤਕ ਨੀਤੀ ਵੀ ਆਖ ਸਕਦੇ ਹੋ) ਤਾਂ ਲੋਕਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਸਰਕਾਰ ਨੂੰ ਦਿੱਤੇ ਜਾਣ ਵਾਲੇ ਟੈਕਸ ਉਪਰ ਸਵਾਲ ਕਰ ਸਕਣ ਤੇ ਹੋ ਸਕਦਾ ਹੈ ਕਿ ਉਹ ਇਸ ਨੂੰ ਦੇਣ ਤੋਂ ਇਨਕਾਰ ਵੀ ਕਰ ਦੇਣ....। ਅਸਲ ਵਿੱਚ ਟੈਕਸ ਤਾਂ ਲੋਕਾਂ ਤੋਂ ਪੁੱਛ ਕੇ ਲਾਏ ਜਾਣੇ ਚਾਹੀਦੇ ਹਨ। ਸਰਕਾਰ ਆਪਣੀ ਜਵਾਬਦੇਹੀ ਤੈਅ ਕਰੇ ਕਿ ਉਹ ਲੋਕਾਂ ਨੂੰ ਕਿਵੇਂ ਜਵਾਬ ਦੇਹ ਹੋਵੇਗੀ। ਜੇ ਕੋਈ ਹਾਕਮ ਆਪਣੇ ਆਪ ਨੂੰ ਆਪਣੀ ਮਰਜ਼ੀ ਦਾ ਮਾਲਕ ਸਮਝਣ ਲੱਗ ਪਵੇ ਤਾਂ ਇਹ ਲੋਕਾਂ ਦੀ ਬਦਕਿਸਮਤੀ ਹੁੰਦੀ ਹੈ ਕਿ ਉਹ ਕਿੰਨੀ ਦੇਰ ਉਸ ਨੂੰ ਬਰਦਾਸ਼ਤ ਕਰਦੇ ਹਨ। ਮੱਧ-ਵਰਗ ਦੀ ਪੂੰਜੀ ਦੀ ਸਮਾਪਤੀ ਨਾਲ ਹੀ ਮੱਧ ਵਰਗ ਚੋਂ ਕਿਰਤੀ ਵਰਗ ਦੀ ਗਿਣਤੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਹੁਣ ਇਹ ਬਹੁਤ ਤੇਜ਼ੀ ਨਾਲ ਹੋਵੇਗਾ। ਖੁਸ਼ਕਿਸਮਤੀ ਨਾਲ ਸਾਡੇ ਦੇਸ਼ ਵਿੱਚ ਮੱਧ ਵਰਗ ਇੱਕ ਵੱਡੀ ਗਿਣਤੀ ਵਿੱਚ ਮੋਜੂਦ ਹੈ। ਇਸ ਦੀਆਂ ਸਫਾਂ ਵਿੱਚ ਵੀ ਭੰਨ ਤੋੜ ਸ਼ੁਰੂ ਹੋ ਜਾਣੀ ਹੈ। ਤੇ ਇਹ ਕੁਦਰਤੀ ਹੈ, ਅਜਿਹੀ ਉਥਲ ਪੁਥਲ ਕਈ ਵਾਰੀ ਕਿਸੇ ਗ਼ਲਤ ਫੈਸਲੇ ਨਾਲ ਜਲਦੀ ਵਾਪਰ ਜਾਂਦੀ ਹੈ।
ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਚੋਖਾ ਵੱਧਾ ਹੋਣਾ ਲਾਜ਼ਮੀ ਹੈ। ਅੰਕੜੇ ਦੱਸਦੇ ਹਨ ਕਿ ਤੁਸੀਂ ਲੰਘੇ ਸਾਲ ਵਿੱਚ ਇੱਕ ਲੱਖ 35 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਪਰ ਇਸ ਇੱਕ ਹੀ ਝਟਕੇ ਨਾਲ ਚਾਰ ਤੋਂ ਛੇ ਲੱਖ ਲੋਕ ਬੇਰੁਜ਼ਗਾਰ ਹੋ ਜਾਣ ਦੀ ਸੰਭਾਵਨਾ ਹੈ। ਅਫਸੋਸ ਇਹ ਅੰਕੜੇ ਤੁਹਾਡੇ ਤੱਕ ਨਹੀਂ ਪਹੁੰਚਣੇ ਕਿਉਂ ਕਿ ਇਹ unorganized sector ਦੇ ਅੰਕੜੇ ਹਨ। ਤੁਹਾਡੇ ਮਾਹਰਾਂ ਨੂੰ ਨਾ ਦਿਖਾਈ ਦੇਣ ਵੱਖਰੀ ਗੱਲ ਹੈ ਪਰ ਹੋਣਾ ਇੰਜ ਹੀ ਹੈ। ਹੁਣ ਤੁਸੀਂ ਦੋ ਕੰਮ ਕੀਤੇ ਹਨ- ਪਹਿਲਾ ਸਰਮਾਇਆ ਅਮੀਰ ਸਰਮਾਇਆਦਾਰੀ ਦੇ ਹੱਥਾਂ ਵਿੱਚ ਪੁਚਾਏ ਜਾਣ ਦਾ ਰਾਹ ਸੌਖਾ ਕਰ ਦਿੱਤਾ ਹੈ। ਦੂਜਾ ਉਨ੍ਹਾਂ ਲੋਕਾਂ ਦੀ ਗਿਣਤੀ ਨੂੰ ਵਾਧੇ ਦੇ ਰਾਹ ਪਾ ਦਿਤਾ ਹੈ ਜਿਨ੍ਹਾਂ ਕੋਲ ਗਵਾਉਣ ਲਈ ਕੁਝ ਨਹੀਂ ਹੋਣਾ। ਅਗਲਾ ਰਸਤਾ ਤਾਂ ਸਮੇਂ ਨੇ ਆਪਣੇ ਆਪ ਤੈਅ ਕਰ ਦੇਣਾ ਹੈ।
ਸੋ ਧੰਨਵਾਦ ਬਹੁਤ ਬਹੁਤ ਮੋਦੀ ਜੀ..... ਰਸਤਾ ਅਸਾਨ ਕਰ ਦੇਣ ਲਈ।
No comments:
Post a Comment