ਮਿਸਤਰੀ ਅੰਕਲ
ਮੈਂ ਉਸ ਨੂੰ ਜਾਣਦਾ ਹਾਂ। ਉਹ ਲੱਕੜੀ
ਦਾ ਕੰਮ ਕਰਦਾ ਹੈ। ਅਸੀਂ ਸਾਰੇ ਉਸ ਨੂੰ ਮਿਸਤਰੀ ਜੀ ਆਖ ਕੇ ਬੁਲਾਉਂਦੇ ਹਾਂ। ਉਹ ਤਰਖਾਣਾ ਕੰਮ
ਕਰਦਾ ਹੈ ਤੇ ਆਪਣੇ ਕੰਮ ਦਾ ਉਸਤਾਦ ਹੈ।
ਸਾਡੇ ਘਰ ਵਿੱਚ ਉਸ ਦਾ ਕਈ ਸਾਲਾਂ ਤੋਂ ਆਉਣ ਜਾਣ ਹੈ। ਘਰ ਵਿੱਚ
ਜਦੋਂ ਵੀ ਕੋਈ ਨਵੀਂ ਚੀਜ਼ ਬਣਾਉਣੀ ਹੋਵੇ ਜਾਂ ਪੁਰਾਣੀ ਟੁੱਟੀ ਚੀਜ਼ ਦੀ ਮੁਰੰਮਤ ਕਰਨੀ ਹੋਵੇ, ਉਸ
ਨੂੰ ਹੀ ਸੁਨੇਹਾ ਭੇਜਿਆ ਜਾਂਦਾ ਹੈ ਤੇ ਉਹ ਇੱਕ ਦੋ ਦਿਨ ਦੇ ਫਰਕ ਨਾਲ ਆਪਣਾ ਪੁਰਾਣਾ ਜਿਹਾ ਸਾਈਕਲ
ਖਿੱਚੀ ਤੁਰਿਆ ਆਉਂਦਾ ਦਿਖਾਈ ਦੇ ਜਾਂਦਾ ਹੈ।
ਸਾਈਕਲ ਦੇ ਪਿਛੇ ਉਸ ਨੇ ਇੱਕ ਪੁਰਾਣੀ
ਜਿਹੀ ਬੋਰੀ ਬੰਨ੍ਹੀ ਹੁੰਦੀ ਹੈ। ਇਸ ਬੋਰੀ ਵਿੱਚ ਉਸ ਦੇ ਕੰਮ ਕਰਨ ਵਾਲੇ ਸਾਰੇ ਔਜ਼ਾਰ ਹੁੰਦੇ ਹਨ,
ਜਿਨ੍ਹਾਂ ਨੂੰ ਉਹ ਆਪਣੇ ਹਥਿਆਰ ਆਖਦਾ ਹੈ। ਸੰਖੇਪ ਜਿਹੀ ਗੱਲ ਬਾਤ ਤੋਂ ਬਾਦ ਉਹ ਆਪਣੀ ਬੋਰੀ ਬਾਹਰ
ਬਰਾਂਡੇ ਦੀ ਇੱਕ ਨੁੱਕਰ ਵਿੱਚ ਟਿਕਾ ਦਿੰਦਾ ਹੈ। “ਮੈਂ ਭਲਕੇ ਆਵਾਂਗਾ।“ ਉਸ ਦਾ ਏਨਾ
ਆਖਣਾ ਹੀ ਕਾਫੀ ਹੁੰਦਾ ਹੈ।
ਅਗਲੇ ਦਿਨ ਵਾਸਤੇ ਉਸ ਨੂੰ ਕੀ ਕੀ
ਸਮਾਨ ਚਾਹੀਦਾ ਹੈ ਇਸ ਦੀ ਇੱਕ ਲੰਮੀ ਸੂਚੀ ਫੜਾ ਕੇ ਉਸ ਦਾ ਮੁਢਲਾ ਕੰਮ ਪੂਰਾ ਹੋ ਜਾਂਦਾ ਹੈ। ਆਖਰ
ਉਸ ਨੇ ਕੰਮ ਕਿਸ ਉਪਰ ਕਰਨਾ ਹੈ, ਸਮਾਨ ਤਾਂ ਉਸ ਨੂੰ ਚਾਹੀਦਾ ਹੀ ਹੈ। ਇਸ ਸੂਚੀ ਵਿੱਚ ਕਿੱਲ,
ਮੇਖਾਂ, ਪੇਚ, ਫੇਵੀਕੋਲ ਤੇ ਹੋਰ ਕਿੰਨਾ ਕੁਝ ਸ਼ਾਮਲ ਹੁੰਦਾ ਹੈ। ਇਸ ਸਮਾਨ ਦੇ ਨਾਲ ਹੀ ਲੋੜੀਂਦੀ
ਲੱਕੜੀ ਦੀ ਪੈਮਾਇਸ਼ ਵੀ ਦਿੱਤੀ ਹੁੰਦੀ ਹੈ।
ਪਹਿਲੇ ਦਿਨ ਉਸ ਦਾ ਕੰਮ ਸਮਾਨ ਨੂੰ
ਘੋਖਣਾ ਤੇ ਆਪਣੇ ਕੰਮ ਦੀ ਵਿਉਂਬੰਦੀ ਕਰਨਾ ਹੁੰਦਾ ਹੈ। ਆਪਣੇ ਕੰਮ ਦੀ ਤਰਤੀਬ ਲਗਾਉਣੀ ਉਹ ਜਾਣਦਾ
ਹੈ। ਇਸ ਤੋਂ ਬਾਦ ਉਸ ਦਾ ਅਗਲਾ ਕੰਮ ਲੱਕੜ ਦੀ ਮਿਣਤੀ ਕਰਕੇ ਉਸ ਨੂੰ ਕੱਟਣਾ ਹੁੰਦਾ ਹੈ। ਮਿਣਤੀ
ਵਾਸਤੇ ਉਸ ਕੋਲ ਲੋਹੇ ਦਾ ਇੱਕ ਫੀਤਾ ਤੇ ਨਿਸ਼ਾਨ ਲਗਾਉਣ ਲਈ ਉਸ ਕੋਲ ਇੱਕ ਪੈਨਸਿਲ ਹੁੰਦੀ ਹੈ।
ਇਸ ਪੈਨਸਿਲ ਨੂੰ ਉਹ ਆਪਣੇ ਕੰਨ ਕੋਲ
ਪੱਗ ਵਿੱਚ ਟੁੰਗ ਕੇ ਰੱਖਦਾ ਹੈ। ਅਨੇਕਾਂ ਵਾਰ ਉਸ ਨੇ ਮੇਰੀ ਪੈਨਸਿਲ ਨਾਲ ਕੰਮ ਕੀਤਾ ਹੈ। ਇਹ
ਮੌਕਾ ਸਿਰ ਉਦੋਂ ਹੀ ਆਉਂਦਾ ਹੈ ਜਦੋਂ ਉਸ ਦੀ ਆਪਣੀ ਪੈਨਸਿਲ ਖਤਮ ਹੋ ਜਾਵੇ। ਪੈਨਸਿਲ ਨਾਲ ਲਾਈਨ
ਵਾਹੁਣੀ ਉਸ ਦਾ ਆਪਣਾ ਅੰਦਾਜ਼ ਹੈ। ਉਹ ਇਸ ਦੀ ਵਰਤੋਂ ਇਸ ਦੇ ਛੋਟੇ ਤੋਂ ਛੋਟੇ ਟੁਕੜੇ ਦੇ ਰੂਪ
ਵਿੱਚ ਵੀ ਕਰਦਾ ਹੈ। ਪੈਨਸਿਲ ਨੂੰ ਘੜਨ ਦਾ ਕੰਮ ਉਹ ਆਪਣੇ ਰੰਦੇ ਤੋਂ ਲੈਂਦਾ ਹੈ।
ਉਸ ਦੇ ਕੰਮ ਕਰਨ ਦੀ ਕਲਾ ਹੈਰਾਨ ਕਰਨ
ਵਾਲੀ ਹੁੰਦੀ ਹੈ। ਮੈਨੂੰ ਉਸ ਦੇ ਕੋਲ ਕੁਰਸੀ ਡਾਹ ਕੇ ਬੈਠਣਾ ਚੰਗਾ ਲਗਦਾ ਹੈ। ਉਸ ਦੇ ਹਰ ਕੰਮ
ਨੂੰ ਗਹੁ ਨਾਲ ਦੇਖਣਾ ਮੇਰੀ ਆਦਤ ਬਣ ਚੁਕਿਆ ਹੈ। ਉਸ ਨੂੰ ਵੀ ਸ਼ਾਇਦ ਮੇਰੀ ਆਦਤ ਪੈ ਗਈ ਹੈ। ਤੇ
ਅਸੀਂ ਕਿੰਨੀ ਕਿੰਨੀ ਦੇਰ ਗੱਲਾਂ ਕਰਦੇ ਰਹਿੰਦੇ ਹਾਂ। ਉਹ ਆਪਣੇ ਕੰਮ ਦੀਆਂ, ਆਪਣੇ ਹੁਨਰ ਦੀਆਂ,
ਆਪਣੇ ਉਸਤਾਦ ਦੀਆਂ ਗੱਲਾਂ ਸੁਣਾਉਦਾ ਹੈ, ਉਹ ਸੋਚਦਾ ਹੈ ਆਇਦ ਇਸ ਤਰ੍ਹਾਂ ਕਰਨ ਨਾਲ ਉਹ ਮੈਨੂੰ
ਆਪਣੀਆਂ ਗੱਲਾਂ ਨਾਲ ਰਿਝਾਉਣਾ ਚਾਹੁੰਦਾ ਹੈ ਪਰ ਉਹ ਉਸ ਦਾ ਇਹ ਸੋਚਣਾ ਗ਼ਲਤ ਹੁੰਦਾ ਹੈ। ਦਰਅਸਲ
ਮੈਂ ਉਸ ਦੇ ਕੰਮ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹਾਂ।
ਆਪਣੇ ਕੰਮ ਵਿੱਚ ਉਹ ਬਹੁਤ ਮਿਹਨਤ
ਕਰਦਾ ਹੈ। ਕਦੇ ਖਾਲੀ ਨਹੀਂ ਬੈਠਦਾ। ਹਰ ਵੇਲੇ ਕਿਸੇ ਨਾ ਕਿਸੇ ਕੰਮ ਨੂੰ ਉਹ ਲੱਗਾ ਹੀ ਰਹਿੰਦਾ
ਹੈ। ਕਦੇ ਉਹ ਆਰੀ ਨਾਲ ਲੱਕੜਾਂ ਚੀਰ ਰਿਹਾ ਹੁੰਦਾ ਹੈ, ਕਦੇ ਉਹ ਤੇਸੇ ਨਾਲ ਕਿਸੇ ਲਕੜੀ ਨੂੰ ਘੜ
ਰਿਹਾ ਹੁੰਦਾ ਹੈ। ਛੇਕ ਪਾਉਣ ਲਈ ਉਸ ਕੋਲ ਆਪਣੀ ਵਰਮੀ ਹੁੰਦੀ ਹੈ ਜਿਸ ਨੂੰ ਉਹ ਕਮਾਨਚੇ ਨਾਲ
ਚਲਾਉਂਦਾ ਹੈ। ਚੂਲ ਨੂੰ ਸਾਫ ਕਰਨ ਲਈ ਉਹ ਚੋਰਸੀ ਦੀ ਵਰਤੋਂ ਕਰਦਾ ਹੈ। ਕਿੱਲ ਠੋਕਣ ਲਈ ਹਥੌੜੀ ਦੀ
ਵਰਤੋਂ ਕਰਦਾ ਕਰਦਾ ਉਹ ਜਮੂਰ ਨਾਲ ਕਿੱਲ ਬਾਹਰ ਕੱਡਣ ਲੱਗ ਪੈਂਦਾ ਹੈ। “ਭਾਅ ਜੀ ਕਿੱਲ
ਬੜੇ ਮਾੜੇ ਆਏ ਹੋਏ ਨੇ, ਸਿੱਧੇ ਅੰਦਰ ਨਹੀਂ ਜਾਂਦੇ ਬਾਹਰ ਹੀ ਮੁੜ ਜਾਂਦੇ ਹਨ।
ਮੈਨੂੰ ਉਸ ਦਾ ਲੱਕੜੀ ਚੀਰਨਾ ਤੇ
ਰੰਦਣਾ ਚੰਗਾ ਲਗਦਾ ਹੈ। ਜਦੋਂ ਉਹ ਆਪਣੀ ਹਥੋੜੀ ਨਾਲ ਕਿੱਲ ਠੋਕਦਾ ਹੈ ਤਾਂ ਮੈਨੂੰ ਲਕੜੀ ਦੇ ਜੁੜਣ
ਦਾ ਅਹਿਸਾਸ ਹੁੰਦਾ ਹੈ। ਉਸ ਦੀ ਰੰਦੀ ਲੱਕੜ ਉਪਰ ਹੱਥ ਫੇਰਨਾ ਮੈਨੂੰ ਚੰਗਾ ਲਗਦਾ ਹੈ। ਰੰਦਾ ਬੜੀ
ਕਮਾਲ ਦੀ ਚੀਜ਼ ਹੈ, ਕਿਵੇਂ ਇਹ ਸਖਤ ਲੱਕੜੀ ਨੂੰ ਛਿੱਲ ਕੇ ਮੁਲਾਇਮ ਬਣਾ ਦਿੰਦਾ ਹੈ। ਇਸ ਉਸ ਦੇ
ਔਜ਼ਾਰ ਨਾਲੋਂ ਉਸ ਦੀ ਕਲਾ ਜਾਪਦੀ ਹੈ।
ਆਪਣੇ ਔਜ਼ਾਰਾਂ ਦੇ ਨਾਂ ਉਹ ਬੜੇ ਧਿਆਨ ਨਾਲ
ਲੈਂਦਾ ਹੈ, ਇਹ ਆਰੀਂ ਹੈ, ਇਹ ਰੰਦਾ ਹੈ, ਇਹ ਨੌਕੀ ਰੰਦਾ ਹੈ, ਇਹ ਚੋਰਸੀ ਹੈ, ਇਹ ਗੁਣੀਆ ਹੈ ਤੇ
ਇਹ ਪ੍ਰਕਾਰ। ਇਸ ਤੋਂ ਬਿਨਾਂ ਉਸ ਕੋਲੋ ਤੇਸਾ, ਬਾਂਗ, ਹਥੋੜੀ, ਪਲਾਸ, ਕਿੱਲ ਕਢਣ ਵਾਲਾ ਜ਼ਮੂਰ ਆਦਿ
ਹਥਿਆਰ ਹੁੰਦੇ ਹਨ। ਆਪਣੇ ਰੰਦੇ ਦਾ ਬਲੇਡ ਉਹ ਇੱਕ ਪੱਥਰੀ ਉਪਰ ਘਸਾਉਂਦਾ ਹੈ ਤੇ ਇਸ ਨੂੰ ਤਿਖਾ
ਕਰਦਾ ਹੈ। ਇਹ ਉਸ ਦਾ ਰੋਜ਼ ਦਾ ਕੰਮ ਹੈ। ਕਈ ਵਾਰੀ ਉਹ ਇਹ ਕੰਮ ਦਿਨ ਵਿੱਚ ਦੋ ਤਿੰਨ ਵਾਰ ਕਰਦਾ
ਹੈ। ‘ਖੁੰਢੇ
ਰੰਦੇ ਨਾਲ ਕੰਮ ਨਹੀਂ ਹੁੰਦਾ।“ ਉਹ ਆਖਦਾ ਹੈ। “ਔਜ਼ਾਰ ਤਿੱਖਾ ਹੀ ਹੋਣਾ ਚਾਹੀਦਾ ਹੈ।“
ਆਪਣੇ ਔਜ਼ਾਰਾਂ ਬਾਰੇ ਦਸਦਿਆਂ ਉਹ ਬੜੇ
ਮਾਣ ਨਾਲ ਆਖਦਾ ਹੈ ਕਿ ਇਹ ਰੰਦਾ ਉਸ ਦੇ ਪਿਤਾ ਜੀ ਦਾ ਹੈ, ਇਹ ਉਨ੍ਹਾਂ ਬੈਂਕਾਕ ਚੋਂ ਲਿਆਂਦਾ। ਇਹ
ਆਰੀ ਉਸ ਨੇ ਕੱਲਕਤੇ ਚੋਂ ਖਰੀਦੀ। ਉਨ੍ਹਾਂ ਦਿਨਾਂ ਵਿੱਚ ਉਹ ਕਲਕੱਤੇ ਵਿੱਚ ਆਪਣੇ ਚਾਚੇ ਕੋਲ ਗਿਆ
ਸੀ। ਉਹ ਉਥੇ ਠੇਕੇਦਾਰੀ ਕਰਦਾ ਸੀ ਤੇ ਉਸ ਨੇ ਦੁਕਾਨਾਂ ਬਣਾਉਣ ਦਾ ਕੰਮ ਫੜਿਆ ਸੀ। ਫਿਰ ਉਹ ਅਪਣੇ
ਉਸਤਾਦ ਬਾਰੇ ਦੱਸਦਾ ਹੈ। ਉਸ ਨੇ ਕੰਮ ਆਪਣੇ ਤਾਏ ਕੋਲੋਂ ਸਿੱਖਿਆ। ਉਹ ਆਪਣੇ ਕੰਮ ਦਾ ਮਾਹਰ ਸੀ ਤੇ
ਤਾਏ ਨੇ ਹੀ ਉਸ ਨੂੰ ਸਾਰਾ ਕੰਮ ਸਿਖਾਇਆ। ਸਿੱਧੇ ਕੰਮ ਤੋਂ ਬਿਨਾਂ ਉਹ ਲੱਕੜੀ ਉਪਰ ਨੱਕਾਸ਼ੀ ਦਾ
ਕੰਮ ਵੀ ਕਰਦਾ ਸੀ, ਪਰ ਅੱਜ ਕਲ੍ਹ ਉਸ ਕੰਮ ਦੀ ਬਹੁਤੀ ਮੰਗ ਨਹੀਂ। ਉਹ ਮੈਨੂੰ ਦੱਸਦਾ ਹੈ। ਫਿਰ ਉਹ
ਮੈਨੂੰ ਮਸ਼ੀਨਾਂ ਬਾਰੇ ਦੱਸਦਾ ਹੈ ਜਿਹੜੀਆਂ ਉਸ ਨੇ ਹਾਲੇ ਤੱਕ ਦੇਖੀਆਂ ਸਨ। ਇਹ ਮਸ਼ੀਨਾਂ ਨੱਕਾਸ਼ੀ
ਦਾ ਕੰਮ ਮਿੰਟਾਂ ਵਿੱਚ ਕਰ ਦਿੰਦੀਆਂ ਹਨ। ਮੈਂ ਆਖਦਾ ਹਾਂ, ਮਸ਼ੀਨਾਂ ਨਾਲ ਕੰਮ ਬਹੁਤ ਵਧੀਆ ਹੁੰਦਾ
ਹੋਵੇਗਾ।
“ਹਾਂ, ਵਧੀਆ ਤਾਂ ਹੁੰਦਾ ਹੈ, ਪਰ
ਮਸ਼ੀਨਾਂ ਦੇ ਆਉਣ ਨਾਲ ਕਈ ਹੱਥ ਬੇਕਾਰ ਹੋ ਗਏ ਹਨ।“ ਉਹ ਸ਼ਿਕਾਇਤ ਕਰਨ ਦੇ ਅੰਦਾਜ਼ ਨਾਲ
ਆਖਦਾ ਹੈ। “ਇਹੋ
ਜਿਹੀਆਂ ਮਸ਼ੀਨਾਂ ਦਾ ਕੀ ਲਾਭ ਜਿਹਨਾਂ ਨਾਲ ਲੋਕ ਬੇਰੁਜ਼ਗਾਰ ਹੋ ਜਾਣ।“ “ਮੈਨੂੰ ਹੱਥੀਂ ਕੰਮ ਕਰਨਾ ਚੰਗਾ ਲਗਦਾ
ਹੈ। ਇਹ ਕੰਮ ਲਗਾਤਾਰ ਮਿਲਦਾ ਰਹਿੰਦਾ ਹੈ।” ਉਹ ਦੱਸਦਾ ਹੈ ਕਿ ਉਹ ਕਦੇ ਵਿਹਲਾ ਨਹੀਂ ਰਿਹਾ। ਉਸ ਨੂੰ ਕੰਮ ਮਿਲਦਾ ਹੀ
ਰਹਿੰਦਾ ਹੈ। ਉਸ ਨੂੰ ਆਪਣੇ ਕੰਮ ਉਪਰ ਮਾਣ ਹੈ।
ਉਹ ਆਪਣੇ ਹੁਨਰ ਨਾਲ ਕਈ ਤਰ੍ਹਾਂ ਦੇ
ਬੂਹੇ ਬਾਰੀਆਂ, ਅਲਮਾਰੀਆਂ, ਫਰਨੀਚਰ, ਕੁਰਸੀਆਂ ਮੇਜ਼ ਬਣਾਉਂਦਾ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਦੇਰ
ਤੱਕ ਹੰਢਦੀਆਂ ਹਨ। ਉਹ ਤਾਂ ਆਪਣਾ ਕੰਮ ਮੁਕਾ ਕੇ ਚਲਾ ਜਾਂਦਾ ਹੈ ਪਰ ਉਸ ਦੀਆਂ ਬਣਾਈਆਂ ਚੀਜ਼ਾਂ
ਪਿਛੇ ਰਹਿ ਜਾਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਵਿੱਚ ਸਾਲੋ ਸਾਲ ਵਰਤਦੇ ਹਾਂ ਤੇ ਨਾਲ ਹੀ
ਉਸ ਨੂੰ ਯਾਦ ਕਰਦੇ ਹਾਂ।
ਜਿਸ ਦਿਨ ਉਸ ਦਾ ਕੰਮ ਖਤਮ ਹੋ ਜਾਵੇ,
ਉਹ ਆਪਣੇ ਸੰਦ ਸਮੇਟਦਾ ਹੈ ਤੇ ਉਨ੍ਹਾਂ ਦੀ ਗਿਣਤੀ ਕਰਕੇ ਵਾਪਸ ਬੋਰੀ ਵਿੱਚ ਪਾਉਂਦਾ ਹੈ। ਅੱਜ ਉਹ
ਬੋਰੀ ਛੱਡ ਕੇ ਨਹੀਂ ਜਾਵੇਗਾ। ਉਹ ਬੋਰੀ ਦਾ ਮੂੰਹ ਬੰਨ੍ਹਦਾ ਹੈ ਤੇ ਉਸ ਨੂੰ ਸਾਈਕਲ ਉਪਰ
ਟਿਕਾਉਂਦਾ ਹੈ। ਇਹ ਵੇਲਾ ਉਸ ਦੇ ਹਿਸਾਬ ਦਾ ਹੁੰਦਾ ਹੈ। ਉਸ ਨੇ ਆਪਣੇ ਦਿਨਾਂ ਜਿਨ੍ਹਾਂ ਨੂੰ ਉਹ
ਦਿਹਾੜੀ ਆਖਦਾ ਹੈ, ਦਾ ਹਿਸਾਬ ਲਕੜੀ ਦੀ ਇੱਕ ਛੋਟੀ ਜਹੀ ਫੱਟੀ ਉਪਰ ਲਿਖਿਆ ਹੁੰਦਾ ਹੈ, ਮੈਂ
ਫੜਾਉਂਦਾ ਹੈ। ਮੈਂ ਉਸ ਨੂੰ ਦੇਖ ਕੇ ਉਸ ਦੀ ਬਣਦੀ ਮਿਹਨਤ ਦੇ ਪੈਸੇ ਦਿੰਦਾ ਹਾਂ ਤੇ ਉਸ ਦਾ
ਧੰਨਵਾਦ ਕਰਦਾ ਹਾਂ। ਉਹ ਕੁਝ ਝਿਜਕਦਾ ਹੋਇਆ, ਮੈਨੂੰ ਆਪਣਾ ਫੋਨ ਨੰਬਰ ਦਿੰਦਾ ਹੈ। “ਮੇਰਾ ਫੋਨ
ਨੰਬਰ ਹੈ ਨਾ ਤੁਹਾਡੇ ਕੋਲ?” ਉਹ
ਪੁਛਦਾ ਹੈ। ਮੇਰੇ ਹਾਂ ਕਹਿਣ ਉਪਰ ਉਹ ਮੈਨੂੰ ਦੁਬਾਰਾ ਬੁਲਾਉਣ ਲਈ ਆਖਦਾ ਹੈ ਤੇ ਫਿਰ ਸਾਈਕਲ ਨੂੰ
ਹੌਲੀ ਹੌਲੀ ਤੋਰਦਾ ਕੋਠੀ ਦੇ ਗੇਟ ਤੋਂ ਬਾਹਰ ਚਲਾ ਜਾਂਦਾ ਹੈ। ਬੱਚੇ ਮੈਨੂੰ ਪੁਛਦੇ ਹਨ, “ਪਾਪਾ ਮਿਸਤਰੀ ਅੰਕਲ ਚਲੇ ਗਏ?”
No comments:
Post a Comment