ਜ਼ਰੀ ਗੋਟੇ ਦੇ ਕਾਰਖਾਨੇ ਵਿੱਚ ਇਹ ਕੋਈ ਪਹਿਲਾ ਛਾਪਾ ਨਹੀਂ ਸੀ। ਪੁਲੀਸ
ਅਕਸਰ ਇਸ ਤਰ੍ਹਾਂ ਦੇ ਕਾਰਖਾਨਿਆਂ ਉਪਰ ਛਾਪੇ ਮਾਰਦੀ ਹੀ ਰਹਿੰਦੀ ਹੈ। ਪਰ ਇਸ ਵਾਰ ਇਸ ਛਾਪੇ ਦਾ
ਮਤਲਬ ਕੁਝ ਹੋਰ ਸੀ। ਕਾਰਖਾਨੇ ਚੋਂ 12 ਨਾਬਾਲਗ ਬੱਚੇ ਫੜੇ ਗਏ ਤੇ ਉਨ੍ਹਾਂ ਨੂੰ ਜਬਰੀ ਬਾਲ
ਮਜ਼ਦੂਰੀ ਦੇ ਕਨੂੰਨ ਅਧੀਨ ਅਜ਼ਾਦ ਕਰਾ ਕੇ ਉਨ੍ਹਾਂ ਦੇ ਪਿਛਲੇ ਪਤੇ ਠਿਕਾਣਿਆ ਉਪਰ ਰਵਾਨਾ ਕਰ ਦਿਤਾ
ਗਿਆ।
ਅਜਿਹੇ ਬਾਲ ਮਜ਼ਦੂਰਾਂ ਵਿੱਚ ਇਕ ਸੀ ਰਾਜੂ; ਰੰਗ ਦਾ ਸੌਲਾ, ਮਾੜਚੂ
ਜਿਹਾ, ਸਿਰ ਉਪਰ ਛੋਟੇ ਛੋਟੇ ਵਾਲ ਤੇ ਤੇੜ ਮੈਲੀ ਜਿਹੀ ਨਿੱਕਰ, ਜਦੋਂ ਉਸ ਨੂੰ ਐਸ ਡੀ ਐਮ ਦੇ
ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਹੱਥ ਜੋੜ ਕੇ ਮਿੰਨਤਾ ਕਰਨ ਲੱਗ ਪਿਆ।
-
ਹਮ ਕੋ ਜਾਨੇ ਦੋ, ਸਾਬ, ਹਮ ਕਛੂ
ਨਹੀਂ ਜਾਨਤ। ਹਮਾਰੇ ਮਾਮੂੰ ਕੇ ਪਾਸ ਜਾਨੇ ਦੋ।
-
ਤੁਮਾਰਾ ਨਾਮ ਕਿਆ ਹੈ?
-
ਜੀ ਰਾਜ
-
ਪੂਰਾ ਨਾਮ ਬੋਲ।
-
ਜੀ ਰਾਜੂ ਪ੍ਰਤਾਪ ਸਿੰਘ
-
ਬਾਪ ਕਾ ਨਾਂ
-
ਜੀ, ਪ੍ਰਤਾਪ ਸਿੰਘ
-
ਕਹਾਂ ਰਹਿਤੇ ਹੋ?
-
ਮਾਮੂੰ ਕੀ ਖੋਲੀ ਮੇਂ
-
ਕਹਾਂ?
ਉਸ ਨੇ ਦੱਸਿਆ ਕਿ ਉਹ ਆਪਣੇ ਮਾਮੇ ਕੋਲ ਰਹਿੰਦਾ ਹੈ। ਐਸ ਡੀ ਐਮ ਮਾਧੁਰੀ
ਕੌਲ ਨੇ ਉਸ ਬੱਚੇ ਵੱਲ ਧਿਆਨ ਨਾਲ ਦੇਖਿਆ। ਉਸ ਨੂੰ ਉਹ ਕਿਸੇ ਘਰ ਵਿੱਚ ਬਰਤਨ ਸਫਾਈਆਂ ਕਰਨ ਵਾਲਾ
ਮੁੰਡੂ ਜਾਪਿਆ।
-
ਕਿਆ ਕਾਮ ਕਰਤੇ ਹੋ?
-
ਜੀ ਮਿਹਨਤ ਮਜ਼ਦੁਰੀ
-
ਮਿਹਨਤ ਮਜ਼ਦੂਰੀ ਤੋ ਸਬ ਕਰਤੇ ਹੈਂ,
ਤੁਮ ਕਿਆ ਕਾਮ ਕਰਤੇ ਥੇ ਕਾਰਖਾਨੇ ਵਿੱਚ।
-
ਜੀ ਆਰੀ ਕਾ ਕਾਮ ਕਰਤਾ ਹੂੰ?
-
ਆਰੀ ਕਾ ਕਾਮ?
ਮੈਡਮ ਹੈਰਾਨ ਸੀ, ਕਿ ਇਹ ਜੋ ਮੁੰਡਾ ਮਸਾਂ ਹੀ ਗਿਆਰਾਂ – ਬਾਰਾਂ ਸਾਲਾਂ ਦਾ ਹੈ, ਇਹ ਉਸ ਕਢਾਈ ਦਾ ਕੰਮ ਕਰਦਾ ਹੈ ਜਿਸ ਵਾਸਤੇ ਉਸ ਨੇ ਹਾਲੇ ਕਲ੍ਹ
ਹੀ ਆਪਣਾ ਰੇਸ਼ਮੀ ਸੂਟ ਬਣਨ ਵਾਸਤੇ ਦਿੱਤਾ ਹੈ। ਕੀ ਐਨੇ ਛੋਟੀ ਉਮਰ ਵਿੱਚ ਬੱਚੇ ਇਹ ਸੱਭ ਕੁਝ ਸਿੱਖ
ਸਕਦੇ ਹਨ?
“ਇਸ ਕੋ ਇਸ ਕੇ ਗਾਂਵ ਰਵਾਨਾ ਕਰਨਾ ਹੈ, ਯਹਾਂ ਵਹਾਂ ਨਹੀਂ ਛੋੜਨਾ। ਜੋ ਭੀ
ਇਸ ਕੋ ਛੋੜਨੇ ਜਾਏ ਇਸ ਕੀ ਵੀਡੀਓ ਬਨਾ ਕਰ ਲੇ ਕੇ ਆਏ।”
ਰਾਜੂ ਨੂੰ ਉਸ ਨੇ ਸਮਝਾ ਦਿਤਾ ਕਿ ਉਸ ਨੂੰ ਉਸ ਦੇ ਘਰ ਭੇਜਿਆ ਜਾ ਰਿਹਾ
ਹੈ ਤੇ ਉਹ ਕਿਸੇ ਕੰਮ ਤੇ ਨਾ ਜਾ ਕੇ ਸਕੂਲ ਵਿੱਚ ਆਪਣਾ ਨਾਂ ਦਾਖਲ ਕਰਾਵੇ ਤੇ ਆਪਣੀ ਪੜ੍ਹਾਈ
ਮੁਕੰਮਲ ਕਰੇ। ਉਸ ਦੀ ਉਮਰ ਪੜ੍ਹਾਈ ਦੀ ਹੈ, ਕੰਮ ਦੀ ਨਹੀਂ।
ਰਾਜੂ ਨੂੰ ਲੈ ਕੇ ਅਗਲੇ ਦਿਨ ਸੁਮੀਤ ਨਾਰਾਇਣ ਬਿਹਾਰ ਵਾਸਤੇ ਨਿਕਲ
ਗਿਆ। ਰੇਲ ਦਾ ਸਟੇਸਨ ਉਸ ਦੇ ਪਿੰਡ ਤੋਂ ਡੇਢ ਸੌ ਕਿਲੋਮੀਟਰ ਸੀ। ਉਨ੍ਹਾਂ ਇਹ ਸਾਰਾ ਸਫਰ ਰੇਲ
ਰਾਹੀਂ ਕਰਨਾ ਸੀ ਤੇ ਅਗਿਉਂ ਉਨ੍ਹਾਂ ਨੂੰ ਉਮੀਦ ਸੀ ਕਿ ਬੱਸ ਮਿਲ ਜਾਵੇਗੀ। ਸੁਮੀਤ ਨੂੰ ਨਿਰਦੇਸ਼
ਦਿਤਾ ਗਿਆ ਸੀ ਕਿ ਉਹ ਰਾਜੂ ਨੂੰ ਉਸ ਦੇ ਪਿੰਡ ਲਿਜਾ ਕੇ ਉਸ ਦੇ ਘਰ ਉਸ ਦੀ ਮਾਂ ਨੂੰ ਸੌਂਪ ਕੇ
ਆਵੇ। ਐਸ ਡੀ ਐਮ ਮਾਧੁਰੀ ਕੌਲ ਨੂੰ ਡਰ ਸੀ ਕਿ ਕਿਤੇ ਉਹ ਮੁੜ ਇਸ ਮਿਹਨਤ ਮਜ਼ਦੂਰੀ ਦੇ ਧੰਦੇ ਵਿੱਚ
ਵਾਪਸ ਨਾ ਆ ਜਾਵੇ। ਹੋ ਸਕਦਾ ਹੈ ਕਿ ਇਸ ਦਾ ਮਾਮਾ ਲਾਲਚੀ ਹੋਵੇ ਤੇ ਇਸ ਨੂੰ ਛੋਟੀ ਉਮਰ ਵਿੱਚ
ਪੜ੍ਹਾਉਣ ਲਈ ਸ਼ਹਿਰ ਲੈ ਕੇ ਆਇਆ ਹੋਵੇ ਪਰ ਉਸ ਨੂੰ ਕੰਮ ਤੇ ਲਾ ਦਿਤਾ ਗਿਆ ਹੋਵੇ। ਦੋ ਦਿਨਾਂ ਤੋਂ
ਉਸ ਦੇ ਮਾਮੇ ਨੂੰ ਉਸ ਦੇ ਦੱਸੇ ਪਤੇ ਉਪਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਲਾਪਤਾ ਸੀ।
ਸ਼ਾਇਦ ਉਸ ਨੂੰ ਪੁਲੀਸ ਤੋਂ ਰਾਜੂ ਬਾਰੇ ਪਤਾ ਲੱਗ ਗਿਆ ਹੋਵੇ। ਉਹ ਇਕ ਕਾਰਖਾਨੇ ਵਿੱਚ ਚੌਕੀਦਾਰ
ਵੱਜੋਂ ਕੰਮ ਕਰਦਾ ਸੀ।
ਸੁਮੀਤ ਨੂੰ ਉਮੀਦ ਸੀ ਕਿ ਦੋ ਦਿਨ ਦੇ ਵਿੱਚ ਵਿਚ ਉਹ ਵਾਪਸ ਆਪਣੇ
ਪ੍ਰਾਜੈਕਟ ਉਪਰ ਆ ਜਾਵੇਗਾ। ਉਹ ਉਨ੍ਹਾਂ ਬੱਚਿਆਂ ਉਪਰ ਇਕ ਪ੍ਰਾਜੈਕਟ ਉਪਰ ਕੰਮ ਕਰ ਰਿਹਾ ਸੀ
ਜਿਹੜੇ ਕਿਸੇ ਡਰ ਤੋਂ ਘਰ ਤੋਂ ਭੱਜ ਜਾਂਦੇ ਹਨ ਤੇ ਫਿਰ ਕਿਸੇ ਨਾ ਕਿਸੇ ਜੁਰਮ ਵਿੱਚ ਸ਼ਾਮਲ ਹੋ
ਜਾਂਦੇ ਹਨ। ਇਸ ਕੰਮ ਵਿੱਚ ਉਸ ਨੂੰ ਪੁਲੀਸ ਦੇ ਨਾਲ ਨਾਲ ਪ੍ਰਸ਼ਾਸ਼ਨ ਦੇ ਸਹਿਯੋਗ ਦੀ ਲੋੜ ਸੀ ਤੇ
ਮਾਧੁਰੀ ਕੌਲ ਜੋ ਉਸ ਦੇ ਅਧਿਆਪਕ ਦੀ ਹੀ ਵਿਦਿਆਰਥਣ ਸੀ, ਸੁਮੀਤ ਦੀ ਮਦਦ ਕਰ ਰਹੀ ਸੀ। ਇਸ ਛਾਪੇ
ਵਿੱਚ ਤਾਂ ਉਹ ਉਨ੍ਹਾਂ ਬੱਚਿਆਂ ਦੀ ਭਾਲ ਵਿੱਚ ਗਏ ਸਨ ਜਿਹੜੇ ਇਕ ਚੋਰੀ ਦੇ ਕੇਸ ਵਿੱਚ ਲੋੜੀਂਦੇ
ਸਨ। ਰਾਜੂ ਨੂੰ ਘਰ ਪੁਚਾਉਣ ਦੀ ਜਿੰਮੇਵਾਰੀ ਮੈਡਮ ਮਾਧੁਰੀ ਕੌਲ ਨੇ ਹੀ ਉਸ ਨੂੰ ਸੋਂਪੀ ਸੀ।
ਸੁਮੀਤ ਨੇ ਸਾਰੇ ਰਸਤੇ ਰਾਜੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ
ਉਸ ਨੂੰ ਕੁਝ ਵੀ ਨਹੀਂ ਸੀ ਦੱਸ ਰਿਹਾ। ਸ਼ਾਇਦ ਉਹ ਉਸ ਤੋਂ ਡਰ ਰਿਹਾ ਹੋਵੇ। ਗੱਡੀ ਦਾ ਸਫਰ ਲੰਮਾ
ਸੀ ਤੇ ਸੁਮੀਤ ਨੇ ਖਾਲੀ ਵਕਤ ਗੁਜ਼ਾਰਨ ਲਈ ਦੋ ਇਕ ਕਿਤਾਬਾਂ ਆਪਣੇ ਝੋਲੇ ਵਿੱਚ ਰੱਖੀਆਂ ਹੋਈਆਂ ਸਨ।
ਲਗਭਗ 28 ਘੰਟੇ ਦੇ ਸਫਰ ਤੋਂ ਬਾਦ ਉਹ ਬਿਹਾਰ ਦੀ ਸੀਮਾਂ ਵਿੱਚ ਦਾਖਲ ਹੋਏ। ਸਟੇਸ਼ਨ ਉਪਰ ਉਤਰਨ ਤੋਂ ਬਾਦ ਉਸ ਨੇ ਰਾਜੂ ਨੂੰ ਪੁਛਿਆ-
‘ਯਹਾਂ ਸੇ ਕੈਸੇ ਜਾਤੇ ਹੋ ਗਾਂਵ ਕੋ?’
‘ਬੱਸ ਸੇ ਜਾਤੇ ਹੈਂ।’
‘ਅਛਾ, ਯੇਹ ਬੱਸ ਕਹਾਂ ਸੇ ਮਿਲੇਗੀ?’
‘ਉਹਾਂ ਸੇ..’
ਆਪਣੇ ਦੇਸ਼ ਦੀ ਬੋਲੀ ਤੇ ਹਵਾ ਹੀ ਕੁਝ ਹੋਰ ਹੁੰਦੀ ਹੈ। ਉਸ ਦੇ ਚਿਹਰੇ
ਉਪਰ ਕੁਝ ਰੌਣਕ ਵਾਪਸ ਆਈ। ਹੁਣ ਉਹ ਕੋਈ ਨਾ ਕੋਈ
ਗੱਲ ਕਰਨ ਦੀ ਹਾਲਤ ਵਿੱਚ ਸੀ। ਰਾਜੂ ਨੇ ਦਸਿਆ ਕਿ ਉਸ ਦਾ ਪਰਵਾਰ ਖੇਤੀ ਕਰਦਾ ਹੈ ਤੇ ਉਸ ਦੇ
ਪਰਵਾਰ ਵਿੱਚ ਉਸ ਦੀ ਮਾਂ ਤੋਂ ਬਿਨਾਂ ਚਾਰ ਭੈਣਾਂ ਤੇ ਇਕ ਬੁੱਢੀ ਦਾਦੀ ਹੈ। ਸੁਮੀਤ ਦੇ ਬਾਰ ਬਾਰ
ਪੁੱਛਣ ਤੇ ਵੀ ਉਸ ਨੇ ਆਪਣੇ ਪਿਤਾ ਬਰੇ ਕੁਝ ਨਹੀਂ ਦੱਸਿਆ। ਅੱਧਾ ਦਿਨ ਉਨ੍ਹਾਂ ਸ਼ਹਿਰ ਵਿੱਚ ਇਧਰ
ਉਧਰ ਘੁੰਮਦਿਆਂ ਲੰਘਾ ਦਿਤਾ। ਸੁਮੀਤ ਨੂੰ ਆਭਾਸ ਹੋ ਗਿਆ ਕਿ ਰਾਜੂ ਆਪਣੇ ਘਰ ਵਾਪਸ ਨਹੀਂ ਜਾਣਾ
ਚਾਹੁੰਦਾ। ਪਰ ਅਜਿਹੀ ਕਿਹੜੀ ਗੱਲ ਸੀ ਜੋ ਉਸ ਨੂੰ ਘਰ ਜਾਣ ਤੋਂ ਰੋਕ ਰਹੀ ਸੀ। ਹਾਲੇ ਉਹ ਰਾਜੂ ਦੇ
ਪਿੰਡ ਤੋਂ ਕੋਈ ਡੇਢ ਸੌ ਕਿਲੋਮੀਟਰ ਦੂਰ ਸਨ।
ਸੁਮੀਤ ਨੇ ਰਾਜੂ ਨੂੰ ਕੁਰੇਦਨਾ ਸ਼ੁਰੂ ਕੀਤਾ ਪਰ ਉਹ ਹੋਰ ਕੁਝ ਵੀ ਦੱਸਣ
ਲਈ ਤਿਆਰ ਨਾ ਹੋਇਆ। ਦੋਹਾਂ ਨੇ ਇਕ ਢਾਬੇ ਤੋਂ ਨਾਸ਼ਤਾ ਕੀਤਾ ਤੇ ਉਸ ਦੇ ਪਿੰਡ ਜਾਣ ਵਾਲੀ ਬੱਸ
ਵਿੱਚ ਬੈਠ ਗਏ। ਸਾਰੀ ਰਾਤ ਦੇ ਸਫਰ ਦਾ ਥੱਕਿਆ ਹੋਇਆ ਸੁਮੀਤ ਉਂਘ ਰਿਹਾ ਸੀ, ਪਰ ਨਾਲ ਹੀ ਆਪਣੇ ਨਾਲ ਦੀ ਸੀਟ ਉਪਰ
ਬੈਠੇ ਰਾਜੂ ਉਪਰ ਅੱਖ ਰੱਖ ਰਿਹਾ ਸੀ। ਪਤਾ ਨਹੀਂ ਕਿਉਂ ਉਸ ਨੂਮ ਲੱਗਿਆ ਕਿ ਕਿਤੇ ਉਹ ਖਿਸਕ ਨਾ
ਜਾਵੇ। ਉਸ ਨੇ ਰਾਜੂ ਨੂੰ ਬਾਹ ਤੋਂ ਫੜ ਕੇ ਉਠਾਇਆ ਤੇ ਉਸ ਨੂੰ ਖਿੱਚ ਕੇ ਆਪਣੇ ਦੂਜੇ ਪਾਸੇ ਬਿਠਾ
ਲਿਆ। ਹੁਣ ਉਸ ਦਾ ਧਿਆਨ ਬਾਹਰ ਹਰੇ ਹਰੇ ਧਾਨ ਦੇ ਖੇਤਾਂ ਵੱਲ ਸੀ।
ਹੁਣ ਸੁਮੀਤ ਨਿਸ਼ਚਿੰਤ ਸੌਂ ਸਕਦਾ ਸੀ। ਉਸ ਨੇ ਅਗਲੀ ਸੀਟ ਦੇ ਡੰਡੇ ਉਪਰ ਸਿਰ ਰੱਖ ਕੇ ਨੀਂਦ
ਲੈਣੀ ਚਾਹੀ। ਰਾਜੂ ਬਾਰ ਬਾਰ ਉਂਗਲਾਂ ਉਪਰ ਕੁਝ ਗਿਣ ਰਿਹਾ ਸੀ। ਉਹ ਕੁਝ ਕੁਝ ਬੁੜ ਬੁੜਾ ਵੀ ਰਿਹਾ
ਸੀ।
ਭਈਆ ਏਕ ਬਾਤ ਬੋਲੂੰ, ਮਾਰੋਗੇ ਤੋ ਨਹੀਂ? ਰਾਜੂ ਸੁਮੀਤ ਨੂੰ ਭਈਆ ਬੁਲਾ
ਰਿਹਾ ਸੀ। ਦਿੱਲੀ ਵਿੱਚ ਉਹ ਉਸ ਨੂੰ ਅੰਕਲ ਅੰਕਲ ਹੀ ਆਖੀ ਜਾ ਰਿਹਾ ਸੀ। “ਹਾਂ, ਬੋਲ, ਕਿਆ ਕਹਿਤਾ ਹੈ?”
“ਭਈਆ ਵੋ ਕਾਰਖਾਨੇ ਵਾਲਾ ਠੇਕੇਦਾਰ ਹੈ, ਜੋਨ ਸਾ ਫੈਕਟਰੀ ਚਲਾਤਾ ਹੈ, ਉਸ
ਸੇ ਮੈਨੇ ਪਾਂਚ ਮਹੀਨੇ ਕਾ ਪੈਸਾ ਲੇਨਾ ਹੈ? ਵੋਹ ਮੁਝੇ ਦਿਲਵਾ ਦੋ।”
“ਕਿਤਨਾ ਪੈਸਾ ਦੇਤਾ ਥਾ ਵੋਹ?” ਸੁਮੀਤ ਨੇ
ਪੁਛਿਆ।
“ਮੁਝੇ ਦੋ ਹਜ਼ਾਰ ਮਿਲਤਾ ਥਾ, ਓਵਰ ਟਾਈਮ ਅੱਲਗ।”
“ਅੱਛਾ, ਕਿਤਨਾ ਪੈਸਾ ਲੇਨਾ ਹੈ ਤੂ ਨੇ?”
“ਕੁਲ ਮਿਲਾ ਕਰ ਬਾਰਾਂ ਹਜ਼ਾਰ ਹੋਗਾ।”
ਬਾਰਾਂ ਹਜ਼ਾਰ ਇਕ ਚੰਗੀ ਰਕਮ ਸੀ ਤੇ ਇਸ ਨੂੰ ਛਡਿਆ ਨਹੀਂ ਸੀ ਜਾ ਸਕਦਾ।
ਠੇਕੇਦਾਰ ਫੜਿਆ ਜਾ ਚੁੱਕਿਆ ਸੀ। ਇਸ ਵਿਚਾਰੇ ਮੁੰਡੇ ਦੇ ਪੈਸੇ ਮੁੜ ਸਕਦੇ ਸਨ। ਸਿਰਫ ਇਕ ਫੋਨ
ਖੜਕਾਉਣ ਨਾਲ ਹੀ ਕੰਮ ਹੋ ਜਾਣਾ ਸੀ। ਪਰ ਫਿਰ ਸੋਚ ਕੇ ਕਿ ਐਨੇ ਪੈਸੇ ਇਹ ਮੁੰਡਾ ਕੀ ਕਰੇਗਾ, ਉਹ ਚੁੱਪ
ਰਿਹਾ।
ਬੱਸ ਦੇ ਰਸਤੇ ਵਿੱਚ ਇਕ ਨਦੀ ਸੀ ਤੇ ਉਸ ਨਦੀ ਉਪਰ ਪੁਲ ਨਹੀਂ ਸੀ। ਬੱਸ
ਇਸ ਪਾਸੇ ਰੋਕ ਦਿਤੀ ਗਈ ਤੇ ਦੂਜੇ ਪਾਸੇ ਜਣ ਵਾਲੀਆਂ ਸਵਾਰੀਆਂ ਨੂੰ ਕਿਸ਼ਤੀ ਦੀ ਉਡੀਕ ਕਰਨ ਲਈ
ਕਿਹਾ ਗਿਆ।
“ਰਾਜੂ ਐਸੇ ਹੀ ਜਾਤੇ ਹੈ
ਤੁਮਹਾਰੇ ਗਾਂਵ ਕੋ?”
“ਜੀ ਭਈਆ, ਏ ਨਦੀ ਔਰ ਹੈ ਊਹਾਂ ਗਾਂਵ ਕੇ ਪਾਸ ਉਸ ਕੇ ਉਪਰ ਕੀ ਪੁਲੀਆ ਉਖੜੀ
ਹੂਈ ਹੈ, ਵੋਹ ਪੈਦਲ ਚਲ ਕਰ ਪਾਰ ਕਰਨੀ ਪੜਤੀ ਹੈ।”
ਉਹ ਤਿੰਨ ਸਾਲ ਪਹਿਲਾਂ ਆਪਣੇ ਮਾਮੇ ਨਾਲ ਸ਼ਹਿਰ ਲਈ ਆਇਆ ਸੀ। ਪਰ ਉਸ
ਨੂੰ ਪਿੰਡ ਦੇ ਰਾਹ ਦਾ ਚੱਪਾ ਚੱਪਾ ਯਾਦ ਸੀ। ਦੋ ਤਿੰਨ ਘੰਟੇ ਦੀ ਔਖਿਆਈ ਤੋਂ ਬਾਦ ਉਹ ਪਿੰਡ
ਪਹੁੰਚ ਹੀ ਗਏ। ਪਿੰਡ ਵਿੱਚ ਵੜਨ ਤੋਂ ਪਹਿਲਾਂ ਉਸ ਨੇ ਸਰਪੰਚ ਦਾ ਘਰ ਪੁਛਿਆ। ਸਰਕਾਰੀ ਕੰਮ ਦਾ
ਨਾਂ ਸੁਣ ਕੇ ਸਰਪੰਚ ਵੀ ਉਨ੍ਹਾਂ ਨਾਲ ਹੋ ਗਿਆ।
ਤੇ ਸਰਪੰਚ ਉਨਹਾਂ ਨੂੰ ਰਾਜੂ ਦੇ ਘਰ ਲੈ ਗਿਆ। ਘਰ ਦੇ ਨਾਂ ਉਪਰ ਇਕ ਟੁੱਟੀ ਜਿਹੀ ਕੱਚੀ
ਘਾਹ ਫੂਸ ਦੀ ਝੌਂਪੜੀ ਸੀ ਜਿਸ ਦਾ ਦਰਵਾਜ਼ੇ ਦੇ ਨਾਂ ਉਪਰ ਸਿਰਫ ਬਾਂਸ ਦਾ ਇਕ ਖਿੜਕਾ ਜਿਹਾ ਲੱਗਿਆ
ਹੋਇਆ ਸੀ।
ਉਨ੍ਹਾ ਦਾ ਸਾਹਮਣਾ ਸੱਭ ਤੋਂ ਪਹਿਲਾਂ ਰਾਜੂ ਦੀ ਦਾਦੀ ਨਾਲ ਹੋਇਆ। ਉਹ
ਤਾਂ ਰਾਜੂ ਨੂੰ ਦੇਖਦਿਆਂ ਹੀ ਧਾਹਾਂ ਮਾਰ ਕੇ ਰੋਣ ਲੱਗ ਪਈ। ਸੁਮੀਤ ਨੇ ਸਮਝਿਆ ਕਿ ਸ਼ਾਇਦ ਇਹ ਆਪਣੇ
ਪੋਤੇ ਨੂੰ ਦੇਖ ਕੇ ਖੁਸ਼ੀ ਵਿੱਚ ਰੋ ਰਹੀ ਹੈ, ਪਰ ਹੌਲੀ ਹੌਲੀ ਸੁਮੀਤ ਨੂੰ ਸਮਝ ਆਈ ਕਿ ਉਸ ਦੇ ਰੋਣ
ਦੇ ਪਿਛੇ ਇਕ ਪੂਰੀ ਦਰਦਭਰੀ ਕਹਾਣੀ ਸੀ।
ਸਰਪੰਚ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਸੁਮੀਤ ਨੂੰ ਸਮਝਾਇਆ, ਰਾਜੂ ਦਾ
ਪਿਤਾ ਨਦੀ ਵਿੱਚ ਡੁੱਬ ਕੇ ਮਰ ਗਿਆ ਸੀ। ਜ਼ਮੀਨ ਬਹੁਤ ਥੋੜ੍ਹੀ ਹੈ। ਇਸ ਦੀਆਂ ਚਾਰ ਭੈਣਾ ਹਨ ਤੇ ਇਹ
ਇਕਲਾ ਮਰਦ ਹੈ ਘਰ ਦਾ ਤੇ ਇਹ ਸ਼ਹਿਰ ਰੇਸ਼ਮ ਦੇ ਕਾਰਖਾਨੇ ਵਿੱਚ ਕੰਮ ਕਰਨ ਲਈ ਭੇਜਿਆ ਸੀ। ਇਸ ਦਾ
ਮਾਮਾ ਉਥੇ ਕਿਸੇ ਦੂਸਰੇ ਕਾਰਖਾਨੇ ਵਿੱਚ ਨੌਕਰ ਹੈ ਉਸ ਭਲੇ ਮਾਣਸ ਨੇ ਰਾਜੂ ਨੂੰ ਆਪਣੇ ਇਕ ਦੋਸਤ
ਕੋਲ ਰਖਣਾ ਦਿਤਾ, ਉਸ ਨੇ ਰਾਜੂ ਨੂੰ ਰੇਸ਼ਮੀ ਕਢਾਈ ਦੇ ਕੰਮ ਵਿੱਚ ਨਿਪੁੰਨ ਕਰਕੇ ਪੱਕੇ ਕੰਮ ਤੇ
ਲਗਵਾ ਦਿਤਾ ਠੇਕੇਦਾਰ ਕੋਲ ਤੇ ਹੁਣ ਇਸ ਮੁੰਡੇ ਦੇ ਭੇਜੇ ਪੇਸਿਆਂ ਨਾਲ ਹੀ ਘਰ ਦਾ ਗੁਜ਼ਾਰਾ ਚਲਦਾ
ਹੈ। ਇਸ ਦੀ ਮਾਂ ਇਕ ਬੀਮਾਰ ਹੈ, ਤੇ ਪਤੀ ਦੀ ਮੌਤ ਤੋਂ ਬਾਦ ਬਿਸਤਰੇ ਜੋਗੀ ਹੀ ਰਹਿ ਗਈ ਹੈ।
ਬੁੱਢੀ ਦਾਦੀ ਹੀ ਘਰ ਦੀ ਜਿੰਮੇਵਾਰੀ ਸੰਭਾਲ ਰਹੀ ਹੈ। ਰਾਜੂ ਨੂੰ ਸ਼ਹਿਰ ਭੇਜਣ ਦਾ ਫੈਸਲਾ ਵੀ ਦਾਦੀ
ਦਾ ਸੀ। ਤੇ ਉਹ ਇਸ ਲਈ ਰੋ ਰਹੀ ਸੀ ਕਿ ਰਾਜੂ ਦੇ ਵਾਪਸ ਆਉਣ ਨਾਲ ਘਰ ਦੀ ਆਮਦਨ ਦਾ ਆਖਰੀ ਸਾਧਨ ਵੀ
ਬੰਦ ਹੋ ਗਿਆ।
ਸੁਮੀਤ ਦਾ ਮਨ ਕ੍ਰੋਧ ਨਾਲ ਭਰ ਗਿਆ। ਉਸ ਦਾ ਜੀਅ ਕਰ ਰਿਹਾ ਸੀ ਕਿ ਉਹ
ਉਸ ਮੈਜਿਸਟ੍ਰੇਟ ਤੇ ਬਾਲ ਮਜ਼ਦੂਰੀ ਰੋਕੂ ਵਿਭਾਗ ਨੂੰ ਇਥੇ ਤੱਕ ਲੈ ਕੇ ਆਵੇ ਤੇ ਦਿਖਾਵੇ ਕਿ ਇਹ
ਬੱਚੇ ਕਿਥੇ ਜਾਣ ਜਿਹੜੇ ਜੰਮਣ ਤੋਂ ਬਾਦ ਹੀ ਜਿੰਮੇਵਾਰੀ ਦੇ ਬੋਝ ਹੇਠਾਂ ਆ ਜਾਂਦੇ ਹਨ।
ਸੁਮੀਤ ਨੇ ਮਾਧੁਰੀ ਨੂੰ ਫੋਨ ਮਿਲਾਇਆ, “ਮੈਡਮ, ਅੱਜ ਤਾ ਗ਼ਰੀਬ ਮਾਰ ਹੋ ਗਈ, ਸਾਨੂੰ ਰਾਜੂ ਨੂੰ ਪਿੰਡ ਨਹੀਂ ਸੀ ਭੇਜਣਾ ਚਾਹੀਦਾ।
ਤੁਹਾਡਾ ਇਹ ਫੈਸਲਾ...” ਅਗਿਉਂ ਉਹ ਹੋਰ ਕੁਝ ਨਾ ਬੋਲ ਸਕਿਆ। ਉਸ ਦਾ
ਗੱਚ ਭਰਿਆ ਗਿਆ।
ਇੱਕ ਟਿੱਪਣੀ-ਇਹ ਗਰੀਬੀ ਚੰਦਰੀ ਬਿਮਾਰੀ ਹੈ। ਮੇਰੇ ਸਕੂਲ ਦੇ ਬੱਚੇ ਅਮਨਦੀਪ ਦੀ ਕਹਾਣੀ ਸੁਣੋ। .....ਮੈ ਸਰਕਾਰੀ ਸਕੂਲ ਦੀ ਛੇਵੀਂ ਜਮਾਤ ਦਾ ਪੀਰੀਅਡ ਲਾਉਂਦੇ ਵਕਤ ਦੇਖਿਆ ਕਿ ਅਮਨਦੀਪ ਸਿਰ ਨੀ ਚੁੱਕ ਰਿਹਾ। ਸਾਰਿਆਂ ਦੇ ਸਾਹਮਣੇ ਗੱਲ ਕਰਨ ਦੀ ਬਜਾਏ ਹੌਲੀ ਜਿਹੇ ਬਾਹਰ ਬੁਲਾ ਕੇ ਪੁਛਿਆ ,ਕਹਿੰਦਾ ," ਮੈਡਮ ਜੀ ਰਾਤ ਮੈਰਿਜ ਪੈਲਿਸ ਵਿਚ ਬਹਰੇ ਦਾ ਕੰਮ ਕਰਕੇ 100 ਰੁਪਏ ਨਾਲੇ ਸਾਰੇ ਟੱਬਰ ਦੀ ਰੋਟੀ ਅੱਜ ਦੇ ਦਿਨ ਲਈ ਵੀ ਲੈ ਕੇ ਆਇਆਂ। ਮੇਰਾ ਭਾਪਾ ਤਾਂ ਪਰਸੋੰ ਦਾ ਰੱਜ ਕੇ ਆਇਆ ਅਜੇ ਤੱਕ ਨੀ ਉਠਿਆ। ਸਾਰੇ ਜਣੇ ਭੂਖੇ ਸੀ "........ਮੈ ਕਿਹਾ ,ਅਮਨ ! ਬਸ ਹੁਣ ਤੂੰ ਪੜਨਾ ਨੀ ਫਿਰ" ....ਬੋਲਿਆ,.....ਮੈਡਮ ਜੀ ," ਦਿਲ ਤਾਂ ਬਹੁਤ ਕਰਦਾ ਪਰ ਮੇਰੇ 5 ਭੈਣ ਭਰਾ ਮੇਰੇ ਤੋਂ ਨਿੱਕੇ ਨੇ। ਮਮੀ ਇਕੱਲੀ ਗੋਹਾ ਕੂੜਾ ਕਰਕੇ ਨੀ ਸਾਡਾ ਖਰਚਾ ਤੋਰ ਸਕਦੀ " ਮੈ ਸਕੂਲ ਦੀ ਇੰਚਾਰਜ ਸੀ। ਮਿਡ ਦੇ ਮੀਲ ਸਕੀਮ ਵਿਚ ਅਮਨ ਦੀ ਮਾਂ ਨੂੰ ਖਾਣਾ ਬਨਾਓਣ ਤੇ ਰੱਖ ਲਿਆ। ਅਮਨ ਨੂੰ ਅਠਵੀੰ ਜਮਾਤ ਪਾਸ ਕਰ ਲਈ। ਪਰ ਰਾਤ ਨੂੰ ਮੈਰਿਜ ਪੈਲਿਸ ਦਾ ਕੰਮ ਕਰਕੇ ਓਹ ਭੈਣ ਭਰਾਵਾਂ ਦੇ ਵਾਧੂ ਖਰਚੇ ਕਢਦਾ ਸੀ। ਮੇਰੇ ਸਕੂਲ ਦੇ ਸਾਰੇ ਬੱਚੇ ਮਜਦੂਰਾਂ ਦੇ ਸਨ। ਕਿਸੇ ਨੂੰ ਦਿਹਾੜੀ ਮਿਲਦੀ ਸੀ ਕਦੇ ਨਹੀਂ।ਸਾਰੇ ਬੱਚੇ ਕਣਕਾਂ ਦੀ ਵਾਢੀ ਕਰਦੇ।ਸਿੱਟੇ ਚੁਗਦੇ। ਸਾਰੇ ਸਾਲ ਦਾ ਅਨਾਜ ਢੋਲਾਂ ਚ ਭਰਦੇ ,ਤਾਂ ਕਿ ਰੋਟੀ ਤਾਂ ਮਿਲਦੀ ਰਹੂ ਪਰ ਨਸ਼ੇੜੀ ਬਾਪ ਓਹ ਵੀ ਨਾ ਕਰਕੇ ਖਾਣ ਦਿੰਦੇ। ਚੋਰੀ ਕਣਕ ਵੇਚ ਕੇ ਸ਼ਰਾਬ ਪੀਂਦੇ। 2009 ਵਿਚ ਮੈ ਅਮਰੀਕਾ ਆ ਗਈ। ਪਰ ਮੇਰੇ ਸਕੂਲ ਦੇ ਮੇਰੇ ਪਿੰਡ ਦੇ ਪਤਾ ਨੀ ਕਿੰਨੇ ਅਮਨਦੀਪ ਰੋਟੀ ਖਾਤਰ ਰਾਤ ਨੂੰ ਮੈਰਿਜ ਪੈਲਿਸਾਂ ਦੇ ਜੂਠੇ ਭਾਂਡੇ ਧੋਂਦੇ ਟੱਬਰ ਪਾਲ ਰਹੇ ਨੇ.................
ਇਹ ਮੇਰੇ ਯੂਨੀਵਰਸਿਟੀ ਦੇ ਦਿਨਾ ਦੀ ਗੱਲ ਹੈ ਮੇਰਾ ਇੱਕ ਜਮਾਤੀ ਸੀ ਉਥੇ| ਸ਼ਾਇਦ ਉਸਦੇ ਪਿੱਤਾ ਨਹੀਂ ਸਨ| ਘਰ ਚ ਮਾਂ ਤੇ ਇੱਕ ਛੋਟਾ ਭਰਾ ਸੀ ਬਾਕੀ ਪਰਿਵਾਰ ਬਾਰੇ ਮੈਨੂੰ ਪਤਾ ਨਹੀਂ। ਪੇਪਰਾਂ ਦੇ ਦਿਨਾ ਚ ਅਮੀਨ ਹਮੇਸ਼ਾਂ ਉਸ ਦੀਆਂ ਅੱਖਾਂ ਲਾਲ ਸੂਹੀਆਂ ਦੇਖੀਆਂ। ਕਈ ਵਾਰ ਪੁਛਣ ਦੀ ਕੋਸ਼ਿਸ਼ ਕੀਤੀ ਪਰ ਓਹ ਪੜਨ ਦਾ ਬਹਾਨਾ ਲਾ ਕੇ ਟਾਲ ਗਿਆ| ਹੌਲੀ ਹੌਲੀ ਪਤਾ ਲੱਗਿਆ ਕੇ ਓਹ ਇੱਕ ਸਿਨੇਮਾ ਹਾਲ ਅੱਗੇ ਮੂੰਗਫਲੀ ਦੀ ਰੇਹੜੀ ਲਾਉਂਦਾ ਹੈ ਯੂਨੀਵਰਸਿਟੀ ਤੋਂ ਵਾਪਿਸ ਜਾ ਕੇ,ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਨਾਲੇ ਆਪਣੇ ਭਰਾ ਨੂੰ ਪੜਾਅ ਰਿਹਾ ਹੈ. ਆਪ ਵੀ ਯੂਨੀਵਰਸਿਟੀ ਚ ਚੰਗੇ ਨੰਬਰ ਲੈਂਦਾ। ਫੇਰ ਉਸਨੇ ਉਥੋਂ ਹੀ MBA ਤੇ Ph.D ਕੀਤੀ ਤੇ ਉਨਿਵ੍ਰ੍ਸਿਟੀ ਚ ਹੀ ਪੜਾਉਣ ਲੱਗ ਪਿਆ. ਪਿਛ੍ਲੀਵਾਰ ਜਦ ਮੈਂ ਓਹਨੂੰ ਮਿਲਿਆ ਸੀ ਓਹ ਬਿਸਿਨੇਸ ਡਿਪਾਰਟਮੈਂਟ ਦਾ ਮੁਖੀ ਸੀ|
ReplyDelete