Wednesday, February 8, 2012

ਵੇਖੀਂ ਕਿਤੇ ਭੁੱਲ ਨਾ ਜਾਈਂ, ਮੁਟਿਆਰੇ


ਵੇਖੀਂ ਕਿਤੇ ਭੁੱਲ ਨਾ ਜਾਈਂ, ਮੁਟਿਆਰੇ
ਵੇਖੀ ਕਿਤੇ ਭੁਲ ਨਾ ਜਾਂਈਂ

ਤੇਰੀ ਹੀ ਉਡੀਕ ਵਿੱਚ ਰਹਿੰਦੇ ਸਦਾ ਖੂਹ ਨੀ
ਖਾਲੀ ਖਾਲੀ ਤੇਰੇ ਬਿਨਾਂ ਜਾਪੇ ਸਾਰੀ ਜੂਹ ਨੀ
ਬਾਬਲੇ ਦਾ ਵਿਹੜਾ ਨਾਲੇ ਬੂਹਾ ਏ ਉਡੀਕਦਾ
ਪੁਛਦਾ ਏ ਰੋਜ਼ ਤੇਰੇ ਆਉਣ ਦੀ ਤਾਰੀਕ ਦਾ।
ਸਾਲੂ ਸੂਹਾ ਚੂੜਾ ਤੇ ਪੰਘੂੜਾ ਹੈ ਉਡੀਕਦਾ
ਸਰ੍ਹੋਂਆਂ ਦਾ ਰੰਗ ਗੂਹੜਾ ਗੂਹੜਾ ਹੈ ਉਡੀਕਦਾ।
ਛੇਤੀ ਪਿੰਡ ਵੱਲ ਫੇਰਾ ਪਾਈਂ,
ਵੇਖੀ ਕਿਤੇ ਭੁੱਲ ਨਾ ਜਾਈਂ
ਰੰਗਲਾ ਪਰਾਂਦਾ ਤੇਰਾ ਤਿਲੇ ਵਾਲੀ ਜੁੱਤੀ ਨੀ
ਛੱਡ ਕੇ ਤੂੰ ਸਾਰਾ ਕੁਝ ਕਿਥੇ ਜਾ ਕੇ ਸੁੱਤੀ ਨੀ
ਜੀਨ ਸ਼ੀਨ ਪਾਕੇ ਬਹੁਤੀ ਟੋਹਰ ਕੱਢ ਲਈ।
ਵੇਖ ਨੀ ਪੰਜਾਬਣੇ ਪੰਜਾਬੀ ਛੱਡ ਗਈ।
ਤੇਰਾ ਪਿੰਡ ਨਿੰਮ ਤੇ ਧਰੇਕ ਦੀਆਂ ਛਾਵਾਂ ਨੀ
ਪਿਪਲ ਉਡੀਕਦਾ ਪਸਾਰ ਤੈਨੂੰ ਬਾਹਵਾਂ ਨੀ।
ਤੂੰ ਬਹੁਤੀ ਦੇਰ ਨਾ ਲਾਈਂ ਮੁਟਿਆਰੇ
ਵੇਖੀ ਕਿਤੇ ਭੁੱਲ ਨਾ ਜਾਈਂ
ਵੇਖੀ ਕਿਤੇ ਭੁੱਲ ਨਾ ਜਾਈਂ।
ਉਡੀਕ ਵਿੱਚ ਸਰਹੋਂ ਦੀਆਂ ਗੰਦਲਾਂ ਤੇ ਸਾਗ ਨੀ।
ਮੱਕੀ ਦੀਆਂ ਰੋਟੀਆਂ ਤੇ ਬੇਬੇ ਦਾ ਅਚਾਰ ਨੀ।
ਚਾਟੀ ਤੇ ਮਧਾਣੀ ਤੇਰੀ ਰਾਣੀ ਰਾਣੀ ਖੇਡਦੇ
ਗੁੱਡੀਆਂ, ਪਟੋਲੇ ਵੀ ਕਹਾਣੀ ਨਵੀਂ ਛੇੜਦੇ
ਚਰਖੇ ਅਟੇਰਨੇ ਤੇ ਛਿੱਕੂ ਵਿੱਚ ਪੂਣੀਆਂ
ਗੱਲਾਂ ਗੱਲਾਂ ਵਿੱਚ ਤੈਨੂੰ ਭੁਲੀਆਂ ਨਾ ਧੂਣੀਆਂ
ਝਾਂਜਰਾਂ ਵੀ ਤੇਰੀਆਂ ਨੂੰ ਵਿਹੜਾ ਵਾਂਜਾਂ ਮਾਰਦਾ
ਵੰਗਾਂ ਦਿਆਂ ਰੰਗਾਂ ਵਿੱਚ ਚਾਅ ਸੰਸਾਰ ਦਾ।
ਗਿੱਧੇ ਦੀਆਂ ਬੋਲੀਆਂ ਚ’ ਹੇਕ ਬਣ ਜਾਂਦੀ ਸੈਂ
ਬਾਪੂ ਲਈ ਵਧਦੀ ਧਰੇਕ ਜਾਂਦੀਂ ਸੈਂ
ਮਾਂਵਾਂ ਦੀ ਉਮੰਗ, ਨਾਲ ਵੀਰਾਂ ਵਾਲਾ ਚਾਅ ਨੀ
ਵੇਖ ਤੇਰਾ ਪਿੰਡ ਤੇਰਾ ਤੱਕਦਾ ਹੈ ਰਾਹ ਨੀ
ਤੇਰਾ ਲੋਂਗ ਸੈਨਤਾ ਮਾਰੇ
ਕਿਤੇ ਭੁੱਲ ਨਾ ਜਾਈਂ ਮੁਟਿਆਰੇ..
ਵੇਖੀ ਕਿਤੇ ਭੁੱਲ ਨਾ ਜਾਈਂ।

No comments:

Post a Comment