ਧਿਆਨ
ਗੁਰਦੀਪ ਸਿੰਘ ਭਮਰਾ
ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਧਿਆਨ ਲਗਾਉਂਦਾ ਹਾਂ, ਮੈਂ ਆਪਣੇ ਆਪ ਨੂੰ ਸਾਰੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹਾਂ। ਮੈਂ ਹਵਾ ਵਿੱਚ ਉਡਾਰੀਆਂ ਭਰਦਾ ਮਹਿਸੂਸ ਕਰਦਾ ਹਾਂ, ਮੇਰੇ ਧਿਆਨ ਵਿੱਚ ਸਿਆਹ ਅਸਮਾਨ ਤੇ ਉਸ ਵਿੱਚ ਚਮਕਦੇ ਲੱਖੂਖਾਂ ਤਾਰੇ ਆਓਣ ਲਗਦੇ ਹਨ। ਤਾਰਿਆਂ ਦੇ ਮੰਡਲ ਵਿੱਚ ਮੇਰੇ ਪ੍ਰਵੇਸ਼ ਤੋਂ ਬਾਅਦ ਮੈਨੂੰ ਸੱਭ ਕੁਝ ਪਿਛੇ ਛੁੱਟਦਾ ਮਹਿਸੂਸ ਹੋਣ ਲੱਗਦਾ ਹੈ। ਮੈਂ ਖੁਦ ਵੀ ਉਹਨਾਂ ਤਾਰਿਆਂ ਦਾ ਇਕ ਕਿਣਕਾ ਜਾਂ ਇਕ ਹਿਸਾ ਸਮਝਣ ਲਗਦਾ ਹਾਂ। ਮੈਂ ਆਪਣੇ ਆਪ ਨੂੰ ਉਹਨਾਂ ਤਾਰਿਆਂ ਚੋਂ ਵੀ ਬਾਹਰ ਕੱਢ ਲੈਂਦਾ ਹਾਂ ਤਾਂ ਉਹ ਤਾਰੇ ਮੇਰੀ ਖੇਡ ਬਣ ਜਾਂਦੇ ਹਨ। ਮੈਂ ਨੀਝ ਲਾ ਕੇ ਉਹਨਾਂ ਨੂੰ ਗਤੀ ਵਿੱਚ ਆਉਨਦਾ ਮਹਿਸੂਸ ਕਰਦਾ ਹਾਂ। ਉਹ ਤੇਜ਼ੀ ਨਾਲ ਮੇਰੇ ਕੋਲੋਂ ਲੰਘ ਰਹੇ ਹਨ। ਖੁਲ੍ਹੇ ਵਿਸ਼ਾਲ ਪੁਲਾੜ ਵਿੱਚ, ਉਹਨਾਂ ਦੀ ਗਤੀ ਸੈਕੜੇਂ ਮੀਲ ਪ੍ਰਤੀ ਸਕਿੰਟ ਹੈ। ਉਹ ਚੱਲ ਰਹੇ ਹਨ ਅਡੋਲ, ਕਿਸੇ ਕਿਤੇ ਕੋਈ ਕੋਈ ਤਾਰਾ ਇਕ ਦੂਜੇ ਵਿੱਚ ਵੱਜਦਾ ਹੈ ਪਰ ਇਹ ਅਕਸਾਰ ਨਹੀਂ ਹੁੰਦਾ ਤੇ ਮੈਂ ਆਪਣੇ ਸੋਰ ਮੰਡਲ ਤੋਂ ਬਾਹਰ ਆਪਣੀ ਅਕਾਸ਼ ਗੰਗਾਂ ਤੋਂ ਬਾਹਰ ਚਲਾ ਜਾਂਦਾ ਹਾਂ। ਅਕਾਸ਼ ਗੰਗਾ ਮੇਰੇ ਸਾਹਮਣੇ ਫੈਲ ਰਹੀ ਹੈ। ਕਿਸ ਤਰਫ਼ ਕੋਈ ਨਹੀਂ ਜਾਣਦਾ। ਇਸ ਅਸਮਾਨ ਦਾ ਕੋਈ ਸਿਰਾ ਨਹੀਂ, ਕੋਈ ਅੰਤ ਨਹੀਂ, ਕੋਈ ਸ਼ੁਰੂ ਨਹੀਂ। ਨਾ ਕੋਈ ਦਿਸ਼ਾ ਹੈ, ਨਾ ਦਸ਼ਾ ਹੈ। ਸਿਆਹ ਹਨੇਰਾ ਹੈ ਚਾਰੇ ਪਾਸੇ, ਤੇ ਵਿੱਚ ਕਦੇ ਕੋਈ ਸੂਰਜ ਚਮਕਦਾ ਹੈ ਕਦੇ ਕੋਈ, ਸੱਭ ਕੁਝ ਮੇਰੇ ਧਿਆਨ ਵਿੱਚ ਆਉਂਦਾ ਹੈ। ਮੈਂ ਹੋਰ ਉਪਰ ਉਠਦਾ ਹਾਂ ਤੇ ਦੇਖਣ ਦੀ ਕੋਸ਼ਿਸ਼ ਕਰਦਾ ਹਾਂ, ਰੱਬ ਨਾਂ ਦਾ ਵਿਅਕਤੀ ਕਿਤੇ ਨਹੀਂ ਹੈ। ਕੁਦਰਤ ਮੋਜੂਦ ਹੈ ਹਰ ਥਾਂ ਆਪਣੀ ਗਤੀ ਵਿੱਚ; ਸੱਭ ਕੁਝ ਨਿਯੰਤਰਨ ਵਿੱਚ ਹੈ, ਕੁਝ ਵੀ ਇਸ ਤੋਂ ਬਾਹਰ ਨਹੀਂ ਹੈ। ਇਹਨਾਂ ਨੂੰ ਕੌਣ ਗਤੀਮਾਨ ਰੱਖ ਰਿਹਾ ਹੈ, ਇਹ ਕਦੋਂ ਤੋਂ ਚੱਲ ਰਹੇ ਹਨ, ਕਿੰਨਾ ਕੁ ਪੈਂਡਾ ਹੈ ਇਹਨਾਂ ਦੇ ਹਿੱਸੇ, ਕਿੰਨੀ ਗਤੀ ਹੈ ਇਹਨਾਂ ਵਿੱਚ, ਕੁਦਰਤ ਦੇ ਨਿਯਮ ਹੋਰ ਅਗੇ ਵਿਸਤਾਰ ਵਿੱਚ ਜਾ ਰਹੇ ਹਨ। ਹੋਰ ਅੱਗੇ, ਹੋਰ ਅੱਗੇ, ਮੈਂ ਸੱਭ ਕੁਝ ਆਪਣੇ ਦੁਆਲੇ ਘੁੰਮਦਾ ਮਹਿਸੂਸ ਕਰ ਰਿਹਾ ਹਾਂ। ਮੈਂ ਉਸੇ ਗਤੀ ਵਿੱਚ ਹਾਂ। ਹੌਲੀ ਹੌਲੀ ਵਾਪਸ ਆਪਣੀ ਸੁਰਤ ਵਿੱਚ ਆਉਂਦਾ ਹਾਂ। ਮੈਂ ਸਭ ਕੁਝ ਸ਼ਾਂਤ ਮਹਿਸੂਸ ਕਰਦਾ ਹਾਂ। ਜਿਵੇਂ ਕੋਈ ਵਿਅਕਤੀ ਤੇਜ਼ ਟ੍ਰੈਫਿਕ ਚੋਂ ਘਰ ਪਰਤਿਆ ਹੋਵੇ। ਮੈਂ ਸ਼ਾਂਤ ਹਾਂ, ਪਰ ਥਕਿਆ ਥਕਿਆ, ਆਪਣੇ ਆਪ ਨੂੰ ਨੀਂਦ ਦੇ ਹਵਾਲੇ ਕਰ ਦਿੰਦਾ ਹਾਂ।
No comments:
Post a Comment