Thursday, January 31, 2013

ਸੁੱਚੇ ਰੁਮਾਲੇ


ਸੁੱਚੇ ਰੁਮਾਲੇ

ਗੁਰਦੁਆਰਿਆਂ ਦੇ ਗੁੰਬਦ ਸੋਨੇ ਦੇ ਪਤਰਿਆਂ ਨਾਲ ਮੜ੍ਹੇ ਜਾ ਰਹੇ ਹਨ ਤਾਂ ਅੰਦਰ ਵੀ ਸੱਭ ਕੁਝ ਖੈਰ ਸੱਲਾ ਨਹੀਂ ਹੈ। ਮਹਿੰਗੇ ਪੁਸ਼ਾਕੇ, ਰੁਮਾਲੇ, ਚੰਦੋਏ, ਪਾਲਕੀਆਂ ਤੇ ਹੋਰ ਸਾਜੋ ਸਜਾਵਟ ਦਾ ਸਮਾਨ ਵੇਖ ਕੇ ਇੰਜਾ ਜਾਪਦਾ ਹੈ ਕਿ ਜਿਵੇਂ ਇਹ ਬਾਬੇ ਨਾਨਕ ਦਾ ਘਰ ਨਾ ਹੋਵੇ ਸਗੋਂ ਕਿਸੇ ਅਮੀਰ ਮਲਕ ਭਾਗੋ ਦਾ ਘਰ ਹੋਵੇ, ਸ਼ਾਹੀ ਠਾਠ, ਲਾਈਟਾਂ, ਸੋਨੇ ਚਾਂਦੀ ਦੇ ਝੂਮਰ, ਛੱਬੇ, ਗੱਲ ਕੀ ਹਰ ਮਹਿੰਗੀ ਚੀਜ਼ ਗੁਰੂ ਦਰਬਾਰ ਵਿੱਚ ਹਾਜ਼ਰ ਕੀਤੀ ਹੁੰਦੀ ਹੈ।

ਸ਼ਾਇਦ ਇਹ ਚਲਨ ਹੀ ਹੋ ਗਿਆ ਤੇ ਇਸ ਸ਼ਰਧਾ ਨੂੰ ਕੈਸ਼ ਕਰਨ ਲਈ ਦੁਕਾਨਦਾਰ ਤੇ ਵਪਾਰੀ ਵੀ ਪਿਛੇ ਨਹੀਂ ਰਹੇ। ਅਜਿਹੀ ਹੀ ਇਕ ਦੁਕਾਨ ਉਪਰ ਜੋ ਮੈਂ ਦੇਖਿਆ ਉਹ ਸੱਭ ਕੁਝ ਹੈਰਾਨ ਕਰਨ ਦੇਣ ਵਾਲਾ ਸੀ। ਇਹ ਰੁਮਾਲਿਆਂ ਤੇ ਚੰਦੋਏ ਆਦਿ ਦੀ ਦੁਕਾਨ ਸੀ ਤੇ ਗਾਹਕ ਇਕ ਤੋਂ ਇਕ ਮਹਿੰਗੇ ਰੁਮਾਲੇ ਦੇਖ ਰਿਹਾ ਸੀ। ਦੁਕਾਨਦਾਰ, ਇਕ ਸਰਦਾਰ ਜੀ ਸਨ, ਬੜੇ ਹੀ ਸਾਊ ਦਿਖ ਵਾਲੇ, ਪੜ੍ਹੇ ਲਿਖੇ ਵੀ ਤੇ ਉਹ ਰੁਮਾਲੇ ਦਿਖਾ ਰਹੇ ਸਨ। ਰੇਸ਼ਮੀ, ਮਹਿੰਗੇ ਜ਼ਰੀ ਦੇ ਕੰਮ ਵਾਲੇ, ਰੁਮਾਲੇ, ਲਾਲ, ਪੀਲੇ, ਉਨਾਬੀ, ਗੁਲਾਬੀ ਗੱਲ ਕੀ ਇਕ ਤੋਂ ਇਕ ਵਧੀਆ, ਕੀਮਤ? ਇਹ ਵੀ ਕੋਈ ਘੱਟ ਚੌਂਕਾ ਦੇਣ ਵਾਲੀ ਨਹੀ ਸੀ। ਇੱਕ ਸੋ, ਇਕੱਤੀ ਸੋ, ਚਾਰ ਹਜ਼ਾਰ, ਪੰਜ ਹਜ਼ਾਰ, ਇਸ ਗਾਹਕ ਨੇ ਕੋਈ ਚਾਰ ਹਜ਼ਾਰ ਵਾਲਾ ਰੁਮਾਲਾ ਪਸੰਦ ਕੀਤਾ।

ਇਹ ਤੁਸੀਂ ਆਪਣੀ ਦੇਖ ਰੇਖ ਵਿੱਚ ਬਣਵਾਇਆ ਹੈ? ਗਾਹਕ ਜੋ ਇਕ ਬੀਬੀ ਸੀ, ਨੇ ਪੁਛਿਆ। ਉਹ ਸ਼ਾਇਦ ਜਾਣਨਾ ਚਾਹੁੰਦੀ ਸੀ ਕਿ ਦਰਬਾਰ ਸਾਹਿਬ ਉਪਰ ਚੜ੍ਹਾਉਣ ਤੋਂ ਪਹਿਲਾਂ ਇਸ ਨੂੰ ਧੋ ਕੇ ਸੁੱਚਾ ਕਰਨਾ ਪਵੇਗਾ ਜਾਂ ਨਹੀਂ। ਦੁਕਾਨਦਾਰ ਨੇ ਉਸ ਦੀ ਤੱਸਲੀ ਕਰਵਾਈ। ਦੁਕਾਨਦਾਰ ਨੇ  ਦਸਿਆ ਕਿ ਇਹ ਸਾਰਾ ਕੰਮ ਉਹ ਆਪਣੀ ਨਿਗਰਾਨੀ ਵਿੱਚ ਕਰਵਾਉਂਦੇ ਹਨ। ਉਸ ਬੀਬੀ ਨੇ ਆਪਣੇ ਪਰਸ ਦੀ ਧੁਰ ਅੰਦਰਲੀ ਜੇਬ ਚੋਂ ਬੜੇ ਸਾਂਭ ਕੇ ਰੱਖੇ ਚਾਰ ਹਜ਼ਾਰ ਦੇ ਨੋਟ ਪੰਜ ਪੰਜ ਸੌ ਦੀ ਸ਼ਕਲ ਵਿੱਚ ਗਿਣ ਕੇ ਦਿਤੇ। ਦੁਕਾਨਦਾਰ ਉਪਰਲੇ ਇਕ ਸੌ ਰੁਪਏ ਮੰਗ ਰਿਹਾ ਸੀ ਪਰ ਉਸ ਨੇ ਨਾਂਹ ਕਰ ਦਿਤੀ।

ਮੈਂ ਸੋਚ ਰਿਹਾ ਸਾਂ ਕਿ ਇਸ ਬੀਬੀ ਨੇ ਆਪਣੀ ਸ਼ਰਧਾ ਨੂੰ ਲੈ ਕੇ ਗੁਰੂ ਘਰ ਲਈ ਚਾਰ ਹਜ਼ਾਰ ਰੁਪਏ ਸੋਚੇ ਹੋਣਗੇ ਪਰ ਇਸ ਬੀਬੀ ਦਾ ਰੁਮਾਲਾ ਮਸਾਂ ਦਸ ਮਿੰਟ ਵੀ ਦਰਬਾਰ ਸਾਹਿਬ ਉਪਰ ਨਹੀਂ ਰਹਿਣਾ ਤੇ ਭਾਈ ਨੇ ਇਕੱਠਾ ਕਰਕੇ ਪਹਿਲੋਂ ਦੇ ਪਏ ਰੁਮਾਲਿਆਂ ਦੇ ਢੇਰ ਵਿੱਚ ਸੁੱਟ ਦੇਣਾ ਹੈ। ਪਰ ਦੁਕਾਨਦਾਰ ਇਕ ਹਜ਼ਾਰ ਦੀ ਚੀਜ਼ ਚਾਰ ਹਜ਼ਾਰ ਵਿੱਚ ਵੇਚਣ ਵਿੱਚ ਸਫਲ ਹੋ ਗਿਆ। ਉਸ ਨੇ ਗੁਰੂ ਘਰ ਚੋਂ ਤਿੰਨ ਹਜ਼ਾਰ ਦੀ ਕਮਾਈ ਕਰ ਲਈ ਤੇ ਲਿਖ ਦਿਤਾ, ਧੰਨ ਨਾਨਕ ਤੇਰੀ ਵੱਡੀ ਕਮਾਈ।

ਇਕ ਹੋਰ ਦੁਕਾਨ ਉਪਰ ਰੁਮਾਲਿਆਂ ਦਾ ਗਾਹਕ ਇਕ ਪਰਵਾਰ ਸੀ, ਪੰਜਾਹਾਂ ਨੂੰ ਪਹੁੰਚੇ ਉਸ ਪਰਵਾਰ ਨੇ ਆਪਣੇ ਗੁਰਦੁਆਰੇ ਵਿੱਚ ਕੋਈ ਪਾਠ ਕਰਵਾਉਣਾ ਸੀ ਤੇ ਉਹਨਾਂ ਦੀ ਮਨਸ਼ਾ ਸੀ ਕਿ ਇਸ ਵਾਸਤੇ ਦੀਵਾਨ ਦੇ ਕਵਰ ਤੋਂ ਲੈ ਕੇ ਚੰਦੋਏ ਤੱਕ ਦੇ ਇਕ ਹੀ ਡਿਜ਼ਾਇਨ ਵਿੱਚ ਰੁਮਾਲਾਂ ਦਾ ਸੈਟ ਬਣਾ ਕੇ ਚੜ੍ਹਇਆ ਜਾਵੇ। ਇਕ ਡੀਜ਼ਾਈਨ ਪਸੰਦ ਕੀਤਾ ਗਿਆ। ਗੁਲਾਬੀ ਰੰਗ ਵਿੱਚ ਰੇਸ਼ਮੀ ਰੁਮਾਲੇ, ਚੰਦੋਆ ਤੇ ਦੀਵਾਨਪੋਸ਼ ਤੱਕ ਤੇ ਮੁੱਲ ਹੋਇਆ ਕੁਲ ਮਿਲਾ ਕੇ ਪੰਦਰਾਂ ਹਜ਼ਾਰ, ਝਿਜਕਦੇ ਹੋਏ ਗਾਹਕ ਨੇ ਚੋਦਾਂ ਹਜ਼ਾਰ ਰੁਪਏ ਵਿੱਚ ਉਹ ਸੈਟ ਲੈ ਲਿਆ। ਤੁਰਨ ਵੇਲੇ ਬੀਬੀ ਨੇ ਫਿਰ ਉਹੀ ਸਵਾਲ ਕੀਤਾ ਕਿ ਇਹ ਕੰਮ ਸਾਰਾ ਸੁੱਚਾ ਹੈ ਨਾ? ਦੁਕਾਨਦਾਰ ਨੇ ਮੁਸਕਰਾ ਕੇ ਕਿਹਾ ਤੱਸਲੀ ਰੱਖੋ ਜੀ ਇਹ ਬਿਲਕੁਲ ਸੁੱਚੇ ਜਰੀ ਤਿੱਲੇ ਦਾ ਕੰਮ ਹੈ। ਆਖਰ ਗੁਰੂ ਸਾਹਿਬ ਦੀ ਸੇਵਾ ਹੈ ਕੋਈ ਬੇਈਮਾਨੀ ਥੋੜ੍ਹਾ ਕਰਨੀ ਹੈ।

ਉਸ ਬੀਬੀ ਨੇ ਦੁਹਰਾ ਕੇ ਪੁਛਿਆ ਕਿ ਕਾਰੀਗਰਾਂ ਨੇ ਕੰਮ ਤਾਂ ਹੱਥ ਧੋ ਕੇ ਕੀਤਾ ਸੀ ਨਾ। ਹੁਣ ਦੁਕਾਨਦਾਰ ਨੂੰ ਅਸਲੀ ਗੱਲ ਸਮਝ ਆਈ ਉਸ ਨੇ ਆਪਣੀ ਆਦਤ ਅਨੁਸਾਰ ਤਸੱਲੀ ਕਰਵਾਉਣ ਲਈ ਕਿਹਾ- ਬਿਲਕੁਲ ਜੀ ਕਾਰੀਗਰਾਂ ਨੂੰ ਹਦਾਇਤ ਹੁੰਦੀ ਹੈ ਕਿ ਸਿਰ ਢਕ ਕੇ ਕੰਮ ਕਰਨਾ ਹੈ ਤੇ ਕਪੜੇ ਨੂੰ ਜ਼ਮੀਨ ਉਪਰ ਨਹੀਂ ਰੱਖਣਾ। ਗੁਰੂ ਮਹਾਰਾਜ ਦਾ ਸਾਰਾ ਕੰਮ ਸਹੀ ਹੋਣਾ ਚਾਹੀਦਾ ਹੈ।

ਮੈਂ ਸੋਚ ਰਿਹਾ ਸਾਂ ਕਿ ਬੀਬੀ ਕਿੰਨੀ ਭੋਲੀ ਹੈ, ਹਾਲੇ ਤੱਕ ਸੂਈ ਵਿੱਚ ਧਾਗਾ ਪਾਉਣ ਦਾ ਕੋਈ ਹੋਰ ਤਰੀਕਾ ਨਹੀਂ ਲੱਭਿਆ ਤੇ ਕਾਰੀਗਰਾਂ ਦੀ ਆਦਤ ਹੁੰਦੀ ਹੈ  ਕਿ ਧਾਗੇ ਨੂੰ ਥੁੱਕ ਨਾਲ ਗਿੱਲਾ ਕਰਕੇ ਹੀ ਉਹ ਸੂਈ ਵਿੱਚ ਪਾਉਂਦੇ ਹਨ। ਇਹ ਬਿਲਕੁਲ ਉਵੇਂ ਹੈ ਜਿਵੇਂ ਕੋਈ ਆਖੇ ਕਿ ਗੁਰਦੁਆਰੇ ਜਿਸ ਦੁਧ ਦੀ ਬਣੀ ਖੀਰ ਚੜ੍ਹਾਉਣੀ ਹੈ ਉਹ ਕਿਸੇ ਅੰਮ੍ਰਿਤਧਾਰੀ ਸਿਖ ਦਾ ਚੋਇਆ ਹੋਣਾ ਚਾਹੀਦਾ ਹੈ। ਗੁਰਬਾਣੀ ਤਾਂ ਆਪ ਕਿਸੇ ਵੀ ਕਿਸਮ ਦੀ ਸੁੱਚ ਨੂੰ ਨਹੀਂ ਮੰਨਦੀ। ਉਹ ਮਨੁੱਖਾਂ ਦੀਆਂ ਸਾਰੀਆਂ ਗੱਲਾਂ ਨੂੰ ਆਪਣੇ ਘੇਰ ਵਿੱਚ ਲੈਂਦੀ ਹੈ। ਪਰ ਇਹ ਭੋਲੇ ਸਿਖ ਪਤਾ ਨਹੀਂ ਕਿਥੇ ਤੁਰੇ ਫਿਰਦੇ ਹਨ।

ਹਜ਼ਾਰਾਂ ਰੁਪਏ ਖਰਚ ਕੇ ਰੁਮਾਲੇ ਚੜ੍ਹਾਉਂਦੇ ਹਨ ਪਰ ਆਪ ਉਸ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਕਰ ਉਹ ਅਜਿਹਾ ਕਰਦੇ ਤਾਂ ਨਿਸ਼ਚੇ ਹੀ ਉਹ ਇਹ ਪੈਸਾ ਜੋ ਹੁਣ ਕੁਝ ਮੀਟਰ ਕਪੱੜੇ ਉਪਰ ਲੁਟਾ ਰਹੇ ਹਨ,  ਜ਼ਰੂਰ ਹੀ ਕਿਸੇ ਚੰਗੇ ਕਾਰਜ ਲਈ ਲਾਉਂਦੇ। ਦਰਬਾਰ ਸਾਹਿਬ ਵਿੱਚ ਕਈ ਕਰੋੜ ਰੁਪਈਆਂ ਦੇ ਛੱਬੇ ਤੇ ਝੂਮਰ ਸਜਾਏ ਹੋਏ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਦੁਆਰਾ ਚੱਲ ਰਹੇ ਕਈ ਸਕੂਲਾਂ ਤੇ ਹਸਪਤਾਲਾਂ ਦੇ ਮੁਲਾਜ਼ਮ ਚੰਗੀਆਂ ਤਨਖਾਹਾਂ ਲਈ ਸੰਘਰਸ਼ ਕਰ ਰਹੇ ਹਨ।

ਗੁਰੂ ਸਾਹਿਬਾਨ ਨੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਹੱਕ ਹਲਾਲ ਦੀ ਕਮਾਈ ਦਾ ਉਪਦੇਸ਼ ਦਿਤਾ ਪਰ ਅੱਜ ਜੋ ਰਿਹਾ ਹੈ ਉਹ ਚਰਤਾਰਾ ਇਸ ਸੱਭ ਦੇ ਉਲਟ ਹੈ। ਕਮਾਈ ਕਿਸ ਸਾਧਨ ਤੋਂ ਆਉਂਦੀ ਹੈ ਕੋਈ ਪਰਕ ਨਹੀਂ ਪੈਂਦਾ ਪਰ ਭਾਈ ਅਰਦਾਸ ਕਰਨ ਲਗਿਆ ਸ਼ਰਧਾਲੂ ਦੀ ਹਰ ਜਾਇਜ਼ ਨਜਾਇਜ਼ ਕਮਾਈ ਨੂੰ ਨੇਕ ਕਮਾਈ ਦੱਸ ਕੇ ਉਸ ਉਪਰ ਸਹੀ ਹੋਣ ਦਾ ਠੱਪਾ ਲਾਉਂਦਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਨੇਕ ਕਮਾਈ ਨਾਲ ਰੋਟੀ ਹੀ ਤੁਰਦੀ ਹੈ, ਹਜ਼ਾਰਾਂ ਰੁਪਈਆਂ ਦੇ ਰੁਮਾਲਿਆਂ ਦਾ ਖਰਚਾ ਨਹੀਂ। ਨੇਕ ਕਮਾਈ ਚੋਂ ਗੁਬੰਦਾਂ ਲਈ ਸੋਨਾ ਨਹੀਂ ਨਿਕਲਦਾ।

ਧਰਮ ਅੱਜ ਕਲ੍ਹ ਇਕ ਲਗਜ਼ਰੀ ਬਣ ਕੇ ਰਹਿ ਗਿਆ ਹੈ ਜਿਸ ਦਾ ਖਰਚਾ ਚੁੱਕਣਾ ਸਿਰਫ ਅਮੀਰ ਆਦਮੀ ਦਾ ਕੰਮ ਹੋ ਸਕਦਾ ਹੈ, ਸਾਧਾਰਨ ਬੰਦਾ ਤਾਂ ਸ਼ਾਇਦ ਇਸ ਸੱਭ ਨੂੰ ਝੱਲ ਹੀ ਨਹੀਂ ਸਕਦਾ। ਲੋੜ ਹੈ ਸੋਚਣ ਦੀ ਅੰਧ ਵਿਸ਼ਵਾਸ ਤੇ ਅੰਨ੍ਹੀ ਸ਼ਰਧਾ ਚੋਂ ਬਾਹਰ ਨਿਕਲਣ ਦੀ। 

No comments:

Post a Comment