Saturday, February 2, 2013

ਧਰਮ ਕੀ ਹੈ?


ਧਰਮ


ਧਰਮ ਕੀ ਹੈ?

ਅੱਜੋਕੇ ਸਮੇਂ ਵਿੱਚ ਧਰਮ ਨੂੰ ਮਨੁੱਖ ਨੇ ਆਪਣੀ ਪਛਾਣ ਨਾਲ ਜੋੜ ਲਿਆ ਹੈ ਤੇ ਉਹ ਇਸ ਦੀ ਮਦਦ ਨਾਲ ਆਪਣੇ ਆਪ ਨੂੰ ਦੂਜਿਆਂ ਤੋਂ ਬੇਹਤਰ, ਉੱਚਾ ਤੇ ਵਧੀਆ ਸਾਬਤ ਕਰਨ ਲਈ ਕਰਦੇ ਹਨ। ਇਹ ਉਹਨਾਂ ਦੀ ਨਿੱਜੀ ਪਛਾਣ ਤੋਂ ਬਿਨਾਂ ਸਮਾਜਕ ਪਛਾਣ ਵਿੱਚ ਮਦਦ ਕਰਦਾ ਦਿਖਾਈ ਦਿੰਦਾ ਹੈ। ਪਰ ਅਸਲ ਵਿੱਚ ਧਰਮ ਕੁਝ ਵਿਸਵਾਸ਼ਾਂ ਉਪਰ ਅਦਾਰਤ ਰੀਤਾਂ ਤੇ ਰਿਵਾਜਾਂ ਦਾ ਨਾਂ ਹੈ ਜਿਨ੍ਹਾਂ ਦਾ ਵੱਡਾ ਹਿੱਸਾ ਮਨੁੱਖੀ ਜੀਵਨ ਦੇ ਜੀਣ ਢੰਗ ਨਾਲ ਜੁੜਿਆ ਹੋਇਆ ਹੈ। ਪਰਾਣੇ ਸਮੇਂ ਵਿੱਚ ਧਰਮ ਇਕ ਵਿਵਸਥਾ ਸੀ ਜੋ ਉਸ ਸਮੇਂ ਦੇ ਮਨੁੱਖਾਂ ਨੂੰ ਜੀਣ ਤੇ ਜ਼ਿੰਦਾ ਰਹਿ ਸਕਣ ਦੀ ਜਾਚ ਦਸਦੀ ਸੀ। ਇੰਜ ਇਹ ਇਕ ਅਤਿ ਜ਼ਰੂਰੀ ਹਿੱਸਾ ਸੀ ਤੇ ਇਸ ਤੋਂ ਬਾਹਰ ਨਿਕਲਣ ਦਾ ਮਤਲਬ ਸੀ ਮੌਤ। 

ਧਰਮ ਗਿਆਨ ਦਾ ਸਰੋਤ ਸੀ ਤੇ ਜਾਣਕਾਰੀਆਂ ਤੇ ਅਧਿਅਨ ਨਾਲ ਭਰਪੂਰ ਗਿਆਨ ਧਰਮ ਦਾ ਇਕ ਹਿੱਸਾ ਸੀ ਜਿਸ ਨੂੰ ਧਰਮ ਦਾ ਸਿਧਾਂਤ, ਫਲਸਫੇ ਦੇ ਤੌਰ ਤੇ ਜਾਣਿਆ ਜਾ ਸਕਦਾ ਸੀ। ਇਸ ਨੂੰ ਅਮਲੀ ਜ਼ਿੰਦਗੀ ਵਿੱਚ ਧਾਰਨ ਕਰਨ ਲਈ ਰਹੁ ਰੀਤਾਂ ਸਨ ਜਿਨ੍ਹਾਂ ਦਾ ਸਬੰਧ ਮਨੁੱਖ ਦੇ ਸਰੀਰ ਦੀ ਸਫਾਈ, ਖਾਣ-ਪੀਣ, ਵਸਤਰ-ਪਹਿਰਨ, ਸਮਾਜਕ ਕਾਰ-ਵਿਹਾਰ, ਬੋਲ-ਚਾਲ, ਭਾਸ਼ਾ, ਕੰਮ ਕਾਰ ਨਾਲ ਸਬੰਧਤ ਲਗਭਗ ਸਾਰੀਆਂ ਗੱਲਾਂ, ਇਹ ਕਰਨਾ ਹੈ ਤੇ ਇਹ ਨਹੀਂ ਕਰਨਾ, (ਆਜੜੀ ਸਮੇਂ ਚਰਾਂਦਾਂ ਤੇ ਪਸ਼ੂਆਂ ਨਾਲ ਸਬੰਧਤ ਧਾਰਨਾਵਾਂ, ਖੇਤੀ ਯੁਗ ਵਿੱਚ ਖੇਤੀ ਨਾਲ ਜੁੜੇ ਸਾਰੇ ਢੰਗ ਤਰੀਕੇ ਤੇ ਇਸ ਤੋਂ ਬਿਨਾਂ ਜਨਮ ਤੇ ਮਰਨ ਨਾਲ ਸਬੰਧਤ ਸਾਰੇ ਤਥ ਤੇ ਧਾਰਨਾਵਾਂ ਤੇ  ਉਹਨਾਂ ਨਾਲ ਜੁੜੇ ਸਾਰੇ ਵਿਸ਼ਵਾਸ ਤੇ ਪ੍ਰੈਕਟਿਸ ਆਦਿ ਧਰਮ ਦਾ ਅਨਿਖੜਵਾਂ ਅੰਗ ਸਨ। ਇਸ ਦੇ ਲਗਭਗ ਸਾਰੇ ਸਬੂਤ ਸਾਡੇ ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਮਿਲਦੇ ਹਨ। 

ਸਮੇਂ ਦੀ ਗਤੀ ਦਾ ਹਿਸਾਬ ਕਿਤਾਬ ਰਖਣ ਲਈ ਸਾਡਾ ਜੋਤਿਸ਼ ਜੋ ਉਸ ਸਮੇਂ ਦੇ ਚੰਦਰਮਾਂ ਤੇ ਸੂਰਜੀ ਕੈਲੰਡਰਾਂ ਵਿੱਚ ਸੁਮੇਲ ਰੱਖਣ ਦੀ ਕੋਸ਼ਿਸ਼ ਕਰਦਾ ਸੀ, ਸਰੀਰ ਅਵਾਸਥਾ ਤੇ ਵਿਵਸਾ ਸਮਝਣ ਤੇ ਕਾਇਮ ਰੱਖਣ ਲਈ ਆਯੂ ਵੈਦਿਕ, ਚਾਰੇ ਵੇਦਾਂ ਵਿੱਚ ਦਰਜ ਸਾਰੇ ਰਿਵਾਜ ਤੇ ਵਿਸ਼ਵਾਸ, ਕੁਦਰਤੀ ਤਾਕਤਾਂ ਦੇ ਭੌਤਿਕ ਵਰਤਾਰੇ ਨੂੰ ਸਮਝਣ ਤੇ ਉਸ ਦੀ ਵਿਆਖਿਆ ਕਰਨ ਲਈ ਦੇਵੀ ਦੇਵਤਿਆਂ ਦਾ ਸਾਰਾ ਹਿਸਾਬ ਕਿਤਾਬ ਜੋ ਰਿਗ ਵੇਦ ਤੋਂ ਸ਼ੁਰੂ ਹੁੰਦਾ ਹੈ ਪਰ ਇਸ ਤੋਂ ਪਹਿਲਾਂ ਕੁਝ ਨਾ ਕੁਝ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਮਿਲਦਾ ਹੋਵੇਗਾ। ਪਸ਼ੂਆਂ ਤੇ ਮਾਲ ਸੰਪਤੀ ਦਾ ਹਿਸਾਬ ਕਿਤਾਬ ਰੱਖਣ ਲਈ ਸਾਡਾ ਗਣਿਤ ਆਦਿ ਸੱਭ ਕੁਝ ਉਸ ਗਿਆਨ ਦਾ ਹਿੱਸਾ ਸਨ ਜੋ ਧਰਮ ਦੇ ਨਾਂ ਤੇ ਧਾਰਮਕ ਗ੍ਰੰਥਾਂ ਵਿੱਚ ਮਿਲ ਜਾਂਦਾ ਹੈ। ਪਰ ਇਹ ਸੱਭ ਕੁਝ ਮਨੁੱਖੀ ਲੋੜਾਂ ਉਪਰ ਅਧਾਰਤ ਹੀ ਉਸਰਿਆ ਤੇ ਉਸਾਰਿਆ ਗਿਆ ਸੀ। ਬਾਦ ਵਿੱਚ ਇਨ੍ਹਾਂ ਨੂੰ ਧਾਰਮਕ ਪ੍ਰੰਪਰਾ ਨਾਲ ਜੋੜ ਕੇ ਵੇਖਿਆ ਜਾਣ ਲੱਗਿਆ। ਮਸਲਨ ਮਾਲਾ ਦੀ ਕਾਢ ਪਸ਼ੂ ਧਨ ਦੀ ਗ਼ਿਣਤੀ ਵਾਸਤੇ ਕੀਤੀ ਗਈ ਹੋਵੇਗੀ ਜਿਸ ਨੂੰ ਬਾਦ ਵਿੱਚ ਪ੍ਰਮਾਤਮਾ ਦੇ ਸਿਮਰਨ ਲਈ ਵਰਤਿਆ ਜਾਣ ਲਗ ਪਿਆ ਪਰ ਦਰਅਸਲ ਉਹ ਹੈ ਤਾਂ ਹਿਸਾਬ ਕਿਤਾਬ ਦਾ ਹੀ ਇਕ ਸਾਧਨ ਹੀ ਸੀ।

ਧਰਮ ਸਾਡਾ ਸਾਫਟਵੇਅਰ ਸੀ ਜਿਸ ਨਾਲ ਸਾਡੀ ਜ਼ਿੰਦਗੀ ਦੀ ਮਸ਼ੀਨ ਚਲਦੀ ਸੀ ਤੇ ਵਕਤ ਬਵਕਤ ਇਸ ਵਿੱਚ ਵੀ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ ਗਈਆਂ। ਇਸ ਵਿੱਚਲੇ ਵਿਕਾਰਾਂ ਨੂੰ ਸੁਧਾਰਿਆ ਗਿਆ ਤੇ ਇਸ ਨੂੰ ਵਰਤੋਂ ਯੋਗ ਬਣਾਇਆ ਗਿਆ। ਧਰਮ ਮਨੁੱਖ  ਦੀ ਆਪਣੀ ਬਣਾਈ ਵਿਵਸਥਾ ਦਾ ਨਾਂ ਜੋ ਉਸ ਨੇ ਆਪਣੇ ਵਾਸਤੇ ਬਣਾਈ ਸੀ। ਕੁਝ ਲੋਕ ਧਰਮ ਨੂੰ ਦੇਵੀ ਦੇਵਤਿਆਂ ਨਾਲ ਜੋੜ ਕੇ ਇਸ ਨੂੰ ਕਿਸੇ ਇਲਾਹੀ, ਭਾਵ ਗੈਰ ਕੁਦਰਤੀ ਵਰਤਾਰੇ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਪਰ ਜੇ ਧਰਮ ਦਾ ਇਤਿਹਾਸਕ ਪਿਛੋਕੜ ਫਰੋਲਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਧਰਮ ਦਾ ਅੰਗ ਸਮਝੈ ਜਾਂਦੇ ਪੂਜਾ ਪਾਠ ਤੇ ਰਹੁ ਰੀਤਾਂ ਵੀ ਅਸਲ ਵਿੱਚ ਇਕ ਤਰੀਕਾ ਹੈ ਉਸ ਦੇਵੀ ਦੇਵਤਾ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ। ਪਰ ਸਾਰੀਆਂ ਦੇਵੀਆਂ ਤੇ ਦੇਵਤੇ ਪੁਰਾਤਨ ਸਮੇਂ ਵਿੱਚ ਵੀ ਕੁਦਰਤੀ ਤਾਕਤਾਂ ਨੂੰ ਹੀ ਮੰਨਿਆ ਜਾਂਦਾ ਸੀ। ਹਵਾ, ਪਾਣੀ, ਅਗਨੀ, ਸੂਰਜ, ਚੰਦਰਮਾ, ਅਕਾਸ਼, ਬੱਦਲ, ਵਰਖਾ, ਅਸਮਾਨੀ ਬਿਜਲੀ, ਹਨੇਰੀ ਆਦਿ, ਸਾਰੇ ਹੀ ਦੇਵਤਾ ਰੂਪ ਸਮਝੇ ਗਏ। ਗਊ ਨੂੰ ਵੀ ਦੇਵਤਾ ਮੰਨਿਆ ਗਿਆ ਕਿਉਂ ਕਿ ਇਹ ਬਹੁਤ ਸਾਰੇ ਸੁਖਾਂ ਦਾ ਸਾਧਨ ਸੀ। ਇਸ ਤੋਂ ਬਿਨਾਂ ਕੁਝ ਜਾਨਵਰਾਂ ਨੂੰ ਵੀ ਦੇਵਤਿਆਂ ਦਾ ਰੂਪ ਮੰਨਿਆ ਗਿਆ ਜਿਹਨਾਂ ਵਿੱਚ ਸੱਪ, ਸ਼ੇਰ, ਹਾਥੀ, ਘੋੜਾ ਆਦਿ। ਕੁਝ ਜਾਨਵਰਾਂ ਨੂੰ ਇਸ ਲਈ ਉੱਤਮ ਮੰਨਿਆ ਗਿਆ ਕਿਉਂ ਕਿ ਇਹ ਉਹਨਾਂ ਦੇਵਤਿਆਂ ਦੇ ਨਸਦੀਕੀ ਸਮਝੇ ਗਏ।

ਪਹਿਲੋਂ ਪਹਿਲ ਇਹ ਦੇਵਤੇ ਸਿਰਫ਼ ਆਪਣੇ ਰੂਪ ਵਿੱਚ ਹੀ ਵਿਦਮਾਨ ਮੰਨੇ ਗਏ ਪਰ ਹੌਲੀ ਹੌਲੀ ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਦਾ ਵਿਕਾਸ ਹੋਇਆ ਤਾਂ ਇਹਨਾਂ ਦਾ ਮਾਨਵੀਕਰਨ ਕੀਤਾ ਗਿਆ। ਇਹਨਾਂ ਤਾਕਤਾਂ ਦਾ ਚਰਿਤਰ ਅਨੁਸਾਰ ਵਰਗੀਕਰਨ ਵੀ ਕੀਤਾ ਗਿਆ। ਸੂਰਜ ਜਿਸ ਦੀ ਪਹਿਲੀ ਤਸਵੀਰ ਸਿਰਫ਼ ਅੱਗ ਦੇ ਗੋਲੇ ਦੇ ਰੂਪ ਵਿੱਚ ਕਿਆਸੀ ਗਈ ਉਸ ਵਿੱਚ ਦੋ ਅੱਖਾਂ ਤੇ ਇਕ ਮੂੰਹ ਲਗਾ ਕੇ ਇਸ ਨੂੰ ਮਾਨਵੀ ਰੂਪ ਦੇ ਦਿਤਾ। ਸੂਰਜ ਦੇਵਤਾ ਇਕ ਜੀਂਦਾ ਜਾਗਦਾ ਮਨੁੱਖ ਵਰਗਾ ਮਨੁੱਖ ਹੀ ਮੰਨ ਲਿਆ ਗਿਆ, ਜੋ ਇਕ ਬੇਹੱਦ ਸ਼ਕਤੀ ਸ਼ਾਲੀ ਸੀ ਤੇ ਇਸ ਨੂੰ ਦੇਵਤਾ ਦੇ ਰੂਪ ਵਿੱਚ ਸਾਕਾਰ ਕਰ ਲਿਆ ਗਿਆ। ਇਹੋ ਹਾਲ ਦੂਜੇ ਦੇਵਤਿਆਂ ਦਾ ਵੀ ਇਹੋ ਹਾਲ ਹੋਇਆ।

ਫਿਰ ਇਕ ਵਕਤ ਇਹ ਵੀ ਆਇਆ ਜਦੋਂ ਇਹਨਾਂ ਦੇਵਤਿਆਂ ਨੂੰ ਇਕ ਖਾਸ ਕ੍ਰਮ ਵਿੱਚ ਰੱਖਣ ਦੀ ਲੋੜ ਪਈ ਤਾਂ ਇਹਨਾਂ ਨੂੰ ਇਹਨਾਂ ਦੀ ਤਾਕਤ ਵਾਂਗ ਉੱਪਰ ਹੇਠਾਂ ਰਖਿਆ ਗਿਆ ਹੋਵੇਗਾ। ਭਾਂਵੇਂ ਇਹ ਕੋਈ ਸੁਚੇਤ ਯਤਨ ਨਹੀਂ ਹੋਣਾ ਕਿਉਂ ਕਿ ਏਨੀ ਸਮਝ ਉਸ ਵੇਲੇ ਮਨੁੱਖ ਨੂੰ ਨਹੀਂ ਸੀ, ਪਰ ਫਿਰ ਵੀ ਇਹਨਾਂ ਬਾਰੇ ਕਹਾਣੀਆਂ ਘੜ ਘੜ ਕੇ ਉਸ ਨੇ ਇਕ ਮਿਥਿਆਸ ਸਿਰਜ ਲਿਆ ਹੋਵੇਗਾ।

ਸਮਾਜਕ ਲੋੜਾਂ ਵਧਣ ਨਾਲ ਉਸ ਨੂੰ ਇਹਨਾਂ ਦੇਵਤਿਆਂ ਦੇ ਤਾਣੇ ਬਾਣੇ ਵਿੱਚ ਕੁਝ ਅਜਿਹੇ ਦੇਵਤਿਆਂ ਦੀ ਲੋੜ ਪਈ ਹੋਵੇਗੀ ਜਿਹਨਾਂ ਨਾਲ ਉਹ ਇਹਨਾਂ ਸਾਰਿਆਂ ਨੂੰ ਕਿਸੇ ਕਾਬੂ ਵਿੱਚ ਰੱਖ ਸਕਦਾ ਸੀ। ਇਸ ਵਾਸਤੇ ਤ੍ਰਿਦੇਵਤਾ ਦਾ ਸੰਕਲਪ ਹੋਂਦ ਵਿੱਚ ਆਇਆ ਹੋਵੇਗਾ। ਜਿਸ ਵਿੱਚ ਇਕ ਜਨਮ ਦੇਣ ਵਾਲਾ, ਇਕ ਪਾਲਣ ਵਾਲਾ ਤੇ ਇਕ ਨਾਸ਼ ਕਰਨ ਵਾਲਾ ਦੇਵਤਾ ਸ਼ਾਮਲ ਸਨ। ਇਸ  ਦਾ ਇਕ ਲਾਭ ਹੋਇਆ ਹੋਵੇਗਾ ਕਿ ਸਮਸਿਆਵਾਂ ਦੇ ਹੱਲ ਵਾਸਤੇ ਲੋੜੀਂਦਾ ਦੇਵਤਾ ਮਿਲ ਗਿਆ ਹੋਵੇਗਾ। ਜਨਮ ਦੇਣ ਵਾਲਾ ਭਾਵ ਬ੍ਰਹਮਾ ਜਿਸ ਤੋਂ ਪੂਰੇ ਬ੍ਰਹਮੰਡਿ ਦੀ ਉਤਪਤੀ ਹੋਣੀ ਮੰਨ ਲਈ ਗਈ ਹੋਵੇਗੀ। ਇਸ ਦੇਵਤੇ ਦੀ ਮੋਜੂਦਗੀ ਨਾਲ ਬਹੁਤ ਸਾਰੇ ਪ੍ਰਸ਼ਨਾਂ ਦੇ ਉਤਰ ਲੱਭ ਲਏ ਹੋਣਗੇ।

ਪਾਲਣ ਕਰਨ ਵਾਲਾ ਦੇਵਤਾ ਵਿਸ਼ਨੂੰ ਮੰਨਿਆ ਗਿਆ ਹੋਵੇਗਾ ਜੋ ਪੂਰੀ ਸ਼੍ਰਿਸ਼ਟੀ ਦਾ ਪਾਲਣ ਕਰਨ ਵਿੱਚ ਲਗਾ ਮੰਨ ਲਿਆ ਹੋਵੇਗਾ। ਸ਼ਿਵ ਨੂੰ ਮਹਾਂ ਸ਼ਿਵ ਕਿਹਾ ਗਿਆ ਕਿਉਂ ਕਿ ਮਿਥਿਹਾਸ ਅਨੁਸਾਰ ਸ਼ਿਵ ਨੂੰ ਕਾਲ ਦਾ ਭਾਵ ਮੌਤ ਦਾ ਦੇਵਤਾ ਮੰਨਿਆ ਗਿਆ। ਇਹਨਾਂ ਦੇ ਆਪਸੀ ਸਬੰਧ ਮਨੁਖਾਂ ਦੇ ਸੁਭਾਵ ਅਨੁਸਾਰ ਹੀ ਗਰਦਾਨੇ ਗਏ ਹੋਣਗੇ ਕਿਉਂ ਕਿ ਕਹਾਣੀਆਂ ਵਿੱਚ ਇਹਨਾਂ ਦੇਵਤਿਆ ਦਾ ਜੀਵਨ ਮਨੁੱਖ ਦੇ ਜੀਵਨ ਦੇ ਬਹੁਤ ਕਰੀਬ ਦਰਸਾਇਆ ਗਿਆ ਹੈ। ਇਹੋ ਕਾਰਨ ਹੈ ਪੁਰਾਣਾਂ ਵਿੱਚ ਤੇ ਪੌਰਾਣਿਕ ਕਹਾਣੀਆਂ ਵਿੱਚ ਸਾਨੂੰ ਇਹੋ ਜਿਹੀ ਝਲਕ ਹੀ ਪੈਂਦੀ ਹੈ।

ਕਬੀਲਾ ਯੁੱਗ ਵਿੱਚ ਸਾਰਾ ਕੁਝ ਏਹਨਾਂ ਦੇਵੀ ਦੇਵਤਿਆਂ ਦੈ ਰੂਪਾਂ ਸਰੂਪਾਂ ਉਪਰ ਹੀ ਅਧਾਰਤ ਜ਼ਿੰਦਗੀ ਦੀ ਹੋਂਦ ਸਿਰਜੀ ਗਈ ਹੋਵੇਗੀ। ਉਸ ਵੇਲੇ ਕਿਸ ਦੇਵਤੇ ਦੇ ਨਾਂ ਨਾਲ ਕਿਹੜੀ ਕਥਾ ਚੱਲੀ ਜਾਂ ਉਸ ਨੂੰ ਰਿਝਾਉਣ ਵਾਸਤੇ ਕਿਹੜੀ ਪੂਜਾ ਕੀਤੀ ਗਈ, ਇਸ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ। ਸਮਝ ਇਹ ਆਉਣਾ ਚਾਹੀਦਾ ਹੈ  ਕਿ ਇਹ ਸਾਰਾ ਕੁਝ ਮਨੁੱਖੀ ਮਨ ਦਾ ਖਬਤ ਸੀ, ਕੋਰੀ ਕਲਪਨਾ ਜੋ ਉਸ ਦੇ ਬੋਧਿਕ ਵਿਕਾਸ ਦਾ ਨਤੀਜਾ ਸੀ ਤੇ ਜਿਸ ਦੀ ਮਦਦ ਨਾਲ ਉਸ ਨੇ ਕੁਦਰਤੀ ਸ਼ਕਤੀਆਂ ਨੂੰ ਇਹੋ ਜਿਹਾ ਸ਼ਾਨਦਾਰ ਪਰ ਮਹਾਂ ਕਾਲਪਨਿਕ ਰੂਪ ਪ੍ਰਦਾਨ ਕੀਤਾ।

ਚਾਹੀਦਾ ਤਾਂ ਇਹ ਸੀ ਕਿ ਮਨੁੱਖ ਦਾ ਧਿਆਨ ਖੁਲ੍ਹੀਆਂ ਅੱਖਾਂ ਨਾਲ ਅਸਮਾਨ ਵੱਲ ਹੁੰਦਾ ਤੇ ਉਹ ਉਸ ਵਿੱਚ ਚੱਲ ਰਹੇ ਕੁਦਰਤੀ ਵਰਤਾਰਿਆਂ ਨੂੰ ਸਮਝਦਾ, ਪਰ ਇਥੇ ਉਸ ਨੇ ਅਖਾਂ ਬੰਦ ਕਰਕੇ ਧਿਆਨ ਲਾਉਣ ਦੀ ਜਾਚ ਸਿੱਖ ਲਈ ਤੇ ਉਹ ਕਲਪਨਾ ਦੀਆਂ ਉਡਾਰੀਆਂ ਚੋਂ ਹੀ ਗਿਆਨ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਸਾਰਾ ਕੁਝ ਚੋਂ ਇਕ ਬਹੁਤ ਹੀ ਪੇਚੀਦਾ ਧਰਮ ਸ਼ਾਸ਼ਤਰ ਆਪਣੀ ਹੋਂਦ ਵਿੱਚ ਆਇਆ ਤੇ ਜਿਸ ਦੀ ਮਦਦ ਨਾਲ ਮਨੁੱਖ ਦੀ ਸਮਾਜਕ ਸੂਝ ਵਿਕਸਤ ਹੋਈ। ਧਰਮ ਦਾ ਮੁਢਲਾ ਅਧਾਰ ਸਮਾਜਕ ਸੀ ਤੇ ਇਸ ਨੇ ਸਮਾਜ ਦੀ ਸੰਰਚਨਾ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਸਮਾਜ ਨੇ ਜਦੋਂ ਆਪਣੇ ਆਪ ਨੂੰ ਜ਼ਮੀਨ ਨਾਲ ਜੋੜਿਆ ਤੇ ਬਸਤੀਆਂ ਵਸਾਈਆਂ ਤਾਂ ਰਾਜਨੀਤਕ ਉੱਥਲ ਪੁਥਲ ਸ਼ੁਰੂ ਹੋਈ ਤੇ ਜ਼ਮੀਨਾਂ ਉਪਰ ਕਬਜਾ ਜਮਾਇਆ ਜਾਣ ਲੱਗਾ ਤਾਂ ਬਹੁ-ਦੇਵੀ ਧਰਮ ਦੀ ਥਾਂ ਤੇ ਇਕ ਰੱਬ ਦਾ ਸੰਕਲਪ ਉਭਰਿਆ।

ਪਹਿਲਾ ਧਰਮ ਕੁਦਰਤੀ ਸੀ ਪਰ ਦੂਜੀ ਵਾਰੀ ਇਹ ਮਨੁੱਖ ਦਾ ਬਣਾਇਆ ਹੋਇਆ ਸੋਚਿਆ ਹੋਇਆ ਕੋਡ ਸੀ ਜਿਸ ਵਿੱਚ ਹਰ ਸਵਾਲ ਦਾ ਜਵਾਬ ਰਖਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਗਿਆਨ ਦੀ ਪਟਾਰੀ ਵਰਗਾ ਸੀ ਤੇ ਇਸ ਵਿੱਚ ਸੱਭ ਕੁਝ ਸ਼ਾਮਲ ਕੀਤਾ ਜਾ ਰਿਹਾ ਸੀ। ਜਿਵੇਂ ਜਿਵੇਂ ਜ਼ਿੰਦਗੀ ਦੇ ਰੁਝੇਵੇਂ ਤੇ ਕੰਮ ਕਾਰ ਵੱਧਦੇ ਗਏ ਇਸ ਵਿੱਚ ਸੱਭ ਕੁਝ ਸ਼ਾਮਲ ਕੀਤਾ ਜਾਣ ਲਗਾ। ਇਸ ਵਿੱਚ ਨਿਆਂ ਪ੍ਰਣਾਲੀ ਸੀ, ਸਮਾਜ ਸ਼ਾਸ਼ਤਰ ਸੀ, ਕੁਦਰਤ ਦੇ ਵਰਤਾਰਿਆਂ ਦਾ ਗਿਆਨ ਸੀ, ਯੁਧ ਕਰਨ ਦੇ ਨਿਯਮ ਸਨ, ਖੇਤੀ ਤੇ ਵਣਜ ਕਰਨ ਦੇ ਤਰੀਕੇ ਸਨ, ਹਿਸਾਬ ਕਿਤਾਬ ਸੀ, ਅੰਕ ਗਣਿਤ ਸੀ, ਇਮਾਰਤ ਸਾਜ਼ੀ ਸੀ, ਸ਼ਹਿਰ ਵਸਾਉਣ ਦੇ ਤਰੀਕੇ ਸਨ ਤੇ ਵਿਆਹ ਤੇ ਪਰਵਾਰ ਪ੍ਰਣਾਲੀ ਆਦਿ ਸ਼ਾਮਲ ਸਨ। ਇਹ ਸਾਰਾ ਕੁਝ ਰਹੁ ਰੀਤਾਂ ਦੀ ਸ਼ਕਲ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਸੀ। ਜਨਮ, ਮਰਨ ਤੇ ਵਿਆਹ ਸਮੇਂ ਦੇ ਸੰਸਕਾਰ ਇਸ ਵਿੱਚ ਸ਼ਾਮਲ ਹੋਏ ਤਾਂ ਇਹਨਾਂ ਨਾਲ ਜੁੜੀ ਸਾਰੀ ਮਰਯਾਦਾ ਵੀ ਪ੍ਰਵਾਨ ਕੀਤੀ ਜਾਣ ਲੱਗੀ। ਕਬੀਲਾ ਮੁਖੀ ਦੀ ਪ੍ਰਵਾਨਗੀ ਤੋਂ ਬਾਦ ਇਸ ਨੂੰ ਸਮਾਜ ਸ਼ਾਸ਼ਤਰ ਦਾ ਰੂਪ ਦੇ ਦਿਤਾ ਜਾਂਦਾ ਸੀ। ਤਕਰੀਬਨ ਸਾਰੇ ਪੁਰਤਾਨ ਧਰਮਾਂ ਵਿੱਚ ਇਹ ਸੱਭ ਕੁਝ ਸਾਂਝੀਆਂ ਗੱਲਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਯੂਨਾਨੀ ਦੇਵੀ ਦੇਵਤਿਆਂ ਬਾਰੇ ਲੋਕ ਕਥਾਵਾਂ, ਮਿਸਰ ਦੇ ਲੋਕ ਵਿਸ਼ਵਾਸ,  ਆਰੀਆ ਤੇ ਆਰੀਆ ਕਾਲ ਤੋਂ ਪਹਿਲਾਂ ਦੇ ਮੂਲ ਭਾਰਤੀ ਲੋਕਾਂ ਦਾ ਰਹਿਣ ਸਹਿਣ, ਦੁਨੀਆ ਦੇ ਹੋਰ ਪੁਰਾਤਨ ਕਬੀਲੇ ਤੇ ਉਹਨਾਂ ਦੀ ਲੋਕ ਧਾਰਾ ਤਕਰੀਬਨ ਸਾਰੇ ਇਕੋ ਜਿਹੇ ਜਾਪਦੇ ਹਨ।

ਸਾਰੇ ਪੁਰਤਾਨ ਧਰਮ ਲੋਕ ਧਾਰਾ ਨਾਲ ਜੁੜੇ ਹੋਏ ਸਨ ਤੇ ਇਹ ਸਾਰੇ ਪਦਾਰਥ ਦੇ ਵਿਕਾਸ ਦੀ ਕਹਾਣੀ ਉਪਰ ਅਧਾਰਤ ਸਨ। ਕਿਉਂ ਕਿ ਪਦਾਰਥ ਦਾ ਵਿਕਾਸ ਤਕਰੀਬਨ ਇਕੋ ਜਿਹਾ ਹੀ ਹੋਇਆ ਹੈ ਇਸ ਲਈ ਇਹ ਸਾਰੇ ਧਰਮ ਮੋਟੇ ਤੋਰ ਤੇ ਆਪੋ ਵਿੱਚ ਮਿਲਦੇ ਜੁਲਦੇ ਹਨ। ਹਰ ਧਰਮ ਵਿੱਚ ਸੂਰਜ, ਹਵਾ, ਪਾਣੀ ਤੇ ਅੱਗ ਨੂੰ ਦੇਵਤਾ ਮੰਨਿਆ ਗਿਆ।  ਵੇਦਾਂ ਚੋਂ ਰਿਗ ਵੇਦ ਦੇ ਬਹੁਤੇ ਸੂਤਰ ਇੰਦਰ ਦੇਵਤਾ ਨੂੰ ਸੰਬੋਧਤ ਹਨ ਜਿਸ ਦਾ ਭਾਵ ਹੈ ਕਿ ਮਨੁੱਖ ਉਸ ਸਮੇਂ ਖੇਤੀ ਬਾੜੀ ਦੇ ਯੁਗ ਵਿੱਚ ਪਹੁੰਚ ਗਿਆ ਸੀ ਤੇ ਖੇਤੀ ਬਾੜੀ ਤੇ ਚਰਵਾਹੇ ਲਈ ਚਰਾਂਦਾਂ ਵਿੱਚ ਵਰਖਾ ਦਾ ਬਹੁਤ ਮਹੱਤਵ ਸੀ ਤੇ ਵਰਖਾ ਦਾ ਆਉਣਾ ਇੰਦਰ ਦੇਵਤਾ ਦੇ ਖੁਸ਼ ਹੋਣ ਦਾ ਸੰਕੇਤ ਮੰਨਿਆ ਜਾਂਦਾ ਸੀ। ਇਸ ਵਾਸਤੇ ਇਹਨਾਂ ਸਾਰੇ ਸੰਸਕਾਂਰਾਂ ਨੂੰ ਪਦਾਰਥ ਦੇ ਵਿਕਾਸ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ।

ਨਵੇਂ ਧਰਮ ਰਾਜਨੀਤਕ ਲੋੜ ਚੋਂ ਪੈਦਾ ਹੋਏ। ਇਹ ਬਹੁਤੇ ਧਰਮਾਂ ਦੇ ਵੱਖੋ ਵਕਰੇ ਕਬੀਲੇ ਜਦੋਂ ਪਦਾਰਥ ਦੇ ਵਿਕਾਸ ਅਧੀਨ ਆਪਣੀ ਹੋਂਦ ਨੂੰ ਬਚਾਉਣ ਲਈ ਲੋੜੀਂਦੇ ਸਾਧਨਾਂ ਉਪਰ ਕਬਜਾ ਕਰਨ ਲਈ ਜਦੋਂ ਆਪੋ ਵਿੱਚ ਭਿੜੇ ਤਾਂ ਕੁਝ ਜਿੱਤੇ ਤੇ ਕੁਝ ਹਾਰੇ ਇਸ ਸੰਘਰਸ਼ ਚੋਂ ਹਾਰੇ ਹੋਏ ਕਬੀਲੇ ਅਧੀਨਗੀ ਸਵੀਕਾਰ ਕਰਨ ਤੇ ਮਜ਼ਬੂਰ ਹੋਏ ਤੇ ਉਹਨਾਂ ਛੋਟੇ ਛੋਟੇ ਕਬੀਲਿਆਂ ਨੂੰ ਇਕ ਥਾਂ ਰੱਖਣ ਲਈ ਤੇ ਰਾਜਸੀ ਸੱਤਾ ਨੂੰ ਜਾਰੀ ਰੱਖਣ ਲਈ ਇਕ ਰੱਬ ਜਾਂ ਇਕ ਸਰਵ ਸ਼ਕਤੀਮਾਨ ਪ੍ਰਮਾਤਮਾ ਦਾ ਸੰਕਲਪ ਉਭਰਿਆ ਤੇ ਸਥਾਪਤ ਹੋਇਆ। ਇਹ ਧਰਮ ਸੱਤਾ ਦੇ ਹੱਕ ਵਿੱਚ ਭੁਗਤਣ ਲਈ ਹੀ ਬਣਿਆ ਸੀ। ਸੋ ਇਸ ਵਿਚ ਕਿਸਮਤ ਵਾਦ ਵਰਗੀਆਂ ਗੱਲਾਂ ਵੀ ਪ੍ਰਚਲਤ ਹੋਈਆਂ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਜੋ ਉਸ ਸਮੇਂ ਅਚੇਤ ਹੀ ਇਸ ਸਾਰੇ ਵਰਤਾਰੇ ਦਾ ਮੁੱਢ ਬਣਿਆ, ਉਹ ਸੀ ਹਾਰੇ ਹੋਏ ਕਬੀਲੇ ਨੂੰ ਬਰਾਬਰੀ ਦਾ ਅਧਿਕਾਰ ਨਾ ਦੇ ਕੇ, ਉਹਨਾਂ ਦੇ ਬਿਚਆਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜੀਣੀ ਪੈਂਦੀ ਹੋਵੇਗੀ ਜਦੋਂ ਕਿ ਉਸ ਕਬੀਲੇ ਦੀਆਂ ਔਰਤਾਂ ਜਿਤੇ ਗਏ ਕਬੀਲੇ ਦੀ ਸੇਵਾ ਕਰਨ ਵਾਸਤੇ ਮਜ਼ਬੂਰ ਹੁੰਦੀਆਂ ਹੋਣਗੀਆਂ। ਉਹ ਸਦਾ ਗੁਲਾਮ ਰਹਿਣ ਤੇ ਇਸ ਨੂੰ ਉਹ ਆਪਣੀ ਹੋਣੀ ਸਮਝ ਕੇ ਸਵੀਕਾਰ ਕਰ ਲੈਣ ਇਸ ਵਾਸਤੇ ਇਕ ਪ੍ਰਮਾਤਮਾ, ਇਕ ਰੱਬ, ਇਕ ਹੀ ਸ਼ਕਤੀ ਦੀ ਉਪਾਸਨਾ ਦੇ ਸੰਕਲਪ ਨੇ ਬਹੁਤ ਮਦਦ ਕੀਤੀ ਹੋਵੇਗੀ।

ਮੁੱਕਦੀ ਗੱਲ ਧਰਮ ਚਾਹੇ ਕੋਈ ਵੀ ਹੋਵੇ, ਨਵਾਂ ਜਾਂ ਪੁਰਾਤਨ, ਸਾਰੇ ਜ਼ਿੰਦਗੀ ਜੀਣ ਦੀ ਇਕ ਕਲਾ ਵੱਜੋਂ ਪ੍ਰਚਲਤ ਹੋਏ। ਜੇ ਕਿਸੇ ਨੇ ਦੁਧ ਨੂੰ ਜਮਾ ਕੇ ਦਹੀ ਬਣਾਉਣ ਦੀ ਜਾਚ ਸਿਖ ਲਈ ਤਾਂ ਬਾਕੀਆਂ ਨੇ ਵੀ ਉਸ ਤੋਂ ਇਹ ਗੁਰ ਹਾਸਲ ਕੀਤਾ ਹੋਵੇਗਾ। ਇਸੇ ਤਰਹਾਂ ਜੇ ਕਿਸੇ ਨੇ ਦਹੀਂ ਚੋਂ ਮੱਖਣ ਕੱਢਣ ਦੀ ਜਾਚ ਸਿਖ ਲਈ ਤਾਂ ਸਾਰੇ ਮੱਖਣ ਕੱਢਣ ਲੱਗ ਪਏ ਹੋਣਗੇ।

ਉਸ ਵੇਲੇ ਗਿਆਨ ਦਾ ਇਹੋ ਸਾਧਨ ਸੀ। ਉਸ ਵੇਲੇ ਦਾ ਸਾਰਾ ਗਿਆਨ ਧਰਮ ਨੇ ਹੀ ਸੰਭਾਲਿਆ। ਜੇ ਧਾਰਮਕ ਗ੍ਰੰਥ ਨਾ ਚਰੇ ਹੁੰਦੇ ਤੇ ਧਰਮ ਨੇ ਆਪਣੀਆਂ ਸੰਸਥਾਵਾਂ ਵਿੱਚ ਉਹਨਾਂ ਨੂੰ ਪੂਰਾ ਆਦਰ ਸਤਿਕਾਰ ਨਾ ਦਿਤਾ ਹੁੰਦਾ ਤਾਂ ਅੱਜ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਵੰਚਤ ਹੋਣਾ ਪੈਣਾ ਸੀ। ਬੋਲੀ ਉਹਨਾਂ ਚੋਂ ਇਕ ਹੋਣੀ ਸੀ। ਧਰਮ ਨੇ ਸਭਿਆਚਾਰ ਸੰਭਾਲਿਆ। ਗਿਆਨ ਨੂੰ ਸੰਭਾਲਿਆ। ਨੈਤਿਕਤਾ ਦੀ ਦੇਖ ਭਾਲ ਕੀਤੀ ਤੇ ਲੋੜੀਂਦੀ ਸੇਧ ਦਿਤੀ। ਨਿਆ ਪ੍ਰਣਾਲੀ ਨੂੰ ਵੀ ਸਹੀ ਥਾਂ ਤੇ ਰਖਿਆ। ਭਾਂਵੇ ਇਹ ਧਰਮ ਇਕ ਦੂਜੇ ਦੇ ਵਿਰੋਧੀ ਸਾਬਤ ਹੋਏ ਤੇ ਇਹਨਾਂ ਨੇ ਇਕ ਅਰਸਾ ਇਕ ਦੂਜੇ ਨਾਲ ਜੰਗਾਂ-ਲੜਾਈਆਂ ਕਰਨ ਵਿੱਚ ਬਤੀਤ ਕੀਤਾ ਫਿਰ ਵੀ ਇਹ ਧਰਮ ਆਪੋ ਆਪਣੇ ਲੋਕਾਂ ਲਈ ਚੰਗੇ ਰਹੇ।

ਧਰਮ ਨੇ ਲੋਕਾਂ ਨੂੰ ਇਕ ਜੁੱਟ ਰਖਿਆ ਤੇ ਉਹਨਾਂ ਨੂੰ ਰਲ ਕੇ ਬੈਠਣ, ਵਿਚਾਰ ਕਰਨ, ਸੋਚਣ ਤੇ ਰਲ ਮਿਲ ਕੇ ਕੰਮ ਕਰਨ ਦੀ ਜਾਚ ਦੱਸੀ। ਲੀਡਰਸ਼ਿਪ ਤੇ ਟੀਮ ਵੱਜੋਂ ਕੰਮ ਕਰਨ ਦੀ ਕੁਸ਼ਲਤਾ ਵੀ ਮਨੁੱਖ ਨੇ ਧਰਮ ਤੋਂ ਸਿਖੀ। ਧਰਮ ਨੇ ਹੀ ਮਨੁੱਖਾਂ ਨੂੰ ਆਪਸੀ ਸਹਿਯੋਗ ਕਰਨ ਤੇ ਸਮੂਹਕ ਕਿਰਤ ਦੀ ਜਾਚ ਦੱਸੀ। ਧਰਮ ਨੇ ਸਮਾਜ ਦਾ ਮਜ਼ਬੂਤ ਸੰਗਠਨ ਦਿਤਾ ਤੇ ਸੰਗਠਨ ਵਾਸਤੇ ਜਾਨ ਦੇ ਦੇਣ ਦੀ ਦਲੇਰੀ ਪੈਦਾ ਕੀਤੀ। ਧਰਮ ਨੇ ਮਨੁੱਖ ਦੀ ਸੂਝ ਦਾ ਵਿਕਾਸ ਤੇ ਸੋਝੀ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ। ਬਾਵਜੂਦ ਇਸ ਗੱਲ ਦੇ ਕਿ ਧਰਮ ਅਜੋਕੇ ਯੁਗ ਵਿੱਚ ਇਕ ਭਾਰ ਬਣ ਕੇ ਰਹਿ ਗਿਆ ਹੈ ਜਿਸ ਤੋਂ ਨਿਜਾਤ ਪਾ ਲੈਣ ਵਿੱਚ ਮਨੁੱਖ ਦੀ ਵਡਿਆਈ ਹੈ, ਧਰਮ ਦੇ ਉਕਤ ਸਾਰਥਕ ਪੱਖਾਂ ਨੂੰ ਨਕਾਰਿਆ ਨਹੀਂ ਜਾ ਸਕਦਾ।

ਧਰਮ ਦੇ ਦੋਵੇਂ ਰੂਪ ਸਾਡੇ ਸਾਹਮਣੇ ਹਨ। ਇਕ ਵਿੱਚ ਸਾਨੂੰ ਪੂਰਵ ਨਿਰਧਾਰਤ ਜੀਵਨ ਸ਼ੈਲੀ ਆਪਣਾਉਣ ਲਈ ਕਿਹਾ ਜਾਂਦਾ ਹੈ ਤੇ ਆਜ਼ਾਦ ਸੋਚਣ ਦੀ ਮਨਾਹੀ ਕੀਤੀ ਜਾਂਦੀ ਹੈ। ਪਹਿਲਾਂ ਤੋਂ ਦਰਸਾਈ ਪ੍ਰਣਾਲੀ ਨੂੰ ਮੰਨਣਾ ਪੈਂਦਾ ਹੈ ਤੇ ਉਸ ਅਨੁਸਾਰ ਹੀ ਚਲੱਣਾ ਪੇਂਦਾ ਹੈ। ਇਸ ਵਿੱਚ ਸੋਧ ਜਾਂ ਦਰੁਸਤੀ ਦੀ ਗੁੰਜਾਇਸ਼ ਘੱਟ ਹੁੰਦੀ ਹੈ। ਨਵੇਂ ਧਰਮਾਂ ਵਿੱਚ ਤਕਰੀਬਨ ਇਸੇ ਤਰ੍ਹਾਂ ਹੀ ਦੇਖਣ ਵਿੱਚ ਮਿਲਦਾ ਹੈ। ਇਸਾਈ ਤੇ ਮੁਸਲਿਮ ਧਰਮਾਂ ਵਿੱਚ ਧਰਮ ਗ੍ਰੰਥਾਂ ਵਿੱਚ ਪੂਰਾ ਕੋਡ ਵਿਸਥਾਰ ਨਾਲ ਦਰਸਾਇਆ ਗਿਆ ਹੈ।

ਪੁਰਾਤਨ ਧਰਮਾਂ ਵਿੱਚ ਅਜਿਹਾ ਨਹੀਂ ਹੁੰਦਾ। ਚੂੰਕਿ ਉਹ ਸਾਰੇ ਧਰਮ ਵਿਕਾਸ ਦੀ ਰਾਹ ਚੋਂ ਨਿਕਲੇ ਹੁੰਦੇ ਹਨ ਉਹਨਾਂ ਵਿੱਚ ਤਬਦੀਲੀਆਂ ਦੀ ਗੁੰਜਾਇਸ਼ ਰਹਿੰਦੀ ਹੈ। ਦੂਜਾ ਇਹ ਧਰਮ  ਮਨੁਖ ਦੇ ਕੁਦਰਤ ਨਾਲ ਰਿਸ਼ਤੇ ਵੀ ਨਿਸ਼ਚਤ ਕਰਦੇ ਹਨ ਇਸ ਲਈ ਜੇ ਕਰ ਇਹਨਾਂ ਚੋਂ ਮਿਥਿਆਸ ਤੇ ਅਧਿਆਤਮਵਾਦ ਮਨਫੀ ਕਰ ਦੇਈਏ ਤੇ ਇਹਨਾਂ ਨੂੰ ਵਿਗਿਆਨ ਨਾਲ ਬਦਲ ਦੇਈਏ ਤਾਂ ਇਹਨਾਂ ਦੀ ਅਵਸਥਾ ਲਗ ਭਗ ਵਿਗਿਆਨਕ ਹੀ ਦਿਖਾਈ ਦਿੰਦੀ ਹੈ। ਅਸਲ ਵਿੱਚ ਮੇਰਾ ਮਕਸਦ ਇਹਨਾਂ ਧਰਮਾਂ ਨੂੰ ਜਾਇਜ਼ ਕਰਾਰ ਦੇਣਾ ਨਹੀਂ ਸਗੋਂ ਇਹ ਸਿਧ ਕਰਨਾ ਹੈ ਕਿ ਇਹ ਧਰਮ ਜਦੋਂ ਸ਼ੁਰੂ ਹੋਏ, ਸਥਾਪਤ ਹੋਏ ਤਾਂ ਉਸ ਸਮਕੇਂ ਇਹ ਆਪਣੇ ਸਮੇਂ ਦੀ ਲੋੜ ਪੂਰੀ ਕਰਦੇ ਸਨ ਤੇ ਇਹਨਾਂ ਦੀ ਮਾਨਤਾ ਹੁੰਦੀ ਰਹੀ। ਮਨੁੱਖ ਨੇ ਆਪਣੇ ਵਿਕਾਸ ਲਈ ਇਹਨਾਂ ਚੋਂ ਬਹੁਤ ਕੁਝ ਹਾਸਲ ਕੀਤਾ। ਸੋ ਇਹਨਾਂ ਨੂੰ ਇਹਨਾਂ ਦੀ ਥਾਂ ਉਪਰ ਸਤਿਕਾਰ ਦੇਣਾ ਬਣਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਇਹਨਾਂ ਧਰਮਾਂ ਨੂੰ ਮੁੜ ਸਥਾਪਤ ਕਰਨਾ ਚਾਹੁੰਦਾ ਹਾਂ।

ਇਕ ਹੋਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਧਰਮਾਂ ਦੀ ਮਨੁੱਖ ਨੂੰ  ਅੱਜ ਦੇ ਸਮੇਂ ਵਿੱਚ ਲੋੜ ਹੈ?  ਜਿਹੜੈ ਲੋਕ ਹਾਲੇ ਤੱਕ ਆਜ਼ਾਦ ਸੋਚਣਾ ਨਹੀਂ ਸਿਖ ਸਕੇ ਜਾਂ ਜਿਹਨਾਂ ਦੇ ਵਿਚਾਰਾਂ ਦਾ ਪੈਟਰਨ ਪੁਰਾਣਾ ਹੀ ਹੈ ਉਹ ਸ਼ਾਇਦ ਇਸ ਗੱਲ ਤੋਂ ਬਹੁਤ ਵਿਚਲਿਤ ਹੋ ਜਾਣਗੇ ਕਿ ਧਰਮ ਦੀ ਗੈਰ ਮੋਜੂਦਗੀ ਨਾਲ ਸੰਸਾਰ ਨੂੰ ਖਤਰਾ ਪੈਦਾ ਹੋ ਜਾਵੇਗਾ, ਇਨਸਾਨੀਅਤ ਖਤਰੇ ਵਿੱਚ ਪੈ ਜਾਵੇਗੀ ਆਦਿ, ਪਰ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ।

ਧਰਮ ਕੁਲ ਮਿਲਾ ਕੇ ਇਕ ਜੀਵਨ ਜਾਚ ਸੀ ਜੋ ਮਨੁੱਖ ਨੂੰ ਰੋਜ਼ਾਨਾ ਦੀ ਜ਼ਿੰਦਗੀ ਜੀਣ ਲਈ ਇਕ ਸਾਂਝੀ ਕਲਾ ਸਿਖਾਉਂਦਾ ਸੀ। ਜ਼ਿੰਦਗੀ ਨੂੰ ਜੀਣ ਦੀ ਕੋਈ ਨਾ ਕੋਈ ਜਾਚ ਹਮੇਸ਼ਾ ਪੁਸ਼ਤਾਂ ਤੋਂ ਮਨੁੱਖ ਵਿਕਸਤ ਕਰਦਾ ਆ ਰਿਹਾ ਹੈ। ਇਸ ਵਿੱਚ ਤਬਦੀਲੀਆਂ ਵੀ ਹੋਈਆਂ ਹਨ, ਨਵੇਂ ਢੰਗ ਤਰੀਕੇ ਸ਼ਾਮਲ ਕੀਤੇ ਗਏ ਹਨ। ਬੀਮਾਰ ਹੋਣ ਦੀ ਹਾਲਤ ਵਿੱਚ ਪਹਿਲਾਂ ਲੋਕ ਪੂਜਾ ਪਾਠ ਤੇ ਦੇਵੀਆਂ ਦੇਵਤਿਆਂ ਨੂੰ ਖੁਸ਼ ਕਰਨ ਲਈ ਦੋੜਦੇ ਹਨ ਪਰ ਅੱਜ ਕਲ ਉਹ ਉਸ ਇਲਾਜ ਦਾ ਆਸਰਾ ਲੈਂਦੇ ਹਨ ਜੋ ਵਿਗਿਆਨ ਦੇ ਸਹਾਰੇ ਕੰਮ ਕਰਦਾ ਹੈ। ਪਹਿਲਾਂ ਕਿਸੇ ਕੁਦਰਤੀ ਆਫਤ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਪੂਜਾ ਪਾਠ ਕੀਤੇ ਜਾਂਦੇ ਸਨ ਪਰ ਅੱਜ ਕਲ੍ਹ ਵਿਗਿਆਨ ਦੀ ਮਦਦ ਲਈ ਜਾਂਦੀ ਹੈ। ਘਰ ਦੀ ਬਣਤਰ ਬਦਲ ਗਈ ਹੈ ਤੇ ਵਿਗਿਆਨਕ ਢੰਗਾਂ ਉਪਰ ਨਿਰਭਰ ਹੋਣ ਲੱਗ ਪਈ ਹੈ। ਅਸਮਾਨ ਵਿੱਚ ਦੂਰ ਦੁਰਾਡੇ ਵਾਪਰਨ ਵਾਲੀ ਹਰ ਘਟਨਾ ਨੂੰ ਰੱਬੀ ਕ੍ਰੋਪੀ ਕਹਿਣ ਦੀ ਬਜਾਏ ਉਸ ਉਪਰ ਵਿਗਿਆਨੀ ਨਜ਼ਰ ਰੱਖਦੇ ਹਨ ਤੇ ਉਸ ਬਾਰੇ ਸਾਰੇ ਕਿਆਸ ਲਗਾ ਲੈਂਦੇ ਹਨ। ਮੌਸਮ ਦੀ ਸਹੀ ਜਾਣਕਾਰੀ ਆਗਲੇ ਸੱਤਾ ਦਿਨਾਂ ਤੱਕ ਘੰਟਿਆਂ ਦੇ ਵਿਸਥਾਰ ਸਹਿਤ ਮਨੁੱਖ ਕੋਲ ਮੋਜੂਦ ਹੈ। ਬਹੁਤ ਸਾਰੇ ਵਹਿਮ ਭਰਮ ਖਤਮ ਹੋ ਚੁਕੇ ਹਨ। ਵਿਗਿਆਨ ਦੇ ਖੇਤਰ ਵਿੱਚ ਤਰੱਕੀ ਕਿਸੇ ਧਾਰਮਕ ਪੁਸਤਕ ਜਾਂ ਗ੍ਰੰਥ ਚੋਂ ਨਹੀਂ ਨਿਕਲੀ ਸਗੋਂ ਆਜ਼ਾਦ ਸੋਚ ਤੇ ਵਿਗਿਆਨ ਖੋਜਾਂ ਤੋਂ ਉਤਪੰਨ ਹੋਈ ਹੈ।

ਮੇਰੇ ਕੋਲ ਧਰਮ ਇਕ ਨਾਂਵ ਤੋਂ ਵੱਧ ਕੇ ਨਹੀਂ ਹੈ। ਮੇਰੇ ਵਾਸਤੇ ਇਹ ਆਪੋ ਆਪਣੇ ਜੀਵਨ ਨੂੰ ਜੀਣ ਦੀ ਕਲਾ ਹੈ, ਕੋਈ ਕਿਸੇ ਤਰ੍ਹਾਂ ਜੀਣਾ ਚਾਹੁੰਦਾ ਹੈ ਕੋਈ ਕਿਸੇ ਤਰ੍ਹਾਂ ਤੇ ਇਸ ਨੂੰ ਇਕ ਜੀਵਨ ਜੁਗਤ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ। ਇਸ ਤੋਂ ਵੱਧ ਇਸ ਦੀ ਕੋਈ ਅਹਿਮੀਅਤ ਨਹੀਂ। ਹਰ ਪਰਵਾਰ ਦੀ ਆਪਣੀ ਜੀਵਨ ਜੁਗਤ ਹੈ, ਇਸ ਵਿੱਚ ਉਸ ਪਰਵਾਰ ਦੀ ਉਪਜੀਵਕਾ ਕਮਾਉਣ ਦੀ ਜਾਚ ਵੀ ਸ਼ਾਮਲ ਹੈ। ਖੇਤਰੀ ਬਾੜੀ ਕਰਨ ਵਾਲੇ ਕਿਸਾਨ ਦੀ ਜੀਵਨ ਜੁਗਤ ਖੇਤੀ ਬਾੜੀ ਅਨੁਸਾਰ ਹੋਵੇਗੀ। ਮਸਲਨ ਵਰਖਾ ਦੇ ਮੌਸਮ ਨੂੰ ਉਹ ਆਪਣੀ ਖੇਤੀ ਬਾੜੀ ਦੀ ਜ਼ਰੁਰਤ ਅਨੁਸਾਰ ਸਲਾਹੇਗਾ। ਪੁਰਾਣੇ ਮਸੇਂ ਵਿੱਚ ਵਕਤ ਨੂੰ ਜਾਣ ਲਈ ਘੜੀਆਂ ਦਾ ਪ੍ਰਬੰਧ ਨਹੀਂ ਸੀ ਹੁੰਦਾ ਸੋ, ਇਸ ਵਾਸਤੇ ਕੈਲੰਡਰ ਦੀ ਲੋੜ ਪੈਂਦੀ ਸੀ ਤੇ ਇਹ ਕੈਲੰਡਰ ਜੰਤਰੀ ਦੇ ਰੂਪ ਵਿੱਚ ਪੰਡਤਾਂ ਪਾਸ ਮੋਜੂਦ ਹੁੰਦਾ ਸੀ। ਜੋ ਉਸ ਦੀ ਮਦਦ ਨਾਲ ਦਿਨ ਦਿਹਾਰ ਦੱਸਦੇ ਸਨ। ਸੰਗਰਾਂਦ ਸੂਰਜੀ ਕੈਲੰਡਰ ਦੇ ਹਿਸਾਬ ਨਾਲ ਮਿੱਥੇ ਮਹੀਨੇ ਦਾ ਪਹਿਲਾ ਦਿਨ ਹੈ ਜਦੋਂ ਕਿ ਮੱਸਿਆ ਤੇ ਪੁੰਨਿਆ ਚੰਦਰਮਾ ਦੇ ਨਾਲ ਜੁੜੇ ਕੈਲੰਡਰ ਦੇ ਦਿਨ ਹਨ। ਇਹਨਾਂ ਦੀ ਲੋੜ ਫਸਲਾਂ ਦੇ ਬੀਜਣ ਤੇ ਵੱਢਣ ਦੇ ਹਿਸਾਬ ਕਿਤਾਬ ਲਈ ਪੈਂਦੀ ਸੀ। ਦੂਜੇ ਪਾਸੇ ਇਕ ਵਪਾਰੀ ਆਪਣੇ ਤਰੀਕੇ ਨਾਲ ਜੀਂਦਾ ਹੈ। ਉਹ ਆਪਣੇ ਢੰਗ ਨਾਲ ਆਪਣੇ ਸਾਧਨਾਂ ਦਾ ਪ੍ਰਬੰਧ ਕਰਦਾ ਹੈ ਤੇ ਇਸ ਵਿੱਚ ਉਸ ਦੇ ਖਾਣ ਪੀਣ ਤੇ ਪਹਿਨਣ ਦੀਆਂ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਹਨ।

ਸੋ ਜਿਵੇਂ ਕੋਈ ਜਿਉਣਾ ਚਾਹੇ ਉਸ ਦੀ ਮਰਜ਼ੀ ਤੇ ਖੁਲ੍ਹ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ। ਸਭਿਅਤਾ ਨੇ ਵੀ ਸਾਨੂੰ ਇਹ ਗੱਲ ਸਿਖਾਈ ਹੈ ਕਿ ਹਰ ਇਕ ਦੀ ਅਜ਼ਾਦੀ ਦੀ ਹੱਦ ਉੱਥੋਂ ਤੱਕ ਹੀ ਹੈ ਜਿਥੋਂ ਤੱਕ ਦੂਸਰੇ ਦੇ ਨੱਕ ਦੀ ਸੀਮਾ ਹੈ। ਦੂਜਿਆਂ ਦੀ ਅਜ਼ਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਅਜ਼ਾਦੀ ਮਾਣ ਸਕਦੇ ਹੋ। ਇਹੋ ਜਿਹੀ ਜੀਵਨ ਜੁਗਤ ਨੂੰ ਤੁਸੀਂ ਧਰਮ ਆਖੋ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਕਿਉਂ ਕਿ ਮਨੁੱਖ ਆਪਣੇ ਸਮਾਜ ਦੀ ਉਪਜ ਹੈ ਤੇ ਸਮਾਜ ਇਕ ਅਜਿਹੀ ਸੰਸਥਾ ਹੈ ਜੋ ਮਨੁੱਖ ਨੂੰ ਜ਼ਿੰਦਾ ਰਹਿਣ ਵਿੱਚ ਮਦਦ ਕਰਦੀ ਹੈ, ਸੋ ਸਮਾਜ ਵੀ ਤੁਹਾਡੇ ਧਰਮ ਉਪਰ ਆਪਣਾ ਅਸਰ ਛਡਦਾ ਹੈ। ਤੁਹਾਨੂੰ ਆਪਣੀ ਜੀਵਨ ਜੁਗਤ ਸਮਾਜ ਦੀਆਂ ਲੋੜਾਂ ਤੇ ਹੱਦਾਂ ਅਨੁਸਾਰ ਬਦਲਣੀ ਪੈਂਦੀ ਹੈ। ਇੰਜ ਧਰਮ ਜਾਂ ਜੀਵਨ ਜੁਗਤ ਸਮਾਜਕ ਵਰਤਾਰਾ ਹੋ ਨਿਬੜਦੀ ਹੈ। ਅਸੀਂ ਸਮਾਜ ਵਿਚ ਵਿਚਰਦੇ ਹੋਏ ਆਪਣੇ ਧਰਮ ਨੂੰ ਅਮਲ ਵਿੱਚ ਲਿਆਉਂਦੇ ਹਾਂ। ਧਰਮ ਵੀ ਸਮਾਜ ਦੇ ਭਾਂਡੇ ਵਿੱਚ ਪੈ ਕੇ ਉਸ ਦੇ ਅਨੁਰੂਪ ਹੀ ਆਪਣਾ ਆਕਾਰ ਲੈ ਲੈਂਦਾ ਹੈ। ਭਾਈਚਾਰਾ ਵੀ ਇਸੇ ਸੰਸਥਾ ਦੀ ਉਪਜ ਹੈ ਤੇ ਭਾਈਚਾਰੇ ਵਿੱਚ ਬਹੁਗਿਣਤੀ ਦੀ ਲੋੜ ਨੂੰ ਮੁੱਖ ਰਖਦੇ ਹੋਏ ਫੈਸਲੇ ਕੀਤੇ ਜਾਂਦੇ ਹਨ।

ਇਕ ਹੋਰ ਪ੍ਰਸ਼ਨ ਜੋ ਸਾਨੂੰ ਸਾਰਿਆਂ ਨੂੰ ਤੰਗ ਕਰਦਾ ਹੈ ਉਹ ਹੈ ਕਿ ਕੀ ਸਾਨੂੰ ਧਰਮ ਵਿੱਚ ਵਿਸਵਾਸ ਰੱਖਣਾ ਚਾਹੀਦਾ ਹੈ ਜਾਂ ਨਹੀਂ? ਜੇ ਹਾਂ ਤਾਂ ਕਿਉਂ, ਜੇ ਨਹੀਂ ਤਾਂ ਕਿਉਂ ਨਹੀਂ?  ਕੀ ਧਰਮ ਤੋਂ ਬਿਨਾਂ ਜੀਵਿਆ ਜਾ ਸਕਦਾ ਹੈ? ਜੇ ਧਰਮ ਨੂੰ ਮਨਫੀ ਕਰ ਦਿਤਾ ਜਾਵੇ ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਧਰਮ ਇਕ ਜੀਵਨ ਜੁਗਤ ਦੇ ਨਾਤੇ ਸਾਡੇ ਨਾਲ ਨਾਲ ਚਲਦਾ ਆ ਰਿਹਾ ਹੈ। ਜਦੋਂ ਤੱਕ ਕੋਈ ਨਾ ਕੋਈ ਜੀਵਨ ਜੁਗਤ ਸਾਡੇ ਨਾਲ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਨਾਲ ਜੁੜਿਆ ਰਹੇਗਾ। ਕੋਈ ਨਾ ਕੋਈ ਧਾਰਨਾ ਜਾਂ ਵਿਸ਼ਵਾਸ ਨੂੰ ਵਿਸਥਾਰ ਵਿੱਚ ਦਸਣ ਲਈ ਧਰਮ ਦਾ ਹਵਾਲਾ ਦੇਣਾ ਹੀ ਪਵੇਗਾ।

ਵਿਗਿਆਨ ਮੂਲ ਰੂਪ ਵਿੱਚ ਸਾਡੇ ਜੀਵਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਤ ਕਰਦਾ ਹੈ। ਇਹ ਸਾਡੀਆਂ ਜੀਵਨ ਲੋੜਾ ਦੀ ਪੂਰਤੀ ਕਰਦਾ ਹੈ। ਸਾਡੇ ਖਾਣ ਪੀਣ ਤੇ ਪਹਿਰਾਵੇ ਨੂੰ ਪ੍ਰਭਾਵਤ ਕਰਦਾ ਹੈ। ਸਾਡੇ ਸੋਚਣ ਦੇ ਢੰਗ ਉਪਰ ਵੀ ਅਸਰ ਪਾਉਂਦਾ ਹੈ, ਇਸ ਤੋਂ ਬਿਨਾਂ ਗੁਜ਼ਾਰਾ ਹੋ ਸਕਣਾ ਮੁਸ਼ਕਲ ਹੈ ਇਸ ਲਈ ਵਿਗਆਨ ਨਾਲ ਜੁੜਨਾ ਸਾਡੀ ਮਜ਼ਬੂਰੀ ਹੀ ਨਹੀਂ ਲੋੜ ਵੀ ਹੈ। ਬਿਜਲੀ ਦੇ ਨਿਯਮ ਦੀ ਜਾਣਕਾਰੀ ਤੋਂ ਬਿਨਾਂ ਬਲਬ ਨਹੀਂ ਜਗਾ ਸਕਦੇ, ਪੱਖਾ ਨਹੀਂ ਸਲਾ ਸਕਦੇ। ਬਿਜਲੀ ਦੇ ਨਿਯਮ ਵਾਸਤੇ ਫਿਜਕਿਸ, ਕੈਮਿਸਟਰੀ ਦੀ ਜਾਣਕਾਰੀ ਚਾਹਿਦੀ ਹੈ। ਸੋ ਵਿਗਿਆਨ ਸਾਡੀ ਜ਼ਿੰਦਗੀ ਦਾ ਧੁਰਾ ਬਣ ਗਿਆ ਹੈ। ਇਹ ਸਾਡੀ ਜੀਵਨ ਜੁਗਤ ਦਾ ਹਿਸਾ ਹੈ। ਸੋ ਮੇਰੀ ਜਾਚੇ ਅੱਜ ਦੇ ਯੁਗ ਵਿੱਚ ਸਾਨੂੰ ਵਿਗਿਆਨ ਨੂੰ ਉਹੋ ਥਾਂ ਦੇ ਦੇਣੀ ਚਾਹੀਦੀ ਹੈ ਜੋ ਅਸੀਂ ਕਦੇ ਧਰਮ ਨੂੰ ਦਿਆ ਕਰਦੇ ਸਨ। ਧਾਰਮਕ ਗੰਥਾਂ ਚੋਂ ਜ਼ਿੰਦਗੀ ਦਾ ਸੱਚ ਸਮਝਣ ਦੀ ਕੋਸ਼ਿਸ਼ ਕਰਨ ਦੀ ਥਾਂ ਸਾਨੂੰ ਵਿਗਿਆਨ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ ਤੇ ਵਿਗਿਆਨਕ ਤਰੀਕੇ ਨਾਲ ਸੋਚਣ ਤੇ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਜਿਸ ਸਾਰੇ ਵਰਤਾਰੇ ਨੂੰ ਰੱਬ ਦਾ ਨਾਂ ਦਿਤਾ ਗਿਆ ਹੈ ਇਹ ਵਰਤਾਰਾ ਕੁਦਰਤ ਦੇ ਨਿਯਮਾਂ ਦਾ ਹੈ ਤੇ ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ ਜੀਉਣਾ ਹੀ ਸੀ ਸਹੀ ਧਾਰਮਕਤਾ ਹੈ।

No comments:

Post a Comment